ਸਾਕਾ ਜੂਨ "੧੯੮੪" ਦਾ ਪਿਛੋਕੜ
- ਗੁਰਬਾਣੀ-ਇਤਿਹਾਸ
- 20 Jan,2025

ਡਾ. ਤੇਜਿੰਦਰਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ (ਧਰਮ ਅਧਿਐਨ) ਯੂਨੀਵਰਸਿਟੀ ਕਾਲਜ ਮੀਰਾਂਪੁਰ ਪਟਿਆਲਾ)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਮੂਲ ਰੂਪ ਵਿਚ 'ਜਗਤ ਉਧਾਰਨ' ਦਾ ਸੀ। ਗੁਰੂ ਸਾਹਿਬਾਨ ਨੇ ਜਿਹੜੇ ਵੀ ਕੰਮ ਕੀਤੇ, ਲੋਕ-ਭਲਾਈ ਲਈ ਕੀਤੇ। ਇਸ ਉਦੇਸ਼ ਦੀ ਪੂਰਤੀ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਹਿੰਦੂ ਧਰਮ ਵਿਚ ਪ੍ਰਚਲਿਤ ਜਾਤ-ਪਾਤੀ ਵਿਚਾਰਧਾਰਾ ਨੂੰ ਮੂਲੋਂ ਨਕਾਰਿਆ, ਜਿਸ ਕਾਰਨ ਸਿੱਖ ਧਰਮ ਉਤੇ ਹਮਲਿਆਂ ਦਾ ਮੁਢ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਬੰਨ੍ਹਿਆ ਗਿਆ। ਸਿੱਖ ਵਿਰੋਧੀ ਤਾਕਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਦੇਸ਼ ਭਗਤਾਂ ਦੀ ਲੜੀ ਵਿਚ ਸ਼ਾਮਿਲ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਰਾਸ਼ਟਰਵਾਦੀਆਂ ਨੇ ਨਾਨਕ-ਬਾਣੀ ਵਿਚਲੀ ਬਾਬਰਬਾਣੀ ਵਿਚੋਂ 'ਹਿੰਦੁਸਤਾਨ' ਸ਼ਬਦ ਲੈ ਕੇ ਗੁਰੂ ਸਾਹਿਬ ਨੂੰ ਦੇਸ਼ ਭਗਤ ਦਰਸਾਉਣ ਵਿਚ ਕੋਈ ਵਾਹ ਨਾ ਛੱਡੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀਆਂ ਫੌਜਾਂ ਦੁਆਰਾ ਐਮਨਾਬਾਦ (ਸੈਦਪੁਰ) ਦੇ ਲੋਕਾਂ ਉਤੇ ਤਸ਼ਦਦ ਹੁੰਦਾ ਅਖੀਂ ਡਿਠਾ ਸੀ। ਸਿਟੇ ਵਜੋਂ ਗੁਰੂ ਸਾਹਿਬ ਦੇ ਮਨ ਵਿਚ ਬਾਬਰ ਪ੍ਰਤਿ ਰੋਸ ਜਾਗਿਆ, ਜਿਸ ਨੂੰ ਉਨ੍ਹਾਂ ਨੇ ਬਾਬਰਬਾਣੀ ਦੇ ਰੂਪ ਵਿਚ ਬਿਆਨ ਕੀਤਾ। ਗੁਰੂ ਸਾਹਿਬ ਨੇ ਬਾਬਰ ਦੀ ਤੁਲਨਾ 'ਯਮਰਾਜ' ਨਾਲ ਕਰਦੇ ਹੋਏ ਉਸ ਦੀਆਂ ਫੌਜਾਂ ਨੂੰ 'ਪਾਪ ਕੀ ਜੰਞ' ਕਹਿ ਕੇ ਲਾਹਨਤਾਂ ਪਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਸਿਰਫ ਉਸਦੀਆਂ ਕਰਕੇ ਫਿਟਕਾਰ ਪਾਈ, ਨਾ ਕੇ ਕਿਸੇ ਕਿਸਮ ਦੀ ਰਾਸ਼ਟਰੀ ਭਾਵਨਾ ਅਧੀਨ। ਇਕ ਗਲ ਹੋਰ ਧਿਆਨ ਦੇਣ ਵਾਲੀ ਇਹ ਹੈ ਕਿ ਗੁਰੂ ਸਾਹਿਬ ਪਹਿਲੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਲਈ 'ਹਿੰਦੁਸਤਾਨ' ਸ਼ਬਦ ਵਰਤਿਆ। ਬਾਬਰ ਦੀ ਥਾਂ ਕੋਈ ਹੋਰ ਮੁਗਲ ਜਾਂ ਬ੍ਰਾਹਮਣ ਵੀ ਅਜਿਹਾ ਕਰਦਾ ਤਾਂ ਵੀ ਗੁਰੂ ਸਾਹਿਬ ਨੇ ਅਜਿਹਾ ਹੀ ਕਰਨਾ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਹਿੰਦੁਸਤਾਨ ਦੇ ਨਹੀਂ, ਬਲਕਿ ਸਮੁਚੀ ਸ੍ਰਿਸ਼ਟੀ ਦੇ 'ਗੁਰੂ' ਹਨ, ਜਿਨ੍ਹਾਂ ਦਾ ਉਦੇਸ਼ ਵਿਸ਼ਵ-ਭਾਈਚਾਰਾ ਸਥਾਪਿਤ ਕਰਨਾ ਹੈ। ਉਨ੍ਹਾਂ ਲਈ ਕੋਈ ਬੇਗਾਨਾ ਨਹੀਂ, ਹਿੰਦੂ ਲੋਕ ਉਨ੍ਹਾਂ ਨੂੰ ਆਪਣਾ ਗੁਰੂ ਅਤੇ ਮੁਸਲਮਾਨ ਪੀਰ ਸਮਝਦੇ ਸਨ। ਇਸ ਕਰਕੇ ਹੀ ਉਨ੍ਹਾਂ ਨੂੰ 'ਜਗਤ ਗੁਰੂ' ਕਹਿ ਕੇ ਨਿਵਾਜਿਆ ਜਾਂਦਾ ਹੈ। ਗੁਰੂ ਸਾਹਿਬ ਨੇ 'ਚੜ੍ਹਿਆ ਸੋਧਣਿ ਧਰਤਿ ਲੁਕਾਈ' ਦੇ ਮਿਸ਼ਨ ਦੀ ਪੂਰਤੀ ਹਿਤ ਹਿੰਦੁਸਤਾਨ ਤੋਂ ਬਾਹਰ ਲੰਕਾ, ਬਰਮਾ, ਮਿਸਰ, ਅਰਬ, ਇਰਾਕ, ਇਰਾਨ, ਤੁਰਕੀ, ਅਫਗਾਨਿਸਤਾਨ, ਤਿਬਤ, ਨਿਪਾਲ ਆਦਿ ਦੇਸ਼ਾਂ ਤਕ ਪਹੁੰਚ ਕੀਤੀ।ਰਾਸ਼ਟਰਵਾਦੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਸਾਬਿਤ ਕਰਨ ਲਈ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਅਨੇਕ ਵਿਸ਼ੇਸ਼ਣ ਲਗਾਏ, ਜਿਹਾ ਕਿ 'ਦੇਸ਼ਭਗਤ', 'ਰਾਸ਼ਟਰਵਾਦੀ' ਅਤੇ 'ਪੰਜਾਬੀ ਕੌਮੀਅਤ ਦਾ ਪਿਤਾਮਾ' ਆਦਿ (ਅਜਮੇਰ ਸਿੰਘ, ਸਿੱਖ ਰਾਜਨਹੀਤੀ ਦਾ ਦੁਖਾਂਤ : ਕਿਸ ਬਿਧ ਰੁਲੀ ਪਾਤਸ਼ਾਹੀ, ਪੰਨਾ 113)। ਇਨ੍ਹਾਂ ਰਾਸ਼ਟਰਵਾਦੀਆਂ ਨੇ ਆਪਣੇ ਹਮਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵੀ ਜਾਰੀ ਰਖੇ। ਨਾਨਕ-ਜੋਤਿ ਨੇ ਛੇਵਾਂ ਜਾਮਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਰੂਪ ਵਿਚ ਧਾਰਿਆ। ਗੁਰੂ ਸਾਹਿਬ ਦਾ ਆਗਮਨ ਇਤਿਹਾਸਕਾਰਾਂ ਲਈ ਇਕ ਬੁਝਾਰਤ ਬਣਿਆ ਰਿਹਾ ਹੈ। ਗੁਰੂ ਸਾਹਿਬ ਦੇ ਦੈਵੀ ਮਿਸ਼ਨ ਤੋਂ ਅਣਜਾਣ ਬਹੁਤ ਸਾਰੇ ਵਿਦਵਾਨਾਂ ਨੂੰ ਗੁਰੂ ਸਾਹਿਬ ਦੁਆਰਾ ਕੀਤੇ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ ਤੋਂ ਵਖਰੇ ਨਜ਼ਰ ਆਏ। ਮਿਸਾਲ ਵਜੋਂ, ਗੋਕਲ ਚੰਦ ਨਾਰੰਗ ਨੇ ਇਸ ਵਿਸ਼ੇ ਨੂੰ ਨਿਰੰਤਰਤਾ ਵਿਚ ਸਮਝਣ ਦੀ ਬਜਾਇ 'ਪਰਿਵਰਤਨ' ਵਜੋਂ ਸਮਝਿਆ ਹੈ, ਜਿਸ ਦੀ ਨਕਲ ਅਨੇਕ ਵਿਦਵਾਨਾਂ ਨੇ ਬਿਨਾਂ ਸਮਝੇ-ਸੋਚੇ ਕੀਤੀ ਹੈ।