Nazrana Times

ਪੰਜਾਬੀ

ਪੰਥਕ ਧਿਰਾਂ ਸਹਿਮਤੀ ਨਾਲ ਵੰਡ ਲੈਣ ਟਿਕਟਾਂ...

12 Aug, 2026 01:10 AM

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਇਸ ਸਮੇਂ ਚੋਣਾਂ ਲੜਨ ਵਾਲੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਏਕਤਾ ਕਰਦਿਆਂ ਬੜੀ ਸਮਝਦਾਰੀ ਤੇ ਸਿਆਣਪ ਨਾਲ ਚੱਲਣ ਦੀ ਲੋੜ ਹੈ ਤਾਂ ਜੋ ਪੰਜਾਬ ਵਿੱਚ ਪੰਥਕ ਧਿਰਾਂ ਦੀ ਸਰਕਾਰ ਬਣ ਸਕੇ। ਸਮੂਹ ਪੰਥਕ ਧਿਰਾਂ ਨੂੰ ਆਪਸੀ ਸਹਿਮਤੀ ਬਣਾਉਂਦਿਆਂ 117 ਹਲਕਿਆਂ ਵਿੱਚੋਂ ਟਿਕਟਾਂ ਵੰਡ ਲੈਣੀਆਂ ਚਾਹੀਦੀਆਂ ਹਨ। ਪੰਥਕ ਧਿਰਾਂ ਨੂੰ ਇੱਕ-ਦੂਜੇ ਦੇ ਖ਼ਿਲਾਫ਼ ਆਪਣੇ ਪੰਥਕ ਉਮੀਦਵਾਰ ਖੜ੍ਹੇ ਨਹੀਂ ਕਰਨੇ ਚਾਹੀਦੇ ਹਨ, ਇਸ ਨਾਲ ਸੰਗਤ ਵਿੱਚ ਨਿਰਾਸ਼ਾ ਵੀ ਆਵੇਗੀ ਅਤੇ ਵੋਟਾਂ ਵੀ ਵੰਡੀਆਂ ਜਾਣਗੀਆਂ ਤੇ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ। ਚੋਣਾਂ ਜਿੱਤਣੀਆਂ ਹਨ ਜਾਂ ਹਾਰਨੀਆਂ ਹਨ ਇਹ ਤਾਂ ਹੁਣ ਪੰਥਕ ਧਿਰਾਂ ਦੇ ਆਗੂਆਂ ਦੇ ਹੱਥਾਂ ਵਿੱਚ ਹੀ ਫ਼ੈਸਲਾ ਹੈ। ਜੇ ਰਲ ਕੇ ਚੱਲੋਗੇ ਤਾਂ ਪੰਜਾਬ ਦੀ ਸੱਤਾ ਤੁਹਾਡੇ ਹੱਥਾਂ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਜੇਕਰ ਇੱਕ-ਦੂਜੇ ਦੀਆਂ ਲੱਤਾਂ ਖਿੱਚੀਆਂ, ਇਲਜ਼ਾਮਬਾਜੀਆਂ ਕੀਤੀਆਂ, ਆਪੋ-ਆਪਣੇ ਉਮੀਦਵਾਰ ਖੜ੍ਹੇ ਕੀਤੇ ਤਾਂ ਆਮ ਲੋਕ ਤੁਹਾਡੇ ਵੱਲ ਮੂੰਹ ਨਹੀਂ ਕਰਨਗੇ ਤੇ ਨਿਰੋਲ ਪੰਥਕ ਵੋਟ ਵੀ ਕਈ ਹਿੱਸਿਆਂ ਵਿੱਚ ਵੰਡੀ ਜਾਵੇਗੀ ਫਿਰ ਤਾਂ ਪੰਥਕ ਧਿਰਾਂ ਹਾਰਨ ਦਾ ਰਿਕਾਰਡ ਪੈਦਾ ਕਰ ਦੇਣਗੀਆਂ ਤੇ ਜੇਕਰ ਸਾਰਿਆਂ ਨੇ ਪੰਥ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇੱਕਮੁੱਠ ਹੋਣ ਦਾ ਫ਼ੈਸਲਾ ਕਰ ਲਿਆ ਤਾਂ ਪੰਥਕ ਸਿਆਸਤ ਦਾ ਬੋਲਬਾਲਾ ਹੋ ਜਾਵੇਗਾ ਤੇ ਸੰਨ 1989 ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ ਜਾਏਗਾ।
