Nazrana Times

ਪੰਜਾਬੀ

“ਪੰਜਾਬ 'ਚ ਕਤਲ ਦੀ ਵੱਡੀ ਵਾਰਦਾਤ” ਮਾਨਸਾ 'ਚ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ

13 Oct, 2026 11:21 AM

ਬਿੰਦਰ ਸਿੰਘ ਖੁੱਡੀ ਕਲਾਂ 
ਮਾਨਸਾ ,13 ਅਕਤੂਬਰ 2026

​:ਪੰਜਾਬ ਦੇ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਲੰਮੀ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮੰਗਲਵਾਰ ਸਵੇਰੇ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਤਾਬੜਤੋੜ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ।

ਘਟਨਾ ਉਸ ਸਮੇਂ ਵਾਪਰੀ ਜਦੋਂ ਪਰਵਿੰਦਰ ਝੋਟਾ ਆਪਣੇ ਸਾਥੀਆਂ ਸਮੇਤ ਮਾਨਸਾ ਦੇ ਇੱਕ ਮੈਡੀਕਲ ਸਟੋਰ 'ਤੇ ਪਹੁੰਚੇ ਸਨ ਅਤੇ ਉੱਥੇ ਨਸ਼ੇ ਦੀ ਵਿਕਰੀ ਨੂੰ ਲੈ ਕੇ ਪੁੱਛਗਿੱਛ ਕਰ ਰਹੇ ਸਨ। ਘਟਨਾ ਦੇ ਸਮੇਂ ਉਹ ਸੋਸ਼ਲ ਮੀਡੀਆ 'ਤੇ ਫੇਸਬੁੱਕ ਲਾਈਵ ਵੀ ਕਰ ਰਹੇ ਸਨ।ਜਿਸ ਕਾਰਨ ਦੁਕਾਨਦਾਰ ਨਾਲ ਹੋਈ ਸਾਰੀ ਬਹਿਸ ਕੈਮਰੇ ਵਿੱਚ ਕੈਦ ਹੋ ਗਈ।ਮੁੱਢਲੀ ਜਾਣਕਾਰੀ ਮੁਤਾਬਕ ਸਵੇਰੇ-ਸਵੇਰੇ ਇੱਕ ਵਿਅਕਤੀ ਉਸ ਮੈਡੀਕਲ ਸਟੋਰ ਤੋਂ ਨਸ਼ਾ ਲੈ ਕੇ ਗਿਆ ਸੀ। ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਰਵਿੰਦਰ ਝੋਟਾ ਦੁਕਾਨਦਾਰ ਨੂੰ ਪੁੱਛ ਰਹੇ ਹਨ ਕਿ ਇਸ ਬਜ਼ੁਰਗ ਨੂੰ ਨਸ਼ਾ ਕਿਸਨੇ ਵੇਚਿਆ ਹੈ। ਇਸ ਦੌਰਾਨ ਦੁਕਾਨਦਾਰ ਨੇ ਗੁੱਸੇ ਵਿੱਚ ਆ ਕੇ ਆਪਣਾ ਪਿਸਤੌਲ ਕੱਢ ਲਿਆ ਅਤੇ ਪਰਵਿੰਦਰ ਝੋਟਾ 'ਤੇ ਨੇੜਿਓਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਇੰਨੇ ਕਰੀਬ ਤੋਂ ਮਾਰੀਆਂ ਗਈਆਂ ਕਿ ਉਹ ਝੋਟਾ ਦੇ ਸਰੀਰ ਨੂੰ ਪਾਰ ਕਰ ਗਈਆਂ। ਇਸ ਖੌਫਨਾਕ ਹਮਲੇ ਵਿੱਚ ਪਰਵਿੰਦਰ ਝੋਟਾ ਦੇ ਨਾਲ ਮੌਜੂਦ ਇੱਕ ਸਾਥੀ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨਦਾਰ ਮੈਡੀਕਲ ਸਟੋਰ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਿਆ।ਕਤਲ ਦੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ 'ਤੇ ਤਾਇਨਾਤ ਕਰ ਦਿੱਤੀ ਗਈ, ਜਦਕਿ ਪਰਵਿੰਦਰ ਝੋਟਾ ਦੇ ਘਰ ਅਤੇ ਹਸਪਤਾਲ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਲੰਮੇ ਸਮੇਂ ਤੋਂ ਮਾਨਸਾ ਵਿੱਚ ਨਸ਼ਿਆਂ ਦਾ ਵਿਰੋਧ ਕਰ ਰਹੇ ਸਨ। ਉਹ ਨਾ ਸਿਰਫ਼ ਨਸ਼ਾ ਵੇਚਣ ਤੋਂ ਰੋਕਦੇ ਸਨ ਸਗੋਂ ਨਸ਼ਾ ਤਸਕਰਾਂ ਨੂੰ ਖੁਦ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਸਨ। ਜਿਸ ਕਾਰਨ ਕਈ ਵਾਰ ਉਨ੍ਹਾਂ ਦਾ ਵਿਵਾਦ ਵੀ ਹੋ ਚੁੱਕਿਆ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਕਈ ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਮਤੇ ਵੀ ਪਾਸ ਕੀਤੇ ਸਨ।

​ਸਾਲ 2023 ਵਿੱਚ ਵੀ ਪਰਵਿੰਦਰ ਸਿੰਘ ਝੋਟਾ ਉਸ ਸਮੇਂ ਕਾਫ਼ੀ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਮਾਨਸਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਗੈਰ-ਕਾਨੂੰਨੀ ਨਸ਼ੀਲੇ ਕੈਪਸੂਲ ਅਤੇ ਦਵਾਈਆਂ ਵੇਚਣ ਵਾਲੇ ਕੁਝ ਮੈਡੀਕਲ ਸਟੋਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ।

Posted By: GURBHEJ SINGH ANANDPURI

Latest News