#ਰੌਲ਼ਾ ✍️ ਜਸਵਿੰਦਰ ਸਿੰਘ ਜੱਸ ਅਮਰਕੋਟੀ 📞9914017266
- ਕਵਿਤਾ
- 27 Feb,2025

#ਰੌਲ਼ਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਆਪਣਾ ਹੈ ਫ਼ਿਰ ਵੀ ਨਹੀਂ ਉਹ ਮੇਰੇ ਵੱਲ ਦਾ
ਹਰ ਇਕ ਥਾਂ ਤੇ ਮੈਨੂੰ ਨੀਵਿਆਂ ਵਿਖਾਉਂਦਾ ਹੈ
ਮੂੰਹੋਂ ਕੱਢੀ ਗੱਲ ਮੇਰੇ ਮੂੰਹ ਵਿੱਚ ਪਾਉਂਦਾ ਹੈ
ਪੂਰਾ ਨਾ ਪੁਗਾਵੇ ਬੋਲ ਮੂਹੋਂ ਕੱਢੀ ਗੱਲ ਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਬੰਦਾ ਹੈ ਉਹ ਮੇਰਾ ਪਰ ਬੰਦਗੀ ਨਹੀਂ ਕਰਦਾ
ਕਾਮਾਂ ਮੇਰਾ ਹੋ ਕੇ ਪਾਣੀ ਗੈਰਾਂ ਦਾ ਹੈ ਭਰਦਾ
ਲਾਉਂਦਾ ਰਹਾਂ ਉਹਦਾ ਮੈਂ ਹਿਸਾਬ ਪਲ-ਪਲ ਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਬਾਂਦਰ ਦੇ ਵਾਂਗੂੰ ਸਦਾ ਛਾਲਾਂ ਰਹਿੰਦਾ ਮਾਰਦਾ
ਮੇਰੇ ਨਾਲ ਰਹਿ ਕੇ ਕੰਮ ਹੋਰਾਂ ਦੇ ਸਵਾਰਦਾ
ਉਲਟਾ ਜਵਾਬ ਦਿੰਦਾ ਮੇਰੀ ਹਰ ਗੱਲ ਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਪਿੱਛੇ ਲਾਈ ਰੱਖਿਆ ਸੀ ਦੇ ਕੇ ਮੱਤਾਂ ਮਾੜੀਆਂ
ਹੁਣ ਜਦੋਂ ਹਰਕਤਾਂ ਮੈਂ ਉਸ ਦੀਆਂ ਤਾੜੀਆਂ
ਮੇਰੇ ਨਾਲ ਰੁੱਸਿਆ ਉਹ ਫਿਰਦਾ ਜੇ ਕੱਲ੍ਹ ਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਥੋੜ੍ਹੇ ਜਿਹੇ ਸਮੇਂ ਤੋਂ ਮੈਂ ਭੇਤ ਉਹਦਾ ਪਾ ਲਿਆ
ਗ਼ੌਰ ਨਾਲ ਵੇਖ ਕੇ ਹਿਸਾਬ ਜਿਹਾ ਲਾ ਲਿਆ
ਗਿਰਗਿਟ ਦੇ ਵਾਂਗੂ ਰਹੇ ਰੰਗ ਉਹ ਬਦਲਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਗਲ਼ ਉਹਦੇ ਪਾ ਕੇ ਰੱਸੀ ਡੰਡਾ ਲੈਣਾ ਫ਼ੜ ਮੈਂ
ਕੀਤੀ ਜੇ ਸ਼ੈਤਾਨੀ ਦੇਣਾ ਮੌਰਾਂ ਵਿਚ ਜੜ੍ਹ ਮੈਂ
ਜਦੋਂ ਮੇਰਾ ਕਿਸੇ ਵੇਲੇ ਪਾਸਾ ਹੀ ਨਹੀਂ ਥੱਲਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਘੜੀ ਵਿਚ ਤੋਲਾ ਘੜੀ ਵਿਚ ਮਾਸ਼ਾ ਬਣਦਾ
ਕੋਟ, ਪੈਂਟ, ਟਾਈ ਲਾ ਕੇ ਪੂਰਾ ਬਣ ਤਣ ਦਾ
ਵੇਖਣੇ ਨੂੰ ਮੇਲ਼ੇ ਜਿਹੜਾ ਰਹਿੰਦਾ ਹੈ ਮਚਲਦਾ
ਮੇਰੇ ਇੱਕ ਬੰਦਾ ਨਾਲ ਰੌਲ਼ਾ ਜਿਹਾ ਚੱਲਦਾ
ਗੱਲ ਹੈ ਰਮਜ਼ ਵਾਲੀ ਸਾਰੇ ਨੋਟ ਕਰਿਓ
ਭੁਲਿਓ ਨਾ ਮਿੱਤਰ ਪਿਆਰੇ ਨੋਟ ਕਰਿਓ
ਗੁਰੂ ਕੋਲੋਂ ਦਾਰੂ ਮਿਲ਼ੇ ਮਸਲੇ ਦੇ ਹੱਲ ਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
ਜੱਸ ਦੀ ਨਿਮਾਣੀ ਜਿਹੀ ਗੱਲ ਨੂੰ ਵਿਚਾਰ ਕੇ
ਆਪਣੇ ਦਿਲਾਂ 'ਚ ਸਾਰੇ ਵੇਖੋ ਝਾਤੀ ਮਾਰਕੇ
ਤੁਹਾਡਾ ਵੀ ਵਿਚਾਰ ਮੇਰੇ ਨਾਲ ਤਾਂ ਨਹੀਂ ਰਲਦਾ
ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ
✍️ ਜਸਵਿੰਦਰ ਸਿੰਘ ਜੱਸ ਅਮਰਕੋਟੀ
📞9914017266
Posted By:

Leave a Reply