ਗੁਰੂ ਦਾ ਬੰਦਾ

ਗੁਰੂ ਦਾ ਬੰਦਾ

ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨਾਲ ਸਮਝੋਤੇ ਤੇ ਉਸਦੀ ਤਾਜਪੋਸ਼ੀ ਬਾਅਦ ਪੰਜਾਬ ਜਾਣਾ ਚਾਹੁੰਦੇ ਸਨ।ਉਹਨਾਂ ਸੰਗਤਾਂ ਨੂੰ ਹੁਕਮ ਭੇਜੇ ਜਦੋਂ ਮੈਂ ਪੰਜਾਬ ਪਰਤਾਂ ਘੋੜਿਆਂ ਸਮੇਤ ਹਥਿਆਰ ਬੰਦ ਹੋਕੇ ਆਉ।ਪਰ ਇਹ ਸਾਰਾ ਦਿ੍ਸ਼ ਉਦੋਂ ਬਦਲ ਗਿਆ ਸੀ ਜਦ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਲਾਰੇ ਲਗਾਉਣ ਲਗਾ।ਗੁਰੂ ਜੀ ਨੇ ਨੰਦੇੜ ਜਾ ਟਿਕੇ ,ਉਥੇ ਫੈਸਲਾ ਕੀਤਾ ਕਿ ਉਹ ਆਪਣੀ ਦਖਣੀ ਫੌਜਾਂ ਪੰਜਾਬ ਲਿਜਾਕੇ ਧਰਮ ਯੁਧ ਕਰਨਗੇ। ਉਥੇ ਮਾਧੋਦਾਸ ਨਾਲ ਮੁਲਾਕਾਤ ਹੋਈ ਤੇ ਉਹ ਗੁਰੂ ਤੋਂ ਪ੍ਰਭਾਵਿਤ ਹੋ ਕੇ ਗੁਰੂ ਦਾ ਬੰਦਾ ਹੋ ਗਿਆ। ਗੁਰੂ ਕੋਲੋਂ ਅੰਮਿ੍ਤ ਛਕ ਲਿਆ।ਗੁਰੂ ਉਸ ਦੀ ਸਮਰਥਾ ਨੂੰ ਪਛਾਣ ਚੁਕੇ ਸਨ।ਡੇਢ ਮਹੀਨਾ ਉਹ ਗੁਰੂ ਦੀ ਹਾਜਰੀ ਵਿਚ ਰਿਹਾ।ਇਸ ਦੌਰਾਨ ਦੋ ਪਠਾਣਾਂ ਨੇ ਹਮਲਾ ਕਰ ਦਿਤਾ। ਪਠਾਣ ਮਾਰੇ ਗਏ।ਇਸ ਹਮਲੇ ਪਿਛੇ ਵਜੀਰ ਖਾਨ ਦਾ ਹਥ ਸੀ।ਬਾਬਾ ਬੰਦਾ ਸਿੰਘ ਨੇ ਗੁਰੂ ਕੋਲੋਂ ਆਗਿਆ ਮੰਗੀ ਕਿ ਮੈਨੂੰ ਪੰਜਾਬ ਵਿਚ ਦੁਸ਼ਟਾਂ ਦਾ ਰਾਜ ਖਤਮ ਕਰਨ ਦਾ ਹੁਕਮ ਦੇਵੋ।ਠੀਕ ਹੋਣ ਉਪਰੰਤ ਤੁਸੀਂ ਪੰਜਾਬ ਪਰਤ ਆਉਣਾ।ਬਾਬਾ ਬੰਦਾ ਸਿੰਘ ਗੁਰੂ ਦੇ ਬਖਸ਼ੇ ਪੰਜ ਤੀਰਾਂ ,ਪੰਜ ਮੈਬਰੀ ਸਲਾਹਕਾਰ ਕਮੇਟੀ ਵੀਹ ਸਿਖ ਜਰਨੈਲਾਂ ਨਾਲ ਪੰਜਾਬ ਚਲਾ ਗਿਆ।ਗੁਰੂ ਦਾ ਨੈਟਵਰਕ ਗੁਰੂ ਦੇ ਹੁਕਮਨਾਮਿਆਂ ਨਾਲ ਬਾਬਾ ਬੰਦਾ ਸਿੰਘ ਦੀ ਸ਼ਕਤੀ ਬਣ ਗਿਆ।