ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠ-ਭੇਦਾਂ ਬਾਰੇ ਸਰਬੱਤ ਖ਼ਾਲਸਾ ਦੇ ਸਨਮੁੱਖ ਇੱਕ ਜ਼ਰੂਰੀ ਲੇਖ
- ਗੁਰਬਾਣੀ-ਇਤਿਹਾਸ
- 20 Jun,2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠ-ਭੇਦਾਂ ਬਾਰੇ ਸਰਬੱਤ ਖ਼ਾਲਸਾ ਦੇ ਸਨਮੁੱਖ ਇੱਕ ਜ਼ਰੂਰੀ ਲੇਖ
"ਹਥ ਲਿਖਤ ਤਕਨੀਕ ਮਗਰੋਂ ਛਾਪੇ ਦੀ ਤਕਨੀਕ ਹੋਂਦ ਵਿਚ ਆਈ ਅਤੇ ਹੁਣ ਕੰਪਿਊਟਰ ਦੀ ਤਕਨੀਕ ਪ੍ਰਚਲਤ ਹੈ।
ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦੀਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।"
ਇਹ ਸਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗਠਿਤ ਕੀਤੀ ਗਈ ਕਮੇਟੀ ਦੀ ੨੬ ਮਾਰਚ ੧੯੯੬ ਦੀ ਅੰਤ੍ਰਿਗ ਰਿਪੋਰਟ ਵਿੱਚ ਦਰਜ ਹਨ। ਇਹ ਛੇ-ਮੈਂਬਰੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠ-ਭੇਦਾਂ ਦੀ ਨਿਸ਼ਾਨਦੇਹੀ ਵਾਸਤੇ ਬਣਾਈ ਗਈ ਸੀ, ਜਿਸ ਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਸਨ। ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਾ ਕੀਤੀ? ੧੯੯੬ ਤੋਂ ੨੦੨੫ ਆ ਗਿਆ, ਕੰਪਿਊਟਰ ਤਕਨੀਕ ਤਾਂ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਹਥ-ਲਿਖਤ ਤੋਂ ਛਾਪੇ ਤੱਕ, ਛਾਪੇ ਤੋਂ ਕੰਪਿਊਟਰ ਅਤੇ ਹੁਣ ਉਸ ਤੋਂ ਵੀ ਅਗਾਂਹ ਏ.ਆਈ. ਦਾ ਦੌਰ ਆ ਗਿਆ। ਹੁਣ ਦੱਸੋ ਭਲਾ ਇਹ ਅਸ਼ੁੱਧੀਆਂ ਕਦੋਂ ਦੂਰ ਹੋਣਗੀਆਂ ਅਤੇ ਕੌਣ ਕਰੇਗਾ?
ਇੱਥੇ ਇਹ ਦੱਸਣਾ ਜ਼ਰੂਰੀ ਹੈ ਕੀ ਜਿਨ੍ਹਾਂ ਅਸ਼ੁੱਧੀਆਂ ਬਾਰੇ ਵਿਚਾਰ-ਚਰਚਾ ਹੋ ਰਹੀ ਹੈ ਉਹ ਸਾਡੇ ਵਰਗੇ ਸੰਸਾਰੀ ਮਨੁੱਖਾਂ ਵੱਲੋਂ ਉਤਾਰੇ ਕਰਨ ਲੱਗਿਆਂ ਜਾਂ ਬੀੜਾਂ ਨੂੰ ਛਾਪਣ ਲੱਗਿਆਂ ਜਾਣੇ-ਅਨਜਾਣੇ ਵਿੱਚ ਹੋਈਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਹਰ ਸਿੱਖ, ਜਾਗਤ-ਜੋਤ ਸਤਿਗੁਰੂ ਮੰਨਦਾ ਹੈ, ਉਸ ਬਾਰੇ ਬੀਤ ਚੁੱਕੇ ਸਮੇਂ ਵਿੱਚ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਕੀ ਰੋਲ ਨਿਭਾਇਆ ਹੈ, ਵਰਤਮਾਨ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਭਵਿੱਖ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਇੱਕ ਬਹੁਤ ਗਹਿਰ-ਗੰਭੀਰ ਅਤੇ ਨਾਜ਼ੁਕ ਵਿਸ਼ਾ ਹੈ, ਜਿਸ ਬਾਰੇ ਹਰ ਸਿੱਖ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਆਉ ਸੰਖੇਪ ਵਿੱਚ ਇਸ ਬਾਰੇ ਵਿਚਾਰ ਕਰੀਏ।
ਇਸ ਮਸਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮਗਰੀ ਨੂੰ ਹੀ ਆਧਾਰ ਬਣਾਇਆ ਜਾ ਰਿਹਾ ਹੈ। ਬਾਹਰੋਂ ਕਿਸੇ ਸੰਸਥਾ, ਯੂਨੀਵਰਸਿਟੀ ਜਾਂ ਕਿਸੇ ਹੋਰ ਪੁਸਤਕ ਦਾ ਹਵਾਲਾ ਨਹੀਂ ਲਿਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਹੱਥ-ਲਿਖਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮਗਰੀ ਦੀ ਪ੍ਰੋੜ੍ਹਤਾ ਲਈ ਹੀ ਦਿੱਤਾ ਜਾ ਰਿਹਾ ਹੈ।
ਪੁਰਾਤਨ ਹੱਥ-ਲਿਖਤ ਬੀੜਾਂ ਦਾ ਹਵਾਲਾ ਅਤੇ ਇਤਿਹਾਸਕ ਪੱਖ
ਅਸੀਂ ਸਭ ਜਾਣਦੇ ਹਾਂ ਕੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇਂ ਰਾਮਸਰ ਦੇ ਅਸਥਾਨ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਇਸ ਕਾਰਜ ਨੂੰ ੧੬੦੧ ਤੋਂ ਲੈ ਕੇ ੧੬੦੪ ਤੱਕ ਚਾਰ ਸਾਲ ਦਾ ਸਮਾਂ ਲੱਗਿਆ। ਭਾਦੋਂ ਸੁਦੀ ੧ ਸੰਮਤ ੧੬੬੧ (ਸੰਨ ੧੬੦੪) ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇਂ ਆਪ ਆਪਣੇਂ ਸੀਸ ਤੇ ਇਸ ਬੀੜ ਨੂੰ ਲਿਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਬਾਅਦ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਹੀ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਦੇ ਅਸਥਾਨ ਤੇ ਥਾਂ ਪੁਰ ਥਾਂ ਦਰਜ ਕਰ ਦਿੱਤਾ। ਵੱਖ ਵੱਖ ਵਿਦਵਾਨਾਂ ਨੇ ਇਸ ਦੇ ਹਵਾਲੇ ਦਿੱਤੇ ਹੋਏ ਹਨ। ਇਸੇ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇਂ ੬ ਅਕਤੂਬਰ ੧੭੦੮ ਈ. ਨੂੰ ਆਪਣੇ ਜੋਤੀ ਜੋਤ ਸਮਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸੇ ਸਰੂਪ ਨੂੰ ਬਕਾਇਦਾ ਗੁਰਿਆਈ ਬਖਸ਼ ਦਿੱਤੀ। ਇਸ ਦਾ ਵਿਸਥਾਰ ਸਹਿਤ ਜ਼ਿਕਰ ਭੱਟ ਵਹੀ, ਤਲੰਡਾ ਪਰਗਨਾ ਜੀਂਦ ਨੇ ਆਪਣੀ ਵਹੀ ਵਿੱਚ ਕੀਤਾ ਹੈ। ਇਨ੍ਹਾਂ ਭੱਟ ਵਹੀਆਂ ਦੀ ਖੋਜ ਗਿਆਨੀ ਗਰਜਾ ਸਿੰਘ ਜੀ ਨੇ ਕੀਤੀ ਜੋ ਕਿ ਸਿੰਘ ਬਰਦਰਜ਼ ਵੱਲੋਂ ਛਾਪੀ ਗਈ ਹੈ।
ਬਦਕਿਸਮਤੀ ਨੂੰ ਹੁਣ ਸਾਡੇ ਕੋਲ਼ ਇਨ੍ਹਾਂ ਇਹਨਾਂ ਸਰੂਪਾਂ ਵਿੱਚੋਂ ਕੋਈ ਵੀ ਉਪਲਬਧ ਨਹੀਂ ਹੈ। ਇਸ ਬਾਰੇ ਅੱਗੇ ਜਾ ਕੇ ਪ੍ਰਮਾਣਾਂ ਸਹਿਤ ਵਿਸਥਾਰ ਨਾਲ ਵਿਚਾਰ ਕਰਾਂਗੇ।
ਆਓ ਹੁਣ ਆਪਾਂ ਆਪਣੇਂ ਮੂਲ ਮਸਲੇ ਵੱਲ ਆਈਏ। ਗਿਆਨੀ ਕਿਰਪਾਲ ਸਿੰਘ ਅਨੁਸਾਰ ਪਹਿਲੋਂ ਪਹਿਲ ਤਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਲਿਖਾਈ, ਗੁਰਬਾਣੀ ਵਿਆਕਰਣ, ਅਤੇ ਸ਼ਬਦ-ਜੋੜਾਂ ਦਾ ਪੂਰਨ ਗਿਆਨ ਹੁੰਦਾ ਸੀ ਜਿਸ ਕਾਰਨ ਅਸ਼ੁੱਧੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ। ਉਸ ਦੀ ਪਰੂਫ਼ ਰੀਡਿੰਗ ਵੇਲੇ ਹਾਸ਼ੀਏ ਦੇ ਬਾਹਰ ਉਨ੍ਹਾਂ ਨੂੰ ਚਰਖੜੀ ਦਾ ਨਿਸ਼ਾਨ ਬਣਾ ਕੇ ਠੀਕ ਤਰ੍ਹਾਂ ਕਰਕੇ ਲਿਖ ਵੀ ਦਿੱਤਾ ਜਾਂਦਾ ਸੀ ਅਤੇ ਗਲਤੀ ਉੱਤੇ ਹੜਤਾਲ ਫੇਰ ਦਿੱਤੀ ਜਾਂਦੀ ਸੀ। ਲੇਕਿਨ ਸਮੇਂ ਨਾਲ ਜਿਉਂ ਜਿਉਂ ਬੀੜਾਂ ਦੀ ਮੰਗ ਵਧਣ ਲੱਗੀ ਤਾਂ ਬਹੁਤ ਸਾਰੇ ਲਿਖਾਰੀਆਂ ਨੇ ਇਸ ਨੂੰ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲਿਆ ਅਤੇ ਉਤਾਰੇ ਕਰਨ ਵੇਲੇ ਆਈਆਂ ਅਸ਼ੁੱਧੀਆਂ ਨੂੰ ਦੁਬਾਰਾ ਸੋਧਣ ਦੀ ਪਰੰਪਰਾ ਬਿਲਕੁਲ ਹੀ ਖ਼ਤਮ ਹੋ ਗਈ। ਇਸੇ ਕਾਰਨ ਪਾਠ-ਭੇਦਾਂ ਦੀ ਸੂਚੀ ਲੰਬੀ ਹੁੰਦੀ ਚਲੀ ਗਈ। ਵਪਾਰੀ ਬਿਰਤੀ ਕਾਰਨ ਬਹੁਤ ਸਾਰੇ ਲਿਖਾਰੀਆਂ ਵੱਲੋਂ ਸੁੰਦਰਤਾ ਵੱਲ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ, ਇੱਥੋਂ ਤੱਕ ਕਿ ਬਹੁਤ ਸਾਰੀਆਂ ਬੀੜਾਂ ਤਾਂ ਨਕਾਸ਼ਾਂ ਪਾਸੋਂ ਲਿਖਵਾਈਆਂ ਗਈਆਂ ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇਂ ਹਨ ਅਤੇ ਅਸੀਂ ਉਨ੍ਹਾਂ ਉੱਤੇ ਹੀ ਵਿਚਾਰ-ਚਰਚਾ ਕਰ ਰਹੇ ਹਾਂ।
ਸਮੇਂ ਸਮੇਂ ਹੱਥ ਨਾਲ ਲਿਖੀਆਂ ਗਈਆਂ ਇਨ੍ਹਾਂ ਬੀੜਾਂ ਦੇ ਹੀ ਅੱਗੋਂ ਬੇਅੰਤ ਉਤਾਰੇ ਹੁੰਦੇ ਰਹੇ, ਇਨ੍ਹਾਂ ਵਿੱਚ ਤਿੰਨ ਬੀੜਾਂ ਪ੍ਰਮੁੱਖ ਹਨ: ਕਰਤਾਰਪੁਰ ਸਾਹਿਬ ਵਾਲ਼ੀ ਬੀੜ, ਭਾਈ ਬੰਨੋ ਜੀ ਵਾਲ਼ੀ ਬੀੜ, ਜਿਸ ਨੂੰ ਖ਼ਾਰੀ ਬੀੜ ਵੀ ਕਿਹਾ ਜਾਂਦਾ ਹੈ, ਅਤੇ ਦਮਦਮੀ ਬੀੜ ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਿਆਈ ਬਖਸ਼ੀ। ਇਹਨਾਂ ਵਿੱਚੋਂ ਕਰਤਾਰਪੁਰ ਸਾਹਿਬ ਵਾਲ਼ੀ ਮੰਨੀ ਜਾਂਦੀ ਬੀੜ ਨੂੰ ਬਹੁਤ ਲਿਖਤਾਂ ਵਿੱਚ ਅਧਾਰ ਬਣਾਇਆ ਗਿਆ ਅਤੇ ਉਸ ਦੇ ਬਹੁਤ ਉਤਾਰੇ ਹੋਏ। ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਬੀੜ ਦੀ ਮੌਲਿਕਤਾ ਅਥਵਾ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਇਹ ਗੱਲ ਪ੍ਰਤੱਖ ਹੈ ਕਿ ਕਰਤਾਰਪੁਰੀ ਬੀੜ ਓਹ ਅਸਲ ਬੀੜ ਨਹੀਂ ਹੈ ਜਿਹੜੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਕੋਲ਼ੋਂ ਲਿਖਵਾਈ ਸੀ। ਇਸ ਬਾਰੇ ਡਾ. ਪਿਆਰ ਸਿੰਘ ਜੀ ਨੇ ਆਪਣੀ ਪੁਸਤਕ “ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿੱਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਇੱਕ ਪੱਤਰ ਵੀ ਜੋ ਪੜ੍ਹਨ ਯੋਗ ਹੈ, ਇਸੇ ਪੁਸਤਕ ਵਿੱਚ ਅੰਤਿਕਾ ਦੇ ਤੌਰ ਤੇ ਦਿੱਤਾ ਹੋਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਜੀ.