ਜਿੰਦਗੀ ਮੌਤ ਦੀ ਲੜਾਈ ਵਿੱਚ ਬਿਮਾਰੀਆਂ ਦੇ ਕੈਂਪ ਹਸਪਤਾਲਾਂ ਦਾ ਸਿਰਨਾਵਾਂ ਹੀ ਹੁੰਦੇ ਨੇ,ਨਾ ਇਲਾਜ਼ ਹੁੰਦੇ ਨੇ ਅਤੇ ਨਾ ਮੇਲੇ
- ਸਮਾਜ ਸੇਵਾ
- 07 May,2025

ਮਾਲਵੇ ਦੇ ਵੱਡੇ ਅਤੇ ਬਹੁ ਚਰਚਿਤ ਉਦਯੋਗਿਕ ਘਰਾਣੇ (ਟਰਾਈਡੈਂਟ ਗਰੁੱਪ) ਵੱਲੋਂ ਇੱਕ ਕਤਿੱਥ ਕੈਂਸਰ ਰੋਕੂ ਸੰਸਥਾ ਦੇ ਨਾਲ ਮਿਲਕੇ ਬਰਨਾਲਾ ਵਿੱਚ ਲਾਏ ਗਏ ਕੈਂਸਰ ਮੇਲੇ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਅਤੇ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਉਪਰੋਕਤ ਮੁਨਾਫੇਖੋਰ ਘਰਾਣਿਆਂ ਦੀਆਂ ਨਜਰਾਂ ਵਿੱਚ ਆਮ ਲੋਕਾਂ ਦੀ ਜਿੰਦਗੀ ਦਾ ਕਿੰਨਾ ਕੁ ਮਹੱਤਵ ਹੈ। ਉਪਰੋਕਤ ਮੁਨਾਫਾਖੋਰਾਂ ਵੱਲੋਂ ਇਸ ਨਾ-ਮੁਰਾਦ ਬਿਮਾਰੀ ਦੇ ਨਾਮ ਤੇ ਮੇਲਾ ਕਰਵਾਉਣ ਦਾ ਪਰਚਾਰ ਕਰਕੇ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਦੇ 40 ਫੀਸਦੀ ਤੋ ਵੱਧ ਕੈਂਸਰ ਪੀੜਤ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਹੈ। ਉਦਯੋਗਪਤੀਆਂ ਦੁਆਰਾ ਧੱਕੇ ਨਾਲ ਐਕਿਉਰ ਕੀਤੀਆਂ ਜਮੀਨਾਂ ਤੇ ਉਸਾਰੇ ਵੱਡੇ ਰਸਾਇਣਕ ਕਾਰਖਾਨਿਆਂ ਦੀਆਂ ਜਹਿਰੀਲੀਆਂ ਗੈਸਾਂ ਫਸਲਾਂ ਅਤੇ ਨਸਲਾਂ ਨੂੰ ਬਰਬਾਦ ਕਰਨ ਦੀਆਂ ਜਿੰਮੇਵਾਰ ਹਨ।ਕਾਰਖਾਨੇਦਾਰਾਂ ਵੱਲੋਂ ਬੇ-ਹਿਸਾਬੇ ਮੁਨਾਫੇ ਦੇ ਲਾਲਚ ਵਿੱਚ ਖੁਦ ਪੈਦਾ ਕੀਤੀਆਂ ਭਿਆਨਕ ਬਿਮਾਰੀਆਂ ਚੋ ਇੱਕ ਮਾਰੂ ਬਿਮਾਰੀ ਦੇ ਨਾਮ ਤੇ ਲਾਇਆ ਜਾ ਰਿਹਾ ਇਹ ਮੇਲਾ ਜਿੱਥੇ ਕੰਗਾਲੀ ਦੀ ਕਾਗਾਰ ਤੇ ਪਹੁੰਚਾ ਦਿੱਤੇ ਗਏ ਅਭਾਗੇ ਪੀੜਤ ਲੋਕਾਂ ਦੀ ਮਜਬੂਰੀ ਅਤੇ ਬੇ-ਵਸੀ ਦਾ ਮਜਾਕ ਉਡਾਉਂਦਾ ਹੈ,ਓਥੇ ਮੁਫਤ ਦੇ ਲੋਲੀਪੋਲ ਨਾਲ ਲੁਭਾਉਣ ਦਾ ਕੋਝਾ ਯਤਨ ਵੀ ਹੈ । ਕੈਂਸਰ ਅਜਿਹੀ ਭਿਆਨਕ ਬਿਮਾਰੀ ਹੈ ਜਿਹੜੀ ਜਿਸ ਵਿਅਕਤੀ ਨੂੰ ਚਿੰਬੜ ਜਾਂਦੀ ਹੈ,ਉਹਦੇ ਸਰੀਰ ਦਾ ਮਾਸ ਖਤਮ ਹੋਣ ਤੱਕ ਨੋਚਦੀ ਰਹਿੰਦੀ ਹੈ, ਅਖੀਰ ਬਿਮਾਰ ਵਿਅਕਤੀ ਤਿਲ ਤਿਲ ਹੋ ਕੇ ਮਰ ਜਾਂਦਾ ਹੈ ਅਤੇ ਏਸੇ ਰਫਤਾਰ ਨਾਲ ਉਹਦਾ ਘਰ ਵੀ ਖਤਮ ਹੋ ਜਾਂਦਾ ਹੈ,ਕਿਉਂਕਿ ਇਹ ਬਿਮਾਰੀ ਨਾ ਪੀੜਤ ਨੂੰ ਛੱਡਦੀ ਹੈ ਅਤੇ ਨਾ ਹੀ ਘਰ ਵਿੱਚ ਪੈਸਾ ਛੱਡਦੀ ਹੈ।ਇਲਾਜ ਦੇ ਨਾਮ ਤੇ ਹੁੰਦੀ ਅੰਨ੍ਹੀ ਲੁੱਟ ਹੁਣ ਕਿਸੇ ਤੋ ਲੁਕੀ ਛੁਪੀ ਨਹੀ ਹੈ।ਆਮ ਸਾਧਾਰਨ ਪਰਿਵਾਰ ਇਸ ਬਿਮਾਰੀ ਦਾ ਮਹਿੰਗਾ ਇਲਾਜ ਨਾ ਕਰਵਾ ਸਕਣ ਕਰਕੇ ਝੂਰਦੇ ਰਹਿੰਦੇ ਹਨ ਅਤੇ ਸਰਦੇ ਪੁੱਜਦੇ ਲੋਕ ਪੈਸੇ ਨਾਲ ਵੀ ਆਪਣਿਆਂ ਨੂੰ ਨਾ ਬਚਾਅ ਸਕਣ ਕਰਕੇ ਝੂਰਦੇ ਰਹਿੰਦੇ ਹਨ। ਸੋ ਸਵਾਲ ਤਾਂ ਇਹ ਹੈ ਕਿ ਕੀ ਅਜਿਹੀ ਬਿਮਾਰੀ ਦੇ ਇਲਾਜ ਲਈ ਲਾਏ ਗਏ ਕੈਂਪ ਨੂੰ ਮੇਲੇ ਦਾ ਨਾਮ ਦੇਣਾ ਸਹੀ ਹੈ ? ਇਹ ਸਵਾਲ ਤੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਨ ਦੀ ਜਰੂਰਤ ਹੈ।ਇਹ ਵੀ ਸੱਚ ਹੈ ਕਿ ਸਦੀਆਂ ਤੋ ਆਮ ਲੁਕਾਈ ‘ਤੇ ਸਰਮਾਏਦਾਰੀ ਸਿਸਟਮ ਦਾ ਬੋਲਬਾਲਾ ਰਿਹਾ ਹੈ। ਸਰਮਾਏਦਾਰ ਲਈ ਆਮ ਲੋਕ ਹਮੇਸਾਂ ਮੰਡੀ ਦੀ ਵਸਤੂ ਤੋ ਵੱਧ ਕੁੱਝ ਵੀ ਨਹੀ ਰਹੇ। ਜਿੰਨਾਂ ਤੋ ਮੁਨਾਫਾ ਕਮਾਉਣਾ ਹੀ ਸਰਮਾਏਦਾਰੀ ਦਾ ਧਰਮ ਰਿਹਾ ਹੈ।