ਸੰਨ 1992 ਵਿੱਚ ਬੁੱਚੜ ਬਿਅੰਤ ਸਿਹੁੰ ਨੇ ਮੁੱਖ ਮੰਤਰੀ ਬਣ ਕੇ ਪੰਜਾਬ ਉੱਤੇ ਬੜਾ ਕਹਿਰ ਕੀਤਾ ਸੀ ਤੇ ਜੁਝਾਰੂ ਸਿੰਘਾਂ ਨੇ ਉਸ ਨੂੰ ਬੰਬ ਨਾਲ ਉਡਾਅ ਦਿੱਤਾ। ਫਿਰ ਕਾਂਗਰਸ ਸਰਕਾਰ ਦੇ ਖ਼ਾਤਮੇ ਲਈ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਸਨ ਤਾਂ ਜੋ ਇਨਸਾਫ਼ ਦੀ ਕੋਈ ਉਮੀਦ ਨਜ਼ਰੀਂ ਆਏਗੀ। 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤਾਂ ਬਣ ਗਈ ਪਰ ਉਸ ਨੇ ਪੰਥ ਅਤੇ ਪੰਜਾਬ ਨਾਲ ਅਜਿਹੀ ਗ਼ੱਦਾਰੀ ਕੀਤੀ ਕਿ ਉਸ ਤੋਂ ਅੱਕ ਕੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ 2002 ਵਿੱਚ ਲੈ ਆਂਦੀ। ਕੈਪਟਨ ਵੀ ਪੰਜਾਬ ਦਾ ਨਾ ਹੋ ਕੇ ਦਿੱਲੀ ਦਾ ਭਗਤ ਬਣ ਗਿਆ, ਲੋਕਾਂ ਨੇ 2007 ਵਿੱਚ ਫਿਰ ਬਾਦਲਾਂ ਦੀ ਸਰਕਾਰ ਬਣਾਈ ਕੀ ਸ਼ਾਇਦ ਹੁਣ ਹੀ ਕੁਝ ਕਰਨਗੇ ਤੇ 2012 ਵਿੱਚ ਫਿਰ ਇਸੇ ਸਰਕਾਰ ਨੂੰ ਜਿਤਾਇਆ ਪਰ ਬਾਦਲ ਨੇ ਸੰਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾ ਕੇ ਅਤੇ ਇਨਸਾਫ਼ ਮੰਗਦੇ ਸਿੰਘਾਂ ਨੂੰ ਸ਼ਹੀਦ ਕਰਕੇ ਤੇ ਡੇਰਾ ਸਿਰਸਾ ਨੂੰ ਮਾਫ਼ੀ ਦੇ ਕੇ ਕਲੰਕ ਲਵਾ ਲਿਆ। ਉਸ ਸਮੇਂ ਪੰਜਾਬ ਵਾਸੀਆਂ ਨੂੰ ਐਨਾ ਰੋਹ ਤੇ ਰੋਸ ਆਇਆ ਕਿ ਬਾਦਲਾਂ ਨੂੰ ਗੱਦੀ ਤੋਂ ਲਾਹ ਮਾਰਿਆ ਤੇ ਬੇਅਦਬੀਆਂ ਦੇ ਇਨਸਾਫ਼ ਅਤੇ ਨਸ਼ੇ ਦੇ ਖ਼ਾਤਮੇ ਲਈ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਪਰ ਉਸ ਨੇ ਗ਼ੱਦਾਰ ਬਾਦਲਕਿਆਂ ਨਾਲ ਯਾਰੀ ਨਿਭਾਈ।
ਫਿਰ ਪੰਜਾਬ ਵਾਸੀਆਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਬਾਦਲ-ਕੈਪਟਨ ਦੋਵੇਂ ਨਹੀਂ ਮਨਜ਼ੂਰ ਤੇ ਕਿਸੇ ਤੀਸਰੀ ਧਿਰ ਨੂੰ ਅੱਗੇ ਲਿਆਉਣਾ ਹੈ। ਤੇ '24 ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ਼ ਦੇਵਾਂਗੇ' ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਗਈ ਤੇ ਇਹਨਾਂ ਦੇ 92 ਵਿਧਾਇਕਾਂ ਨੂੰ ਜਿਤਾਇਆ ਗਿਆ ਪਰ ਇਹ ਵੀ ਬਾਦਲ-ਕੈਪਟਨ ਵਾਂਗ ਨਖਿੱਧ ਨਿਕਲੇ। ਜਿਵੇਂ ਪਹਿਲਾਂ ਬਾਦਲਾਂ ਨੂੰ, ਫਿਰ ਕੈਪਟਨ ਨੂੰ ਹਰਾਉਣ ਲਈ ਲੋਕ ਉਤਾਵਲੇ ਸਨ ਉਸੇ ਤਰ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਸਬਕ ਸਿਖਾਉਣ ਲਈ ਪੰਜਾਬ ਵਾਸੀ ਕਮਰਕੱਸੇ ਕਰੀ ਬੈਠੇ ਹਨ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਪੂਰੀ ਚਰਚਾ ਵਿੱਚ ਹੈ ਤੇ ਆਪ ਮੁਹਾਰੇ ਹੀ ਇਹਨਾਂ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਇਸ ਦੀ ਅਗਵਾਈ ਕਰ ਰਹੇ ਹਨ ਤੇ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਾਲੀ ਪਾਰਟੀ ਇੰਟਰਨੈਸ਼ਨਲ ਪੰਥਕ ਦਲ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਮੋਹਕਮ ਸਿੰਘ ਦੀ ਪਾਰਟੀ ਯੂਨਾਈਟਿਡ ਅਕਾਲੀ ਦਲ, ਭਾਈ ਅਜੇਪਾਲ ਸਿੰਘ ਬਰਾੜ ਦੀ ਪਾਰਟੀ ਮਿਸਲ ਸਤਲੁਜ, ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੀ ਨਵੀਂ ਪਾਰਟੀ ਆਜ਼ਾਦ ਗਰੁੱਪ ਤੇ ਕੁਝ ਹੋਰ ਪੰਥਕ ਧਿਰਾਂ ਵੀ ਚੋਣ ਮੈਦਾਨ ਵਿੱਚ ਪੂਰੀਆਂ ਸਰਗਰਮ ਹਨ। ਸ. ਸਿਮਰਨਜੀਤ ਸਿੰਘ ਮਾਨ ਅਤੇ ਭਾਈ ਜਸਬੀਰ ਸਿੰਘ ਰੋਡੇ ਵਾਰ-ਵਾਰ ਏਕਤਾ ਦਾ ਹੋਕਾ ਦੇ ਰਹੇ ਹਨ।
ਇਸ ਸਮੇਂ ਚਾਹੀਦਾ ਹੈ ਕਿ 117 ਹਲਕਿਆਂ ਵਿੱਚੋਂ 65 ਸੀਟਾਂ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਰੱਖ ਲੈਣ ਤੇ ਬਾਕੀ ਸਾਰੀਆਂ ਸੀਟਾਂ ਸਿਮਰਨਜੀਤ ਸਿੰਘ ਮਾਨ, ਗਿਆਨੀ ਹਰਪ੍ਰੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ ਅਤੇ ਹੋਰ ਪੰਥਕ ਧਿਰਾਂ ਲਈ ਸਹਿਮਤੀ ਨਾਲ ਛੱਡ ਦੇਣ ਜੋ ਉਹ ਆਪਸ ਵਿੱਚ ਵੰਡ ਲੈਣਗੇ ਜਿਸ-ਜਿਸ ਇਲਾਕੇ ਵਿੱਚ ਜਿਸ-ਜਿਸ ਪੰਥਕ ਪਾਰਟੀ ਦਾ ਜ਼ੋਰ ਹੋਵੇਗਾ ਉਹ ਆਪਣੇ ਉਮੀਦਵਾਰਾਂ ਲਈ ਸਿਰਫ਼ ਓਥੋਂ ਹੀ ਸੀਟਾਂ ਲੈਣ। ਇਸ ਤਰ੍ਹਾਂ ਪੰਥਕ ਧਿਰਾਂ ਦੀ ਜਿੱਤ ਯਕੀਨੀ ਹੋ ਸਕਦੀ ਹੈ। ਤ੍ਰਾਸਦੀ ਦੀ ਗੱਲ ਇਹ ਹੈ ਕਿ ਪੰਥਕ ਧਿਰਾਂ ਤਾਂ ਇਕੱਠੀਆਂ ਨਹੀਂ ਹੋ ਰਹੀਆਂ ਪਰ ਪੰਥ ਵਿਰੋਧੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਇਕੱਠੇ ਹੋਣ ਦੇ ਆਸਾਰ ਬਣ ਰਹੇ ਹਨ। ਜੇ ਪੰਥਕ ਧਿਰਾਂ ਨੇ ਹੁਣ ਵੀ ਮੌਕਾ ਨਾ ਸੰਭਾਲਿਆ ਤਾਂ ਪੰਥਕ ਸਿਆਸਤ ਹਾਸ਼ੀਏ ਉਤੇ ਧੱਕੀ ਜਾਵੇਗੀ, ਫਿਰ ਪੰਥ ਅਤੇ ਪੰਜਾਬ ਨੂੰ ਮਿਹਣਾ ਨਾ ਮਾਰਿਓ ਸਗੋਂ ਆਪਣੀ ਹਾਰ ਲਈ ਤੁਸੀਂ ਖ਼ੁਦ ਜ਼ਿੰਮੇਵਾਰ ਹੋਵੋਗੇ। ਇਹ ਗੱਲ ਪੱਕੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਚਿਹਰੇ ਅਤੇ ਪ੍ਰਭਾਵ ਕਰਕੇ ਪੰਜਾਬ ਦੀ ਸਿੱਖ ਜਵਾਨੀ ਦੀ ਵੋਟ ਵੱਡੀ ਪੱਧਰ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ਵਿੱਚ ਭੁਗਤੇਗੀ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ ਇਸ ਕਰਕੇ ਸੰਤਾਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਅਤੇ ਸੰਤਾਂ ਦੇ ਸੰਘਰਸ਼ ਨੂੰ ਅਗਾਂਹ ਤੋਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਅਤੇ ਬਾਦਲਾਂ ਤੋਂ ਫਖ਼ਰ-ਏ-ਕੌਮ ਦਾ ਅਵਾਰਡ ਖੋਹਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬਾਪੂ ਤਰਸੇਮ ਸਿੰਘ ਜੀ ਨਾਲ ਲੈ ਕੇ ਚੱਲਣ। ਸਾਰੀਆਂ ਪੰਥਕ ਧਿਰਾਂ ਏਕਤਾ ਦੇ ਫਾਰਮੂਲੇ ਨੂੰ ਅਪਣਾਉਣ ਤੇ ਇਸ ਵਿੱਚ ਹੀ ਸਾਰੀਆਂ ਪੰਥਕ ਧਿਰਾਂ ਅਤੇ ਪੰਥ ਤੇ ਪੰਜਾਬ ਦਾ ਭਲਾ ਹੈ। ਨਹੀਂ ਤਾਂ ਫਿਰ ਕਾਂਗਰਸ, ਬਾਦਲ, ਭਾਜਪਾ ਅਤੇ ਭਗਵੰਤ ਮਾਨ ਹੀ ਪੰਜਾਬ ਵਾਸੀਆਂ ਉੱਤੇ ਮੁੜ ਰਾਜ ਕਰੇਗਾ। ਹੁਣ ਪੰਥਕ ਧਿਰਾਂ ਖ਼ੁਦ ਹੀ ਫ਼ੈਸਲਾ ਕਰ ਲੈਣ ਕਿ ਉਹਨਾਂ ਨੇ ਜਿੱਤਣਾ ਹੈ ਜਾਂ ਹਾਰਨਾ ਹੈ! 

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News