ਕੋਲਕਾਤਾ 'ਚ ਵੱਡਾ ਭੱਗਦੜ ਹਾਦਸਾ ਦੁਰਗਾ ਪੂਜਾ ਪੰਡਾਲ 'ਚ ਭਾਜੜ ਮੱਚਣ ਨਾਲ 19 ਮੌਤਾਂ ਅਤੇ ਅਨੇਕਾਂ ਜ਼ਖ਼ਮੀ
ਮੁੱਖ ਮੰਤਰੀ ਸੇਵੇਂਦੂ ਅਧਿਕਾਰੀ ਵੱਲੋਂ ਨਿਰਪੱਖ ਜਾਂਚ ਦੇ ਆਦੇਸ਼।
ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਮੁਆਵਜ਼ੇ ਦਾ ਅਤੇ ਸਰਕਾਰੀ ਨੌਕਰੀ ਦਾ ਐਲਾਨ।
ਬਿੰਦਰ ਸਿੰਘ ਖੁੱਡੀ ਕਲਾਂ
ਕੋਲਕਾਤਾ , 18 ਅਕਤੂਬਰ
:ਉੱਤਰੀ ਕੋਲਕਾਤਾ ਦੇ ਚੌਰਬਾਗਨ ਦੁਰਗਾ ਪੂਜਾ ਪੰਡਾਲ ਵਿੱਚ ਸ਼ਨੀਵਾਰ 17 ਅਕਤੂਬਰ ਦੀ ਸ਼ਾਮ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਭਾਜੜ ਮੱਚਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 25 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਕੋਲਕਾਤਾ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਮ੍ਰਿਤਕਾਂ ਵਿੱਚ 13 ਔਰਤਾਂ, 4 ਨਾਬਾਲਗ ਬੱਚੇ ਅਤੇ ਦੋ ਹੋਰ ਸ਼ਾਮਿਲ ਹਨ, ਜਿਨ੍ਹਾਂ ਵਿੱਚੋਂ ਇੱਕ ਪੁਰਸ਼ ਅਤੇ ਇੱਕ ਔਰਤ ਬਿਹਾਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਅਤੇ ਇੱਕ ਨਰਸ ਵੀ ਸ਼ਾਮਿਲ ਹੈ।
ਵਰਨਣਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ ਪੂਜਾ ਦੌਰਾਨ ਅਚਾਨਕ ਹੋਈ ਬਾਰਸ਼ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੰਡਾਲ ਦੇ ਬਾਹਰ ਨਿਕਲਣ ਵਾਲੇ ਗੇਟ ਕੋਲ ਇਕੱਠੇ ਹੋ ਗਏ। ਪ੍ਰਤੱਖਦਰਸ਼ੀਆਂ ਅਤੇ ਪੁਲਿਸ ਅਨੁਸਾਰ ਤੰਗ ਰਸਤਿਆਂ, ਭਾਰੀ ਭੀੜ, ਮਾੜੇ ਪ੍ਰਬੰਧਾਂ ਅਤੇ ਪੰਡਾਲ ਡਿੱਗਣ ਦੀਆਂ ਗਲਤ ਅਫ਼ਵਾਹਾਂ/ਐਲਾਨਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਭਾਜੜ ਮੱਚ ਗਈ।
ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਚੌਰਬਾਗਨ ਸਰਬਜੋਨਿਨ ਦੁਰਗਾ ਉਤਸਵ ਕਮੇਟੀ ਦੇ ਸਕੱਤਰ ਅਤੇ ਮੀਤ ਪ੍ਰਧਾਨ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 12 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਬੀਐਨਐੱਸ ਦੀ ਧਾਰਾ 163 ਤਹਿਤ ਪਾਬੰਦੀਸ਼ੁਦਾ ਹੁਕਮ ਲਾਗੂ ਕਰ ਦਿੱਤੇ ਗਏ ਹਨ ਅਤੇ ਚੌਰਬਾਗਨ ਪੰਡਾਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 'ਤਾਲਾ ਪ੍ਰਤੀਅ' ਅਤੇ 'ਚੇਤਲਾ ਅਗਰਾਨੀ' ਵਰਗੇ ਹੋਰ ਵੱਡੇ ਪੂਜਾ ਪੰਡਾਲਾਂ ਨੂੰ ਵੀ ਭੀੜ ਦੇ ਮੱਦੇਨਜ਼ਰ ਅਸਥਾਈ ਤੌਰ 'ਤੇ ਬੰਦ ਕਰਵਾ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੇਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਘਟਨਾ ਦੀ ਜਾਂਚ ਕਲਕੱਤਾ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਦੀ ਅਗਵਾਈ ਹੇਠ ਕੀਤੀ ਜਾਵੇਗੀ, ਜਿਸ ਵਿੱਚ ਕੋਲਕਾਤਾ ਪੁਲਿਸ ਨੂੰ ਜਾਂਚ ਟੀਮ ਤੋਂ ਬਾਹਰ ਰੱਖਿਆ ਜਾਵੇਗਾ ਤਾਂ ਜੋ ਨਿਰਪੱਖਤਾ ਬਣੀ ਰਹੇ। ਸੂਬਾ ਸਰਕਾਰ ਨੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਰਾਜੇਸ਼ ਸਿਨਹਾ, ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਅਨੁਜ ਸ਼ਰਮਾ ਅਤੇ ਏ.ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਜਾਵੇਦ ਸ਼ਮੀਮ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਵੀ ਗਠਿਤ ਕੀਤੀ ਹੈ, ਜੋ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਨਵੀਆਂ ਹਦਾਇਤਾਂ ਜਾਰੀ ਕਰੇਗੀ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੇਵੇਂਦੂ ਅਧਿਕਾਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25- 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 26 ਅਕਤੂਬਰ ਨੂੰ ਕੋਲਕਾਤਾ ਦੇ ਮਿਲਨ ਮੇਲਾ ਵਿਖੇ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਪਾਲ ਆਰ. ਐੱਨ. ਰਵੀ ਅਤੇ ਮੁੱਖ ਮੰਤਰੀ ਸੇਵੇਂਦੂ ਅਧਿਕਾਰੀ ਨੇ ਅਪੋਲੋ ਹਸਪਤਾਲ ਅਤੇ ਕੋਲਕਾਤਾ ਮੈਡੀਕਲ ਕਾਲਜ ਦਾ ਦੌਰਾ ਕਰਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਅਪੋਲੋ ਹਸਪਤਾਲ ਵਿੱਚ 14 ਜ਼ਖ਼ਮੀ ਦਾਖਲ ਹਨ, ਜਿਨ੍ਹਾਂ ਵਿੱਚੋਂ 3 ਆਈ.ਸੀ.ਯੂ.ਵਿੱਚ ਹਨ। ਇਲਾਜ ਦੌਰਾਨ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਰੈਫਰ ਕਰਨ ਸੰਬੰਧੀ ਪ੍ਰਬੰਧਕੀ ਖਾਮੀਆਂ ਦੇ ਦੋਸ਼ ਵੀ ਲਗਾਏ ਗਏ। ਜਿਸ ਨੂੰ ਸੂਬੇ ਦੇ ਸਿਹਤ ਮੰਤਰੀ ਨੇ ਖਾਰਜ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਪੱਛਮੀ ਬੰਗਾਲ ਦੀ ਪੂਰਵ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਸਰਕਾਰ ਅਤੇ ਪੁਲਿਸ ਦੇ ਇੰਤਜ਼ਾਮਾਂ 'ਤੇ ਸਵਾਲ ਚੁੱਕਦਿਆਂ ਘਟਨਾ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ।
Posted By: Binder Singh Kuddi Kalan