Nazrana Times

ਪੰਜਾਬੀ

ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ

06 May, 2026 09:33 PM

 

ਅੰਮ੍ਰਿਤਸਰ 6 ਮਈ (ਚਰਨਜੀਤ ਸਿੰਘ): ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨੈਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਪੰਜਵੜ, ਜਿਲਾ ਤਰਨ ਤਾਰਨ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਖੁੱਲੇ ਪੰਡਾਲ ਵਿੱਚ ਦੀਵਾਨ ਸਜੇ ਜਿਸ ਵਿੱਚ ਰਾਗੀਆਂ ਢਾਡੀਆਂ ਕਵੀਸ਼ਰਾਂ ਅਤੇ ਪ੍ਰਚਾਰਕਾਂ ਨੇ ਹਰ ਜਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

 ਇਸ ਉਪਰੰਤ ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਿੱਖ ਯੂਥ ਆਫ ਪੰਜਾਬ ਦੇ ਭਾਈ ਗੁਰਨਾਮ ਸਿੰਘ ਮੂਨਕਾ, ਪੰਥਕ ਆਗੂ ਬਾਬਾ ਬਖਸ਼ੀਸ਼ ਸਿੰਘ, ਖਾਲੜਾ ਮਿਸ਼ਨ ਦੇ ਆਗੂ ਭਾਈ ਬਲਵਿੰਦਰ ਸਿੰਘ ਝਬਾਲ, ਬਾਬਾ ਹਰਦੀਪ ਸਿੰਘ ਮਹਿਰਾਜ , ਜੁਝਾਰੂ ਭਾਈ ਰਜਿੰਦਰ ਸਿੰਘ ਮੁਗਲਵਾਲ, ਪੰਜ ਸਿੰਘਾਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਤੇ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦੀ ਭੈਣ ਬੀਬੀ ਚਰਨਜੀਤ ਕੌਰ ਆਦਿ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਈ ਬਲਜਿੰਦਰ ਸਿੰਘ ਕੋਟ ਭਾਰਾ ਵੱਲੋਂ ਲਿਖੀ ਕੌਰਨਾਮਾ ਭਾਗ ਤੀਜਾ ਕਿਤਾਬ ਵੀ ਜਾਰੀ ਕੀਤੀ ਗਈ। ਅਨੇਕਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨ ਕੀਤਾ ਗਿਆ। ਪੰਥਕ ਆਗੂਆਂ ਨੇ ਕਿਹਾ ਕਿ ਖਾਲਿਸਤਾਨੀ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਉਨਾਂ ਦੇ ਭਰਾ ਭਾਈ ਰਾਜਵਿੰਦਰ ਸਿੰਘ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਉਹਨਾਂ ਦੱਸਿਆ ਕਿ 6 ਮਈ 2023 ਨੂੰ ਭਾਰਤ ਦੀਆਂ ਏਜੰਸੀਆਂ ਨੇ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਗੋਲੀਆਂ ਮਰਵਾ ਕੇ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿਜਰ ਅਤੇ ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਅਮਰੀਕਾ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਸਮੂਹ ਪੰਥਕ ਆਗੂਆਂ ਦੇ ਵੱਲੋਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾਵਾਂ ਅਤੇ ਸਮੁੱਚੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਪੰਥਕ ਆਗੂਆਂ ਨੇ ਕਿਹਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਰ ਕਰੀਏ। 

ਜਿਕਰਯੋਗ ਹੈ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਮੁਖੀ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਸਨ, ਫਿਰ ਸ਼ਹੀਦ ਜਨਰਲ ਭਾਈ ਲਾਭ ਸਿੰਘ ਪੰਜਵੜ ਉਰਫ ਭਾਈ ਸੁਖਦੇਵ ਸਿੰਘ ਸੁੱਖਾ, ਫਿਰ ਸ਼ਹੀਦ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਮੁਖੀ ਬਣੇ ਤੇ ਉਨਾਂ ਦੀ ਸ਼ਹਾਦਤ ਤੋਂ ਉਪਰੰਤ ਸੰਨ 1989 ਤੋਂ 2023 ਤੱਕ ਖਾਲਿਸਤਾਨ ਕਮਾਂਡੋ ਫੋਰਸ ਦੀ ਅਗਵਾਈ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਨੇ ਕੀਤੀ ਸੀ। ਖਾਲਿਸਤਾਨ ਦੇ ਵੱਡੇ ਐਕਸ਼ਨਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਨਾਮ ਗੂੰਜਦਾ ਹੈ।

Posted By: GURBHEJ SINGH ANANDPURI

Latest News