ਉਹਨਾਂ ਲਈ ਤੰਦਰੁਸਤ,ਬਿਮਾਰ, ਜਿਉਂਦੇ ,ਮਰਦੇ ਸਹਿਕਦੇ ਤੜਫਦੇ ਸਭ ਤਰਾਂ ਦੇ ਲੋਕ ਕਮਾਈ ਦਾ ਸਾਧਨ ਹਨ, ਉਹਨਾਂ ਦੇ ਕਾਰਖਾਨਿਆਂ ਦੀ ਮਸ਼ੀਨਰੀ ਹਨ,ਦਵਾਈਆਂ ਦੀਆਂ ਫੈਕਟਰੀਆਂ ਲਈ ਵੱਡੇ ਮੁਨਾਫੇ ਦੀ ਆਸ ਦੀ ਕਿਰਨ ਹਨ ਅਤੇ ਕਾਰਖਾਨਿਆ ਦੀ ਅੱਗ ਦਾ ਬਾਲਣ ਹਨ। ਕਾਰਖਾਨਿਆਂ ਦੀਆਂ ਚਿਮਨੀਆਂ ਚੋ ਨਿਕਲਦਾ ਜਹਿਰੀਲੇ ਰਸਾਇਣਾਂ ਦਾ ਧੂਆਂ ਸਰਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੂੰਹ ਚਿੜਾਉਂਦੇ ਹੋਏ ਲਲਕਾਰਦਾ ਪਰਤੀਤ ਹੁੰਦਾ ਹੈ ਅਤੇ ਕੁਦਰਤ ਦੀ ਖਿਲੀ ਉਡਾਉਂਦਾ ਹੈ। ਰਸਾਇਣਕ ਕਾਰਖਾਨਿਆਂ ਦਾ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਜਹਿਰੀਲਾ ਪਾਣੀ ਧਰਤੀ ਦੇ ਅਮ੍ਰਿਤ ਰੂਪੀ ਪਾਣੀ ਵਿੱਚ ਮਿਲਕੇ ਧਰਤੀ ਹੇਠਲੇ ਸ਼ੁੱਧ ਪਾਣੀ ਨੂੰ ਜਹਿਰ ਬਣਾ ਰਿਹਾ ਹੈ,ਡਰੇਨਾਂ ਅਤੇ ਸੀਵਰੇਜ ਵਿੱਚ ਗੈਰ ਕਨੂੰਨੀ ਢੰਗ ਨਾਲ ਸੁੱਟਿਆ ਜਾ ਰਿਹਾ ਰਸਾਇਣ ਯੁਕਤ ਪਾਣੀ ਉਹਨੂੰ ਮੁੜ ਵਰਤੋ ਯੋਗ ਬਨਣ ਵਿੱਚ ਰੁਕਾਬਟ ਬਣ ਜਾਂਦਾ ਹੈ,ਨਤੀਜੇ ਵਜੋ ਕੈਂਸਰ,ਪੇਟ ਦਾ ਅਲਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਅੱਜ ਦੇ ਮਨੁੱਖ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਘਰ ਘਰ ਦੇ ਅੰਦਰ ਦਹਿਸਤ ਦਾ ਮਹੌਲ ਹੈ। ਤੰਦਰੁਸਤ ਵਿਅਕਤੀ ਵੀ ਸਰੀਰ ਦੀ ਮੈਡੀਕਲ ਜਾਂਚ ਕਰਵਾਉਣ ਤੋ ਤ੍ਰਭਕਦਾ ਹੈ। ਅਜਿਹੇ ਕੈਂਪਾਂ ਨੂੰ ਮੌਤ ਦੇ ਭੈਅ ਵਿੱਚ ਜਿਉਂ ਰਹੇ ਪੀੜਤ ਮੇਲੇ ਦੇ ਰੂਪ ਚ ਕਿਵੇਂ ਦੇਖ ਸਕਦੇ ਹਨ ? ਮੇਲਾ ਖੁਸ਼ੀ ਨੂੰ ਪ੍ਰਗਟ ਕਰਦਾ ਹੈ ਅਤੇ ਮੈਡੀਕਲ ਕੈਂਪ ਪੀੜਤ ਨਾਲ ਦੁੱਖ ਵੰਡਾਉਣ ਵਰਗਾ ਅਹਿਸਾਸ ਹੁੰਦਾ ਹੈ। ਭਾਵੇਂ ਅਜਿਹਾ ਅਹਿਸਾਸ ਵੀ ਮਹਿਜ਼ ਝੂਠੇ ਦਿਲਾਸੇ ਤੋ ਵੱਧ ਹੋਰ ਕੁੱਝ ਨਹੀ ਹੁੰਦਾ, ਸਿਵਾਏ ਡਾਕਟਰਾਂ ਅਤੇ ਹਸਪਤਾਲਾਂ ਨਾਲ ਜਾਣ ਪਛਾਣ ਕਰਵਾਉਣ ਤੋ।ੲਹ ਮੁਫਤ ਕੈਂਪ ਹੀ ਹਸਪਤਾਲਾਂ/ ਡਾਕਟਰਾਂ ਦੇ ਮੁਨਾਫੇ ਵਿੱਚ ਵਾਧਾ ਕਰਨ ਦਾ ਜਰੀਆ ਹੁੰਦੇ ਹਨ। ਇਸ ਲਈ ਇਹਨਾਂ ਦੋਵਾਂ ਸ਼ਬਦਾਂ ਕੈਂਪ ਅਤੇ ਮੇਲਾ ਵਿੱਚ ਕਿਧਰੇ ਵੀ ਸਮਾਨਤਾ ਨਹੀ, ਬਲਕਿ ਇਹ ਪਰਸਪਰ ਵਿਰੋਧੀ ਸ਼ਬਦ ਹਨ।
ਸੋ ਪੁੱਛਣਾ ਤਾਂ ਬਣਦਾ ਹੈ ਕਿ ਜਿੰਦਗੀ ਮੌਤ ਦੀ ਲੜਾਈ ਲੜਦੇ ਲੋਕਾਂ ਲਈ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਜਾਂਚ ਕੈਂਪਾਂ ਵਿੱਚ ਇਲਾਜ ਕਿੱਥੇ ਹੁੰਦਾ ਹੈ ? ਬਲਕਿ ਅਜਿਹੇ ਕੈਂਪ ਅਕਸਰ ਹੀ ਹਸਪਤਾਲਾਂ ਦਾ ਸਿਰਨਾਵਾਂ ਹੋ ਨਿੱਵੜਦੇ ਹਨ,ਮਰਦਾ ਕੀ ਨਾ ਕਰਦਾ ਵਾਲੀ ਹਾਲਤ ਹੁੰਦੀ ਹੈ ਕੈਂਸਰ ਪੀੜਤਾਂ ਦੀ,ਸਾਹਮਣੇ ਮੌਤ ਖੜੀ ਦੇਖ ਕੇ ਹਰ ਕੋਈ ਜਿੱਥੋਂ ਦਿਲਾਸਾ ਮਿਲਦਾ ਹੈ,ਉਹਦਾ ਉੱਧਰ ਨੂੰ ਭੱਜਣਾ ਸੁਭਾਵਿਕ ਹੁੰਦਾ ਹੈ।ਮੌਤ ਦੇ ਪਰਛਾਏ ਹੇਠ ਜਿਉਂ ਰਹੇ ਦੁਖੀ ਲੋਕਾਂ ਲਈ ਭਲਾ ਅਜਿਹੇ ਜਾਂਚ ਕੈਂਪ ਮੇਲਾ ਕਿਵੇਂ ਹੋ ਸਕਦੇ ਹਨ ?
ਬਘੇਲ ਸਿੰਘ ਧਾਲੀਵਾਲ
99142-58142
Posted By:

Leave a Reply