ਇਕ ਹੋਰ ਅਜਿਹੀ ਉਦਾਹਰਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ, ਜਿਨ੍ਹਾਂ ਦੀ ਸ਼ਹਾਦਤ ਬਾਰੇ ਰਾਸ਼ਟਰਵਾਦੀਆਂ ਨੇ ਪ੍ਰਚਾਰਣ ਵਿਚ ਕੋਈ ਕਸਰ ਨਹੀਂ ਛੱਡੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰਖਿਆ ਲਈ ਸ਼ਹਾਦਤ ਦਿਤੀ। ਰਾਸ਼ਟਰਵਾਦੀਆਂ ਵਲੋਂ ਕੀਤੇ ਗਏ ਕੂੜ ਪ੍ਰਚਾਰ ਦਾ ਵਿਆਪਕ ਅਸਰ ਅਜ (2021) ਵੀ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਣਾ ਰਿਹਾ ਹੈ। ਇਸ ਸਮੇਂ ਸਿੱਖ ਸੰਗਤ 'ਹੋਰਾਂ' ਨਾਲ ਮਿਲ ਕੇ ਬੜੇ ਮਾਣ ਨਾਲ ਕਹਿੰਦੀ ਨਜ਼ਰ ਆ ਰਹੀ ਹੈ,'ਤੇਗ ਬਹਾਦਰ ਹਿੰਦ ਦੀ ਚਾਦਰ'। ਉਨ੍ਹਾਂ ਅਣਭੋਲ ਸਜਣਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਿੱਖ ਕਵਿ ਸੈਨਾਪਤਿ ਨੇ ਇਸ ਤਥ ਨੂੰ ਬਾਖੂਬੀ ਪੇਸ਼ ਕੀਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਖਿਆ ਲਈ ਨਹੀਂ, ਬਲਕਿ ਸਮੁਚੀ ਸ੍ਰਿਸ਼ਟੀ ਲਈ ਸ਼ਹਾਦਤ ਦਿਤੀ : ਪ੍ਰਗਟ ਭਏ ਗੁਰੁ ਤੇਗ ਬਹਾਦਰ॥ ਸਗਲ ਸ੍ਰਿਸਟਿ ਪੈ ਢਾਪੀ ਚਾਦਰ॥ (ਸੈਨਾਪਤਿ ਕਵੀ, ਸ੍ਰੀ ਗੁਰ ਸੋਭਾ, (ਸੰਪਾ.), ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990 (ਚੌਥੀ ਵਾਰ), ਅਧਿਆਇ/ਬੰਦ/ਪੰਨਾ - ੧/੧੪/੬੫)।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀਆਂ ਨੇ ਵੀ ਉਕਤ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਆਪੋ-ਆਪਣੇ ਸਮੇਂ ਕਾਰਗਰ ਜਤਨ ਕੀਤੇ। ਫਲਸਰੂਪ ਸਿੱਖ ਧਰਮ ਆਪਣੇ ਉਦੇਸ਼ ਦੀ ਪ੍ਰਾਪਤੀ ਹਿਤ ਨਿਰੰਤਰ ਅਗੇ ਵਧਦਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤਿ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖਸੀ ਗੁਰੂ ਪਰੰਪਰਾ ਖਤਮ ਕਰਦੇ ਹੋਏ ਖਾਲਸਾ ਪੰਥ ਨੂੰ ਆਪਣੀ ਅਗਵਾਈ ਆਪ ਕਰਨ ਦੇ ਸਮਰਥ ਬਣਾਇਆ। ਖਾਲਸਾ ਪੰਥ ਦੀ ਸਾਜਣਾ ਤੋਂ ਥੋੜੀ ਦੇਰ ਬਾਅਦ ਹੀ ਸਿੱਖ ਧਰਮ ਨੂੰ ਮੁਗਲ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਗਹੁ ਨਾਲ ਵਿਚਾਰੀਏ ਤਾਂ ਸਿੱਖ ਧਰਮ ਦੇ ਆਰੰਭ ਤੋਂ ਹੀ ਲਗਾਤਾਰ ਵਿਰੋਧੀ ਤਾਕਤਾਂ ਇਸ ਨੂੰ ਹਜ਼ਮ ਨਾ ਕਰਦੇ ਹੋਏ ਹਮਲਾਵਰ ਰੁਖ ਰਖਦੀਆਂ ਆਈਆਂ ਹਨ। ਸਿੱਖ ਧਰਮ ਦੇ ਮੁਢਲੇ ਪੜਾਅ ਉਤੇ ਹੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਮੁਗਲਾਂ ਨੇ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਸੀ। 17ਵੀਂ ਸਦੀ ਵਿਚ ਮੁਗਲਾਂ ਨੇ ਧਾਰਮਿਕ ਅਤੇ ਰਾਜਨੀਤਕ ਕਾਰਨਾਂ ਕਰਕੇ ਸਿੱਖ ਧਰਮ ਪ੍ਰਤਿ ਹਮਲਾਵਰ ਰੁਖ ਅਖਤਿਆਰ ਕਰ ਲਿਆ। ਨਿਰਸੰਦੇਹ ਉਸ ਸਮੇਂ ਵੀ ਸਿੱਖਾਂ ਨੂੰ ਗਿਣਤੀ ਪੱਖੋਂ ਘਟ ਹੋਣ ਕਾਰਨ ਅਨੇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੁਗਲਾਂ ਨੇ 18 ਵੀਂ ਸਦੀ ਤਕ ਸਿੱਖਾਂ ਦਾ ਖੁਰਾ-ਖੋਜ਼ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਵਹਿਸ਼ੀ ਜਬਰ ਦਾ ਨਮੂਨਾ ਪੇਸ਼ ਕੀਤਾ। ਸਿੱਖ ਸੰਘਰਸ਼ ਨੂੰ ਖਤਮ ਕਰਨ ਲਈ ਇਕ ਤੋਂ ਇਕ ਵੱਡੇ ਸੂਬੇਦਾਰ ਨੂੰ ਜ਼ਿੰਮੇਵਾਰੀ ਦਿਤੀ ਗਈ। ਅਬਦ ਸਮੁਦ ਖਾਂ (1713-26) ਤੋਂ ਲੈ ਕੇ ਮੀਰ ਮੰਨੂੰ (1748-53) ਤਕ ਹਰ ਸੂਬੇਦਾਰ ਨੇ ਸਿੱਖਾਂ ਉਤੇ ਬਹੁਤ ਜ਼ੁਲਮ ਕੀਤੇ। ਇਥੋਂ ਤਕ ਕਿ ਸਿੱਖਾਂ ਦੇ ਬੰਦ-ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ, ਸਿਰਾਂ ਦੀਆਂ ਖੋਪਰੀਆਂ ਲਾਹੀਆਂ ਗਈਆਂ, ਸਿੰਘਾਂ ਦੇ ਸਿਰਾਂ ਦੇ ਮੁਲ ਰਖੇ ਗਏ। ਬੇਅੰਤ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਨੂੰ ਸ਼ਹੀਦ ਕੀਤਾ ਗਿਆ। ਇਥੋਂ ਤਕ ਕਿ ਦੋ ਘੱਲੂਘਾਰੇ ਵੀ ਕੀਤੇ ਗਏ, ਜਿਨ੍ਹਾਂ ਦੌਰਾਨ ਵਡੀ ਗਿਣਤੀ ਵਿਚ ਸ਼ਹੀਦੀਆਂ ਹੋਈਆਂ।