ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਸਾਈਕਲ
07 Mar, 2026 07:18 PM
ਸਾਈਕਲ ਮਿਲਣਾ ਸਾਡੀ ਸਕੂਲੀ ਪੜਾਈ ਲਈ ਖ਼ਾਸ ਸਹੁਲਤ: ਵਿਦਿਆਰਥੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,7 ਮਾਰਚ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਵੱਲੋਂ ਭੁਪਿੰਦਰ ਸਿੰਘ (ਯੂ.ਐਸ.ਏ) ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਕੈਲੀਫੋਰਨੀਆ ਯੂਨੀਵਰਸਿਟੀ ਸਟੇਟ ਸੈਕਰਾਮੈਂਟ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰਾ ਦੇ ਵਿਦਿਆਰਥੀਆ ਨੂੰ ਦਿੱਤੀ ਜਾ ਰਹੀ ਸਾਈਕਲ ਸਹੁਲਤ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ੍ਰੀ ਚੌਹਲਾ ਸਾਹਿਬ ਅਤੇ ਪਿੰਡ ਘੜਕਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਾਈਕਲਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਚੁੱਕੀ ਹੈ।ਇਸ ਕੜੀ ਨੂੰ ਅੱਗੇ ਵਧਾਉਂਦਿਆਂ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਹਨ।ਇਹ ਸਹੂਲਤ ਭੁਪਿੰਦਰ ਸਿੰਘ (ਯੂਐਸਏ) ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ ਹੈ।ਇਸ ਮੌਕੇ ਸਾਈਕਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਗਰਮੀ ਜਾਂ ਠੰਢ ਦੇ ਮੌਸਮ ਵਿੱਚ ਸਕੂਲ ਤੱਕ ਪੈਦਲ ਜਾਣ ਵਿੱਚ ਕਾਫ਼ੀ ਦਿੱਕਤ ਆਉਂਦੀ ਸੀ ਅਤੇ ਕਈ ਵਾਰ ਦੇਰ ਹੋ ਜਾਣ ਜਾਂ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਸੀ। ਹੁਣ ਸਾਈਕਲ ਮਿਲਣ ਨਾਲ ਉਨ੍ਹਾਂ ਲਈ ਸਕੂਲ ਆਉਣਾ-ਜਾਣਾ ਕਾਫ਼ੀ ਆਸਾਨ ਹੋ ਜਾਵੇਗਾ।ਬ੍ਰਹਮਪੁਰਾ ਅਤੇ ਸ਼ੇਖ ਨੇ ਇਸ ਮੌਕੇ ਭੁਪਿੰਦਰ ਸਿੰਘ (ਯੂਐਸਏ) ਸਿੱਖ ਸਟੂਡੈਂਟ ਐਸੋਸੀਏਸ਼ਨ ਕੈਲੀਫੋਰਨੀਆ ਯੂਨੀਵਰਸਿਟੀ ਸਟੇਟ ਸੈਕਰਾਮੈਂਟ ਅਤੇ ਉਨ੍ਹਾਂ ਦੇ ਸਾਥੀਆਂ ਸਾਬਕਾ ਸਰਪੰਚ ਏਕਮਕਾਰ ਸਿੰਘ,ਹਰਿੰਦਰ ਸਿੰਘ (ਕੈਨੇਡਾ), ਬਲਜੀਤ ਸਿੰਘ,ਗੁਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਦਾ ਹਾਰਦਿਕ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਤਰ੍ਹਾਂ ਦੇ ਉਪਰਾਲੇ ਹੋਰ ਲੋਕਾਂ ਲਈ ਵੀ ਪ੍ਰੇਰਣਾ ਸਾਬਤ ਹੁੰਦੇ ਹਨ।ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ ਚੋਹਲਾ ਸਾਹਿਬ, ਹਰਜਿੰਦਰ ਸਿੰਘ ਬਾਦਸ਼ਾਹ,ਸੁੱਖਦੇਵ ਸਿੰਘ ਆੜ੍ਹਤੀਆ, ਡਾਕਟਰ ਜਤਿੰਦਰ ਸਿੰਘ, ਜਗਰੂਪ ਸਿੰਘ ਪ੍ਰਧਾਨ ਪੱਖੋਪੁਰ, ਕੁਰਿੰਦਰਜੀਤ ਸਿੰਘ ਚੋਹਲਾ ਖ਼ੁਰਦ ਸਮੇਤ ਹੋਰ ਸਰਕਾਰੀ ਸਕੂਲ ਬ੍ਰਹਮਪੁਰਾ ਤੋਂ ਸਕੂਲ ਸਟਾਫ਼ ਮੈਂਬਰ ਵੀ ਮੌਜੂਦ ਸਨ।
Posted By: GURBHEJ SINGH ANANDPURI







