ਐਡਵੋਕੇਟ ਸੁਰਜੀਤ ਖੈਤਾਨ ਨੂੰ ਬਾਰ ਐਸੋਸੀਏਸ਼ਨ ਫਿਲੌਰ ਵੱਲੋਂ ਲਗਾਤਾਰ ਤੀਜੀ ਵਾਰ ਦਿੱਤੀ ਵੱਡੀ ਜ਼ਿੰਮੇਵਾਰੀ
ਅੱਪਰਾ, 19 ਸਤੰਬਰ (ਤੀਰਥ ਸਿੰਘ ਮੈਂਗੜ੍ਹਾ): ਪਿੰਡ ਢੱਕ ਮਜ਼ਾਰਾ ਨਾਲ ਸਬੰਧਤ ਅਤੇ ਬਾਰ ਐਸੋਸੀਏਸ਼ਨ ਫਿਲੌਰ ਵਿੱਚ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਐਡਵੋਕੇਟ ਸੁਰਜੀਤ ਖੈਤਾਨ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਾਰ ਐਸੋਸੀਏਸ਼ਨ ਫਿਲੌਰ ਦੇ ਸਤਿਕਾਰਯੋਗ ਮੈਂਬਰਾਂ ਨੇ ਉਨ੍ਹਾਂ ਦੀ ਮਿਹਨਤ, ਸੇਵਾ, ਸਮਰਪਣ ਅਤੇ ਬਾਰ ਪ੍ਰਤੀ ਜ਼ਿੰਮੇਵਾਰੀ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਲਗਾਤਾਰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ।
ਐਡਵੋਕੇਟ ਸੁਰਜੀਤ ਖੈਤਾਨ ਨੂੰ ਪਹਿਲਾਂ ਜੁਆਇੰਟ ਸਕੱਤਰ, ਉਸ ਤੋਂ ਬਾਅਦ ਸਕੱਤਰ ਅਤੇ ਹੁਣ ਸੀਨੀਅਰ ਵਾਈਸ ਪ੍ਰਧਾਨ, ਬਾਰ ਐਸੋਸੀਏਸ਼ਨ ਫਿਲੌਰ ਚੁਣਿਆ ਗਿਆ ਹੈ।
ਇਹ ਉਪਲਬਧੀ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਜੱਦੀ ਪਿੰਡ ਢੱਕ ਮਜ਼ਾਰਾ ਲਈ ਵੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਇੱਕ ਆਮ ਪਰਿਵਾਰਕ ਪਿਛੋਕੜ ਅਤੇ ਜੱਦੀ ਪਿੰਡ ਨਾਲ ਆਪਣਾ ਨਾਤਾ ਕਾਇਮ ਰੱਖਦਿਆਂ ਵਕਾਲਤ ਦੇ ਖੇਤਰ ਵਿੱਚ ਮਿਹਨਤ ਕਰਕੇ ਬਾਰ ਦੇ ਸਾਥੀਆਂ ਦਾ ਲਗਾਤਾਰ ਵਿਸ਼ਵਾਸ ਹਾਸਲ ਕਰਨਾ ਉਨ੍ਹਾਂ ਦੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪਿੰਡ ਢੱਕ ਮਜ਼ਾਰਾ ਵਿਖ਼ੇ ਗੱਲ ਬਾਤ ਕਰਦਿਆਂ
ਐਡਵੋਕੇਟ ਸੁਰਜੀਤ ਖੈਤਾਨ ਨੇ ਕਿਹਾ ਕਿ “ਬਾਰ ਦੇ ਸਤਿਕਾਰਯੋਗ ਮੈਂਬਰਾਂ ਵੱਲੋਂ ਦਿੱਤਾ ਗਿਆ ਇਹ ਸਨਮਾਨ ਮੇਰੇ ਲਈ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ। ਮੇਰੇ ਜੱਦੀ ਪਿੰਡ ਢੱਕ ਮਜ਼ਾਰਾ, ਮੇਰੇ ਪਰਿਵਾਰ ਅਤੇ ਬਾਰ ਦੇ ਸਮੂਹ ਮੈਂਬਰਾਂ ਵੱਲੋਂ ਮਿਲੇ ਪਿਆਰ ਅਤੇ ਵਿਸ਼ਵਾਸ ਨੂੰ ਮੈਂ ਹਮੇਸ਼ਾ ਦਿਲ ਦੀ ਤੀਜੋਰੀ ਵਿੱਚ ਸਾਂਭ ਕੇ ਰੱਖਾਂਗਾ ਅਤੇ ਬਾਰ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾ ਕਰਦਾ ਰਹਾਂਗਾ।”
ਉਨ੍ਹਾਂ ਨੇ ਬਾਰ ਐਸੋਸੀਏਸ਼ਨ ਫਿਲੌਰ ਦੇ ਸਮੂਹ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਅਤੇ ਸਨਮਾਨ ਨੂੰ ਉਹ ਹਮੇਸ਼ਾ ਸਤਿਕਾਰ ਨਾਲ ਨਿਭਾਉਣਗੇ।
ਪਿੰਡ ਢੱਕ ਮਜ਼ਾਰਾ ਦੇ ਵਸਨੀਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਐਡਵੋਕੇਟ ਸੁਰਜੀਤ ਖੈਤਾਨ ਨੂੰ ਇਸ ਮਾਣਮੱਤੀ ਉਪਲਬਧੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Posted By: GURBHEJ SINGH ANANDPURI