ਬਾਬਾ ਟੇਕ ਸਿੰਘ ਧਨੋਲਾ ਨੂੰ ਸਿੱਖ ਜਥੇਬੰਦੀਆਂ ਕਦੇ ਵੀ ਤਖ਼ਤ ਸਾਹਿਬ ਦੀਆ ਸੇਵਾਵਾਂ ਨਹੀਂ ਸੰਭਾਲਣ ਦੇਣਗੀਆਂ - ਬਾਬਾ ਹਰਦੀਪ ਸਿੰਘ ਮਹਿਰਾਜ

ਬਾਬਾ ਟੇਕ ਸਿੰਘ ਧਨੋਲਾ ਨੂੰ ਸਿੱਖ ਜਥੇਬੰਦੀਆਂ ਕਦੇ ਵੀ ਤਖ਼ਤ ਸਾਹਿਬ ਦੀਆ ਸੇਵਾਵਾਂ ਨਹੀਂ ਸੰਭਾਲਣ ਦੇਣਗੀਆਂ - ਬਾਬਾ ਹਰਦੀਪ ਸਿੰਘ ਮਹਿਰਾਜ

ਬਠਿੰਡਾ 10 ਮਾਰਚ , ਜੁਗਰਾਜ ਸਿੰਘ ਸਰਹਾਲੀ

ਸਿੱਖਾਂ ਦੀ ਸਰਵ-ਉੱਚ, ਮਹਾਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦੀ ਮਰਿਆਦਾ ਨੂੰ ਢਾਹ ਲਾ ਕੇ ਬਾਦਲ ਪਰਿਵਾਰ ਤੇ ਅਕਾਲੀ ਦਲ ਬਾਦਲ ਦੀ ਸਹਿ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਹੁਦਰੀਆਂ ਕਰਦਿਆ ਜਥੇਦਾਰਾਂ ਨੂੰ ਲਾਹੁਣ ਤੇ ਲਾਉਣ ਦੋਹਾਂ ਦਾ ਹੀ ਵਰਤਾਰਾ ਬਹੁਤ ਹੀ ਨਿੰਦਣਯੋਗ ਹੈ, ਮਾਮਲਾ ਇਕੱਲੇ ਵਿਆਕਤੀਗਤ ਤੌਰ ’ਤੇ ਜਥੇਦਾਰ ਸਾਹਿਬਾਨ ਨੂੰ ਲਾਹੁਣ ਦਾ ਨਹੀਂ ਸਗੋਂ ਇਸ ਮਹਾਨ ਸੰਸਥਾ ਨੂੰ ਆਪਣੇ ਨਿੱਜੀ ਤੇ ਰਾਜਸੀ ਹਿੱਤਾਂ ਲਈ ਵਰਤਣ ਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਜਾਰੀ ਆਪਣੇ ਇਕ ਪ੍ਰੈਸ ਨੋਟ ਵਿੱਚ ਕੀਤਾ। ਉਹਨਾਂ ਸੰਸਾਰ ਭਰ ਵਿਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਸਨਮਾਨਯੋਗ ਆਹੁਦੇ ਦੀ ਮਰਿਆਦਾ ਨੂੰ ਬਹਾਲ ਕਰਵਾਉਣ ਲਈ ਇਕ ਮੰਚ ’ਤੇ ਇਕੱਤਰ ਹੋਣ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦੀ ਤੇ ਅਗਵਾਈ ਕਰਦਾ ਹੈ, ਨਾ ਕਿ ਕੇਵਲ ਬਾਦਲ ਪਰਿਵਾਰ ਜਾ ਕਿਸੇ ਸਿਆਸੀ ਪਾਰਟੀ ਦੀ, ਸ਼੍ਰੋਮਣੀ ਕਮੇਟੀ ਦੇ ਕਿਸੇ ਦੋ ਚਾਰ ਅਗਜੈਂਕਟਿਵ ਮੈਂਬਰਾ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਦਾ ਕਿ ਜਥੇਦਾਰ ਨੂੰ ਆਪਣੇ ਨਿੱਜੀ ਸਹਾਇਕ ਵਾਗ ਬਦਲ ਦੇਣ। ਕਿਉਂਕ ਜਥੇਦਾਰ ਦੀ ਨਿਯੁਕਤੀ ਕੇਵਲ ਤੇ ਕੇਵਲ ਗੁਰਮਤਾ ਵਿਧੀ ਅਨੁਸਾਰ ਹੀ ਕੀਤੀ ਜਾ ਸਕਦੀ ਹੈ । ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਬਲਜਿੰਦਰ ਸਿੰਘ ਕੋਟਭਾਰਾ, ਭਾਈ ਰਾਮ ਸਿੰਘ ਢਪਾਲੀ, ਭਾਈ ਬਾਲਕਰਨ ਸਿੰਘ ਡੱਬਵਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਪਰਦੀਪ ਸਿੰਘ ਭਾਂਗੀਵਾਦਰ ਨੇ ਕਿਹਾ ਕਿ ਜਥੇਦਾਰ ਸਹਿਬਾਨਾਂ ਨੂੰ ਜਲੀਲ ਕਰਕੇ ਲਾਹੁਣ ਅਤੇ ਨਵੇਂ ਲਾਉਣ ਪਿੱਛੇ ਬਾਦਲ ਪਰਿਵਾਰ ਦੀ ਮਰਜੀ ਕੰਮ ਕਰਦੀ ਹੈl ਕਿਉਂਕਿ ਉਹ ਚਾਹੁੰਦੇ ਹਨ ਕਿ ਪਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਫਖ਼ਰ-ਏ-ਕੌਮ ਮੁੜ ਬਹਾਲ ਕੀਤਾ ਜਾਵੇ, ਇਹ ਐਵਾਰਡ ਵਾਪਸ ਲੈਣ ਲਈ ਮਰਜੀ ਦੇ ਜਥੇਦਾਰ ਨਿਯੁਕਤ ਕੀਤੇ ਜਾ ਰਹੇ ਹਨ , ਇਹਨਾਂ ਜਥੇਦਾਰਾਂ ਕੋਲੋਂ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਗਈ ਭਰਤੀ ਕਮੇਟੀ ਵੀ ਭੰਗ ਕਰਵਾਈ ਜਾਵੇਗੀ l ਹੋ ਸਕਦਾ ਕੇ ਕਿਸੇ ਵੀ ਮੈਂਬਰ ਤੋਂ ਸਕਾਇਤ ਲੈ ਕੇ ਪਹਿਲਾ ਦੀ ਤਰਾਂ ਖਾੜਕੂ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਵਿਚੋਂ ਦੁਬਾਰਾ ਛੇਕਣ ਦੀ ਕਵਾਇਦ ਕਰਵਾਈ ਜਾ ਸਕਦੀ ਹੈ l ਪਰ ਇਹਨਾਂ ਫੈਸਲਿਆ ਦੇ ਇਸ ਪਰਿਵਾਰ ਦੇ ਨਾਲ ਨਾਲ ਨਵੇਂ ਬਣੇ ਜਥੇਦਾਰਾਂ ਨੂੰ ਵੀ ਨਤੀਜੇ ਭੁਗਤਣੇ ਪੈਣਗੇ । ਉਹਨਾਂ ਕਿਹਾ ਕਿ ਕਮੇਟੀ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਟੇਕ ਸਿੰਘ ਧਨੌਲਾ ਦਾ ਵੀ ਲੇਖਾ ਜੋਖਾ ਕਰੇ, ਕਿ ਜਿਸ ਟੇਕ ਸਿੰਘ ਦੀ ਬਾਦਲ ਸਰਕਾਰ ਵੇਲੇ ਕੁੱਟਮਾਰ ਕੀਤੀ ਗਈ ਸੀ, ਕਿ ਉਹ ਬਹੁਤ ਭ੍ਰਿਸਟ ਅਤੇ ਮਾੜਾ ਬੰਦਾ ਸੀ, ਅੱਜ ਉਹ ਦੁੱਧ ਧੋਤਾ ਕਿਵੇਂ ਬਣ ਗਿਆl ਜਿਸ ਨੂੰ ਸਿੱਖਾਂ ਦੇ ਸਰਬ-ਉੱਚ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਬਣਾ ਦਿਤਾ ਗਿਆ । ਉਹਨਾਂ ਕਿਹਾ ਕਿ ਇੰਡੀਅਨ ਸਟੇਟ ਦੇ ਹੱਥਾਂ ਵਿਚ ਖੇਡ ਕੇ ਸਿੱਖ ਕੌਮ ਦਾ ਜੋ ਘਾਣ ਇਸ ਪਰਿਵਾਰ ਨੇ ਕੀਤਾ ਉਸ ਦਾ ਕਲੰਕ ਕਦੇ ਵੀ ਧੋਤਾ ਨਹੀਂ ਜਾਵੇਗਾ, ਜਿਸ ਦਾ ਕਿ ਬਹੁਤ ਲੰਮਾ ਚੌੜਾ ਹਿਸਾਬ ਹੈ ਤੇ ਖਾਸ ਕਰਕੇ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਨੂੰ ਲਿਜਾ ਕੇ ਬੇਅਦਬੀ ਕਰਨ, ਇਨਸਾਫ਼ ਮੰਗੀਆਂ ਸੰਗਤਾਂ ’ਤੇ ਗੋਲ਼ੀਆਂ ਵਰਾਂ ਕੇ ਸਿੰਘਾਂ ਨੂੰ ਸ਼ਹੀਦ ਕਰਨਾ, ਬਲਾਤਕਾਰੀ ਡੇਰਾ ਮੁੱਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾ ਕੇ ਇਕ ਕਰੋੜ ਰੁਪਏ ਦੇ ਇਸਤਿਹਾਰ ਜਾਰੀ ਕਰਨੇ, ਇਹ ਸਭ ਕੁਝ ਨੂੰ ਇਤਿਹਾਸ ਵਿਚੋਂ ਮਿਟਾਇਆ ਨਹੀਂ ਜਾ ਸਕਦਾ। ਉਹ ਦੱਸਿਆ ਕਿ ਪੰਥ-ਏ-ਰਤਨ ਦਾ ਰੁਤਬਾ ਸਬੰਧਤ ਬੰਦੇ ਦੇ ਜਿਉਦਿਆਂ ਜੀਅ ਨਹੀਂ ਦਿੱਤਾ ਜਾਂਦਾ, ਉਹ ਉਸ ਦੀ ਚੜ੍ਹਾਈ ਕਰਨ ਬਾਅਦ ਦਿਤਾ ਜਾਦਾ ਹੈ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਜਿਉਂਦਿਆ ਜੀਅ ਉਸ ਦੇ ਕਿਰਦਾਰ ਵਿਚ ਕੋਈ ਗਿਰਾਵਟ ਆ ਜਾਵੇ, ਜਿਵੇਂ ਕਿ ਇਸ ਪਰਿਵਾਰ ਵਿਚ ਆਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਮੈਂਬਰ ਕੁਝ ਹੋਰ ਨਹੀਂ ਕਰ ਸਕਦੇ ਤਾਂ ਆਪਣੀ ਜਮੀਰ ਦੀ ਆਵਾਜ ਸੁਣਦਿਆ ਅਸਤੀਫ਼ੇ ਦੇ ਦੇਣ ਤੇ ਅੱਜ ਸਮਾਂ ਹੈ ਕਿ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਓਟ ਆਸਰਾ ਲੈ ਕੇ ਤਖ਼ਤ ਸਾਹਿਬਾਨਾਂ ਲਈ ਜਥੇਦਾਰ ਨਿਯੁਕਤ ਕਰਨ ਤੇ ਹੋਰ ਸਾਰੇ ਪ੍ਰਬੰਧ ਸਿੱਖ ਮਰਿਆਦਾ ਅਨੁਸਾਰ ਕਰਨ ਲਈ ਇਕੱਤਰ ਹੋਣ।ਓਹਨਾ ਇਕ ਗੱਲ ਇਹ ਵੀ ਕਹੀ ਕਿ ਟੇਕ ਸਿੰਘ ਧਨੋਲਾ ਨੂੰ ਸਿੱਖ ਜਥੇਬੰਦੀਆਂ ਕਦੇ ਵੀ ਤਖ਼ਤ ਸਾਹਿਬ ਦੀਆ ਸੇਵਾਵਾਂ ਨਹੀਂ ਸੰਭਾਲਣ ਦੇਣਗੀਆਂ, ਇਸ ਸੰਬੰਧ ਵਿਚ ਜਲਦੀ ਹੀ ਸਮੁੱਚੇ ਮਾਲਵੇ ਚੋ ਨੁਮਾਇਦਾ ਜਥੇਬੰਦੀਆਂ ਦਾ ਇਕੱਠ ਸ੍ਰੀ ਦਮਦਮਾ ਸਾਹਿਬ ਬੁਲਾਇਆ ਜਾਵੇਗਾ l

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.