Nazrana Times

ਪੰਜਾਬੀ

ਲਾਹੌਰ ਦੇ ਇਤਿਹਾਸਕ ਕ੍ਰਿਸ਼ਨ ਮੰਦਰ ਵਿੱਚ ਸ਼ਰਧਾ ਨਾਲ ਮਨਾਈ ਦੀਵਾਲੀ, ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਾਂਝੀਆਂ ਕੀਤੀਆਂ ਖ਼ੁਸ਼ੀਆਂ

09 Nov, 2026 10:52 PM

ਲਾਹੌਰ, 9 ਨਵੰਬਰ 2026 (ਨਜ਼ਰਾਨਾ ਟਾਈਮਜ਼): ਲਾਹੌਰ ਦੇ ਰਾਵੀ ਰੋਡ ਸਥਿਤ ਇਤਿਹਾਸਕ ਕ੍ਰਿਸ਼ਨ ਮੰਦਰ ਵਿੱਚ ਹਿੰਦੂ ਭਾਈਚਾਰੇ ਦਾ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਸਮਾਗਮ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਤੇ ਧਾਰਮਿਕ ਮਾਮਲਿਆਂ ਤੇ ਅੰਤਰਧਰਮੀ ਸਦਭਾਵਨਾ ਮੰਤਰਾਲੇ ਵੱਲੋਂ ਕਰਵਾਇਆ ਗਿਆ। ਇਸ ਮੌਕੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਦੀਪਮਾਲਾ ਕੀਤੀ ਗਈ। ਸ੍ਰੀ ਰਾਮ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾਵਾਂ ਵੀ ਹੋਈਆਂ।

ਈਟੀਪੀਬੀ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਡਿਪਟੀ ਸਕੱਤਰ ਸ਼ਰਾਈਨਜ਼ ਉਸਮਾਨ ਖ਼ਾਨ ਅਤੇ ਡਿਪਟੀ ਸਕੱਤਰ ਜਨਰਲ ਸਆਦਤ ਸ਼ਹਿਬਾਜ਼ ਖ਼ਾਨ ਵੀ ਸਮਾਗਮ ਵਿੱਚ ਸ਼ਾਮਲ ਹੋਏ।

ਈਟੀਪੀਬੀ ਦੇ ਚੇਅਰਮੈਨ ਕਮਰ ਜ਼ਮਾਨ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਦੀਵਾਲੀ ਦੇ ਜਸ਼ਨਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ, ਤਾਂ ਜੋ ਸਮਾਗਮ ਸੁਚਾਰੂ ਢੰਗ ਨਾਲ ਕਰਵਾਇਆ ਜਾ ਸਕੇ। ਲਾਹੌਰ ਤੋਂ ਇਲਾਵਾ ਸਿਆਲਕੋਟ, ਦਾਦੂ, ਕਰਾਚੀ ਅਤੇ ਸੁੱਕਰ ਦੇ ਮੰਦਰਾਂ ਵਿੱਚ ਵੀ ਦੀਵਾਲੀ ਸਮਾਗਮ ਕਰਵਾਏ ਗਏ।

Posted By: Ali Imran Chattha

Latest News