ਭਾਜਪਾ ਵਿਚ ਜਾ ਕੇ ਲੀਡਰ ਏਨੇ ਬੇਗ਼ੈਰਤ ਕਿਉਂ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਅਪਣੀ ਕੌਮ ਨੂੰ ਗਾਲਾਂ ਕੱਢਣ ਵਾਲੇ ਵੀ ਨਾਇਕ ਲਗਦੇ ਹਨ
- ਸੰਪਾਦਕੀ
- 25 Mar,2025

ਭਾਜਪਾ ਵਿਚ ਜਾ ਕੇ ਲੀਡਰ ਏਨੇ ਬੇਗ਼ੈਰਤ ਕਿਉਂ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਅਪਣੀ ਕੌਮ ਨੂੰ ਗਾਲਾਂ ਕੱਢਣ ਵਾਲੇ ਵੀ ਨਾਇਕ ਲਗਦੇ ਹਨ
ਅਮਿਤ ਸ਼ਾਹ ਇਕ ਅਜਿਹਾ ਗ੍ਰਹਿ ਮੰਤਰੀ ਬਣ ਗਿਆ ਹੈ ਜਿਸ ਨੇ ਇਕ-ਇਕ ਕਰਕੇ ਦੇਸ਼ ਦੀਆਂ ਸਾਰੀਆਂ ਘੱਟਗਿਣਤੀਆਂ ਦੇ ਨਾਇਕਾਂ, ਧਾਰਮਕ ਗ੍ਰੰਥਾਂ, ਗੁਰੂਆਂ, ਪੀਰਾਂ-ਪੈਗ਼ੰਬਰਾਂ ਅਤੇ ਚੰਗੇ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਦਾ ਸ਼ਰਫ਼ ਹਾਸਲ ਕਰ ਲਿਆ ਹੈ। ਕਦੇ ਨਮਾਜ਼ ਤੇ ਅਜ਼ਾਨ ਉਤੇ ਨਫ਼ਰਤੀ ਬਿਆਨਬਾਜ਼ੀ, ਕਦੇ ਡਾ. ਭੀਮ ਰਾਉ ਅੰਬੇਦਕਰ ਬਾਰੇ ਤਿੱਖੀਆਂ ਟਿਪਣੀਆਂ ਅਤੇ ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਨਫ਼ਰਤੀ ਤੇ ਹੰਕਾਰ ਭਰੇ ਲਫ਼ਜ਼ ਵਰਤ ਕੇ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸ਼ਬਦ ਗੁਰੂ ਅਪਮਾਣ ਕੀਤਾ ਹੈ। ਗ੍ਰਹਿ ਮੰਤਰੀ ਇਹ ਸਾਰਾ ਕੁੱਝ ਸੰਸਦ ਵਿਚ ਬੋਲਦਾ ਰਿਹਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਕੌਮ ਵਿਰੁਧ ਗ੍ਰਹਿ ਮੰਤਰੀ ਜ਼ਹਿਰੀ ਸ਼ਬਦਾਵਲੀ ਵਰਤਦਾ ਹੈ, ਉਸੇ ਕੌਮ ਦੇ ਲੋਕ ਉਸ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕਰਦੇ ਹਨ। ਅਜਿਹਾ ਕੰਮ ਪਹਿਲਾਂ ਮੁਸਲਿਮ ਨੇਤਾਵਾਂ ਵਲੋਂ ਕੀਤਾ ਜਾਂਦਾ ਸੀ ਪਰ ਅੱਜ ਕੱਲ ਮੁਸਲਮਾਨ ਤਾਂ ਸਿਆਸੀ ਤੌਰ ਤੇ ਹਾਸ਼ੀਏ ਉਤੇ ਚਲੇ ਗਏ ਤੇ ਹੁਣ ਕੋਈ ਨਿੱਕਾ-ਮੋਟਾ ਮੁਸਲਿਮ ਵੀ ਅੰਮਿਤ ਸ਼ਾਹ ਵਰਗੇ ਨੇਤਾਵਾਂ ਨੂੰ ਸਨਮਾਨਤ ਕਰਨ ਬਾਰੇ ਨਹੀਂ ਸੋਚਦਾ। ਹੁਣ ਇਹ ਕੰਮ ਸਿੱਖ ਵੱਡੇ ਪੈਮਾਨੇ ਉਤੇ ਕਰ ਰਹੇ ਹਨ। ਸਿੱਖ ਨੇਤਾ ਭਾਜਪਾਈਆਂ ਨਾਲ ਹੱਥ ਮਿਲਾਉਣ ਨੂੰ ਕਾਹਲੇ ਹਨ। ਕੱਟੜ ਤੋਂ ਕੱਟੜ ਅਤੇ ਪੰਥ-ਪ੍ਰਸਤ ਮੰਨਿਆ ਜਾਂਦਾ ਸਿੱਖ ਵੀ ਭਾਜਪਾ ਦੀ ਉਂਗਲ ਫੜਨ ਨੂੰ ਤੜਪ ਰਿਹਾ ਹੈ। ਉਂਗਲ ਫੜਨ ਤੋਂ ਬਾਅਦ ਉਸ ਅੰਦਰੋਂ ਪੰਥ-ਪ੍ਰਸਤੀ ਅਲੋਪ ਹੋ ਰਹੀ ਹੈ ਅਤੇ ਉਸ ਨੂੰ ਸਿੱਖੀ ਅਤੇ ਸਿੱਖ ਨਾਇਕਾਂ ਵਿਰੁਧ ਕੀਤਾ ਗਿਆ ਪ੍ਰਚਾਰ ਨਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਸੁਣਾਈ ਦਿੰਦਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਲੀਡਰ ਕੁੱਝ ਅਰਸਾ ਪਹਿਲਾਂ ਸਿੱਖਾਂ ਦੇ ਹੱਕ ਵਿਚ ਨਿਡਰਤਾ ਤੇ ਦਲੇਰੀ ਨਾਲ ਅਵਾਜ਼ ਬੁਲੰਦ ਕਰਦੇ ਸਨ ਪਰ ਜਦ ਤੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਉਤੇ ਭਾਜਪਾ ਸਮਰਥਕ ਸਿੱਖਾਂ ਦਾ ਕਬਜ਼ਾ ਹੋਇਆ ਹੈ, ਉਦੋਂ ਤੋਂ ਉਨ੍ਹਾਂ ਨੂੰ ਭਾਜਪਾ ਤੋਂ ਕੋਈ ਸ਼ਿਕਾਇਤ ਨਹੀਂ ਰਹੀ। ਦੇਸ਼ ਦੀ ਰਾਜਧਾਨੀ ਵਿਚੋਂ ਸਿੱਖਾਂ ਦੇ ਹੱਕ ਵਿਚ ਆਵਾਜ਼ ਉੱਠਣੀ ਤਕਰੀਬਨ-ਤਕਰੀਬਨ ਬੰਦ ਹੋ ਚੁੱਕੀ ਹੈ। ਅਵਾਜ਼ ਚੁੱਕਣ ਵਾਲੇ ਸਿੱਖ ਲੀਡਰਾਂ ਨੂੰ ਭਾਜਪਾ ਇਕ ਟੋਕਰੇ ਵਿਚ ਰੱਖਣ ਤੋਂ ਬਾਅਦ ਪੂਰੇ ਦੇਸ਼ ਵਿਚ ਗੇੜਾ ਦੇ ਚੁੱਕੀ ਹੈ ਅਤੇ ਇਹ ਵੀ ਸਪੱਸ਼ਟ ਕਰ ਚੁੱਕੀ ਹੈ ਕਿ ਹੁਣ ਜੋ ਮਰਜ਼ੀ ਆਖੀ ਜਾਉ, ਇਹ ਸਿੱਖ ਕੁੱਝ ਨਹੀਂ ਬੋਲਣਗੇ। ਅਮਿਤ ਸ਼ਾਹ ਨੇ ਸੰਸਦ ਵਿਚ ਖਲੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਾਕਾਬਲ-ਇ-ਬਰਦਾਸ਼ਤ ਟਿਪਣੀਆਂ ਕੀਤੀਆਂ ਹਨ ਪਰ ਦਿੱਲੀ ਦੇ ਸਿੱਖ ਕੁੱਝ ਨਹੀਂ ਬੋਲੇ। ਖ਼ਾਸ ਤੌਰ ਮਨਜਿੰਦਰ ਸਿੰਘ ਸਿਰਸਾ ਜਿਹੜਾ ਭਾਜਪਾ ਦਾ ਬਰੈਂਡ ਅੰਬੈਸਡਰ ਹੈ, ਨੂੰ ਵੀ ਤੰਦੂਆ ਪੈ ਗਿਆ। ਸਿੱਖ ਬਹੁ-ਗਿਣਤੀ ਵਾਲੇ ਰਾਜ ਪੰਜਾਬ ਦੀ ਸਰਕਾਰ ਵੀ ਅਮਿਤ ਸ਼ਾਹ ਅੱਗੇ ਬੌਣੀ ਹੈ, ਉਸ ਵਿਚ ਵੀ ਦਮ ਨਹੀਂ ਰਿਹਾ ਕਿ ਉਹ ਵਿਧਾਨ ਸਭਾ ਵਿਚ ਨਿੰਦਾ ਮਤਾ ਹੀ ਪਾਸ ਕਰ ਦੇਵੇ। ਪੰਜਾਬ ਵਿਚ ਵੀ ਭਾਜਪਾ ਦੇ ਇਸ਼ਾਰੇ ਉਤੇ ਕਾਰਜ ਕਰਨ ਵਾਲੇ ਸਿੱਖ ਲੀਡਰ ਸਰਗਰਮ ਹੋ ਚੁੱਕੇ ਹਨ, ਉਹ ਜਲਦ ਤੋਂ ਜਲਦ ਪੰਜਾਬ ਦਾ ਸਾਰਾ ਕੁੱਝ ਭਾਜਪਾ ਹਵਾਲੇ ਕਰਕੇ ਜ਼ਿੰਮੇਦਾਰੀਆਂ ਤੋਂ ਫ਼ਾਰਗ਼ ਹੋਣਾ ਚਾਹੁੰਦੇ ਹਨ। ਇਹ ਸਿੱਖ ਸਿਆਸਤ ਦੀ ਸਭ ਤੋਂ ਵੱਡੀ ਗਿਰਾਵਟ ਦੀ ਨਿਸ਼ਾਨੀ ਹੈ। ਭਾਜਪਾ ਹੌਲੀ-ਹੌਲੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਖ਼ਤਮ ਵੀ ਕਰੇਗੀ ਅਤੇ ਫ਼ਜ਼ੂਲ ਦੀ ਬਿਆਨਬਾਜ਼ੀ ਵੀ ਕਰਦੀ ਰਹੇਗੀ। ਭਾਜਪਾ ਇਹ ਕੰਮ ਲੋਭੀ ਅਤੇ ਝਾੜੂਬਰਦਾਰ ਕਿਸਮ ਦੇ ਸਿੱਖ ਲੀਡਰਾਂ ਦਾ ਸਹਾਰਾ ਲੈ ਕੇ ਕਰਦੀ ਰਹੇਗੀ ਜਿਵੇਂ ਪਹਿਲਾਂ ਸ਼ਾਹ ਨਵਾਜ਼ ਹੁਸੈਨ ਅਤੇ ਮੁਖ਼ਤਾਰ ਅੱਬਾਸ ਨਕਵੀ ਵਰਗੇ ਕਾਗ਼ਜ਼ੀ ਮੁਸਲਿਮ ਲੀਡਰਾਂ ਨੂੰ ਵਰਤੇ ਕੇ ਭਾਜਪਾ ਨੇ ਮੁਸਲਮਾਨਾਂ ਨੂੰ ਖ਼ਤਮ ਕੀਤਾ ਹੈ।
ਜ਼ਾਹਿਦਾ ਸੁਲੇਮਾਨ
Posted By:

Leave a Reply