ਬੰਬਈ ਦੀ ਚਕਾਚੌਂਦ ਜ਼ਿੰਦਗੀ ਛੱਡ ਕੇ ਪੰਥ ਤੇ ਪੰਜਾਬ ਲਈ ਡਟਿਆ ਸੀ ਦੀਪ ਸਿੱਧੂ
07 Mar, 2026 06:11 PM
ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਲੀਹੋਂ ਲੱਥ ਚੁੱਕੀ ਸਿੱਖ ਜਵਾਨੀ ਨੂੰ ਝੰਜੋੜਿਆ ਤੇ ਸਹੀ ਰਾਹ 'ਤੇ ਤੋਰ ਦਿੱਤਾ। ਜਿਹੜੀ ਸਿੱਖ ਜਵਾਨੀ ਨੂੰ ਗਈ ਗੁਜ਼ਰੀ ਸਮਝਿਆ ਜਾ ਰਿਹਾ ਸੀ, ਓਹ ਆਪਣੇ ਫ਼ਰਜ਼ਾਂ ਲਈ ਲੜਨ-ਮਰਨ ਲਈ ਤਿਆਰ ਹੁੰਦੀ ਦੇਖ ਕੇ ਸਿੱਖੀ ਤੇ ਸਿੱਖਾਂ ਦੇ ਦੁਸ਼ਮਣਾਂ ਨੂੰ 'ਦੀਪ ਸਿੱਧੂ' ਉਹਨਾਂ ਦੀ ਹੁਣ ਤਕ ਦੀ ਸਾਰੀ ਮਿਹਨਤ ਖ਼ਰਾਬ ਕਰਨ ਵਾਲ਼ਾ ਬੰਦਾ ਮਹਿਸੂਸ ਹੋਇਆ। ਇਸ ਮਗਰੋਂ ਓਹਦੇ ਅੰਤਿਮ ਸਾਹ ਤਕ ਉਸ ਨੂੰ ਖਲਨਾਇਕ ਗਰਦਾਨਣ ਲਈ ਹਮਲਾ ਜਾਰੀ ਰਿਹਾ।
ਬਾਦਲ-ਦਲੀਏ ਚਾਹੁੰਦੇ ਨੇ ਕਿ ਪੰਜਾਬ ਦੀ ਜਵਾਨੀ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਇੱਕ ਅੱਖਰ ਨਾ ਜਾਣਦੀ-ਸਮਝਦੀ ਹੋਵੇ, ਉਹਨਾਂ ਨੂੰ ਦੀਪ ਸਿੱਧੂ ਕਿਵੇਂ ਪ੍ਰਵਾਨ ਹੋ ਜਾਂਦਾ ਜੋ ਜਵਾਨੀ ਨੂੰ ਹਕੂਮਤ ਦੇ ਜਬਰ ਵਿਰੁੱਧ ਲਾਮਬੰਦ ਕਰ ਰਿਹਾ ਸੀ ?
ਕਾਂਗਰਸ ਚਾਹੁੰਦੀ ਹੈ ਕਿ ਪੰਜਾਬ ਵਿੱਚ ਕੋਈ ਜੂਨ 1984 ਦੀ ਗੱਲ ਨਾ ਕਰੇ, ਨਵੰਬਰ 1984 ਦੀ ਗੱਲ ਨਾ ਕਰੇ, 1947 ਤੋਂ ਕੀਤੇ ਧੱਕਿਆਂ, ਧੋਖਿਆਂ, ਬੇਵਫ਼ਾਈਆਂ, ਠੱਗੀਆਂ ਤੇ ਵਾਅਦਾਖਿਲਾਫ਼ੀਆਂ ਦੀ ਗੱਲ ਨਾ ਕਰੇ, 1984 ਤੋਂ ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਨਾ ਕਰੇ, ਕਾਂਗਰਸ ਨੂੰ ਦੀਪ ਸਿੱਧੂ ਕਿਵੇਂ ਪਰਵਾਨ ਹੋ ਜਾਂਦਾ ਜਿਹੜਾ ਲੋਕਾਂ ਨੂੰ ਇਸ ਇਤਿਹਾਸ ਬਾਰੇ ਦੱਸਦਾ ਸੀ ?