ਬੀ. ਸਿੰਘ ਆਦਿਕ ਹੋਰ ਵਿਦਵਾਨਾਂ ਨੇ ਵੀ ਆਪਣੀਆਂ ਪੁਸਤਕਾਂ ਵਿੱਚ ਇਸ ਬਾਰੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਇਸ ਬੀੜ ਦੀਆਂ ਕੁੱਝ ਤਸਵੀਰਾਂ ਨਾਲ ਉਕਾਈਆਂ ਸਪੱਸ਼ਟ ਹੋ ਜਾਣਗੀਆਂ। ਸਭ ਤੋਂ ਪਹਿਲਾਂ ਪਰੰਪਰਾ ਅਨੁਸਾਰ ਮੰਨੀ ਜਾਂਦੀ ਕਰਤਾਰਪੁਰੀ ਬੀੜ ਦੇ ਤਤਕਰੇ ਦੀ ਤਸਵੀਰ ਵੇਖੋ: ਹਾਸ਼ੀਏ ਦੇ ਸੱਜੇ ਪਾਸੇ ਇੱਕ ਇੰਦਰਾਜ ਦਿੱਤਾ ਹੋਇਆ ਹੈ ਜਿਸ ਵਿੱਚ ਸ਼ਿਵਨਾਭ ਰਾਜੇ ਕੀ ਬਿਧਿ ਦਾ ਜ਼ਿਕਰ ਹੈ। ਥੱਲੇ ਇੱਕ ਹੋਰ ਇੰਦਰਾਜ ਹੈ ਜਿਸ ਵਿੱਚ ਰਾਗਮਾਲਾ ਤਥਾ ਸਿੰਘਲਦੀਪ ਦਾ ਜ਼ਿਕਰ ਹੈ।
ਕਿਸੇ ਵੀ ਗ੍ਰੰਥ ਦਾ ਤਤਕਰਾ ਹਮੇਸ਼ਾਂ ਬਾਅਦ ਵਿੱਚ ਲਿਖਿਆ ਜਾਂਦਾ ਹੈ। ਇੱਥੇ ਤਤਕਰੇ ਵਿੱਚ ਲਿਖੀ ਬਾਣੀ ਮੂਲ ਗ੍ਰੰਥ ਵਿੱਚ ਨਹੀਂ ਹੈ। ਇਵੇਂ ਹੀ ਰਵਿਦਾਸ ਜੀ ਦੇ ਸ਼ਬਦ ਤੋਂ ਬਾਦ ਮੀਰਾਂ ਬਾਈ ਦਾ ਭਜਨ ਅੰਕਿਤ ਹੈ ਜੋ ਗੁਰਬਾਣੀ ਨਹੀਂ ਹੈ।
ਆਓ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤੇ ਗਏ ਸਵੈ-ਵਿਰੋਧੀ ਫੈਸਲਿਆਂ ਬਾਰੇ ਵਿਚਾਰ ਕਰੀਏ। ਕਰਤਾਰਪੁਰੀ ਬੀੜ ਨੂੰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਆਧਾਰ ਮੰਨਿਆਂ ਸੀ। ਫਿਰ ਦੱਸੋ ਭਲਾ ਕਮੇਟੀ ਵਿੱਚ ਇਹ ਮਤਾ ਕਿਵੇਂ ਪਾਸ ਹੋ ਸਕਦਾ ਹੈ ਕਿ 1952 ਵਾਲ਼ੀ ਬੀੜ ਦੀ ਛਪਾਈ ਵੇਲੇ ਕਰਤਾਰਪੁਰੀ ਬੀੜ ਵਿੱਚਲੇ ਹੇਠ ਲਿਖੇ ਸ਼ਬਦਾਂ ਨੂੰ ਸੋਧ ਕੇ ਛਾਪਿਆ ਜਾਏ? ਕੀ ਗੁਰੂ ਅਰਜਨ ਪਾਤਸ਼ਾਹ ਜੀ ਅਤੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਦੀ ਸੁਧਾਈ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ? ਹੁਣ ਜ਼ਰਾ ਇਹ ਵੀ ਸਮਝਾਓ ਕਿ ਸ਼੍ਰੋਮਣੀ ਕਮੇਟੀ ਨੇ ਕਿਹੜੀ ਬੀੜ ਨੂੰ ਆਧਾਰ ਬਣਾ ਕੇ ਗਲਤੀਆਂ ਦਰੁਸਤ ਕੀਤੀਆਂ ਸਨ?
ਸੋ ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਸੈਂਚਾ ਤਿਆਰ ਕਰਨ ਲਈ ਵਿਦਵਾਨਾ ਵੱਲੋਂ ਚੋਣਵੀਆਂ ਭਰੋਸੇਯੋਗ ਅਤੇ ਪ੍ਰਮਾਣੀਕ 31 ਹੱਥ-ਲਿਖਤ ਬੀੜਾਂ ਨੂੰ ਆਧਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਬਹੁਤ ਹੀ ਪ੍ਰਮਾਣੀਕ ਬੀੜਾਂ ਦੇ ਕੁੱਝ ਕੁ ਚਿੱਤਰ ਪਾਠਕਾਂ ਦੀ ਗਿਆਤ ਲਈ ਹੇਠਾਂ ਦਿੱਤੇ ਜਾ ਰਹੇ ਹਨ।
ਇਨ੍ਹਾਂ ਚਿੱਤਰਾਂ ਵਿੱਚ ਕੁੱਝ ਗੱਲਾਂ ਧਿਆਨ ਦੇਣ ਯੋਗ ਹਨ। ਰਾਮ ਰਾਏ ਜੀ ਵਾਲੀ ਬੀੜ ਦੇ ਤਤਕਰੇ ਦੇ ਆਰੰਭ ਵਿੱਚ ਸਾਲ ਦਾ ਸੰਕੇਤ, ਸੰਮਤ ੧੭੫੨ ਜਿਸ ਦਾ ਈਸਵੀ ਸੰਨ 1695 ਬਣਦਾ ਹੈ ਬਹੁਤ ਸਾਫ਼ ਅਤੇ ਸਪਸ਼ਟ ਦਿੱਤਾ ਹੋਇਆ ਹੈ। ਦੂਸਰਾ ਬਹੁਤ ਹੀ ਜ਼ਰੂਰੀ ਸੰਕੇਤ ਕਿ ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਉ ਕਿਆ ਦਸਤਖਤਾ ਕਾ ਨਕਲ ਜਿਸ ਦਾ ਅਰਥ ਹੈ ਕਿ ਇਹ ਬੀੜ ਭਾਈ ਗੁਰਦਾਸ ਜੀ ਵਾਲ਼ੀ ਬੀੜ ਦਾ ਉਤਾਰਾ ਹੈ। ਤੀਸਰੀ ਵੱਡੀ ਗੱਲ ਇਸ ਵਿੱਚ ਸੰਪੂਰਨ ਮੂਲ ਮੰਤਰ ਨੂੰ ਪੂਰੀ ਤਰ੍ਹਾ ਸੱਜੇ ਹੱਥ ਰੱਖ ਕੇ ਲਿਖਿਆ ਗਿਆ ਹੈ ਅਤੇ ਲੰਬੀਆਂ ਲਕੀਰਾਂ ਖਿੱਚ ਕੇ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ। ਜਪੁ ਸਿਰਲੇਖ ਨੂੰ ਦੋ ਦੋ ਡੰਡੀਆਂ ਦੇ ਵਿਕਾਰ ਰੱਖ ਕੇ ਖੱਬੇ ਹੱਥ ਲਿਖਿਆ ਗਿਆ ਹੈ। ਤੀਜੀ ਤਸਵੀਰ ਵਿੱਚ ਮੰਗਲਾਚਰਨ ਅਤੇ ਬਾਣੀ ਦੇ ਸਿਰਲੇਖਾਂ ਦੀ ਤਰਤੀਬ ਵੇਖੀ ਜਾ ਸਕਦੀ ਹੈ। ਛੋਟਾ ਮੰਗਲਾਚਰਣ ਸੱਜੇ ਹੱਥ ਲਿਖ ਕੇ ਬਹੁਤ ਹੀ ਬਾਕਮਾਲ ਤਰੀਕੇ ਨਾਲ ਹੈਡਿੰਗ ਦਿੱਤਾ ਗਿਆ ਹੈ।
