ਖ਼ਾਲਸਾ ਕਾਲਜ ਚੋਹਲਾ ਸਾਹਿਬ ਦੇ ਐਨਐਸਐਸ ਕੈਂਪ ਦੇ ਵਲੰਟੀਅਰਜ ਵਲੋਂ ਕਰਮੂੰਵਾਲਾ ਵਿਖੇ ਸਾਖਰਤਾ ਅਤੇ ਸਫਾਈ ਅਭਿਆਨ
21 Dec, 2025 08:40 PM
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,21 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਲਗਾਏ ਗਏ ਐਨਐਸਐਸ ਕੈਂਪ ਦੇ ਚੌਥੇ ਦਿਨ ਦੀ ਸ਼ੁਰੂਆਤ ਵਿੱਚ ਸਵੇਰ ਦੀ ਸੈਰ ਅਤੇ ਯੋਗ ਆਸਣ ਕਰਦੇ ਹੋਏ ਅੰਤਰ ਆਤਮਿਕ ਅਵਸਥਾ ਵਿੱਚ ਧਿਆਨ ਲਗਾਉਣ ਦੀ ਜਾਣਕਾਰੀ ਦਿੱਤੀ ਗਈ।ਪਹਿਲੇ ਸੈਸ਼ਨ ਦੇ ਵਿੱਚ ਵਿਦਿਆਰਥੀਆਂ ਨੇ ਗੋਦ ਲਏ ਪਿੰਡ ਕਰਮੂੰਵਾਲਾ ਵਿੱਚ ਸਾਖਰਤਾ ਮੁਹਿੰਮ ਚਲਾਈ ਜਿਸ ਵਿੱਚ ਬਜ਼ੁਰਗ ਬੀਬੀਆਂ ਨੂੰ ਵਲੰਟੀਅਰਜ਼ ਵੱਲੋਂ ਪੜ੍ਹਾਇਆ ਗਿਆ।ਇਸ ਤੋਂ ਬਾਅਦ ਕਰਮੂੰਵਾਲਾ ਪਿੰਡ ਦੀ ਬੱਚਿਆਂ ਵੱਲੋਂ ਸਾਫ ਸਫਾਈ ਕੀਤੀ ਗਈ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਪਿੰਡ ਵਾਲਿਆਂ ਨੂੰ ਸੁਚੇਤ ਕੀਤਾ ਗਿਆ।ਖਾਲਸਾ ਕਾਲਜ ਦੀ ਬੀਏ ਕਲਾਸ ਦੀ ਵਿਦਿਆਰਥਣ ਰਮਨਦੀਪ ਕੌਰ ਦੇ ਪਿਤਾ ਸਰਦਾਰ ਧਰਮ ਸਿੰਘ ਅਤੇ ਮਾਤਾ ਦਵਿੰਦਰ ਕੌਰ ਦੇ ਵੱਲੋਂ ਵਿਦਿਆਰਥੀਆਂ ਦੇ ਲਈ ਚਾਹ ਪਕੌੜਿਆਂ ਦਾ ਲੰਗਰ ਤਿਆਰ ਕਰ ਕੇ ਵਿਦਿਆਰਥੀਆਂ ਨੂੰ ਛਕਾਇਆ ਗਿਆ। ਦੂਜੇ ਸੈਸ਼ਨ ਵਿੱਚ ਐਨਐਸਐਸ ਦੇ ਵਿਦਿਆਰਥੀਆਂ ਵਲੋਂ ਪਿੰਡ ਕਰਮੂੰਵਾਲਾ ਦੀਆਂ ਮਾਨਯੋਗ ਸ਼ਖਸ਼ੀਅਤਾਂ ਜਥੇ.ਗੁਰਬਚਨ ਸਿੰਘ ਕਰਮੂਵਾਲਾ,ਸਾਬਕਾ ਸਰਪੰਚ ਇੰਦਰਜੀਤ ਸਿੰਘ,ਦਲੇਰ ਸਿੰਘ ਢਿੱਲੋ(ਬਲਾਕ ਸੰਮਤੀ ਮੈਂਬਰ),ਸਵਿੰਦਰ ਸਿੰਘ ਪ੍ਰਧਾਨ, ਦਿਲਬਾਗ ਸਿੰਘ ਸਰਪੰਚ,ਯੂਥ ਆਗੂ ਸੁਖਚੈਨ ਸਿੰਘ ਤੇ ਬਲਵੰਤ ਸਿੰਘ ਆਦਿ ਨਾਲ ਮਿਲ ਕੇ ਐਨਐਸਐਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਰਮੂੰਵਾਲਾ ਪਿੰਡ ਗੋਦ ਲਏ ਜਾਣ ਬਾਰੇ ਜਾਣਕਾਰੀ ਦਿੱਤੀ ਗਈ।