ਭਾਰੀ ਬਰਸਾਤ ਕਾਰਨ ਗਰੀਬ ਕਿਸਾਨ ਦੀ ਡਿੱਗੀ ਛੱਤ
01 Mar, 2025 12:12 PM
ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਵਿਖੇ ਲੰਘੇ ਦਿਨ ਹੋਈ ਭਾਰੀ ਬਰਸਾਤ ਕਾਰਨ ਇੱਕ ਗਰੀਬ ਕਿਸਾਨ ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਕਮਰੇ ਵਿੱਚ ਖੜੀ ਇੱਕ ਸਕੂਟਰੀ ਟੁੱਟ ਗਈ ਅਤੇ ਹੋਰ ਵੀ ਕੀਮਤੀ ਸਮਾਨ ਚਕਨਾਚੂਰ ਹੋ ਗਿਆ। ਪੀੜਿਤ ਕਿਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਗੁਹਾਰ ਲਗਾਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਪੁੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਹੈ ਅਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸਨੇ ਦੱਸਿਆ ਕਿ ਉਸ ਦੇ ਘਰ ਦੀ ਛੱਤ ਦੀ ਹਾਲਤ ਬਹੁਤ ਜਿਆਦਾ ਮਾੜੀ ਸੀ ਜਿਸ ਦੇ ਚਲਦਿਆਂ ਬੀਤੇ ਦਿਨ ਹੋਈ ਬਰਸਾਤ ਕਰਕੇ ਉਸਦੇ ਘਰ ਦੀ ਛੱਤ ਡਿੱਗ ਪਈ ਜਿਸ ਕਰਕੇ ਕਮਰੇ ਥੱਲੇ ਖੜੀ ਉਸਦੀ ਸਕੂਟਰੀ ਅਤੇ ਹੋਰ ਕੀਮਤੀ ਸਮਾਨ ਟੁੱਟ ਗਿਆ। ਕਿਸਾਨ ਨੇ ਦੱਸਿਆ ਕਿ ਘਟਨਾ ਨਾਲ ਉਸ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਇਸ ਘਟਨਾ ਨੇ ਉਸ ਨੂੰ ਕਰਜੇ ਦੇ ਬੋਝ ਹੇਠਾਂ ਦੱਬ ਦਿੱਤਾ ਹੈ ਕਿਉਂਕਿ ਉਸ ਤੇ ਕੋਲ ਇੰਨੀ ਰਾਸ਼ੀ ਨਹੀਂ ਕਿ ਉਹ ਦੁਬਾਰਾ ਆਪਣੇ ਛੱਤ ਦੀ ਉਸਾਰੀ ਕਰਵਾ ਸਕੇ। ਉਸ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦੀ ਪੂਰਤੀ ਕਰਵਾ ਕੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ।
Posted By: Gurmeet Singh Valtoha