ਭਾਜਪਾ ਵਾਲ਼ੇ ਵੀ ਜੂਨ 1984 ਲਈ ਬਰਾਬਰ ਦੋਸ਼ੀ ਹਨ। ਭਾਜਪਾ ਦਾ ਹਿੰਦੂ ਰਾਸ਼ਟਰ ਦਾ ਏਜੰਡਾ ਪੰਥ ਤੇ ਪੰਜਾਬ ਲਈ ਖ਼ਤਰਨਾਕ ਹੈ। ਆਰ.ਐੱਸ.ਐੱਸ. ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦੀ ਹੈ। ਸਿੱਖ ਇਤਿਹਾਸ ਬਦਲਿਆ ਜਾ ਰਿਹਾ ਹੈ। ਭਾਜਪਾ/ਆਰ.ਐੱਸ.ਐੱਸ. ਦੀ ਗ਼ਲਤ ਨੀਤੀਆਂ ਬਾਰੇ ਲੋਕਾਂ ਨੂੰ ਦੱਸਣ ਵਾਲ਼ਾ 'ਦੀਪ ਸਿੱਧੂ’ ਭਾਜਪਾ ਨੂੰ ਕਿਵੇਂ ਪ੍ਰਵਾਨ ਹੋ ਜਾਂਦਾ ?
ਕਾਮਰੇਡਾਂ ਨੂੰ ਲੱਗਦਾ ਸੀ ਕਿ ਸਿਆਸੀ ਦਲਾਂ ਤੋਂ ਅਵਾਜ਼ਾਰ ਹੋ ਰਹੇ ਪੰਜਾਬ ਦੇ ਲੋਕ, ਖਾਸ ਕਰਕੇ ਜਵਾਨੀ ਨੂੰ ਅਸੀਂ ਕਾਮਰੇਡ ਬਣਾ ਲੈਣਾ ਹੈ, ਉਹਨਾਂ ਨੂੰ ਵੀ 'ਦੀਪ ਸਿੱਧੂ’ ਪ੍ਰਵਾਨ ਨਹੀਂ ਸੀ ਹੋ ਸਕਦਾ। ਨਾਸਤਿਕ, ਤਰਕਸ਼ੀਲ, ਢੱਡਰੀਆਂ ਵਾਲ਼ੇ ਵਰਗਿਆਂ ਨੂੰ ਵੀ 'ਦੀਪ ਸਿੱਧੂ ਪ੍ਰਵਾਨ ਨਹੀਂ ਸੀ ਕਿਉਂਕਿ ਜਿਹੜੀ ਜਵਾਨੀ ਨੂੰ ਇਹ ਲੋਕ ਕਾਬੂ ਕਰਕੇ ਗਿਆਨਵਾਨ ਬਣਾਉਣ ਦੇ ਦਮਗੱਜੇ ਮਾਰਦੇ ਸਨ ਓਹ ਜਵਾਨੀ ਤਾਂ 'ਦੀਪ ਸਿੱਧੂ' ਰਾਹੀਂ ਸ਼ਰਧਾ, ਵਿਸ਼ਵਾਸ ਤੇ ਭਰੋਸੇ ਵਾਲ਼ੀ ਸਿੱਖੀ ਨਾਲ਼ ਜੁੜ ਰਹੀ ਸੀ। ਇੱਕ-ਦੋ ਧਿਰਾਂ ਨਹੀਂ, ਬੜਿਆਂ ਨੂੰ 'ਦੀਪ ਸਿੱਧੂ' ਨਾਲ਼ ਅਸਹਿਮਤੀਆਂ ਸਨ। ਹਰੇਕ ਨੂੰ ਜਾਪਦਾ ਸੀ ਕਿ 'ਦੀਪ ਸਿੱਧੂ' ਉਹਨਾਂ ਦੇ ਹਿੱਤਾਂ ਦਾ ਦੁਸ਼ਮਣ ਹੈ। ਹਰੇਕ ਕੋਲ਼ 'ਦੀਪ ਸਿੱਧੂ' ਖ਼ਿਲਾਫ਼ ਸ਼ਿਕਾਇਤਾਂ ਸਨ, ਇਲਜ਼ਾਮ ਸਨ, ਖ਼ਦਸ਼ੇ ਸਨ, ਸ਼ੰਕੇ ਸਨ।
ਹਾਲਾਤ ਇਹ ਬਣ ਗਏ ਕਿ 'ਦੀਪ ਸਿੱਧੂ ਜੇ ਪਤਿਤ ਹੋ ਕੇ ਬੰਬਈ ਫ਼ਿਲਮਾਂ ਬਣਾਉਂਦਾ ਰਹੇ ਤੇ ਆਲੀਸ਼ਾਨ ਜ਼ਿੰਦਗੀ ਜੀਵੇ ਤਾਂ ਹੋਰ ਗੱਲ ਹੈ ਪਰ ਜੇ ਪੰਥ ਤੇ ਪੰਜਾਬ ਲਈ ਹੋਕਾ ਦੇਵੇ ਤਾਂ ਉਹ ਬੇਅੰਤ ਪਾਸਿਆਂ ਤੋਂ ਹਮਲੇ ਦੀ ਮਾਰ ਹੇਠ ਆ ਜਾਂਦਾ ਰਿਹਾ। ਪਰ ਇਹਨਾਂ ਸਾਰਿਆਂ ਦੇ ਵਿਰੋਧ ਝੱਲ ਕੇ ਵੀ ਆਪਣੀ ਧਰਤੀ ਨਾਲ਼ ਵਫ਼ਾ ਨਿਭਾਉਣ ਦਾ ਅਹਿਦ ਕੀਤਾ। ਉਸ ਨੇ 'ਨਾਂ' ਤੇ ਨਾਵੇਂ' ਦਾ ਸਿਖਰ ਹੰਢਾ ਲਿਆ ਸੀ। ਪੰਜਾਬੀ ਫ਼ਿਲਮਾਂ ਵਿੱਚ ਨਾਮਣਾ ਖੱਟ ਲਿਆ ਸੀ। ਉਸ ਦੀਆਂ ਦੁਨਿਆਵੀਂ ਭੁੱਖਾਂ ਮਿਟ ਗਈਆਂ ਸਨ। ਉਸ ਨੂੰ ਉਸ ਦੇ ਮੁਲਕ ਦੀ ਮਿੱਟੀ ਵਾਜਾਂ ਮਾਰਦੀ ਸੀ। ਓਹ ਪੰਜਾਬ ਲਈ ਸਿਰ ਵਰਤਣ ਤੇ ਸਿਰ ਵਾਰਨ ਲਈ ਹਰ ਹੱਦ ਪਾਰ ਕਰਨ ਦਾ ਐਲਾਨ ਕਰ ਰਿਹਾ ਸੀ। ਉਹਨੂੰ ਬੜਾ ਕੁਝ ਵਾਰਨਾ ਪਿਆ, ਪਰਿਵਾਰ, ਦੋਸਤੀਆਂ, ਰਿਸ਼ਤੇ ਤਿਆਗਣੇ ਪਏ।
ਰਾਇਲ, ਪੌਸ਼ ਤੇ ਹਾਈ-ਫਾਈ ਜ਼ਿੰਦਗੀ ਛੱਡ ਕੇ ਜੁੱਲੜਾਂ ਤਕ ਆਉਣਾ ਸੌਖਾ ਨਹੀਂ ਹੁੰਦਾ। ਕਰੋੜਾਂ ਦੀਆਂ ਕਾਰਾਂ ਵਿੱਚ ਸਫ਼ਰ ਕਰਨ ਵਾਲ਼ੇ ਲਈ ਪਾਟੀਆਂ ਦਰੀਆਂ 'ਤੇ ਬਹਿਣਾ ਸੌਖਾ ਨਹੀਂ ਹੁੰਦਾ। ਮਹਿੰਗੇ ਹੋਟਲਾਂ ਵਿੱਚ ਸ਼ਾਨਦਾਰ ਕੱਪ-ਪਲੇਟਾਂ ਵਿੱਚ ਚਾਹ ਪੀਣ ਵਾਲ਼ੇ ਦੇ ਹੱਥ ਵਿੱਚ ਚਾਹ ਵਾਲ਼ਾ ਬਾਟਾ ਵੇਖ ਕੇ ਉਸ ਦੇ ਸਿਦਕ ਦਾ ਸਿਖਰ ਮਹਿਸੂਸ ਹੋ ਸਕਦਾ। ਚਮਕ-ਦਮਕ ਵਾਲ਼ੀ ਜ਼ਿੰਦਗੀ ਤਿਆਗ ਕੇ ਓਹ ਖੇਤਾਂ ਵਿੱਚ ਵੱਟਾਂ 'ਤੇ ਬਹਿ ਕੇ ਇੰਟਰਵਿਊ ਦੇ ਰਿਹਾ ਸੀ। ਉਹਦੀ ਅਮੀਰੀ ਨੂੰ ਸਲਾਮ ਕਰਨ ਵਾਲ਼ੇ ਲੋਕਾਂ ਦੀ ਜੀ ਹਜ਼ੂਰੀ ਵਾਲ਼ੀ ਬੋਲੀ-ਸ਼ੈਲੀ ਤਿਆਗ ਕੇ ਉਹ ਆਮ ਪੇਂਡੂ-ਸਾਦੇ ਪੰਜਾਬੀਆਂ ਨੂੰ ਗੱਲ ਸਮਝਾਉਣ ਲਈ ਦਿਮਾਗ ਖ਼ਰਚਦਾ ਸੀ। 