ਕਾਲਜ ਦੇ ਵਿਦਿਆਰਥੀਆਂ ਦੁਆਰਾ ਇਹਨਾਂ ਸਾਰੇ ਪਤਵੰਤਿਆਂ ਨੂੰ ਕਾਲਜ ਦੀ ਸਥਾਪਨਾ ਉਸਦੀਆਂ ਪ੍ਰਾਪਤੀਆਂ ਬਾਰੇ ਇਕ ਭਾਸ਼ਣ ਰਾਹੀਂ ਜਾਣੂ ਕਰਵਾਇਆ ਗਿਆ। ਐਸਜੀਪੀਸੀ ਸਾਬਕਾ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਜਿਨਾਂ ਦਾ ਕਾਲਜ ਸਥਾਪਿਤ ਕਰਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਗਏ।ਕਾਲਜ ਦੇ ਪ੍ਰੋ.ਅੰਮ੍ਰਿਤਪਾਲ ਕੌਰ ਦੇ ਪਰਿਵਾਰਿਕ ਮੈਂਬਰ ਲਖਵਿੰਦਰ ਕੌਰ ਅਤੇ ਅਮਰਜੀਤ ਕੌਰ ਵੱਲੋਂ ਚਾਹ ਮਠਿਆਈ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜੋ ਵਿਦਿਆਰਥੀਆਂ ਨੂੰ ਛਕਾਇਆ ਗਿਆ। ਉਪਰੰਤ ਐਨਐਸਐਸ ਪ੍ਰੋਗਰਾਮ ਦੇ ਅਫਸਰ ਪ੍ਰੋ.ਬਲਜਿੰਦਰ ਸਿੰਘ ਤੇ ਪ੍ਰਿਤਬੀਰ ਕੌਰ ਨੂੰ ਗੁਰੂ ਜੀ ਦੀ ਬਖਸਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਇਸ ਕੈਂਪ ਦਾ ਮੂਲ ਮੰਤਵ ਵਿਦਿਆਰਥੀਆਂ ਵਿੱਚ ਸੇਵਾ ਭਾਵ ਨੂੰ ਪ੍ਰਬਲ ਕਰਨ ਦੇ ਨਾਲ ਸਮਾਜ ਸੁਧਾਰ ਲਈ ਪ੍ਰਪੱਕ ਕਰਨਾ ਤੇ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਗੋਦ ਲਏ ਪਿੰਡ ਕਰਮੂੰਵਾਲਾ ਨੂੰ ਵੱਧ ਤੋਂ ਵੱਧ ਸੁਚੇਤ ਅਤੇ ਜਾਗਰੂਕ ਕਰਨਾ ਹੈ। ਉਨ੍ਹਾ ਕਿਹਾ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੋਰ ਪਿੰਡਾਂ ਨੂੰ ਗੋਦ ਲੈ ਉਹਨਾਂ ਨੂੰ ਵੀ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਤਰ੍ਹਾਂ ਅੱਜ ਦਾ ਚੌਥਾ ਦਿਨ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਰਿਹਾ।
Posted By: GURBHEJ SINGH ANANDPURI