- ਪਹਿਲਾਂ ਰਾਗ ਦਾ ਨਾਮ: ਰਾਗ ਆਸਾ
- ਫਿਰ ਉਚਾਰਣ ਵਾਲ਼ੀ ਪਾਤਸ਼ਾਹੀ: ਮਹਲਾ ੧,
- ਫਿਰ ਬਾਣੀ ਦਾ ਨਾਮ: ॥ਸੋਦਰੁ॥
ਇਹੋ ਹੀ ਤਰਤੀਬ ਇਸ ਸਾਰੀ ਬੀੜ ਵਿੱਚ ਦਿੱਤੀ ਹੋਈ ਹੈ। ਇਸ ਸਮੁੱਚੀ ਬੀੜ ਵਿੱਚ ਕੇਵਲ ਦੋ ਹੀ ਮੰਗਲ ਦਿੱਤੇ ਗਏ ਹਨ: ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਅਤੇ ਫਿਰ ਰਾਗਾਂ ਦੇ ਆਰੰਭ ਵਿੱਚ ਸੰਪੂਰਨ ਮੰਗਲ ਅਤੇ ਬਾਕੀ ਸਭ ਸਥਾਨਾਂ ਤੇ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਹੈ। ਇਸ ਬੀੜ ਵਿੱਚ ਇੱਕ ਹੋਰ ਬਹੁਤ ਹੀ ਮਹੱਤਵਪੂਰਣ ਸੰਕੇਤ ਵੀ ਦਿੱਤਾ ਹੋਇਆ ਹੈ: ‘ਤੇਰਾ ਕੀਤਾ ਜਾਤੋ ਨਾਹੀਂ’ ਸ਼ਬਦ ਤੋਂ ਬਾਅਦ ਅਤੇ ਰਾਗਮਾਲ਼ਾ ਦੇ ਇੰਦਰਾਜ ਤੋਂ ਪਹਿਲਾਂ ਲਿਖਿਆ ਹੈ ਕਿ: ‘ਏਹੁ ਭੋਗੁ ਸ੍ਰੀ ਆਦ ਗਿਰਂਥ ਜੀ ਹੈ’ ਅਤੇ ਮੁਖ ਤਤਕਰੇ ਦੇ ਵਿੱਚ ਵੀ ਰਾਗਮਾਲਾ ਦਾ ਕੋਈ ਜ਼ਿਕਰ ਨਹੀਂ। ਇਹ ਸੰਕੇਤ ਸਾਡੇ ਰਾਗਮਾਲ਼ਾ ਵਾਲ਼ੇ ਝਗੜੇ ਨੂੰ ਨਿਬੇੜਨ ਵਿੱਚ ਅਤਿਅੰਤ ਸਹਾਈ ਹੋ ਸਕਦਾ ਹੈ।
ਹੁਣ ਆਪਾਂ ਭਾਈ ਬਿਧੀ ਚੰਦ ਜੀ ਦੇ ਅਸਥਾਨ ਤੇ ਪਈ ਬੀੜ ਜੋ ਬਾਬਾ ਬਿੱਧੀ ਚੰਦ ਜੀ ਵੱਲੋਂ ਲਿਖੀ ਹੋਈ ਮੰਨੀ ਜਾਂਦੀ ਹੈ ਬਾਰੇ ਗੱਲ ਕਰਾਂਗੇ। ਇਸ ਵਿੱਚ ਵੀ ਜਪੁਜੀ ਸਾਹਿਬ ਦੇ ਆਰੰਭ ਵਿੱਚ ਮੰਗਲਾਚਰਨ ਨੂੰ ਹਾਸ਼ੀਏ ਦੇ ਸੱਜੇ ਹੱਥ ਲਿਖਿਆ ਗਿਆ ਹੈ ਅਤੇ ਬਚੀ ਹੋਈ ਜਗ੍ਹਾ ਨੂੰ ਲੰਬੀ ਲਕੀਰ ਰਾਹੀਂ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ। ਇਹ ਤਰਤੀਬ ਵੀ ਭਾਈ ਰਾਮ ਰਾਇ ਜੀ ਦੀ ਬੀੜ ਵਾਲ਼ੀ ਹੀ ਹੈ। ਇਸ ਦੇ ਤਤਕਰੇ ਵਿੱਚ ਵੀ ਲਿਖਿਆ ਹੈ ਕਿ ਇਹ ਬੀੜ 'ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀ ਕੇ ਦਸਖ਼ਤਾ ਕਾ ਨਕਲੁ ਹੈ' ਭਾਵ ਇਹ ਵੀ ਮੂਲ ਬੀੜ ਦਾ ਉਤਾਰਾ ਹੈ। ਇਸ ਦੇ ਨਾਲ ਹੀ ਭਾਈ ਰਾਮਰਾਇ ਜੀ ਵਾਲ਼ੀ ਬੀੜ ਵਾਂਗ ਹੀ ਇਸ ਵਿੱਚ ਵੀ ਛੋਟੇ ਮੰਗਲਚਾਰਣ ਤੋਂ ਬਾਅਦ ਪਹਿਲਾਂ ਰਾਗ ਦਾ ਨਾਮ, ਫਿਰ ਪਾਤਸ਼ਾਹੀ ਦਾ ਨਾਮ ਅਤੇ ਫਿਰ ਬਾਣੀ ਦਾ ਸਿਰਲੇਖ ‘ਸੋਦਰੁ॥' ਦਿੱਤਾ ਗਿਆ ਹੈ। ਇਵੇਂ ਹੀ ਹੋਰ ਬਹੁਤ ਸਾਰੀਆਂ ਬੀੜਾਂ ਨੂੰ ਵੀ ਘੋਖਿਆ-ਵਿਚਾਰਿਆ ਜਾ ਸਕਦਾ ਹੈ।
ਪ੍ਰਿੰਟਿੰਗ ਤਕਨੀਕ ਦੇ ਵਿਕਾਸ ਉਪਰੰਤ ਛਪਾਈ ਵਿੱਚ ਆਏ ਪਾਠ-ਭੇਦ
ਲਗਭੱਗ 1864 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥ-ਲਿਖਤੀ ਹੀ ਰਿਹਾ। ਜਦੋਂ ਪੱਥਰ ਦੇ ਛਾਪੇਖ਼ਾਨੇ ਦਾ ਆਰੰਭ ਹੋਇਆ ਤਾਂ 1864 ਦੇ ਕਰੀਬ ਲਾਹੌਰ ਦੇ ਪ੍ਰਕਾਸ਼ਕ ਲਾਲਾ ਹਰਿਸੁਖ ਰਾਇ ਵੱਲੋਂ ਪਹਿਲੀ ਬੀੜ ਛਾਪੀ ਗਈ। ਫਿਰ 1885 ਵਿੱਚ ਯੰਤ੍ਰ ਗਣੇਸ਼ ਪ੍ਰਕਾਸ਼ ਲਾਹੌਰ ਵੱਲੋਂ ਪੱਥਰ ਦੇ ਛਾਪੇ ਦੀ ਬੀੜ ਛਾਪੀ ਗਈ। ਉਪਰੰਤ ੧੮੯੩ ਚ ਵਿੱਦਿਆ ਪ੍ਰਕਾਸ਼ ਪ੍ਰੈਸ ਲਾਹੌਰ ਦੇ ਮਾਲਿਕ ਵਪਾਰੀ ਮੁਨਸ਼ੀ ਹਰੀ ਚੰਦ ਨੇ 1430 ਪੰਨਿਆਂ ਵਾਲ਼ੀ ਪੱਥਰ ਦੇ ਛਾਪੇ ਦੀ ਬੀੜ ਛਾਪੀ। ਇਸ ਤੋਂ ਬਾਅਦ ਭਾਈ ਚਰਨ ਸਿੰਘ ਜੀ ਸ਼ਹੀਦ ਜੋ ਹਾਸ-ਰਸ ਦੇ ਬਹੁਤ ਵੱਡੇ ਕਵੀ ਵੀ ਹੋਏ ਹਨ ਨੇ ਬੜੀ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਛਾਪਿਆ ਅਤੇ ਮਗਰੋਂ ਹੋਰ ਵੀ ਯਤਨ ਹੋਏ। 1875 ਦੇ ਲੱਗਭੱਗ ਮਾਈ ਸੇਵਾਂ ਬਜ਼ਾਰ, ਅਮ੍ਰਿਤਸਰ ਦੇ ਛਾਪਕਾਂ, ਭਾਈ ਚਤਰ ਸਿੰਘ - ਜੀਵਨ ਸਿੰਘ (1875), ਅਤੇ ਬਾਅਦ ਵਿੱਚ ਭਾਈ ਜਵਾਹਰ ਸਿੰਘ - ਕਿਰਪਾਲ ਸਿੰਘ (1920) ਵੱਲੋਂ ਇਸ ਦਾ ਵਪਾਰੀਕਰਣ ਸ਼ੁਰੂ ਹੋਇਆ। ਲਿਥੋਪ੍ਰਿੰਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਅਤੇ ਗੁਰਬਾਣੀ ਗੁਟਕਿਆਂ ਦੇ ਲਿਥੋਗ੍ਰਾਫਿਕ ਖੰਡ ਪ੍ਰਕਾਸ਼ਿਤ ਕੀਤੇ। ਸਮੇਂ ਦੇ ਬਦਲਾਅ ਨਾਲ ਟਾਈਪ ਪ੍ਰਿੰਟਿੰਗ ਵਿੱਚ ਛਾਪਣਾ ਸ਼ੁਰੂ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਆਪਣੀ ਪੁਸਤਕ, ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 145 ਉੱਪਰ ਜ਼ਿਕਰ ਕੀਤਾ ਹੈ ਕਿ ਗੁਰਬਾਣੀ ਨੂੰ ਪਦ-ਛੇਦ ਕਰ ਕੇ ਪਦ-ਅਰਥ ਕਰਨ ਦਾ ਪਹਿਲਾ ਉਪਰਾਲਾ ਸ਼ਬਦਾਰਥੀ ਵਿਦਵਾਨਾਂ ਵੱਲੋਂ 28 ਮਈ 1936 ਵਿੱਚ ਆਰੰਭ ਕਰ ਕੇ 15 ਸਤੰਬਰ 1941 ਵਿੱਚ ਸੰਪੂਰਨ ਕੀਤਾ ਗਿਆ। ਇਹ ਪਹਿਲਾ ਅਕਾਦਮਿਕ ਉਪਰਾਲਾ ਸੀ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਘਰ-ਘਰ ਪਹੁੰਚਾਉਣ ਵਿੱਚ ਮਦਦ ਤਾਂ ਮਿਲੀ ਪਰ ਗੁਰਬਾਣੀ ਦੀ ਸ਼ੁੱਧਤਾ ਲਈ ਕੋਈ ਮਾਪਦੰਡ ਨਹੀਂ ਵਰਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਕਿਆਂ ਦੀ ਬੇਅਦਬੀ ਅਤੇ ਗੈਰ ਜ਼ਿੰਮੇਦਾਰ ਤਰੀਕੇ ਨਾਲ ਵੇਚਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ। ਪ੍ਰਾਈਵੇਟ ਛਾਪਕਾਂ ਵੱਲੋ 2006 ਵਿੱਚ ਅਕਾਲ ਤਖ਼ਤ ਦੇ ਹੁਕਮਨਾਮੇ ਅਤੇ ਪੰਜਾਬ ਅਸੰਬਲੀ ਦੇ ਮਤੇ ਮਗਰੋਂ ਇਹ ਸਿਲਸਲਾ ਬੰਦ ਹੋਇਆ।
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹੋਂਦ ਵਿੱਚ ਆਈ ਤਾਂ ਪ੍ਰਾਈਵੇਟ ਛਾਪਕਾਂ ਦੇ ਵਪਾਰੀਕਰਣ ਅਤੇ ਅਸ਼ੁੱਧ ਛਪਾਈ ਤੇ ਰੋਕ ਲਗਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਦਾ ਕਾਰਜ ਉਨ੍ਹਾਂ ਵੱਲੋਂ ਖ਼ੁਦ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਉਨ੍ਹਾਂ ਨੇ ਉਸ ਸਮੇਂ ਦੇ ਸਥਾਪਿਤ ਵਿਦਵਾਨ ਸੱਜਣਾਂ ਦੀਆਂ ਕਮੇਟੀਆਂ ਬਣਾਈਆਂ ਜਿਨ੍ਹਾਂ ਨੇ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਨੂੰ ਆਧਾਰ ਬਣਾ ਕੇ ਇੱਕ ਤਰਤੀਬ ਤਿਆਰ ਕੀਤੀ। ਕਿਉਂਕਿ ਉਸ ਸਮੇਂ ਕੰਪਿਊਟਰ ਦੀ ਕਾਢ ਅਜੇ ਆਰੰਭ ਨਹੀਂ ਸੀ ਹੋਈ, ਜਿਸ ਕਰਕੇ ਸਮੇਂ ਅਨੁਸਾਰ ਲੱਖਾਂ ਰੁਪਏ ਖਰਚ ਕੇ ਇਸ ਦੇ ਸੁੰਦਰ ਬਲਾਕ ਬਣਵਾਏ ਗਏ ਅਤੇ ਸੰਨ 1950 ਦੇ ਕਰੀਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕਾਰਜ ਆਰੰਭ ਕੀਤਾ ਗਿਆ ਜੋ 1952 ਵਿੱਚ ਸੰਪੂਰਨ ਹੋ ਗਿਆ। ਬਹੁਤ ਹੀ ਸੁੰਦਰ ਛਪਵਾਈ ਕਰਵਾਈ ਗਈ। ਇਸ ਦੀ ਭੇਟਾ ਵੀ ਲਾਗਤ ਮਾਤਰ ਹੀ ਰੱਖੀ ਗਈ। ਸ਼ਬਦਾਰਥ ਦੀਆਂ ਜੋ ਸੈਂਚੀਆਂ ਛਪਦੀਆਂ ਸਨ ਉਨ੍ਹਾਂ ਵਿੱਚ ਵੀ ਸਾਰੇ ਮੰਗਲਾਂ ਦੀ ਤਰਤੀਬ ਬਾਣੀ ਦੇ ਸਿਰਲੇਖਾਂ ਤੋਂ ਪਹਿਲਾਂ ਲਿਖ ਕੇ ਇਕਸਾਰ ਕਰ ਦਿੱਤੀ ਗਈ। ੧੯੫੨ ਵਾਲ਼ੀ ਇਹ ਬੀੜ ਅਤੇ ਸ਼ਬਦਾਰਥ ਸੈਂਚੀਆਂ ਮੂਲ ਰੂਪ ਵਿੱਚ ਦਾਸ ਕੋਲ਼ ਸੁਰੱਖਿਅਤ ਹਨ। ੧੯੫੨ ਵਾਲ਼ੀ ਬੀੜ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਬਾਅਦ ਵਿੱਚ ਵਪਾਰੀ ਬਿਰਤੀ ਵਾਲ਼ੇ ਪ੍ਰਾਈਵੇਟ ਛਾਪਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਚੀਫ਼-ਖਾਲਸਾ ਦੀਵਾਨ ਅਤੇ ਹੋਰਨਾਂ ਡੇਰੇਦਾਰਾਂ ਨੂੰ ਵੀ ਇਸ ਵਿੱਚ ਪਾਰਟੀ ਬਣਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਬਾਣੀ ਹੀ ਬਦਲ ਦਿੱਤੀ ਹੈ ਅਤੇ ਕਿਹਾ ਗਿਆ ਕਿ ਇਹ ਤਰਤੀਬ ਕਰਤਾਰਪੁਰੀ ਬੀੜ ਅਨੁਸਾਰ ਨਹੀਂ ਹੈ। ਇਸ ਗੰਭੀਰ ਮਸਲੇ ਬਾਰੇ ਬਾਰੰਬਾਰ ਵਿਦਵਾਨਾਂ ਦੀਆਂ ਮੀਟਿੰਗਾਂ ਅਤੇ ਵੀਚਾਰਾਂ ਹੁੰਦੀਆਂ ਰਹੀਆਂ। ਇਸ ਵਿੱਚ ਬਾਵਾ ਹਰਕਿਸ਼ਨ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸ. ਹਰਨਾਮ ਸਿੰਘ ਜੱਜ ਹਾਈਕੋਰਟ, ਡਾ. ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਹੋਰ ਬਹੁਤ ਸਾਰੇ ਵਿਦਵਾਨ ਸਮੇਂ ਸਮੇਂ ਭਾਗ ਲੈਂਦੇ ਰਹੇ। ਆਖਰ ੧੯੬੪ ਵਿੱਚ ਜਦੋਂ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ਡੇਰੇਦਾਰਾਂ ਅਤੇ ਵਪਾਰੀਆਂ ਦੇ ਕਹਿਣ ਤੇ ਉਹ ਸਾਰੇ ਕੀਮਤੀ ਬਲਾਕ ਤੁੜਵਾ ਦਿੱਤੇ ਅਤੇ ਮੁੜ ਕੇ ਫਿਰ ਤੋਂ ਬੇਤਰਤੀਬੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਆਰੰਭ ਕਰਵਾ ਦਿੱਤੀ। ਸ਼ਬਦਾਰਥ ਦੀਆਂ ਸੈਂਚੀਆਂ ਅਤੇ ਗੁਟਕੇ ਆਦਿ ਵੀ ਫਿਰ ਤੋਂ ਬੇਤਰਤੀਬੀ ਅਨੁਸਾਰ ਛਾਪਣੇਂ ਆਰੰਭ ਕਰਵਾ ਦਿੱਤੇ ਗਏ।
