ਬਾਬਾ ਧੁੰਮਾ ਜੀ! ਅਸੀਂ ਹਿੰਦੂ/ਸਨਾਤਨੀ ਬਣਨ ਨਾਲੋਂ ਤਨਾਤਨੀ ਵਾਲੇ ਖ਼ਾਲਿਸਤਾਨੀ/ਸਿੱਖ ਹੀ ਠੀਕ ਹਾਂ : ਭਾਈ ਭੁਪਿੰਦਰ ਸਿੰਘ (ਫੈਡਰੇਸ਼ਨ ਭਿੰਡਰਾਂਵਾਲਾ)
07 Mar, 2026 07:27 PM
ਅੰਮ੍ਰਿਤਸਰ, 7 ਮਾਰਚ , ਜੁਗਰਾਜ ਸਿੰਘ ਸਰਹਾਲੀ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕ ਰਹੇ ਸੈਂਕੜੇ ਫ਼ਿਰਕੂ ਹਿੰਦੂਤਵੀ ਸ਼ਿਵ ਸੈਨਿਕਾਂ ਨੂੰ ਦੁੜਾਉਣ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਬਾਗੇਸ਼ਵਰ ਧਾਮ ਵਾਲੇ ਕ੍ਰਿਸ਼ਨ ਸ਼ਾਸਤਰੀ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਹਿੰਦੂ/ਸਨਾਤਨੀ ਬਣਨ ਨਾਲੋਂ ਤਨਾਤਨੀ ਵਾਲੇ ਖਾਲਿਸਤਾਨੀ/ਸਿੱਖ ਹੀ ਚੰਗੇ ਹਾਂ, ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਹਾਂ ਤੇ ਖਾਲਸਾ ਪੰਥ ਦੀਆਂ ਵਿਰੋਧੀ ਤਾਕਤਾਂ ਫਿਰਕੂ ਹਿੰਦੂਤਵੀਆਂ ਨਾਲ ਸਾਡੀ ਹਮੇਸ਼ਾਂ ਤਨਾਤਨੀ ਜਾਰੀ ਰਹੇਗੀ ਤੇ ਸਾਨੂੰ ਤਨਾਤਨੀ ਵਾਲੇ ਸਿੱਖ ਅਖਵਾਉਣ ਵਿੱਚ ਮਾਣ ਹੈ ਕਿਉਂਕਿ ਇਹੀ ਸਾਡਾ ਸਿਧਾਂਤ, ਇਤਿਹਾਸ ਅਤੇ ਪ੍ਰੰਪਰਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ, ਛੇਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਨੇ ਖੰਡੇ ਖੜਕਾਏ, ਅਠਾਰ੍ਹਵੀਂ ਸਦੀ ਦੇ ਯੋਧੇ ਜਰਨੈਲ ਤਾਂ ਮੁਗਲਾਂ, ਅਫਗਾਨਾਂ, ਪਠਾਣਾਂ ਅਤੇ ਹਿੰਦੂਤਵੀਆਂ ਨਾਲ ਹਮੇਸ਼ਾਂ ਤਨਾਤਨੀ ਵਿੱਚ ਰਹੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਤਨਾਤਨੀ ਨੂੰ ਅੱਗੇ ਵਧਾਉਂਦਿਆ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ ਜਿਸ ਤੇ ਸਮੁੱਚੀ ਕੌਮ ਨੂੰ ਮਾਣ ਹੈ। ਉਹਨਾਂ ਕਿਹਾ ਕਿ ਸਾਡੇ ਖਾੜਕੂ ਸਿੰਘ, ਪੰਥਕ ਅਤੇ ਖਾਲਿਸਤਾਨੀ ਜਥੇਬੰਦੀਆਂ ਤੇ ਸੰਘਰਸ਼ਸ਼ੀਲ ਗੁਰਸਿੱਖ ਅਸੀਂ ਸਾਰੇ ਹੀ ਤਨਾਤਨੀ ਵਾਲੇ ਹੀ ਠੀਕ ਹਾਂ। ਉਹਨਾਂ ਕਿਹਾ ਕਿ ਸਾਡਾ ਹਿੰਦੀ, ਹਿੰਦੂ, ਹਿੰਦੁਸਤਾਨ ਨਾਲ ਕੋਈ ਸੰਬੰਧ ਨਹੀਂ, ਅਸੀਂ ਸਿੱਖ ਹਾਂ, ਪੰਜਾਬੀ ਹਾਂ ਤੇ ਖਾਲਿਸਤਾਨੀ ਹਾਂ। ਅਸੀਂ ਨਾ ਤਾਂ ਹਿੰਦੂਆਂ ਦਾ ਹਿੱਸਾ ਹਾਂ ਤੇ ਨਾ ਹੀ ਹਿੰਦੂਆਂ ਵਿੱਚੋਂ ਨਿਕਲੇ ਹਾਂ, ਖਾਲਸਾ ਤਾਂ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ ਤੇ ਅਸੀਂ ਖਾਲਸੇ ਦੀ ਫੌਜ ਹੀ ਰਹਿਣਾ ਹੈ ਤੇ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਖ਼ਿਲਾਫ਼ ਜੂਝਦੇ ਰਹਾਂਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਅਨੁਸਾਰ ਖ਼ਾਲਿਸਤਾਨੀ ਸੰਘਰਸ਼ ਦੀ ਸੱਚੀ-ਸੁੱਚੀ ਪਹਿਰੇਦਾਰੀ ਕਰ ਰਹੇ ਹਨ ਤੇ ਦੂਜੇ ਪਾਸੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਜੋ ਭਾਜਪਾ ਤੇ ਹੋਰ ਹਿੰਦੂਤਵੀਆਂ ਦਾ ਪੱਲਾ ਫੜ ਕੇ ਕਿੱਧਰ ਨੂੰ ਤੁਰ ਪਏ ਹਨ।
Posted By: GURBHEJ SINGH ANANDPURI







