ਸਰਪੰਚ ਬਿੱਲਾ ਸ਼ੇਰੋਂ ਵਲੋਂ S.G.P.C ਮੈਂਬਰ ਬਲਵਿੰਦਰ ਸਿੰਘ ਵੇਈਂਪੁਈਂ ਨਾਲ ਮੀਟਿੰਗ
ਅਕਾਲੀ ਦਲ ਦੀ ਮਜ਼ਬੂਤੀ 'ਤੇ ਹੋਈ ਚਰਚਾ
ਪਾਰਟੀ ਦਾ ਹਰ ਵਰਕਰ ਪਰਿਵਾਰ ਦਾ ਹਿੱਸਾ- ਬਿੱਲਾ ਸ਼ੇਰੋਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,6 ਜੂਨ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂਪੁਈਂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ,ਪਾਰਟੀ ਦੀਆਂ ਆਉਣ ਵਾਲੀਆਂ ਸਰਗਰਮੀਆਂ ਅਤੇ ਹਲਕੇ ਦੇ ਵਿਕਾਸ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਵੇਈਂਪੁਈਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਲੋਕ ਪੱਖੀ ਸੋਚ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਦਰਜ ਕਰੇਗੀ ਅਤੇ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ।
ਇਸ ਦੌਰਾਨ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਹਮੇਸ਼ਾ ਮਾਣ-ਸਤਿਕਾਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਪਰਿਵਾਰ ਦਾ ਹਿੱਸਾ ਹੈ ਅਤੇ ਉਸ ਦੀ ਹਰ ਮੁਸ਼ਕਲ ਘੜੀ ਵਿੱਚ ਡਟ ਕੇ ਸਾਥ ਦਿੱਤਾ ਜਾਵੇਗਾ।ਉਨ੍ਹਾਂ ਪਾਰਟੀ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਵੀ ਦਿੱਤਾ।
ਮੀਟਿੰਗ ਦੌਰਾਨ ਪਿੰਡ ਅਤੇ ਹਲਕੇ ਦੇ ਵਿਕਾਸ ਸਬੰਧੀ ਵੀ ਸਾਰਥਕ ਗੱਲਬਾਤ ਹੋਈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ, ਸੁਖਰਾਜ ਸਿੰਘ ਰਾਜਾ ਸਰਪੰਚ ਭੈਲ,ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ, ਸੋਨੂੰ ਸਰਪੰਚ ਕਿਰਤੋਵਾਲ, ਜੰਗਸ਼ੇਰ ਸਿੰਘ ਟੋਨੀ ਸਰਪੰਚ ਰੂੜੀਵਾਲਾ,ਸਤਨਾਮ ਸਿੰਘ,ਠੇਕੇਦਾਰ ਹੀਰਾ ਸਿੰਘ ਭੁੱਲਰ ਹਰੀਕੇ,ਕਸ਼ਮੀਰ ਸਿੰਘ,ਸਰਪੰਚ ਜਗਦੀਪ ਸਿੰਘ ਖਾਨ ਰਜ਼ਾਦਾ, ਸਰਪੰਚ ਗੁਰਲਾਭ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Posted By: GURBHEJ SINGH ANANDPURI