ਸੋ ਤੱਤ-ਨਿਚੋੜ ਇਹ ਨਿਕਲਿਆ ਕੀ ਸ਼੍ਰੋਮਣੀ ਕਮੇਟੀ ਵੱਲੋਂ ੧੯੫੨ ਵਿੱਚ ਵਿਦਵਾਨਾ ਦੀ ਨਿਗਰਾਨੀ ਹੇਠ ਛਪਾਈ ਗਈ ਬੀੜ ਅਤੇ ਫਿਰ ੧੯੬੪ ਵਿੱਚ ਡੇਰੇਦਾਰਾਂ ਦੇ ਦਬਾਅ ਅਧੀਨ ਛਪਾਈ ਗਈ ਬੀੜ ਵਿੱਚ ਬੜਾ ਭਾਰੀ ਅੰਤਰ ਹੈ। ਇਹ ਅੰਤਰ ਸ਼੍ਰੋਮਣੀ ਕਮੇਟੀ ਵੱਲੋਂ ਕਿਸ ਅਧਾਰ ਤੇ ਪਾਇਆ ਗਿਆ, ਇਸ ਬਾਰੇ ਕਿਤੇ ਵੀ ਕੋਈ ਰਿਕਾਰਡ ਜਾਂ ਜਾਣਕਾਰੀ ਮੌਜੂਦ ਨਹੀਂ ਹੈ। ਇਸ ਨਾਲ ਜ਼ਰੂਰੀ ਪ੍ਰਸ਼ਨ ਇਹ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਇਸ ਅਤਿਅੰਤ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਕਾਰਜ ਬਾਰੇ ਪੰਥਕ ਵਿਦਵਾਨਾਂ ਨਾਲ ਉਸ ਸਮੇਂ ਕੋਈ ਵਿਚਾਰ ਵਟਾਂਦਰਾ ਕਿਉਂ ਨਹੀਂ ਕੀਤਾ ਗਿਆ? ਇਸੇ ਕਰਕੇ ਇਸ ਗੰਭੀਰ ਉਕਾਈ ਦੇ ਨਤੀਜੇ ਅੱਜ ਸਾਨੂੰ ਭੁਗਤਣੇ ਪੈ ਰਹੇ ਹਨ।
ਪਾਠ-ਭੇਦਾਂ ਬਾਰੇ ਚਰਚਾ
ਸਮੇਂ ਸਮੇਂ ਬਹੁਤ ਸਾਰੇ ਪੰਥ ਦਰਦੀਆਂ ਅਤੇ ਸਥਾਪਿਤ ਵਿਦਵਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਪਾਠ-ਭੇਦਾਂ ਦੀਆਂ ਬਹੁਤ ਸਾਰੀਆਂ ਅਸ਼ੁੱਧੀਆਂ ਬਾਰੇ ਆਗਾਹ ਕੀਤਾ। ਪਾਠਕਾਂ ਦੀ ਗਿਆਤ ਲਈ ਇੱਥੇ ਇੱਕ ਹੋਰ ਬਹੁਤ ਜ਼ਰੂਰੀ ਸੂਚਨਾ ਸਾਂਝੀ ਕਰਨੀ ਬਣਦੀ ਹੈ। ਦਮਦਮੀ ਟਕਸਾਲ ਨੇ ਵੀ ਆਪਣੀਂ ਇੱਕ ਪੁਸਤਕ ਗੁਰਬਾਣੀ ਪਾਠ ਦਰਪਣ ਵਿੱਚ ਕਰਤਾਰਪੁਰੀ ਬੀੜ ਨਾਲੋਂ ਤਕ੍ਰੀਬਨ ਪੰਦਰਾਂ ਸੌ ਪਾਠ ਭੇਦਾਂ ਦਾ ਜ਼ਿਕਰ ਕੀਤਾ ਹੋਇਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਉੱਦਮ ਕਰਕੇ 1975 ਵਿੱਚ ਸ. ਰਣਧੀਰ ਸਿੰਘ ਰਿਸਰਚ ਸਕਾਲਰ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਜੀ ਨਿਹੰਗ ਦੀ ਇੱਕ ਕਮੇਟੀ ਬਣਾਈ ਗਈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਹੱਥ-ਲਿਖਤ ਬੀੜਾਂ ਨੂੰ ਆਧਾਰ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਪਾਠ-ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇ ਤਾਂਕਿ ਇਸ ਅਨੁਸਾਰ ਸ਼ੁੱਧ ਛਪਵਾਈ ਲਈ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਸਕਣ। ਇਸ ਕਮੇਟੀ ਨੇ ਬਹੁਤ ਮਿਹਨਤ ਨਾਲ 5000 ਤੋਂ ਵੱਧ ਪਾਠ-ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ ਜਿਸ ਦੀ ਭੂਮਿਕਾ ਉਸ ਵੇਲੇ ਦੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਕ੍ਰਿਪਾਲ ਸਿੰਘ ਜੀ, ਜੋ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ, ਨੇ ਲਿਖੀ। ਇਹ ਵੱਡ ਆਕਾਰੀ ਪੁਸਤਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਛਪਵਾਇਆ ਗਿਆ। ਲੇਕਿਨ ਅਫ਼ਸੋਸ! ਡੇਰਾਵਾਦ ਦੇ ਪ੍ਰਭਾਵ ਥੱਲੇ ਇਸ ਰਿਪੋਰਟ ਦੀਆਂ ਕਾਪੀਆਂ ਸਾੜ ਦਿੱਤੀਆਂ ਗਈਆਂ। ਗੋਇੰਦਵਾਲ ਦੇ ਅਸਥਾਨ ਤੇ ਜਦੋਂ ਇਹ ਕਾਪੀਆਂ ਸਾੜੀਆਂ ਜਾ ਰਹੀਆਂ ਸਨ ਤਾਂ ਕੁੱਝ ਪੰਥ ਦਰਦੀ ਉੱਥੇ ਮੌਜੂਦ ਸਨ, ਉਨ੍ਹਾਂ ਨੇ ਕਿਸੇ ਯਤਨ ਨਾਲ ਕੁੱਝ ਕਾਪੀਆਂ ਸੇਵਾਦਾਰਾਂ ਤੋਂ ਲੈ ਲਈਆਂ। ਜੋ ਹੁਣ ਵੀ ਕੁੱਝ ਪੰਥ ਦਰਦੀਆਂ ਕੋਲ਼ ਸਾਂਭੀਆਂ ਪਈਆਂ ਹਨ। ਇਸ ਪਾਠ-ਭੇਦ ਸੂਚੀ ਦੀ ਇੱਕ ਮੂਲ ਕਾਪੀ ਦਾਸ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹੈ। ਸ਼੍ਰੋਮਣੀ ਕਮੇਟੀ ਨੇ ਕਦੀ ਵੀ ਇਨ੍ਹਾਂ ਪਾਠ-ਭੇਦਾਂ ਨੂੰ ਦਰੁਸਤ ਕਰਨ ਦਾ ਅੱਜ ਤੱਕ ਕੋਈ ਉੱਦਮ ਉਪਰਾਲਾ ਨਹੀਂ ਕੀਤਾ। ਇਹ ਆਪਣੇ-ਆਪ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸੇ ਸੰਸਥਾ ਨੇ ਆਪ ਹੀ ਕਮੇਟੀ ਬਣਾਈ ਹੋਵੇ, ਪਾਠ-ਭੇਦਾਂ ਦੀ ਸੂਚੀ ਤਿਆਰ ਕੀਤੀ ਹੋਵੇ, ਲੇਕਿਨ ਉਨ੍ਹਾਂ ਨੂੰ ਦਰੁਸਤ ਨਾ ਕੀਤਾ ਗਿਆ ਹੋਵੇ। ਇਸ ਤੋਂ ਵੱਧ ਅਫ਼ਸੋਸਨਾਕ ਗੱਲ ਹੋਰ ਕੀ ਹੋ ਸਕਦੀ ਹੈ ਅਤੇ ਇਹ ਸਿੱਖ ਸੰਸਥਾਵਾਂ ਵਿੱਚ ਬਾਹਰੀ ਦਖਲਅੰਦਾਜੀ ਦਾ ਪਰਤੱਖ ਪ੍ਰਮਾਣ ਹੈ।