ਸਿੰਘਾਂ ਦੇ ਜਥੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਇਕਠੇ ਹੋ ਗਏ। ਵਣਜਾਰੇ ਸਿਖਾਂ ਨੇ ਮਾਇਆ ਲੰਗਰ ਪਰਸ਼ਾਦੇ ਤੇ ਰਹਿਣ ਦਾ ਇੰਤਜਾਮ ਕਰ ਦਿਤਾ।ਆਪਣੇ ਕਿਲੇ ਗੜੀਆਂ ਪੰਥ ਨੂੰ ਸੌਂਪ ਦਿਤੀਆਂ। ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜਾ ਬਾਬਾ ਬੰਦਾ ਸਿੰਘ ਦੀ ਸ਼ਕਤੀ ਬਣ ਚੁਕੇ ਸਨ।ਸਰਹਿੰਦ ਦੀ ਜਿਤ ਬਾਅਦ ਬੰਦਾ ਸਿੰਘ ਪੰਥ ਦੇ ਜਥੇਦਾਰ ਵਜੋ ਸਥਾਪਤ ਹੋ ਚੁਕਾ ਸੀ।ਇਹ ਕਿਡੀ ਹੈਰਾਨੀ ਵਾਲੀ ਗਲ ਹੈ ਕਿ ਮਹਾਰਾਣਾ ਪ੍ਰਤਾਪ ਜਦੋਂ ਜੰਗਲਾਂ ਵਿਚ ਲੁਕਿਆ ਸੀ ਮੁਗਲ ਹਕੂਮਤ ਕਾਰਣ ਤਾਂ ਉਸਦੇ ਬਚੇ ਕੋਲੋਂ ਬੰਦਰ ਰੋਟੀ ਲੈ ਗਿਆ।ਮਹਾਰਾਣਾ ਪ੍ਰਤਾਪ ਦੀਆਂ ਅਖਾਂ ਵਿਚ ਹੰਝੂ ਆ ਗਏ ਕਿ ਬਚਾ ਭੁਖਾ ਰਹਿ ਜਾਵੇਗਾ।ਦੂਸਰੇ ਪਾਸੇ ਬਾਬਾ ਬੰਦਾ ਸਿੰਘ ਸਾਹਮਣੇ ਉਸਦੇ ਬਚੇ ਅਜੈ ਸਿੰਘ ਨੂੰ ਮੁਗਲ ਬਾਦਸ਼ਾਹ ਫਰੁਖਸ਼ੀਅਰ ਦੇ ਜਲਾਦਾਂ ਨੇ ਚੀਰ ਦਿਤਾ ਪਰ ਬੰਦਾ ਸਿੰਘ ਦੀਆਂ ਅਖਾਂ ਵਿਚ ਹੰਝੂ ਨਹੀਂ ਸਨ।ਉਸਦੇ ਸਾਹਮਣੇ ਚਮਕੌਰ ਦੀ ਗੜੀ ਦਾ ਦਿ੍ਸ਼ ਸੀ ਜਿਥੇ ਖੜੇ ਹੋਕੇ ਆਪਣੇ ਪੁਤਰਾਂ ਨੂੰ ਮੁਗਲਾ ਨਾਲ ਜੂਝਦਿਆਂ ਸ਼ਹੀਦ ਹੁੰਦਿਆਂ ਦੇਖਕੇ ਮਾਣ ਮਹਿਸੂਸ ਕਰ ਰਹੇ ਸਨ।ਜੇ ਗੁਰੂ ਦੀਆਂ ਅਖਾਂ ਵਿਚ ਹੰਝੂ ਨਹੀਂ ਸਨ ਤਾਂ ਬਾਬਾ ਬੰਦਾ ਸਿੰਘ ਆਪਣੇ ਪੁਤ ਦੀ ਸ਼ਹਾਦਤ ਉਪਰ ਹੰਝੂ ਕਿੰਜ ਕੇਰ ਸਕਦਾ ਸੀ।ਮਹਾਨ ਗੁਰੂ ਯੋਧਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘ ਵੀ ਆਪਣੇ ਵਰਗੇ ਸਿਰੜੀ ਪੈਦਾ ਕੀਤੇ ਜਿਹਨਾਂ ਨੇ ਇਤਿਹਾਸ ਦਾ ਪਹੀਆ ਆਪਣੇ ਹਕ ਵਿਚ ਘੁੰਮਾ ਦਿਤਾ।। ਗੁਰੂ ਦਾ ਬੰਦਾ ਪੁਸਤਕ ਵਿਚੋਂ balvinder pal Singh pro