ਪੰਜਾਬ ’ਚ ਹੁਣ ਇਕੱਲੇ ਪਿਤਾ ਨੂੰ ਵੀ ਮਿਲੇਗਾ ਚਾਈਲਡ ਕੇਅਰ ਲੀਵ ਦਾ ਲਾਭ
- ਕਨੂੰਨ
- 23 Apr,2025

ਚੰਡੀਗੜ੍ਹ, 23 ਅਪਰੈਲ, ਨਜ਼ਰਾਨਾ ਟਾਈਮਜ਼ ਬਿਊਰੋ
ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖਭਾਲ ਕਰਦਿਆਂ ਚਾਈਲਡ ਕੇਅਰ ਲੀਵ ਦੇ ਪ੍ਰਬੰਧਾਂ ਵਿੱਚ ਸੋਧ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਸਿਫਾਰਿਸ਼ ਕੀਤੀ ਕਿ ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪਿਤਾ ਨੂੰ ਵੀ ਮਿਲ ਸਕੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਗੰਭੀਰ ਅਪਾਹਜਤਾ ਵਾਲੇ 40 ਫ਼ੀਸਦੀ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਸ੍ਰੀ ਚੀਮਾ ਨੇ ਕਿਹਾ ਕਿ ਇਹ ਸੋਧਾਂ ਕੰਮਕਾਜੀ ਮਾਪਿਆਂ, ਖਾਸ ਤੌਰ ’ਤੇ ਬੱਚਿਆਂ ਦੀ ਦੇਖਭਾਲ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਚਾਈਲਡ ਕੇਅਰ ਲੀਵ ਪਾਲਿਸੀ ਸਿਰਫ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚੇ ਵਾਲੀਆਂ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਸੀ।
ਇਸ ਸੁਵਿਧਾ ਨੇ ਕੰਮਕਾਜੀ ਮਾਵਾਂ ਨੂੰ ਭਾਵੇਂ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ, ਪਰ ਇਹ ਸਹੂਲਤ ਵਿਭਿੰਨ ਪਰਿਵਾਰਕ ਢਾਂਚਿਆਂ ਅਤੇ ਖਾਸ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਇਕੱਲੇ ਪਿਤਾ ਅਤੇ ਗੰਭੀਰ ਅਪਾਹਜਤਾ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਲਈ ਨਾਕਾਫੀ ਸੀ। ਇਸ ਲਈ ਸੂਬਾ ਸਰਕਾਰ ਨੇ ਚਾਈਲਡ ਕੇਅਰ ਲੀਵ ਦੇ ਪ੍ਰਬੰਧਾਂ ਵਿੱਚ ਦੋ ਅਹਿਮ ਸੋਧਾਂ ਪੇਸ਼ ਕੀਤੀਆਂ ਹਨ।
ਪਹਿਲੀ ਸੋਧ ਵਿੱਚ ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪੁਰਸ਼ ਮਾਪੇ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਹ ਵਿਅਕਤੀ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੋਵੇ ਜਾਂ ਤਲਾਕਸ਼ੁਦਾ ਪਿਤਾ ਅਤੇ ਅਣਵਿਆਹੇ ਪਿਤਾ ਸ਼ਾਮਲ ਹਨ। ਦੂਜੀ ਸੋਧ ਤਹਿਤ ਸਰਕਾਰ ਨੇ ਗੰਭੀਰ ਅਪਾਹਜਤਾ ਵਾਲੇ 40 ਪ੍ਰਤੀਸ਼ਤ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।
Posted By:

Leave a Reply