'ਦੀਪ ਸਿੱਧੂ' ਦੇ ਕਿਸਾਨ ਮੋਰਚੇ ਵਾਲ਼ਾ ਰੂਪ-ਸਰੂਪ ਤੇ ਬੰਬਈ ਵਾਲ਼ੇ ਰੂਪ-ਸਰੂਪ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਧਰਮਿੰਦਰ, ਸੰਨੀ ਦਿਓਲ, ਜਤਿੰਦਰ ਤੇ ਹੋਰ ਫ਼ਿਲਮੀ ਹਸਤੀਆਂ ਦੀ ਇੱਕ ਝਲਕ ਪਾਉਣ ਲਈ ਤਰਸਣ ਵਾਲ਼ੇ ਹੈਰਾਨ ਹੀ ਹੋਣਗੇ ਕਿ 'ਦੀਪ ਸਿੱਧੂ’ ਉਹਨਾਂ ਵਿੱਚ ਆਮ ਬਹਿੰਦਾ ਉੱਠਦਾ ਰਿਹਾ।
'ਦੀਪ ਸਿੱਧੂ' ਪੰਜਾਬ ਦੇ ਮੁਕਤਸਰ ਸਾਹਿਬ ਕੋਲ਼ ਦੇ 'ਉਦੇਕਰਨ' ਪਿੰਡ ਤੋਂ ਜਿੱਡੀ ਵੱਡੀ ਚਾਲ ਮਾਰ ਚੁੱਕਿਆ ਸੀ, ਓਥੋਂ ਲੋਕ ਅੱਗੇ ਹੀ ਜਾਂਦੇ ਨੇ, ਪਿੱਛੇ ਨੂੰ ਨਹੀਂ ਮੁੜਦੇ ਪਰ ਖਾੜਕੂ ਸੰਘਰਸ਼ ਦੇ ਮਹਾਂਨਾਇਕ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਅਸਰ ਇਸ ਕੌਮੀ ਯੋਧੇ ਉੱਤੇ ਐਨਾ ਜ਼ਿਆਦਾ ਸੀ ਕਿ ਸਭ ਕੁਝ ਤਿਆਗ ਕੇ ਪੰਜਾਬ ਲਈ ਲੜਨ-ਮਰਨ ਆ ਗਿਆ।
'ਦੀਪ ਸਿੱਧੂ' ਜੇ ਬੰਬਈ ਦੀ ਚਕਾਚੌਂਦ ਵਿੱਚ ਮਸਤ ਰਹਿੰਦਾ ਤਾਂ ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੇ ਖੁਸ਼ ਰਹਿਣਾ ਸੀ। ਫੇਰ ਤਾਂ ਭਾਰਤੀ ਮੁੱਖਧਾਰਾ ਨੇ ਉਸ ਦੇ ਸੋਹਿਲੇ ਗਾਉਣੇ ਸੀ। ਜੇ ਓਹ ਬਾਕੀ ਗਾਇਕਾਂ-ਕਲਾਕਾਰਾਂ ਵਾਂਗ ਥੋੜੀ ਬਹੁਤੀ ਪੰਥਕ ਦਰਦ ਦੀ ਬਾਤ ਪਾਉਂਦਾ ਰਹਿੰਦਾ, ਫੇਰ ਵੀ ਭਾਰਤੀ ਮੁੱਖਧਾਰਾ ਨੂੰ ਓਹ ਹਜ਼ਮ ਹੋ ਜਾਣਾ ਸੀ। ਪਰ ਪੰਥ ਤੇ ਪੰਜਾਬ ਦੇ ਸਾਰੇ ਦੁਸ਼ਮਣ, ਦਿੱਲੀ ਦੀਆਂ ਖੁਫ਼ੀਆ ਏਜੰਸੀਆਂ, ਆਰ.