1995 ਵਿੱਚ ਪ੍ਰੋ. ਮਨਜੀਤ ਸਿੰਘ ਜੀ, ਜੋ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੇ ਧਿਆਨ ਵਿੱਚ ਲਿਆਂਦਾ ਕਿ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਬੀੜਾਂ, ਸ਼ਬਦਾਰਥ ਸੈਂਚੀਆਂ ਅਤੇ ਗੁਟਕਿਆਂ ਵਿੱਚ ਛਾਪੇ ਦੀਆਂ ਬਹੁਤ ਸਾਰੀਆਂ ਉਕਾਈਆਂ ਹਨ। ਜਥੇਦਾਰ ਸਾਹਿਬ ਦੇ ਜ਼ੋਰ ਦੇਣ ਤੇ ਸ. ਗੁਰਚਰਨ ਸਿੰਘ ਟੌਹੜਾ ਨੇ ਦੁਬਾਰਾ ਫ਼ਿਰ ਇੱਕ 7 ਮੈਂਬਰੀ ਕਮੇਟੀ ਬਣਾਈ ਜਿਸ ਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸੇ ਦੇ ਜ਼ਿਕਰ ਤੋਂ ਇਸ ਲੇਖ ਦਾ ਆਰੰਭ ਕੀਤਾ ਗਿਆ ਹੈ। ਇਸ ਕਮੇਟੀ ਨੇ ਬਹੁਤ ਮਿਹਨਤ ਨਾਲ ਇਸ ਸੰਬੰਧੀ ਸਾਰੀ ਰਿਪੋਰਟ ਤਿਆਰ ਕਰਨ ਦਾ ਉਪਰਾਲਾ ਕੀਤਾ। ਲੇਕਿਨ ਫਿਰ ਡੇਰਾਵਾਦ ਦੇ ਪ੍ਰਭਾਵ ਥੱਲੇ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਇਆ ਗਿਆ ਅਤੇ ਇਹ ਕਮੇਟੀ ਆਪਣੀ ਰਿਪੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1100 ਪੰਨਿਆਂ ਤੱਕ ਹੀ ਤਿਆਰ ਕਰ ਸਕੀ ਅਤੇ ਇਹ ਅਧੂਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ੧੯੯੬ ਵਿੱਚ ਸੌਂਪ ਦਿੱਤੀ। ਇਸ ਰਿਪੋਰਟ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਹ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਗਈ।
ਸ. ਜੋਗਿੰਦਰ ਸਿੰਘ ਜੀ ਤਲਵਾੜਾ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤਾਂ ਕੂਕਦੇ ਕੂਕਦੇ ਹੀ ਇਸ ਸੰਸਾਰ ਤੋਂ ਤੁਰ ਗਏ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਕਦੀ ਵੀ ਕੋਈ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਸ. ਜੋਗਿੰਦਰ ਸਿੰਘ ਜੀ ਤਲਵਾੜਾ ਵੱਲੋਂ ਕੀਤਾ ਹੋਇਆ ਲੰਬਾ ਕਾਰਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਅਜੇ ਵੀ ਸਾਂਭਿਆ ਪਿਆ ਹੈ ਜਿਸ ਦੀ ਕਾਪੀ ਦਾਸ ਕੋਲ਼ ਵੀ ਮੌਜੂਦ ਹੈ।
ਬਲਿਊ ਸਟਾਰ ਉਪਰੇਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਜਿਹੜੀਆਂ ਅਤਿ ਕੀਮਤੀ ਹੱਥ ਲਿਖਤ ਬੀੜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ ਸਨ, ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਗਈਆਂ। ਅਤਿ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਉਸ ਵਿੱਚ ਅਨੇਕਾਂ ਅਤਿ ਕੀਮਤੀ ਬੀੜਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੱਡੀ ਰੱਕਮ ਲੈਕੇ ਵਿਦੇਸ਼ਾਂ ਅੰਦਰ ਵੇਚ ਦੇਣ ਦੇ ਆਰੋਪ ਲਗਦੇ ਰਹਿੰਦੇ ਹਨ। ਇਸ ਦੇ ਬਾਵਜੂਦ ਪ੍ਰੋ. ਸਾਹਿਬ ਸਿੰਘ ਟਰਸਟ ਜਿਸ ਦੇ ਚੇਅਰਮੈਨ ਪ੍ਰੋ. ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਹਨ ਦੇ ਸੁਹਿਰਦ ਯਤਨਾਂ ਸਦਕਾ ਸਾਰੇ ਹਿੰਦੁਸਤਾਨ ਵਿੱਚੋਂ ਪੁਰਾਤਨ ਬੀੜਾਂ ਦਾ ਕੀਮਤੀ ਖਜ਼ਾਨਾਂ ਲਗਭਗ 18 ਸਾਲ ਦਾ ਸਮਾਂ ਲਗਾ ਕੇ ਇਕੱਤ੍ਰ ਕੀਤਾ ਗਿਆ। ਸ. ਜੋਗਿੰਦਰ ਸਿੰਘ ਜੀ ਵੇਦਾਂਤੀ ਵੱਲੋਂ ਵੀ ਇਸ ਪਾਸੇ ਯਤਨ ਕੀਤੇ ਗਏ ਸਨ। ਇਨ੍ਹਾਂ ਕੀਮਤੀ ਬੀੜਾਂ ਅਤੇ ਪੋਥੀਆਂ ਦਾ ਖਜ਼ਾਨਾਂ ਜੋ ਲਗਭੱਗ 600 ਦੇ ਕਰੀਬ ਹੈ ਦਾਸ ਕੋਲ ਸਾਂਭਿਆ ਹੋਇਆ ਹੈ ਅਤੇ ਅਸੀਂ ਜਲਦੀ ਹੀ ਇਹ ਸਾਰਾ ਖ਼ਜ਼ਾਨਾ ਇਸ ਵੈਬਸਾਈਟ (gurugranthsahib.study) ਤੇ ਪਾਕੇ ਸਿੱਖ ਸੰਗਤਾਂ ਨਾਲ ਸਾਂਝਾ ਕਰਾਂਗੇ।