ਉਕਤ ਸਾਰੇ ਵਰਤਾਰੇ ਵਿਚ ਮੁਗਲਾਂ ਦੇ ਨਾਲ-ਨਾਲ ਉਚੀ ਜਾਤ ਦੇ ਹਿੰਦੂਆਂ ਨੇ ਵੀ ਯੋਗਦਾਨ ਪਾਇਆ, ਪਰੰਤੂ ਫਿਰ ਵੀ ਉਹ ਸਿੱਖ ਧਰਮ ਦਾ ਪਤਨ ਨਹੀਂ ਕਰ ਸਕੇ। ਇਸ ਅਦੁਤੀ ਵਰਤਾਰੇ ਪਿਛੇ ਸਿੱਖਾਂ ਦੀ ਪ੍ਰੇਰਣਾ-ਸ਼ਕਤੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ, ਜਿਨ੍ਹਾਂ ਵਿਚ ਅਥਾਹ ਸ਼ਰਧਾ ਅਤੇ ਵਿਸ਼ਵਾਸ ਖਾਲਸੇ ਦੇ ਸਿਦਕ ਅਤੇ ਪ੍ਰੇਰਨਾ ਦਾ ਪ੍ਰਮੁਖ ਸਰੋਤ ਸੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਖਾਲਸਾ ਪੰਥ ਨੂੰ ਹੁਕਮ ਕੀਤਾ ਕਿ ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਉਹ ਗ੍ਰੰਥ-ਪੰਥ ਨੂੰ ਆਪਣਾ ਸਦੀਵੀ ਗੁਰੂ ਮੰਨਨ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਖਾਲਸੇ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਤਕ ਖਾਲਸਾ 'ਨਿਆਰਾ' ਰਹੇਗਾ ਅਤੇ ਬਿਪਰਨ ਦੀ ਰੀਤਿ ਨਹੀਂ ਅਪਨਾਏਗਾ, ਗੁਰੂ ਸਾਹਿਬ ਹਰ ਸਮੇਂ ਉਸਦੇ ਅੰਗ-ਸੰਗ ਰਹਿਣਗੇ। ਇਹ ਵਿਸ਼ਵਾਸ ਖਾਲਸੇ ਦਾ ਅਟੁਟ ਅੰਗ ਬਣ ਗਿਆ।ਉਕਤ ਵਿਸ਼ਵਾਸ ਸਦਕਾ ਇਕ ਦੌਰ ਅਜਿਹਾ ਵੀ ਆਇਆ ਜਦੋਂ ਖਾਲਸੇ ਨੇ ਆਪਣਾ ਰਾਜ ਸਥਾਪਿਤ ਕੀਤਾ। ਬੇਸ਼ਕ ਇਤਿਹਾਸਕ ਦ੍ਰਿਸ਼ਟੀ ਤੋਂ ਇਹ ਸਮਾਂ ਬਹੁਤ ਘਟ ਸੀ, ਪਰੰਤੂ ਫਿਰ ਵੀ ਖਾਲਸਾ ਰਾਜ ਨੇ ਇਤਿਹਾਸ ਦੇ ਵਰਕਿਆਂ ਉਤੇ ਅਮਿਟ ਪੈੜਾਂ ਛਡੀਆਂ। 1849 ਈਂ ਦੀ ਜੰਗ ਪਿਛੋਂ ਸਿੱਖ ਰਾਜ ਦਾ ਖਾਤਮਾ ਹੋ ਗਿਆ ਅਤੇ ਅੰਗਰੇਜ਼ ਹਕੂਮਤ ਨੇ ਪੰਜਾਬ ਦੀ ਧਰਤੀ ਉਤੇ ਆਪਣੈ ਪੈਰ ਰਖੇ। ਇਥੇ ਇਹ ਲਿਖਣਾ ਸਾਰਥਿਕ ਹੋਵੇਗਾ ਕਿ 18 ਵੀਂ ਸਦੀ ਦੌਰਾਨ ਖਾਲਸਾ ਪੰਥ ਅੰਦਰ ਪਾਦਸ਼ਾਹੀ ਦਾ ਜਜ਼ਬਾ ਐਨਾ ਪ੍ਰਬਲ ਸੀ ਕਿ ਉਹ ਸਤਿਗੁਰੂ ਤੋਂ ਬਿਨਾਂ ਕਿਸੇ ਹੋਰ ਦੁਨਿਆਵੀ ਤਾਕਤ ਦੀ ਅਧੀਨਗੀ ਪ੍ਰਵਾਨ ਨਹੀਂ ਕਰਦੇ ਸਨ। ਖਾਲਸੇ ਦੇ ਇਸ ਵਿਸ਼ਵਾਸ ਨੂੰ ਭਾਈ ਰਤਨ ਸਿੰਘ ਭੰਗੂ ਨੇ ਇਉਂ ਕਲਮਬੰਦ ਕੀਤਾ ਹੈ : ਖਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ॥ ਆਨ ਨਾ ਮਾਨੈ ਆਨ ਕੀ ਇਕ ਸਚੈ ਬਿਨ ਪਤਿਸ਼ਾਹ॥ (ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ, 2005, ਪੰਨਾ 42)।19ਵੀਂ ਸਦੀ ਦੇ ਅੰਤ ਤਕ ਭਾਰਤ ਦੇ ਰਾਜਨੀਤਕ ਮਾਹੌਲ ਵਿਚ ਬਹੁਤ ਬਦਲਾਅ ਆਇਆ। ਸਮੇਂ ਦੇ ਬਦਲਣ ਨਾਲ ਭਾਰਤ ਅੰਦਰ ਦੇਸ਼-ਭਗਤੀ (ਰਾਸ਼ਟਰਵਾਦ) ਦੇ ਸੰਕਲਪ ਤੇ ਜਜ਼ਬੇ ਨੇ ਬੜੀ ਰਫਤਾਰ ਨਾਲ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿਤੀ। ਜਿਉਂ-ਜਿਉਂ ਹਿੰਦੂ ਵਰਗ ਅੰਦਰ ਦੇਸ਼-ਭਗਤੀ ਦੀ ਭਾਵਨਾ ਪ੍ਰਫੁਲਤ ਹੋਣ ਲਗੀ, ਤਿਉਂ-ਤਿਉ਼ ਸਿੱਖਾਂ ਦੀਆਂ ਮੁਸੀਬਤਾਂ ਵਿਚ ਵਾਧਾ ਹੁੰਦਾ ਗਿਆ। ਸਿੱਖਾਂ ਨੂੰ ਦੋਵੇਂ ਪਾਸਿਉਂ ਮਾਰ ਪੈਣ ਲਗੀ। ਅੰਗਰੇਜ਼, ਸਿੱਖਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ, ਦੂਜੇ ਪਾਸੇ ਹਿੰਦੂ, ਸਿੱਖਾਂ ਨੂੰ ਆਪਣਾ ਹੀ ਅੰਗ ਸਮਝਣ ਲਗੇ। ਹਿੰਦੂ ਰਾਸ਼ਟਰਵਾਦ ਦੀ ਲੜਾਈ ਸਿਰਫ ਅੰਗਰੇਜ਼ਾਂ ਤਕ ਹੀ ਸੀਮਤ ਨਹੀਂ ਸੀ, ਬਲਕਿ ਹਿੰਦੂਆਂ ਦਾ ਮੁਸਲਿਮ ਵਰਗ ਨਾਲ ਵੀ ਟਕਰਾਅ ਸ਼ੁਰੂ ਹੋ ਗਿਆ ਸੀ, ਕਿਉਂਕਿ ਧਾਰਮਿਕ ਅਤੇ ਰਾਜਨੀਤਕ ਪੱਧਰ ਉਤੇ ਇਸਲਾਮ ਭਾਰਤੀ ਰਾਸ਼ਟਰਵਾਦ ਲਈ ਵਡੀ ਚੁਨੌਤੀ ਸੀ। ਹਿੰਦੂ ਨੂੰ ਜਿਥੇ ਆਪਣੀ ਅਧਿਆਤਮਕ ਪਰੰਪਰਾ ਦਾ ਹੰਕਾਰ ਸੀ, ਉਥੇ ਜੰਗ-ਜੂ ਪ੍ਰਵਿਰਤੀ ਦੀ ਉਨ੍ਹਾਂ ਅੰਦਰ ਬਹੁਤ ਘਾਟ ਸੀ। ਇਸ ਕਰਕੇ ਹਿੰਦੂ ਕੂਟਨੀਤੀ ਕਾਰਨ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾਇਆ ਜਾਣ ਲੱਗਾ ਤਾਂ ਜੋ ਸਿੱਖਾਂ ਦੀ ਲੜਨ-ਮਰਨ ਵਾਲੀ ਪ੍ਰਵਿਰਤੀ ਅਧੀਨ ਮੁਸਲਮਾਨਾਂ ਨਾਲ ਟੱਕਰ ਲਈ ਜਾ ਸਕੇ। ਇਸ ਕਰਕੇ ਹਿੰਦੂ ਰਾਸ਼ਟਰਵਾਦੀਆਂ ਦੁਆਰਾ ਸਿੱਖ ਜੁਝਾਰੂ ਪਰੰਪਰਾ ਨੂੰ ਹਥਿਆਉਣ ਦੀਆਂ ਸਾਜਿਸ਼ਾਂ ਆਰੰਭ ਹੋਈਆਂ। ਸਿੱਟੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 'ਹਿੰਦੂ ਕੌਮ ਦੇ ਨਾਇਕ' ਵਜੋਂ ਉਭਾਰਨਾ ਸ਼ੁਰੂ ਕੀਤਾ ਗਿਆ। ਇਥੋਂ ਤਕ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਧਰਮ ਦੇ ਸਭ ਨਾਲੋਂ ਵਧ 'ਤੇਜੱਸਵੀ ਨਾਇਕਾਂ ਵਿਚੋਂ ਇਕ' ਕਹਿ ਕੇ ਗੁਰੂ ਸਾਹਿਬ ਨੂੰ ਹਿੰਦੂ 'ਵੀਰ ਪੁਰਸ਼ਾਂ' ਦੀ ਕਤਾਰ ਵਿਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖਾਂ ਨੂੰ ਆਪਣਾ ਅਟੁਟ ਅੰਗ ਦਰਸਾਉਣ ਲਈ 1908 ਈਂ ਵਿਚ ਲੰਡਨ ਵਿਖੇ ਭਾਰਤੀ ਰਾਸ਼ਟਰਵਾਦੀਆਂ ਦੁਆਰਾ 'ਬੰਦੇ ਮਾਤਰਮ ਖਾਲਸਾ' ਸਿਰਲੇਖ ਹੇਠ ਇਕ ਪਰਚਾ ਪ੍ਰਕਾਸ਼ਿਤ ਕਰਵਾ ਕੇ ਵੰਡਿਆ ਗਿਆ। ਇਸ ਪਰਚੇ ਅੰਦਰ ਖਾਲਸਾ ਪੰਥ ਦੀ ਉਪਮਾ 'ਭਾਰਤ ਮਾਤਾ ਦੇ ਹਥ ਵਿਚ ਫੜੀ ਹੋਈ ਸ਼ਮਸ਼ੀਰ' ਨਾਲ ਕੀਤੀ ਗਈ। ਇਥੇ ਹੀ ਬਸ ਨਹੀਂ, ਪਰਚੇ ਅੰਦਰ ਸਿੱਖ ਗੁਰੂ ਸਾਹਿਬਾਨ ਦਾ ਸਮੁਚੇ ਭਾਰਤ ਨਾਲ ਸਬੰਧ ਦਰਸਾਉਣ ਲਈ ਕਈ ਦਲੀਲਾਂ ਵੀ ਦਿਤੀਆਂ ਗਈਆਂ।ਸੰਨ 1929 ਈ. ਵਿਚ ਕਾਂਗਰਸ ਦਾ ਜਨਰਲ ਇਜਲਾਸ ਲਾਹੌਰ ਹੋਣਾ ਨਿਯਤ ਸੀ। ਇਸ ਇਜਲਾਸ ਤੋਂ ਇਕ ਮਹੀਨਾ ਪਹਿਲਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਇਕ ਪ੍ਰਕਾਸ਼ਿਤ ਐਲਾਨ ਨੇ ਕਾਂਗਰਸ ਦੇ ਨੇਤਾਵਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ ਕਿ ਪੰਜਾਬ ਦੇ ਸਿੱਖਾਂ ਨੂੰ ਨਾਲ ਲਏ ਬਿਨਾਂ ਕਾਂਗਰਸ ਦੀ ਕੋਈ ਵੀ ਲਹਿਰ ਪੰਜਾਬ ਵਿਚ ਸਫਲ ਨਹੀਂ ਹੋ ਸਕਦੀ ਅਤੇ ਇਜਲਾਸ ਤੋਂ 15 ਦਿਨ ਪਹਿਲਾਂ ਪੰਡਤ ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ, ਪੰਡਤ ਮਦਨ ਮੋਹਨ ਮਾਲਵੀਆ ਨੇ ਲਾਹੌਰ ਪਹੁੰਚ ਕੇ ਸ. ਖੜਕ ਸਿੰਘ ਤੇ ਹੋਰ ਸਿੱਖ ਨੇਤਾਵਾਂ ਨਾਲ ਗਲਬਾਤ ਕੀਤੀ (ਨਰੈਣ ਸਿੰਘ, ਅਕਾਲੀ ਮੋਰਚੇ ਅਤੇ ਝੱਬਰ, ਗੁਰੂ ਨਾਨਕ ਦੇਵ ਮਿਸ਼ਨ, ਪਟਿਆਲਾ, 1959, ਪੰਨਾ 175)।ਇਸ ਸਮੁਚੇ ਵਰਤਾਰੇ ਪਿਛੇ ਹਿੰਦੂ ਬਹੁ-ਗਿਣਤੀ ਦੀ ਰਾਸ਼ਟਰਵਾਦੀ ਭਾਵਨਾ ਕੰਮ ਕਰਦੀ ਆ ਰਹੀ ਹੈ, ਜਿਸ ਦਾ ਅਮਲ 19ਵੀਂ ਸਦੀ ਵਿਚ ਹਿੰਦੂ ਧਾਰਮਿਕ ਅਤੇ ਸਮਾਜਿਕ ਲਹਿਰਾਂ ਰਾਹੀਂ ਸ਼ੁਰੂ ਹੋਇਆ। ਸਿਟੇ ਵਜੋਂ ਜਿਥੇ ਹਿੰਦੂ ਸਮਾਜ ਵਿਚ ਏਕਤਾ ਕਰਨ ਦੇ ਜਤਨ ਕੀਤੇ ਗਏ, ਉਥੇ ਨਾਲ ਹੀ ਗੈਰ-ਹਿੰਦੂ ਵਰਗ ਨੂੰ ਆਪਣੇ ਵਿਚ ਸਮਾਉਣ ਲਈ ਵੀ ਹਿੰਦੂ ਰਾਸ਼ਟਰਵਾਦੀਆਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾਣ ਲਗੀਆਂ। ਸਵਾਮੀ ਵਿਵੇਕਾਨੰਦ ਹਿੰਦੂ ਬਹੁ-ਗਿਣਤੀ ਦਾ ਪਹਿਲਾ ਅਜਿਹਾ ਆਗੂ ਸੀ, ਜਿਸ ਨੇ ਇਸ ਸਮੇਂ ਦੌਰਾਨ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਲੋਕਾਂ ਵਿਚ ਭਰਨ ਦੇ ਜਤਨ ਕੀਤੇ। ਵਿਵੇਕਾਨੰਦ ਅਨੁਸਾਰ ਰਾਸ਼ਟਰਵਾਦ ਦੀ ਭਾਵਨਾ 'ਧਰਮ' ਦੇ ਬੈਨਰ ਹੇਠ ਹੀ ਪੈਦਾ ਕੀਤੀ ਜਾ ਸਕਦੀ ਸੀ। ਉਸ ਅਨੁਸਾਰ, "ਸਾਡੀ ਮੁਤਬਰਕ ਪਰੰਪਰਾ ਸਾਡਾ ਧਰਮ ਹੀ ਹੈ ਜੋ ਕੌਮ ਦੀ ਸਿਰਜਣਾ ਦੀ ਸਾਂਝੀ ਬੁਨਿਆਦ ਬਣਦਾ ਹੈ। …ਏਕਤਾ ਹੀ ਧਰਮ ਹੈ, ਇਸ ਕਰਕੇ ਭਾਰਤ ਦੇ ਭਵਿਖ ਲਈ ਇਸਨੂੰ ਪਹਿਲੀ ਸ਼ਰਤ ਬਣਾਉਣਾ ਬੇਹਦ ਜ਼ਰੂਰੀ ਹੈ। ਦੇਸ਼ ਦੇ ਚਾਰੇ ਕੋਨਿਆਂ ਵਿਚ ਇਕੋ ਧਰਮ ਪ੍ਰਵਾਨ ਹੋਣਾ ਚਾਹੀਦਾ ਹੈ।" ਵਰਨਣਯੋਗ ਹੈ ਕਿ ਵਿਵੇਕਾਨੰਦ ਨੇ ਇਸ ਧਰਮ ਨੂੰ ਵੇਦਾਂਤ ਦਾ ਨਾਮ ਦਿਤਾ, ਜਿਹੜਾ ਕਿ ਬਹੁਤ ਹੀ ਛਲ ਭਰਪੂਰ ਸੀ।