ਐੱਸ. ਐੱਸ, ਕਾਮਰੇਡਾਂ ਨੂੰ 'ਦੀਪ ਸਿੱਧੂ ਦਾ ਪੰਥ ਤੇ ਪੰਜਾਬ ਲਈ ਸਿਰ ਉੱਤੇ ਖੱਫਣ ਬੰਨ੍ਹ ਕੇ ਲੜਨਾ ਪਰਵਾਨ ਨਹੀਂ ਸੀ। ਇਸ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਮੌਤ ਤੋਂ ਪਹਿਲਾਂ ਉਸ ਦੀ ਕਿਰਦਾਰਕੁਸ਼ੀ ਕੀਤੀ ਜਾਵੇ। 'ਦੀਪ ਸਿੱਧੂ' ਦੇ ਜਿਊਂਦੇ-ਜੀ ਹਜ਼ਾਰਾਂ ਇਲਜਾਮ ਲਾ ਕੇ ਲੋਕਾਂ ਵਿੱਚ ਉਸ ਦਾ ਅਕਸ ਖ਼ਰਾਬ ਕਰਨ ਦੀ ਸਾਜ਼ਿਸ਼ ਸੀ ਪਰ ਸਿਖ਼ਰ ਤਾਂ ਇਹ ਸੀ ਕਿ ਉਸ ਦੀ ਮੌਤ ਮਗਰੋਂ ਵੀ ਦੁਬਿਧਾ ਬਣੀ ਰਹੇ ਕਿ ਇਹ 'ਸਧਾਰਨ ਸੜਕ ਹਾਦਸਾ' ਹੈ ਕਿ 'ਸਾਜ਼ਿਸ਼ ਨਾਲ਼ ਕੀਤਾ ਕਤਲ ਹੈ।
'ਦੀਪ ਸਿੱਧੂ' ਵਰਤਾਰੇ ਤੋਂ ਸਮਝ ਲਵੋ ਕਿ ਜਿਹੜਾ ਵੀ ਪੰਥ ਤੇ ਪੰਜਾਬ ਲਈ 'ਸਭ ਤੋਂ ਸਹੀ ਰਾਹ' ਦੀ ਗੱਲ ਕਰੇਗਾ, ਉਸ ਨੂੰ ਨਿੰਦਿਆ-ਭੰਡਿਆ ਜਾਊ। ਸਾਡੇ ਆਲੇ ਦੁਆਲੇ ਐਹੋ ਜਿਹਾ ਮਹੌਲ ਬਣਾ ਧਰਿਆ ਗਿਆ ਕਿ ਸਹੀ ਗੱਲ ਕਰਨ ਵਾਲ਼ੇ ਲੋਕਾਂ ਨੂੰ ਰੱਦ ਕਰਨ, ਬਦਨਾਮ ਕਰਨ ਤੇ ਝੂਠੇ ਬਿਰਤਾਂਤ ਨਾਲ਼ ਨਾਇਕ ਨੂੰ ਖਲਨਾਇਕ ਸਾਬਤ ਕਰਨ ਵਾਲੇ ਸਹੀ ਜਾਪਦੇ ਨੇ। ਬੇਸ਼ੁਮਾਰ ਕਲਮਾਂ ਤੇ ਜ਼ੁਬਾਨਾਂ ਸਾਡੇ ਦਿਲ-ਦਿਮਾਗ਼ ਵਿੱਚ ਪੰਥਪ੍ਰਸਤਾਂ ਖ਼ਿਲਾਫ਼ ਗਲ਼ਤ ਗੱਲ ਭਰਨ ਲਈ ਦਿਨ-ਰਾਤ ਚੱਲਦੀਆਂ ਹਨ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







