ਜਨਗਣਨਾ 2027 ਦੀ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਡਿਊਟੀ ਦੌਰਾਨ ਅੱਧੇ ਦਿਨ ਦੀ ਛੋਟ ਦੇਣ ਸਬੰਧੀ ਅਹਿਮ ਫੈਸਲਾ
ਬਿੰਦਰ ਸਿੰਘ ਖੁੱਡੀ ਕਲਾਂ , ਮੰਗਤ ਸਿੰਘ ਸੈਦਪੁਰ
ਚੰਡੀਗੜ੍ਹ, 13 ਅਕਤੂਬਰ 2026
ਸੂਬੇ ਦੇ ਜਨਗਣਨਾ ਨਿਦੇਸ਼ਕ ਵੱਲੋਂ ਸੂਬੇ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਨੂੰ ਇਕ ਸਰਕਾਰੀ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਅਨੁਸਾਰ ਆਉਣ ਵਾਲੀ ਜਨਗਣਨਾ 2027 ਦੌਰਾਨ ਜਨਗਣਨਾ ਨਾਲ ਸਬੰਧਤ ਕੰਮਾਂ ਵਿੱਚ ਲਗਾਏ ਜਾਣ ਵਾਲੇ ਵੱਖ-ਵੱਖ ਸਰਕਾਰੀ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਦੀ 11 ਸਤੰਬਰ 2026 ਨੂੰ ਹੋਈ ਚੌਥੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਜਨਗਣਨਾ ਦੀ ਗਿਣਤੀ ਦੇ ਸਮੇਂ ਦੌਰਾਨ ਗਿਣਤੀਕਾਰਾਂ, ਸੁਪਰਵਾਈਜ਼ਰਾਂ , ਫੀਲਡ ਟ੍ਰੇਨਰਾਂ ਅਤੇ ਮਾਸਟਰ ਟ੍ਰੇਨਰਾਂ ਸਮੇਤ ਸਾਰੇ ਸਬੰਧਿਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਰੋਜ਼ਾਨਾ ਸਰਕਾਰੀ ਡਿਊਟੀ ਵਿੱਚ ਅੱਧੇ ਦਿਨ ਦੀ ਛੋਟ ਦਿੱਤੀ ਜਾਵੇਗੀ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜਨਗਣਨਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹ ਸਕਣ।
ਪੱਤਰ ਵਿੱਚ ਇਸ ਗੱਲ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਸਰਦੀਆਂ ਦੇ ਮੌਸਮ ਦੌਰਾਨ ਜਨਗਣਨਾ ਦੇ ਫੀਲਡ ਕੰਮ ਦੀ ਪ੍ਰਕਿਰਤੀ ਨੂੰ ਵੇਖਦਿਆਂ ਨਿਯਮਤ ਡਿਊਟੀ ਦੇ ਸਮੇਂ ਵਿੱਚ ਅੱਧੇ ਦਿਨ ਦੀ ਇਹ ਛੋਟ ਕਰਮਚਾਰੀਆਂ ਖਾਸ ਕਰਕੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਨਾਲ ਕਰਮਚਾਰੀ ਆਪਣੀ ਨਿਯਮਤ ਸਰਕਾਰੀ ਜ਼ਿੰਮੇਵਾਰੀ ਦੇ ਨਾਲ-ਨਾਲ ਜਨਗਣਨਾ ਦੇ ਕੰਮ ਨੂੰ ਵੀ ਬਿਨਾਂ ਕਿਸੇ ਵਾਧੂ ਮਾਨਸਿਕ ਜਾਂ ਸਰੀਰਕ ਬੋਝ ਦੇ ਸਮੇਂ ਸਿਰ ਪੂਰਾ ਕਰ ਸਕਣਗੇ। ਵਿਭਾਗ ਵੱਲੋਂ ਇਹ ਵੀ ਯਾਦ ਕਰਵਾਇਆ ਗਿਆ ਹੈ ਕਿ ਸਾਲ 2011 ਦੀ ਜਨਗਣਨਾ ਦੌਰਾਨ ਵੀ ਇਸੇ ਤਰ੍ਹਾਂ ਦੀ ਪ੍ਰਥਾ ਅਪਣਾਈ ਗਈ ਸੀ।ਜਿਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ 3 ਫਰਵਰੀ 2011 ਨੂੰ ਜਾਰੀ ਕੀਤਾ ਗਿਆ ਪੱਤਰ ਵੀ ਹਵਾਲੇ ਵਜੋਂ ਨਾਲ ਨੱਥੀ ਕੀਤਾ ਗਿਆ ਹੈ। ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਬੰਧਤ ਵਿਭਾਗਾਂ, ਵਿਸ਼ੇਸ਼ ਕਰਕੇ ਸਕੂਲ ਸਿੱਖਿਆ ਵਿਭਾਗ ਨੂੰ ਤੁਰੰਤ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰੇ ਤਾਂ ਜੋ ਜਨਗਣਨਾ 2027 ਦੀ ਗਿਣਤੀ ਦੌਰਾਨ ਡਿਊਟੀ ਦੇਣ ਵਾਲੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਨਿਯਮਤ ਡਿਊਟੀ ਵਿੱਚ ਅੱਧੇ ਦਿਨ ਦੀ ਛੋਟ ਦਾ ਲਾਭ ਮਿਲ ਸਕੇ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