Nazrana Times

ਪੰਜਾਬੀ

ਯੂਪੀਆਈ ਲੈਣ ਦੇਣ 'ਤੇ ਸਰਚਾਰਜ ਲਗਾਉਣ ਦੀ ਵਿਵਸਥਾ ਦੀਵਾਲੀ ਤੱਕ ਮੁਲਤਵੀ:ਐੱਨ.ਪੀ.ਸੀ.ਆਈ.

13 Oct, 2026 03:40 PM

ਬਿੰਦਰ ਸਿੰਘ ਖੁੱਡੀ ਕਲਾਂ 
ਨਵੀਂ ਦਿੱਲੀ , 13 ਅਕਤੂਬਰ 2026

:​ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਯੂਪੀਆਈ ਰਾਹੀਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ 0.4 ਫ਼ੀਸਦੀ ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ਦੇ ਫ਼ੈਸਲੇ ਨੂੰ ਫਿਲਹਾਲ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ। ਐੱਨ.ਪੀ.ਸੀ.ਆਈ. ਵੱਲੋਂ ਜਾਰੀ ਤਾਜ਼ਾ ਅਤੇ ਵਿਸਤ੍ਰਿਤ ਬਿਆਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ, ਖ਼ਾਸਕਰ ਧਨਤੇਰਸ ਅਤੇ ਦੀਵਾਲੀ ਦੌਰਾਨ ਬਾਜ਼ਾਰਾਂ ਵਿੱਚ ਹੋਣ ਵਾਲੀ ਭਾਰੀ ਖ਼ਰੀਦਦਾਰੀ ਅਤੇ ਆਮ ਲੋਕਾਂ ਤੇ ਛੋਟੇ ਦੁਕਾਨਦਾਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਨਿਯਮ ਨੂੰ ਅਜੇ ਲਾਗੂ ਨਹੀਂ ਕੀਤਾ ਜਾਵੇਗਾ। ਹੁਣ ਇਸ ਨਵੀਂ ਵਿਵਸਥਾ ਨੂੰ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ।ਜਿਸ ਦੀ ਸਹੀ ਮਿਤੀ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਹਾਲਾਤਾਂ ਦਾ ਜਾਇਜ਼ਾ ਲੈ ਕੇ ਕੀਤਾ ਜਾਵੇਗਾ।

​ ਇਸ ਫ਼ੈਸਲੇ ਦੇ ਮੁਲਤਵੀ ਹੋਣ ਨਾਲ ਤਿਉਹਾਰੀ ਸੀਜ਼ਨ ਦੌਰਾਨ ਡਿਜੀਟਲ ਲੈਣ-ਦੇਣ ਕਰਨ ਵਾਲੇ ਕਰੋੜਾਂ ਆਮ ਨਾਗਰਿਕਾਂ, ਗਾਹਕਾਂ ਅਤੇ ਛੋਟੇ ਵਪਾਰੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਕਿਉਂਕਿ ਦੀਵਾਲੀ ਦੇ ਦਿਨਾਂ ਵਿੱਚ ਲੋਕ ਛੋਟੇ ਤੋਂ ਲੈ ਕੇ ਵੱਡੇ ਸਾਰੇ ਤਰ੍ਹਾਂ ਦੇ ਲੈਣ-ਦੇਣ ਡਿਜੀਟਲ ਮਾਧਿਅਮ ਰਾਹੀਂ ਹੀ ਕਰਦੇ ਹਨ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ਭਰ ਵਿੱਚ ਡਿਜੀਟਲ ਭੁਗਤਾਨ ਦੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਅਤੇ ਵਾਧੂ ਬੋਝ ਦੇ ਲਗਾਤਾਰ ਜਾਰੀ ਰਹੇਗੀ। ਐੱਨ.ਪੀ.ਸੀ.ਆਈ. ਨੇ ਆਪਣੇ ਬਿਆਨ ਵਿੱਚ ਇਹ ਵੀ ਦੁਹਰਾਇਆ ਹੈ ਕਿ ਭਾਰਤ ਵਿੱਚ ਡਿਜੀਟਲ ਅਰਥਵਿਵਸਥਾ ਨੂੰ ਤੇਜ਼ੀ ਨਾਲ ਹੁਲਾਰਾ ਦੇਣਾ, ਆਮ ਲੋਕਾਂ ਲਈ ਲੈਣ-ਦੇਣ ਨੂੰ ਸਰਲ ਤੇ ਸੁਰੱਖਿਅਤ ਬਣਾਉਣਾ ਅਤੇ ਵਪਾਰਕ ਭਾਈਚਾਰੇ ਦੇ ਹਿੱਤਾਂ ਦਾ ਧਿਆਨ ਰੱਖਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

Posted By: GURBHEJ SINGH ANANDPURI

Latest News