20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਹੀ ਭਾਰਤ ਅੰਦਰ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਨੇ ਜ਼ੋਰ ਫੜ ਲਿਆ, ਜਿਸ ਅਧੀਨ ਗਾਂਧੀ ਨੇ ਵਿਵੇਕਾਨੰਦ ਦੀ ਧਾਰਮਿਕ ਪਹੁੰਚ ਨੂੰ ਤਲਾਂਜਲੀ ਦੇ ਕੇ 'ਸਭਿਆਚਾਰ' ਨੂੰ ਮਹਤਵ ਦਿਤਾ। ਉਸ ਅਨੁਸਾਰ ਹਿੰਦੂ ਰਾਸ਼ਟਰਵਾਦ ਬਣਾਉਣ ਲਈ ਘਟ ਗਿਣਤੀਆਂ ਨੂੰ 'ਸਭਿਆਚਾਰ' ਦੇ ਬੈਨਰ ਹੇਠ ਹਿੰਦੂ ਮੁਖ ਧਾਰਾ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ, ਕਿਉਂਕਿ ਧਾਰਮਿਕ ਵਖਰੇਵਿਆਂ ਦੇ ਬਾਵਜੂਦ ਸਾਰੇ ਧਰਮਾਂ ਦਾ 'ਸਭਿਆਚਾਰ' ਸਾਂਝਾ ਸੀ। ਗਾਂਧੀ ਦੀ ਧਾਰਨਾ ਸੀ ਕਿ ਭਾਰਤ ਦੇ ਸਾਰੇ ਧਰਮਾਂ ਦੇ ਲੋਕ ਪਹਿਲੋ-ਪਹਿਲ ਹਿੰਦੂ ਹੀ ਸਨ, ਬਾਅਦ ਵਿਚ ਜੇਕਰ ਕਿਸੇ ਨੇ ਆਪਣਾ ਧਰਮ ਤਬਦੀਲ ਕਰ ਵੀ ਲਿਆਹ ਤਾਂ ਉਸਦਾ ਮੂਲ 'ਸਭਿਆਚਾਰ' ਤਬਦੀਲ ਨਹੀਂ ਹੋਇਆ।ਅਸਲ ਵਿਚ ਗਾਂਧੀ ਦੇ 'ਸਭਿਆਚਾਰ' ਵਾਲੇ ਪੈਂਤੜੇ ਪਿਛੇ ਉਸਦੀ ਕੂਟਨੀਤੀ ਅਤੇ ਸਿੱਖਾਂ ਪ੍ਰਤਿ ਉਸਦੀ ਨਫਰਤ ਕੰਮ ਕਰ ਰਹੀ ਸੀ। ਬੇਸ਼ਕ ਮੁਸਲਮਾਨਾਂ ਪ੍ਰਤਿ ਵੀ ਉਸਦਾ ਰੁਖ ਕੋਈ ਵਧੀਆ ਨਹੀਂ ਸੀ ਅਤੇ ਉਨ੍ਹਾਂ ਨੂੰ ਵੀ ਉਹ ਰਾਸ਼ਟਰਵਾਦੀ ਪਛਾਣ ਹੇਠ ਜਜ਼ਬ ਕਰਨਾ ਚਾਹੁੰਦਾ ਸੀ, ਪਰੰਤੂ ਫਿਰ ਵੀ ਮੁਸਲਮਾਨਾਂ ਨੂੰ ਗਾਂਧੀ ਵਖਰੇ ਧਰਮ ਦਾ ਧਾਰਨੀ ਮੰਨਦਾ ਸੀ। ਦੂਜੇ ਪਾਸੇ ਸਿੱਖਾਂ ਨੂੰ ਉਹ ਹਿੰਦੂ ਧਰਮ ਦਾ ਹੀ ਇਕ ਅੰਗ ਸਮਝਦਾ ਸੀ। ਇਸ ਸੌੜੀ ਸੋਚ ਅਧੀਨ ਹੀ ਉਸਨੇ ਆਪਣੇ ਇਕ ਪਰਚੇ Young India (ਯੰਗ ਇੰਡੀਆ, 1925) ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 'ਭੁਲੜ ਦੇਸ਼ ਭਗਤ' ਕਿਹਾ ਸੀ। ਉਸਦਾ ਕਹਿਣਾ ਸੀ ਕਿ, "ਸਿੱਖ ਗੁਰੂ ਸਾਹਿਬਾਨ ਬਾਰੇ ਮੇਰਾ ਇਹ ਵਿਸ਼ਵਾਸ ਹੈ ਕਿ ਉਹ ਸਾਰੇ ਹਿੰਦੂ ਸਨ। ਮੈਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਅਲਗ ਨਹੀਂ ਸਮਝਦਾ। ਮੈਂ ਇਸਨੂੰ ਹਿੰਦੂ ਵਾਦ ਦਾ ਹੀ ਅੰਗ ਸਮਝਦਾ ਹਾਂ।"ਰਾਸ਼ਟਰੀ ਭਾਵਨਾ ਦੇ ਮੁਦਈ, ਗਾਂਧੀ ਦੇ ਨਾਲ-ਨਾਲ ਨਹਿਰੂ ਸਮੇਤ ਕਈ ਪ੍ਰਮੁਖ ਹਿੰਦੂ ਆਗੂਆਂ ਨੇ ਵਾਹ ਲਗਦੀ ਸਿੱਖਾਂ ਨੂੰ ਬਦਨਾਮ ਕਰਨ ਤੇ ਉਨ੍ਹਾਂ ਪ੍ਰਤਿ ਫਿਰਕੂ ਸੋਚ ਦਾ ਪ੍ਰਗਟਾਵਾ ਕਰਨ ਲਈ ਕੋਈ ਢਿਲ ਨਾ ਛੱਡੀ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੈ ਕਿ ਹਿੰਦੂ ਆਗੂਆਂ ਦਾ ਮੁਸਲਮਾਨਾਂ ਅਤੇ ਸਿੱਖਾਂ ਪ੍ਰਤਿ ਰਵੱਈਆ ਬਿਲਕੁਲ ਵੀ ਠੀਕ ਨਹੀਂ ਸੀ। ਉਹ ਸਿੱਖਾਂ ਦੀ ਵਖਰੀ ਪਛਾਣ ਨੂੰ ਖੋਰਾ ਲਾ ਕੇ ਹਰ ਹਿਲੇ ਆਪਣੇ ਵਿਚ ਜਜ਼ਬ ਕਰਨਾ ਚਾਹੁੰਦੇ ਸਨ।ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਗਾਏ ਗਏ ਸਿੱਖ ਧਰਮ ਰੂਪੀ ਬੂਟੇ ਦੀ ਮਹਿਕ ਨੂੰ ਪੁਜਾਰੀ ਜਮਾਤ (ਬ੍ਰਾਹਮਣ) ਬਰਦਾਸ਼ਤ ਨਾ ਕਰਦੀ ਹੋਈ ਸਿੱਖ ਧਰਮ ਦੀ ਵਿਰੋਧੀ ਬਣ ਗਈ। ਮੌਜੂਦਾ ਸਮੇਂ ਦੌਰਾਨ ਇਹ ਵਿਰੋਧ ਐਨਾ ਜ਼ੋਰ ਫੜ ਚੁਕਾ ਹੈ ਕਿ ਸਿੱਖਾਂ ਦੀ ਹੋਂਦ ਉਨ੍ਹਾਂ ਲਈ ਖਤਰੇ ਦੀ ਘੰਟੀ ਪ੍ਰਤੀਤ ਹੁੰਦੀ ਹੈ। ਇਨ੍ਹ੍ਹਾਂ ਵਿਰੋਧੀਆਂ ਦਾ ਜਤਨ ਹੈ ਕਿ ਸਿੱਖ ਆਪਣੇ ਆਪ ਨੂੰ ਵਿਸ਼ਾਲ ਬਹੁ-ਗਿਣਤੀ ਅੰਦਰ ਸਮੋਇਆ ਗਿਆ ਸਮਝ ਕੇ ਆਪਣੇ ਵਖਰੇੇ ਹੋਣ ਨੂੰ ਭੁਲ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿਚ ਇਨ੍ਹਾਂ ਨੂੰ ਦੇਸ਼ ਦੇ ਦੁਸ਼ਮਣ ਗਰਦਾਨ ਕੇ, ਇਨ੍ਹਾਂ ਉਤੇ ਸਾਰੇ ਹਥਕੰਡੇ ਵਰਤੇ ਜਾਣ, ਜੋ ਕਿ ਕਿਸੇ ਵੀ ਦੁਸ਼ਮਣ ਨਾਲ ਵਰਤੇ ਜਾਂਦੇ ਹਨ। ਅਜਿਹਾ ਕਰਨ ਲਈ ਸਭ ਤੋਂ ਸੌਖਾ ਸਾਧਨ ਵਿਰੋਧੀ ਦਾ ਵਿਸਾਹਘਾਤ ਕਰਨਾ ਹੁੰਦਾ ਹੈ, ਜਿਸ ਲਈ ਸਮੇਂ ਦੀ ਹਕੂਮਤ ਨੇ ਉਹੋ ਕੁਝ ਕੀਤਾ ਅਤੇ ਕਰ ਰਹੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਵੇ।ਸਿੱਖ ਵਿਰੋਧੀਆਂ ਵਲੋਂ ਸਿੱਖਾਂ ਦੇ ਨਿਆਰੇਪਣ ਨੂੰ ਦਿਤੀ ਚੁਣੌਤੀ ਨੂੰ ਕਬੂਲਦਿਆਂ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਕਿਤਾਬ ਹਮ ਹਿੰਦੂ ਨਹੀਂ ਰਾਹੀਂ ਦੁਨੀਆਂ ਦੇ ਲੋਕਾਂ ਸਾਹਮਣੇ ਆਪਣੇ ਨਿਆਰਪੇਣ ਦੀ ਦਾਸਤਾਨ ਰਖੀ। ਜਦੋਂ ਸਿੱਖਾਂ ਨੇ ਇਹ ਜਾਣ ਲਿਆ ਕਿ ਸਿੱਖ ਇਕ ਵਖਰੀ ਕੌਮ ਹੈ ਤਾਂ ਹਿੰਦੂ ਬਹੁ-ਗਿਣਤੀ ਨੇ ਸਿੱਖਾਂ ਦੇ ਸਿਰ ਉਤੇ ਵਖਵਾਦੀ ਹੋਣ ਦਾ ਇਲਜ਼ਾਮ ਮੜ੍ਹ ਕੇ ਇਨ੍ਹਾਂ ਨੂੰ ਦੇਸ਼ ਧ੍ਰੋਹੀ, ਵਖਵਾਦੀ, ਅਤਿਵਾਦੀ, ਖਾਲਿਸਤਾਨੀ ਆਦਿ ਨਾਮ ਦੇਣੇ ਸ਼ੁਰੂ ਕਰ ਦਿਤੇ, ਜਿਹੜੇ ਕਿ ਪ੍ਰੈਸ ਰਾਹੀਂ ਹੋਰ ਜ਼ਿਆਦਾ ਭੰਡੇ ਗਏ। ਜਦੋਂ ਕਿ ਸਿੱਖਾਂ ਦਾ ਆਪਣੇ ਆਪ ਨੂੰ ਹਿੰਦੂਆਂ ਤੋਂ ਵਖਰਾ ਦਰਸਾਉਣਾ ਇਕ ਨਿਰੋਲ ਧਾਰਮਿਕ ਨੁਕਤਾ ਸੀ। ਨਰੈਣ ਸਿੰਘ ਨੇ ਇਸ ਸਬੰਧੀ Sunday Calcutta ਅਖਬਾਰ ਦੇ ਹਵਾਲੇ ਨਾਲ ਹਿੰਦੂਆਂ ਵਲੋਂ ਕਢੇ ਇਕ ਜਲੂਸ ਅੰਦਰ ਲਾਏ ਨਾਹਰਿਆਂ ਦਾ ਜ਼ਿਕਰ ਕੀਤਾ ਹੈ- ਕਛ ਕੰਘਾ ਤੇ ਕ੍ਰਿਪਾਨ ਇਨ ਕੋ ਭੇਜੋ ਪਾਕਿਸਤਾਨ॥ ਅਤੇ ਸਿਰ ਉਤੇ ਪਗੜੀ ਰਹਿਣ ਨਹੀਂ ਦੇਣੀ ਮੂੰਹ ਉਤੇ ਮੱਖੀ ਬਹਿਣ ਨੀ ਦੇਣੀ॥ (ਨਰੈਣ ਸਿੰਘ, ਕਿਉਂ ਕੀਤੋ ਵੇਸਾਹੁ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਪੰਨਾ 64)।ਗੁਰੂ ਸਾਹਿਬਾਨ ਵਲੋਂ ਕਥਿਤ ਨੀਵੇਂ ਲੋਕਾਂ ਨੂੰ ਉਚੇ ਚੁਕਣ ਕਾਰਨ ਹੌਲੇ-ਹੌਲੇ ਬ੍ਰਾਹਮਣੀ ਉਚ ਜਾਤੀਆਂ ਦੀ ਮਾਣ-ਪ੍ਰਤਿਸ਼ਠਤਾ ਘਟਣ ਲਗੀ। 1947 ਈ. ਦੀ ਦੇਸ਼ ਵੰਡ ਤੋਂ ਬਾਅਦ ਆਜ਼ਾਦ ਭਾਰਤ ਵਿਚ ਸਿੱਖਾਂ ਦੀ ਗਿਣਤੀ ਬਹੁਤ ਘਟ ਰਹਿ ਗਈ ਤੇ ਭਾਰਤ ਲਗਪਗ ਹਿੰਦੂ ਦੇਸ਼ ਬਣ ਗਿਆ, ਜਿਸ ਦੀ ਕੁਲ ਗਿਣਤੀ 82 ਫੀਸਦੀ ਸੀ। ਹਿੰਦੂ ਸਰਕਾਰ ਨੇ ਸਿੱਖਾਂ ਨੂੰ ਢਾਹ ਲਾਉਣ ਲਈ ਅਨੇਕਾਂ ਯੋਜਨਾਵਾਂ ਘੜੀਆਂ, ਜਿਵੇਂ ਪਛਮੀਂ ਪੰਜਾਬ ਤੋਂ ਆਏ ਸਿੱਖ ਪਰਿਵਾਰਾਂ ਦੇ ਭਾਰਤ ਅੰਦਰ ਵਸਣ ਦੇ ਟਿਕਾਣੇ ਨਿਯਤ ਕਰਨੇ, ਜਿਸ ਦੀ ਤਹਿ ਵਿਚ ਨੀਤੀ ਇਹ ਸੀ ਕਿ ਜਿਥੋਂ ਤਕ ਸੰਭਵ ਹੋਵੇ ਸਿੱਖਾਂ ਨੂੰ ਇਕਠੇ ਨਾ ਹੋਣ ਦਿਤਾ ਜਾਵੇ। ਜਿਨ੍ਹਾਂ ਜਿਲ੍ਹਿਆਂ, ਤਹਿਸੀਲਾਂ ਜਾਂ ਰਿਆਸਤਾਂ ਵਿਚ ਸਿੱਖ ਵਸੋਂ ਪਹਿਲੋਂ ਹੀ ਵਧੇਰੇ ਸੀ, ਉਥੇ ਪਛਮੀਂ ਇਲਾਕਿਆਂ ਤੋਂ ਆਏ ਹਿੰਦੂ ਵਸਾਏ ਗਏ ਅਤੇ ਸਿੱਖ ਸ਼ਰਨਾਰਥੀਆਂ ਨੂੰ ਹਿੰਦੂ ਬਹੁਸੰਮਤੀ ਵਾਲੇ ਇਲਾਕਿਆਂ ਵਿਚ ਭੇਜਿਆ ਗਿਆ।ਇਸ ਤੋਂ ਪਿਛੋਂ ਬੋਲੀਆਂ ਦੇ ਆਧਾਰ ਉਤੇ ਸੂਬਿਆਂ ਦੀ ਹਦ-ਬੰਦੀ ਦਾ ਸਵਾਲ ਛਿੜਿਆ ਤਾਂ ਵੀ ਪੰਜਾਬੀ ਬੋਲੀ ਨੂੰ ਨਾ ਮਾਨਤਾ ਦਿਤੀ ਗਈ ਅਤੇ ਨਾ ਹੀ ਇਸ ਦਾ ਵਖਰਾ ਸੂਬਾ ਬਣਾਇਆ ਗਿਆ। ਪੰਜਾਬੀ ਸੂਬਾ ਬਣਨ ਦਾ ਮਤਲਬ ਪੰਜਾਬ ਦੀ ਰਾਜ ਅਤੇ ਵਿਦਿਆ ਭਾਸ਼ਾ ਪੰਜਾਬੀ ਅਤੇ ਇਸ ਦੀ ਲਿਪੀ ਗੁਰਮੁਖੀ ਹੋਣਾ ਸੀ, ਜਿਸ ਨਾਲ ਸਿੱਖਾਂ ਦੇ ਧਰਮ ਪ੍ਰਚਾਰ ਵਿਚ ਵੀ ਵਾਧਾ ਹੋਣਾ ਸੁਭਾਵਿਕ ਸੀ। ਪਰੰਤੂ ਇਹ ਸਭ ਕੁਝ ਦੇਸ਼ ਦੀ ਹਿੰਦੂ ਜਾਤੀ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਪੰਜਾਬੀ ਅਤੇ ਗੁਰਮੁਖੀ ਵਧੇ ਫੁਲੇ। ਅਜਿਹੀ ਫਿਰਕੂ ਸੋਚ ਨੇ ਹੀ ਪੰਜਾਬ ਦੀ ਹਿੰਦੂ ਜਨਤਾ ਨੂੰ 1961 ਈ. ਦੀ ਮਰਦੁਮ ਸ਼ੁਮਾਰੀ ਵਿਚ ਆਪਣੀ ਭਾਸ਼ਾ ਹਿੰਦੀ ਲਿਖਵਾਉਣ ਲਈ ਮਜ਼ਬੂਰ ਕੀਤਾ।ਰਾਸ਼ਟਰਵਾਦੀਆਂ ਦੇ ਉਕਤ ਰਵਈਏ ਨੂੰ ਦੇਖਦੇ ਹੋਏ ਸਿੱਖਾਂ ਨੇ ਧਰਮ ਯੁਧ ਮੋਰਚਾ ਲਗਾ ਦਿਤਾ, ਜਿਸ ਨੂੰ ਖਤਮ ਕਰਨ ਲਈ ਸਮੇਂ ਦੀ ਸਰਕਾਰ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ, ਨੂੰ ਨਿਸ਼ਾਨਾ ਬਣਾਉਂਦੇ ਹੋਏ ਕਥਿਤ ਅਤਿਵਾਦੀਆਂ ਦਾ ਮੁਖੀ ਗਰਦਾਨਿਆ। ਇਸੇ ਸਾਜਿਜ਼ ਅਧੀਨ ਇੰਦਰਾ ਗਾਂਧੀ ਨੇ 3 ਜੂਨ, 1984 ਨੂੰ ਹਿੰਦੁਸਤਾਨੀ ਫੌਜ ਰਾਹੀਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਉਤੇ ਇਹ ਕਹਿ ਕੇ ਹਮਲਾ ਕਰਵਾ ਦਿਤਾ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਕਈ ਅਤਿਵਾਦੀ ਲੁਕੇ ਹੋਏ ਹਨ। ਇਸੇ ਦਿਨ 3 ਜੂਨ ਨੂੰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਗੁਰਪੁਰਬ ਮਨਾਉਣ ਲਈ ਸਿੱਖ ਸੰਗਤਾਂ ਦੂਰੋਂ-ਨੇੜਿਉਂ ਹੁੰਮ-ਹੁੰਮਾ ਕੇ ਪਹੁੰਚੀਆਂ ਹੋਈਆਂ ਸਨ। 3 ਜੂਨ, 1984 ਨੂੰ ਸਾਰੇ ਪੰਜਾਬ ਅੰਦਰ ਕਰਫਿਊ ਲਗਾ ਦਿਤਾ ਗਿਆ। ਪੰਜਾਬ ਨੂੰ ਪੂਰੀ ਤਰ੍ਹਾਂ ਰਹਿੰਦੇ ਸੰਸਾਰ ਨਾਲੋਂ ਤੋੜ ਦਿਤਾ ਗਿਆ।ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਸੰਗਤਾਂ ਨੂੰ ਫੌਜ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਦਿਤੇ ਬਿਨਾ ਗੋਲਾਬਾਰੀ ਸ਼ੁਰੂ ਕਰ ਦਿਤੀ। ਸਿਟੇ ਵਜੋਂ ਸੈਂਕੜੇ ਬੇਕਸੂਰ ਸ਼ਰਧਾਲੂ ਸਿੱਖ ਸ਼ਹੀਦ ਕਰ ਦਿਤੇ ਗਏ। ਲਗਾਤਾਰ ਤਿੰਨ ਦਿਨ ਇਹ ਗੋਲਾਬਾਰੀ ਜਾਰੀ ਰਹੀ, ਜਿਸ ਦੇ ਸਿਟੇ ਵਜੋਂ ਜੋ ਜਾਨੀ, ਮਾਲੀ, ਧਾਰਮਿਕ, ਸਭਿਆਚਾਰਕ ਤੇ ਇਤਿਹਾਸਕ ਨੁਕਸਾਨ ਹੋਇਆ ਅਤੇ ਜੋ ਬੇਅਦਬੀ ਸਿੱਖਾਂ ਦੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਈ, ਕਹਿਣ ਕਥਨ ਤੋਂ ਬਾਹਰ ਹੈ। ਇਥੇ ਹੀ ਬਸ ਨਹੀਂ, ਵੈਰੀਆਂ ਨੇ ਸਿੱਖਾਂ ਦੇ ਪਿਛਲੇ 400 ਸਾਲ ਦਾ ਸੰਭਾਲਿਆ ਖਜਾਨਾ ਹਥ-ਲਿਖਿਤ ਖਰੜੇ ਤੇ ਹੋਰ ਅਨਮੋਲ ਵਸਤਾਂ ਨੂੰ ਅਗਨ ਭੇਂਟ ਕਰਕੇ ਆਪਣੀ ਸੌੜੀ ਤੇ ਫਿਰਕੂ ਸੋਚ ਦਾ ਪੁਖਤਾ ਸਬੂਤ ਦਿਤਾ। ਇਸ ਤੋਂ ਇਲਾਵਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੀਆਂ ਦੁਰਲਭ ਪੁਸਤਕਾਂ ਫੌਜ ਨੇ ਚੁਕ ਕੇ ਕਿਸੇ ਅਗਿਆਤ ਸਥਾਨ ਉਤੇ ਪਹੁੰਚਾ ਦਿਤੀਆਂ, ਜਿਨ੍ਹਾਂ ਦਾ ਅਜ ਤਕ (2021) ਪਤਾ ਨਹੀਂ ਲਗ ਸਕਿਆ।ਅਸਲ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਅਖਤਿਆਰ ਕੀਤੀ ਗਈ ਨੀਤੀ ਸਦਕਾ ਸਾਕਾ ਨੀਲਾ ਤਾਰਾ ਦਾ ਮੁਖ ਮੰਤਵ ਸਿੱਖਾਂ ਦਾ ਸਮੂਹਿਕ ਕਤਲੇਆਮ (Genocide) ਕਰਨਾ ਸੀ। ਇੰਦਰਾ ਨੇ ਭਾਰਤੀ ਸਰਹਦਾਂ ਉਤੇ ਗੋਲੀ ਬਾਰੂਦ ਇਕਠਾ ਕਰਵਾਇਆ ਤਾਂ ਜੋ ਪਾਕਿਸਤਾਨ ਉਤੇ ਹਮਲਾ ਕਰਨ ਦੇ ਚੱਕਰ ਵਿਚ ਸਿੱਖ ਵਸੋਂ ਵਾਲੇ ਸਾਰੇ ਸਰਹੱਦੀ ਪਿੰਡ ਤੇ ਸ਼ਹਿਰ ਵੀ ਤਬਾਹ ਹੋ ਜਾਣ। ਭਾਰਤੀ ਫੌਜਾਂ ਨੇ 3 ਜੂਨ ਨੂੰ ਹੀ ਉਸੇ ਸਮੇਂ ਪੰਜਾਬ ਅੰਦਰ 40 ਹੋਰ ਵਖ-ਵਖ ਗੁਰਦੁਆਰਿਆਂ ਉਤੇ ਹਮਲਾ ਕੀਤਾ, ਜਿਸ ਤੋਂ ਕਿ ਸਰਕਾਰ ਦੇ ਖਤਰਨਾਕ ਮਨਸੂਬਿਆਂ ਬਾਰੇ ਸਾਫ ਪਤਾ ਚਲਦਾ ਹੈ।ਸੰਤ ਜਰਨੈਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਬਹਾਦਰੀ ਨਾਲ ਸੈਨਾ ਦਾ ਮੁਕਾਬਲਾ ਕੀਤਾ, ਜਿਸ ਵਿਚ ਸੈਨਾ ਦਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ। ਦੋ ਦਿਨ ਲਗਾਤਾਰ ਭਾਰਤੀ ਫੌਜਾਂ ਨੇ ਮਸ਼ੀਨ ਗੰਨਾਂ, ਮਾਰਟਰ ਗੰਨਾਂ, ਰਾਕਟਾਂ ਨਾਲ ਗੋਲਾਬਾਰੀ ਕੀਤੀ ਤੇ ਸੋਚਿਆ ਕਿ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀ ਡਰ ਕੇ ਆਤਮ ਸਮਰਪਣ ਕਰ ਦੇਣਗੇ। ਪਰੰਤੂ ਭਾਰਤੀ ਫੌਜ ਦੇ ਇਹ ਮਨਸੂਬੇ ਪੂਰੇ ਨ ਹੋ ਸਕੇ, ਬਲਕਿ 6 ਜੂਨ ਨੂੰ ਭਾਰਤੀ ਫੌਜ ਨੇ 13 ਟੈਂਕ ਸ੍ਰੀ ਦਰਬਾਰ ਸਾਹਿਬ ਵਿਚ ਲਿਆਉਂਦੇ, ਜਿਨ੍ਹਾਂ ਵਿਚੋਂ 7 ਟੈਂਕ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਦਾਖਲ ਕੀਤੇ ਗਏ। 7 ਜੂਨ ਨੂੰ ਸ਼ਾਮ ਦੀਆਂ ਖਬਰਾਂ ਵਿਚ ਭਾਰਤੀ ਫੌਜ ਦੇ ਇਕ ਅਫਸਰ (ਲੈਫ. ਕਰਨਲ ਇਸਰਾਰ ਅਹਿਮਦ) ਨੇ ਬਿਆਨ ਦਿਤਾ ਕਿ ਉਹ ਸਾਰੇ (ਸਿੰਘ) ਲੜਦੇ ਹੋਏ ਮਾਰੇ ਗਏ ਅਤੇ ਕਿਸੇ ਇਕ ਨੇ ਵੀ ਹਥਿਆਰਾਂ ਨਾਲ ਆਤਮ-ਸਮਰਪਣ ਨਹੀਂ ਕੀਤਾ।ਜਰਨਲ ਕੇ.ਐਸ.ਬਰਾੜ, ਜਿਸ ਨੂੰ ਕਿ ਫੌਜ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ, ਨੂੰ ਇਸ ਗਲ ਦਾ ਦ੍ਰਿੜ ਵਿਸ਼ਵਾਸ ਸੀ ਕਿ ਸਾਰੇ ਸਿੱਖ ਦੋ ਘੰਟਿਆਂ ਵਿਚ ਹੀ ਆਤਮ ਸਮਰਪਣ ਕਰ ਦੇਣਗੇ। ਇਹ ਵਿਚਾਰ ਉਸਨੇ3 ਜੂਨ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਗਦੇਵ ਸਿੰਘ ਨਾਲ ਇਕ ਖਾਸ ਮੁਲਾਕਾਤ ਸਮੇਂ ਪੇਸ਼ ਕੀਤੇ। ਜਦੋਂ ਜਦਗੇਦ ਸਿੰਘ ਨੇ ਪੂਰਨ ਵਿਸ਼ਵਾਸ ਨਾਲ ਇਹ ਕਿਹਾ ਕਿ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਨਹੀਂ ਕਰਨਗੇ ਤਾਂ ਅਗੋਂ ਜਰਨਲ ਬਰਾੜ ਨੇ ਬੜੇ ਹੰਕਾਰ ਨਾਲ ਜਵਾਬ ਦਿਤਾ ਕਿ ਚਲਦੇ ਟੈਂਕਾਂ, ਕੂਕਦੇ ਜਹਾਜ਼ਾਂ ਅਤੇ ਚਲਦੀਆਂ ਗੋਲੀਆਂ ਦੀਆਂ ਆਵਾਜ਼ਾਂ ਬਹਾਦਰ ਤੋਂ ਬਹਾਦਰ ਕਮਾਂਡਰਾਂ ਨੂੰ ਡਰ ਨਾਲ ਕੰਬਣ ਲਾ ਦਿੰਦੀਆਂ ਹਨ। ਉਹ ਉਨ੍ਹਾਂ ਨੂੰ ਬੜੀ ਅਸਾਨੀ ਨਾਲ ਫੜ ਲੈਣਗੇ। ਡਿਪਟੀ ਕਮਿਸ਼ਨਰ ਸ.