ਬੀੜਾਂ ਦੀ ਛਪਾਈ ਸੰਬੰਧੀ ਅਸਲ ਸਮੱਸਿਆ ਤੋਂ ਬੇ-ਖ਼ਬਰ ਕੁੱਝ ਵੀਰ ਗਲਤ-ਫਹਿਮੀ ਦਾ ਸ਼ਿਕਾਰ ਹੋ ਕੇ ਬੀੜਾਂ ਵਿਚਲੀਆਂ ਛਾਪੇ ਦੀਆਂ ਗਲਤੀਆਂ ਦੀ ਚਰਚਾ ਕਰਨ ਵਾਲ਼ੇ ਵਿਅਕਤੀਆਂ ਉੱਤੇ ਕੁਫ਼ਰ ਦਾ ਦੋਸ਼ ਥੋਪਣ ਤਕ ਜਾਂਦੇ ਹਨ। ਜੇ ਅਜਿਹੇ ਵੀਰ ਆਪਣੀ ਹਠ-ਧਰਮੀ ਛੱਡ ਕੇ ਧੀਰਜ-ਤਹੱਮਲ ਨਾਲ ਵਿਚਾਰ-ਖੇਤਰ ਵਿੱਚ ਆਉਣ ਦੀ ਖੇਚਲ ਕਰਨ ਤਾਂ ਉਨ੍ਹਾਂ ਨੂੰ ਬੀੜਾਂ ਦੀ ਛਪਾਈ ਵਿੱਚ ਛਾਪੇ ਦੀਆਂ ਗਲਤੀਆਂ ਦੀ ਹੋਂਦ ਦਾ ਅਹਿਸਾਸ ਹੋ ਸਕਦਾ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਇਸ ਅਸਲੀਅਤ ਨੂੰ ਆਪਾਂ ਹਮੇਸ਼ਾਂ ਨਜ਼ਰ-ਅੰਦਾਜ਼ ਹੀ ਕਰਦੇ ਜਾਵਾਂਗੇ ਜਾਂ ਪੰਥਕ ਪੱਧਰ ਤੇ ਇਸ ਦੇ ਸਥਾਈ ਹੱਲ ਲੱਭਣ ਲਈ ਕਦੀ ਯਤਨਸ਼ੀਲ ਹੋਵਾਂਗੇ।
ਅਪੀਲ
ਹੋਰ ਧਰਮਾਂ ਵਾਲ਼ਿਆਂ ਨੇ ਤਾਂ ਆਪੋ ਆਪਣੇ ਧਰਮ-ਗ੍ਰੰਥਾਂ ਵਿੱਚੋਂ ਛਾਪੇ ਦੀਆਂ ਉਕਾਈਆਂ ਦੂਰ ਕਰ ਕੇ ਉਨ੍ਹਾਂ ਦਾ ਪ੍ਰਮਾਣੀਕ ਸਰੂਪ ਸਥਾਪਤ ਕਰ ਲਿਆ ਹੋਇਆ ਹੈ। ਇਹ ਦੱਸਣਾਂ ਯੋਗ ਹੋਵੇਗਾ ਕਿ ਸੰਸਾਰ ਭਰ ਦੇ ਧਰਮ-ਗ੍ਰੰਥਾਂ ਦੇ ਉਤਾਰਿਆਂ ਵੇਲੇ ਵੀ ਪਾਠ- ਭੇਦਾਂ ਦੀ ਸਮੱਸਿਆ ਆਉਂਦੀ ਰਹੀ ਹੈ। ਬਾਈਬਲ ਦੇ ਅਨੁਵਾਦ ਅਤੇ ਪਾਠ ਸੁਧਾਈ ਵੇਲੇ ਵੀ ਇਹ ਸਮੱਸਿਆ ਆਈ। ਬਾਈਬਲ ਦੀ ਪਹਿਲੀ ਮਿਆਰੀਕਰਨ ਪ੍ਰਕਿਰਿਆ ਲਗਭਗ 325 ਈਸਵੀ ਵਿੱਚ ਕਾਂਸਟਾਂਟੀਨ ਦੇ ਸ਼ਾਸਨ ਦੌਰਾਨ ਸ਼ੁਰੂ ਹੋਈ ਸੀ, ਜਿਸ ਵਿੱਚ ਸ਼ੁਰੂਆਤੀ ਗਿਰਜਾ ਕੌਂਸਲਾਂ ਅਤੇ ਜਰੋਮ ਵਰਗੇ ਵਿਦਵਾਨਾਂ ਨੇ ਕੰਮ ਕੀਤਾ ਸੀ। ਇਸੇ ਤਰ੍ਹਾਂ ਇਸਲਾਮ ਦੇ ਤੀਜੇ ਖ਼ਲੀਫੇ ਹਜ਼ਰਤ ਉਸਮਾਨ ਬਿਨ ਅੱਫ਼ਾਨ ਦੇ ਧਿਆਨ ਵਿੱਚ ਆਇਆ ਕਿ ਕੁਰਾਨ ਦੀਆਂ ਹੱਥ ਲਿਖਤਾਂ ਵਿੱਚ ਕਈ ਪਾਠ-ਭੇਦ ਹਨ ਤਾਂ ਉਨ੍ਹਾਂ ਨੇ ਪੈਗੰਬਰ ਮੁਹੰਮਦ ਦੀ ਮੌਤ ਤੋਂ ਤਕਰੀਬਨ 20 ਸਾਲ ਬਾਅਦ (632 ਈ.) ਵਿੱਚ ਇੱਕ ਪ੍ਰਮਾਣੀਕ ਲਿਖਤ ਨੂੰ ਰੱਖ ਕੇ ਬਾਕੀ ਸਭ ਨੂੰ ਅਗਨ ਭੇਟ ਕਰ ਦਿੱਤਾ ਸੀ।
ਸਰਬੱਤ ਖ਼ਾਲਸਾ ਅੱਗੇ ਅਪੀਲ ਹੈ ਕੀ ਸਿਆਣੀਆਂ ਕੌਮਾਂ ਦੇ ਵਿਦਵਾਨ, ਇਕੱਤ੍ਰ ਹੋਕੇ ਇਹੋ ਜਿਹੇ ਮਸਲਿਆਂ ਨੂੰ ਹੱਲ ਕਰ ਲਿਆ ਕਰਦੇ ਹਨ। ਅਸੀਂ ਅਵੇਸਲੇ ਹੋਏ ਬੈਠੇ ਹਾਂ, ਆਖਰ ਕਿਉਂ? ਬਾਕੀਆਂ ਦੇ ਤਾਂ ਸਿਰਫ਼ ਧਰਮ-ਗ੍ਰੰਥ ਹਨ, ਸਾਡਾ ਧਰਮ-ਗ੍ਰੰਥ ਤਾਂ ਸਤਿਗੁਰੂ ਹੈ। ਇਸ ਲਈ ਸਾਡੀ ਜ਼ਿੰਮੇਦਾਰੀ ਤਾਂ ਕਿਤੇ ਵੱਧ ਹੈ। ਇੱਥੇ ਪਾਠਕਾਂ ਨਾਲ ਇੱਕ ਹੋਰ ਮਹੱਤਵਪੂਰਣ ਤੱਥ ਸਾਂਝਾ ਕਰਨਾ ਜ਼ਰੂਰੀ ਹੋਵੇਗਾ ਕਿ ਬਾਕੀ ਧਰਮ-ਗ੍ਰੰਥਾਂ ਦੇ ਮੁਕਾਬਲੇ ਸਤਿਗੁਰੂ ਸਾਾਹਿਬ ਜੀ ਨੇ ਆਪ ਹੀ ਧੁਰ ਕੀ ਬਾਣੀ ਨੂੰ ਆਪਣੇਂ ਕਰ-ਕਮਲਾਂ ਨਾਲ ਲਿਖਿਆ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸ ਸਾਰੀ ਬਾਣੀ ਨੂੰ ਆਪਣੀਂ ਮੌਜੂਦਗੀ ਵਿੱਚ ਹੀ ਸੰਪਾਦਿਤ ਕੀਤਾ। ਇਸ ਦੀ ਮੂਲ ਕਾਪੀ ਸਾਡੇ ਕੋਲ ਮੌਜੂਦ ਨਾਂ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਹੱਥ-ਲਿਖਤ ਉਤਾਰੇ ਸਾਡੇ ਕੋਲ ਸਾਂਭੇ ਹੋਏ ਹਨ। ਵਿਦਵਾਨਾਂ ਵੱਲੋਂ ਹੁਣ ਇਨ੍ਹਾਂ ਨੂੰ ਆਧਾਰ ਬਣਾ ਕੇ ਅਗਲਾ ਕਾਰਜ ਨੇਪਰੇ ਚਾੜ੍ਹਨਾ ਚਾਹੀਦਾ ਹੈ। ਗਲਤੀਆਂ ਕੇਵਲ ਛਪਾਈ ਦੀਆਂ ਹਨ, ਜੋ ਸਾਡੇ ਵੱਲੋਂ ਹੀ ਹੋਈਆਂ ਹਨ, ਅਤੇ ਸਾਡੇ ਵੱਲੋਂ ਹੀ ਤੁਰੰਤ ਇਹਨਾਂ ਨੂੰ ਠੀਕ ਕਰਨਾ ਵੀ ਬਣਦਾ ਹੈ। ਦੇਰੀ ਕਰਨ ਨਾਲ ਇਹ ਸਮੱਸਿਆ ਹੋਰ ਗੰਭੀਰ ਹੋਣ ਅਤੇ ਉਲਝਣ ਦੀ ਸੰਭਾਵਨਾ ਬਣੀ ਰਹੇਗੀ। ਖ਼ਾਲਸਾ ਜੀ, ਸੁਚੇਤ ਹੋਈਏ! ਸਾਵਧਾਨ ਹੋਈਏ!
ਭੁੱਲਾਂ ਚੁੱਕਾਂ ਲਈ ਖਿਮਾਂ। ਉਸਾਰੂ ਸੁਝਾਵਾਂ ਅਤੇ ਅਸੀਸਾਂ ਲਈ ਸਦਾ ਹੀ ਉਡੀਕ ਰਹੇਗੀ।
ਡਾ: ਓਅੰਕਾਰ ਸਿੰਘ (ਫੀਨਿਕਸ)
20 ਜੂਨ 2025.
Posted By:

Leave a Reply