ਆਮ ਆਦਮੀ ਪਾਰਟੀ ਵੀ ਅਕਾਲੀ ਦਲ ਵਾਂਗ ਹਾਸ਼ੀਏ 'ਤੇ ਜਾਣ ਲੱਗੀ- ਡਿੰਪਾ

ਆਮ ਆਦਮੀ ਪਾਰਟੀ ਵੀ ਅਕਾਲੀ ਦਲ ਵਾਂਗ ਹਾਸ਼ੀਏ 'ਤੇ ਜਾਣ ਲੱਗੀ- ਡਿੰਪਾ

ਹਲਕਾ ਪੂਰਬੀ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

ਰਾਕੇਸ਼ ਨਈਅਰ ਚੋਹਲਾ

ਅੰਮ੍ਰਿਤਸਰ,6 ਜੁਲਾਈ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਗਿੱਲ ਡਿੰਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਵਾਂਗ ਹਾਸ਼ੀਏ 'ਤੇ ਚਲੇ ਗਈ ਹੈ ਅਤੇ ਪੰਜਾਬ ਦੇ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ।ਅੱਜ ਹਲਕਾ ਪੂਰਬੀ ਦੇ ਨਿਯੁਕਤ ਕੀਤੇ ਕੋਆਰਡੀਨੇਟਰ ਸ੍ਰੀ ਵਿਕਾਸ ਸੋਨੀ ਦੀ ਹਾਜਰੀ ਵਿਚ ਹਲਕਾ ਪੂਰਬੀ ਦੇ ਬਲਾਕ ਪੱਧਰ ਅਤੇ ਬੂਥ ਪੱਧਰ ਦੇ ਕਾਂਗਰਸੀ ਵਰਕਰਾਂ ਦੀ ਕੀਤੀ ਗਈ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਡਿੰਪਾ ਨੇ ਕਿਹਾ ਕਿ ਅੱਜ ਪੰਜਾਬ ਦੀ ਅਵਾਮ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਵੇਖਣ ਲਈ ਤਤਪਰ ਨਜ਼ਰ ਆ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤਰਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ।ਉਹਨਾਂ ਕਿਹਾ ਕਿ ਲੋਕਾਂ ਨੂੰ ਬਦਲਾਓ ਦਾ ਝੂਠਾ ਵਾਅਦਾ ਕਰਕੇ ਸੱਤਾ ਵਿਚ ਆਈ ਇਸ ਪਾਰਟੀ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ ਹਨ ਅਤੇ ਉਲਟਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ 'ਆਪ' ਨੇ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ ਅਤੇ ਪੰਜਾਬ ਸਿਰ ਲੱਖਾਂ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੈ।ਉਹਨਾਂ ਕਿਹਾ ਪੰਜਾਬੀਆਂ ਦੇ ਪੈਸੇ ਉਪਰ ਦਿੱਲੀ ਤੋਂ ਨਕਾਰੇ ਲੋਕ ਹੈਲੀਕਾਪਟਰਾਂ ਉਪਰ ਨਜ਼ਾਰੇ ਲੈ ਰਹੇ ਹਨ। ਉਹਨਾਂ ਕਿਹਾ ਇਹ ਪਹਿਲੀ ਸਰਕਾਰ ਹੈ ਜਿਥੇ ਮੁੱਖ ਮੰਤਰੀ ਉਦਘਾਟਨ ਆਪ ਨਹੀਂ ਨਕਾਰੇ ਹੋਏ ਲੋਕਾਂ ਕੋਲੋਂ ਕਰਵਾ ਰਿਹਾ ਹੈ।

ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਹੁਣ ਇਹਨਾਂ ਦੇ ਦਿਨ ਲੰਘ ਗਏ ਹਨ ਅਤੇ ਤਕੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ ਤਾਂ ਜੋ ਪੰਜਾਬ ਨੂੰ ਇਹਨਾਂ ਲੁਟੇਰਿਆਂ ਤੋਂ ਮੁਕਤ ਕਰਕੇ ਮੁੜ ਵਿਕਸਤ ਪੰਜਾਬ ਬਣਾਇਆ ਜਾਵੇ।ਉਹਨਾਂ ਕਿਹਾ 'ਆਪ' ਸਰਕਾਰ ਹਰ ਵਾਅਦੇ ਤੋਂ ਭੱਜੀ ਹੈ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਇਕ ਹੈ। ਜਸਬੀਰ ਸਿੰਘ ਗਿੱਲ ਡਿੰਪਾ ਨੇ ਹਲਕੇ ਵਿੱਚ ਕਾਂਗਰਸ ਵਰਕਰਾਂ ਤੇ ਅਹੁਦੇਦਾਰਾਂ ਨੂੰ ਇਕਜੁੱਟ ਹੋ ਕੇ ਜ਼ਮੀਨੀ ਪੱਧਰ 'ਤੇ ਮਿਹਨਤ ਕਰਕੇ ਅੰਮ੍ਰਿਤਸਰ ਹਲਕਾ ਪੂਰਬੀ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਦਾ ਵਿਸ਼ਵਾਸ ਜਤਾਇਆ।ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਦੇ ਕੌਂਸਲਰ ਮਿੱਠੂ ਮਦਾਨ,ਕੌਂਸਲਰ ਰਾਜੀਵ ਛਾਬੜਾ,ਕੌਂਸਲਰ ਅੰਮ੍ਰਿਤਪਾਲ ਸਿੰਘ,ਲੱਕੀ ਸੰਧੂ,ਸਹਿਮੀ, ਬਲਪ੍ਰੀਤ ਰੋਜ਼ਰ, ਚਿੰਟੂ ਦੁੱਗਲ,ਸੀਮਾ ਆਦਿ ਅਹੁਦੇਦਾਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.