ਜਗਦੇਵ ਸਿੰਘ ਨੇ ਸਰਕਾਰ ਦੇ ਧਿਆਨ ਵਿਚ ਇਹ ਗਲ ਲਿਆਉਂਦੀ ਕਿ ਲੋਕ ਸਰਕਾਰ ਦੀਆਂ ਹੋਰ ਵਧੀਕੀਆਂ ਨੂੰ ਸਮੇਂ ਦੇ ਬੀਤਣ ਨਾਲ ਭੁਲ ਸਕਦੇ ਹਨ, ਪਰੰਤੂ ਸ੍ਰੀ ਦਰਬਾਰ ਸਾਹਿਬ ਉੁਪਰ ਕੀਤਾ ਹਮਲਾ ਲੋਕਾਂ ਦੀ ਚੇਤੰਨਤਾ ਵਿਚ ਸਦੀਆਂ ਬਧੀ ਵਸਿਆ ਰਹੇਗਾ। (Ram Narayan Kumar, The Sikh Unrest and the Indian State, 1997, P-180-83)ਸਰਕਾਰ ਅਤੇ ਫੌਜ ਦੁਆਰਾ ਲਗਾਏ ਗਏ ਸਾਰੇ ਹਿਸਾਬ-ਕਿਤਾਬ ਗਲਤ ਸਾਬਤ ਹੋਏ ਅਤੇ ਤਿੰਨ ਦਿਨਾਂ ਦੀ ਲਗਾਤਾਰ ਗੋਲੀ-ਬਾਰੀ ਵਿਚ ਭਾਰਤੀ ਫੌਜ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ ਅਤੇ ਕਈ ਜਖਮੀ ਹੋ ਗਏ। ਰਾਜੀਵ ਗਾਂਧੀ ਨੇ ਬਾਅਦ ਵਿਚ ਆਪਣੇ ਇਕ ਭਾਸ਼ਣ ਵਿਚ ਇਨ੍ਹਾਂ ਮਾਰੇ ਗਏ ਸੈਨਿਕਾਂ ਦੀ ਗਿਣਤੀ 700 ਦਸੀ ਸੀ। ਇਸ ਹਮਲੇ ਤੋਂ ਇਕ ਦਮ ਬਾਅਦ ਫੌਜੀ ਪ੍ਰਬੰਧਕਾਂ ਨੇ ਇਹ ਸ਼ਿਕਾਇਤ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਸੰਤਾਂ ਵਲੋਂ ਤਿਅਰੀਆਂ ਦਾ ਵੇਰਵਾ ਸਬੰਧਤ ਪ੍ਰਬੰਧਕੀ ਢਾਂਚੇ ਨੇ ਪੂਰੀ ਤਰ੍ਹਾਂ ਨਹੀਂ ਦਿਤਾ ਸੀ।31 ਜੁਲਾਈ, 1984 ਦੇ ਇੰਡੀਆ ਟੂਡੇ ਦੇ ਅੰਕ ਵਿਚ ਅਮਰੀਕ ਸਿੰਘ ਪੂਨੀ, ਗ੍ਰਹਿ ਸਕੱਤਰ, ਪੰਜਾਬ ਅਤੇ ਹੋਰ ਪੰਜਾਬ ਦੇ ਉਚ ਅਧਿਕਾਰੀਆਂ ਨੇ ਇਹ ਸਾਫ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਫੌਜ ਨੂੰ ਪੂਰੀ ਜਾਣਕਾਰੀ ਪ੍ਰਦਾਨ ਕੀਤੀ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਫੌਜੀ ਅਧਿਕਾਰੀ ਆਪਣੀ ਵਡੀ ਸ਼ਰਮਨਾਕ ਹਾਰ, ਨਾਕਾਮਯਾਬੀ ਤੇ ਨੁਕਸਾਨ ਉਤੇ ਪੜਦਾ ਪਾਉਣ ਲਈ ਬਹਾਨੇ ਘੜ ਰਹੇ ਹਨ। ਕੇ.ਐਸ ਬਰਾੜ ਲਿਖਦਾ ਹੈ ਕਿ, ਇਸ ਫੌਜੀ ਹਮਲੇ ਦਾ ਨਤੀਜਾ ਇਹ ਹੋਇਆ ਕਿ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਕਿ ਸੰਤਾਂ ਨੂੰ ਘ੍ਰਿਣਾ ਕਰਦੇ ਸਨ ਤੇ ਉਨ੍ਹਾਂ ਦੀ ਨਿੰਦਾ ਕਰਦੇ ਸਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਾਤੋ-ਰਾਤ ਹੀਰੋ ਬਣ ਗਏ (Operation Blue Star : The True Story, ਪੰਨਾ 127)।ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਚਮੁਚ ਇਹ ਜੰਗ ਬੜੀ ਬਹਾਦਰੀ ਨਾਲ ਜਿਤੇ, ਕਿਉਂਕਿ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ, ਬਲਕਿ ਲੜਦੇ-ਲੜਦੇ ਸ਼ਹੀਦ ਹੋ ਗਏ। ਇਹ ਬੜੀ ਹੈਰਾਨੀ ਵਾਲੀ ਗਲ ਹੈ ਕਿ ਕਈ ਨਾ ਸਮਝ ਸਿੱਖ ਸੰਤ ਜਰਨੈਲ ਸਿੰਘ ਉਤੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਕਾਰਨ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਹੋਈ, ਕਿ ਉਨ੍ਹਾਂ ਨੂੰ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਵਿਚੋਂ ਬਾਹਰ ਆ ਜਾਣਾ ਚਾਹੀਦਾ ਸੀ ਅਤੇ ਬਾਹਰ ਹੀ ਲੜਣਾ ਚਾਹੀਦਾ ਸੀ। ਉਹ ਭਲੇ ਲੋਕ ਇਹ ਨਹੀਂ ਸਮਝਦੇ ਕਿ ਭਿੰਡਰਾਂਵਾਲੇ ਦੀ ਕੋਈ ਅਜਿਹੀ ਇਛਾ ਨਹੀਂ ਸੀ ਕਿ ਉਹ ਭਾਰਤੀ ਫੌਜਾਂ ਨਾਲ ਲੜਨ। ਉਹ ਤਾਂ ਕੇਵਲ ਧਰਮ ਪ੍ਰਚਾਰ ਵਿਚ ਰੁਝੇ ਹੋਏ ਸਨ ਅਤੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸਨ।ਹਾਲਾਤ ਹੀ ਉਸ ਸਮੇਂ ਕੁਝ ਐਸੇ ਬਣ ਗਏ ਸਨ ਕਿ ਸੰਤ ਜਰਨੈਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਧਰਮ ਯੁਧ ਮੋਰਚਾ ਆਰੰਭ ਕਰਨਾ ਪਿਆ। ਉਸ ਮੋਰਚੇ ਦੀਆਂ ਮੰਗਾਂ ਨੂੰ (ਆਨੰਦਪੁਰ ਸਾਹਿਬ ਦਾ ਮਤਾ) ਨਾ ਮੰਨ ਕੇ ਸਰਕਾਰ ਸੰਤਾਂ ਨੂੰ ਅਤੇ ਧਰਮ ਯੁਧ ਮੋਰਚੇ ਨੂੰ ਹਥਿਆਰਾਂ ਦੀ ਧੌਂਸ ਨਾਲ ਨਪਣਾ ਚਾਹੁੰਦੀ ਸੀ। ਪਰੰਤੂ ਜਿਸ ਬਹਾਦਰੀ ਅਤੇ ਦਲੇਰੀ ਨਾਲ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤੀ ਫੌਜ ਦਾ ਟਾਕਰਾ ਕੀਤਾ, ਉਸ ਜਜ਼ਬੇ ਨੇ ਅਠਾਰਵੀਂ ਸਦੀ ਦੇ ਸਿੱਖਾਂ ਵਾਲੀ ਸੂਰਬੀਰਤਾ ਮੁੜ ਸੁਰਜੀਤ ਕਰ ਦਿਤੀ ।
Posted By:
