Nazrana Times

ਪੰਜਾਬੀ

ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਸਤਿਕਾਰ ਕਮੇਟੀ ਤੇ ਫੈਡਰੇਸ਼ਨ ਭਿੰਡਰਾਂਵਾਲਾ ਨੇ ਜਥੇਦਾਰ ਨੂੰ ਲਿਖੀ ਚਿੱਠੀ

27 Dec, 2025 06:19 PM
ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਸਤਿਕਾਰ ਕਮੇਟੀ ਤੇ ਫੈਡਰੇਸ਼ਨ ਭਿੰਡਰਾਂਵਾਲਾ ਨੇ ਜਥੇਦਾਰ ਨੂੰ ਲਿਖੀ ਚਿੱਠੀ

ਗਿਆਨੀ ਗੁਰਬਚਨ ਸਿੰਘ ਬਣਨ ਤੋਂ ਗੁਰੇਜ਼ ਕਰਨ ਜਥੇਦਾਰ ਗੜਗੱਜ : ਪੰਥਕ ਆਗੂ


ਅੰਮ੍ਰਿਤਸਰ, 27 ਦਸੰਬਰ ,ਕੰਵਰ ਪ੍ਰਤਾਪ ਸਿੰਘ 
 

ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਤਰਲੋਚਨ ਸਿੰਘ ਸੋਹਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਈਮੇਲ ਰਾਹੀਂ ਚਿੱਠੀ ਭੇਜੀ ਹੈ ਜਿਸ ਵਿੱਚ ਲਿਖਿਆ ਹੈ ਕਿ ਜਥੇਦਾਰ ਜੀ! ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸੰਨ 2020 ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਬਹੁਤ ਹੀ ਹੈਰਾਨੀਜਨਕ ਸੀ ਜਿਸ ਨੂੰ ਲੈ ਕੇ ਸੰਗਤਾਂ ਵਿੱਚ ਅਜੇ ਤੱਕ ਭਾਰੀ ਰੋਹ ਅਤੇ ਰੋਸ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਤਤਕਾਲੀ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਕਹੇ ਬੋਲਾਂ ਅਤੇ ਮਤੇ ਤੋਂ ਮੁੱਕਰਦਿਆਂ ਸ਼੍ਰੋਮਣੀ ਕਮੇਟੀ ਦੇ 16 ਦੋਸ਼ੀ ਅਧਿਕਾਰੀਆਂ ਉੱਤੇ ਕਾਨੂੰਨੀ ਕਾਰਵਾਈ ਨਹੀਂ ਸੀ ਕਰਵਾਈ। ਲਾਪਤਾ 328 ਸਰੂਪਾਂ ਦਾ ਇਨਸਾਫ਼ ਲੈਣ ਅਤੇ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਥਕ ਜਥੇਬੰਦੀਆਂ ਤੇ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੱਗੇ 40 ਦਿਨ ਸ਼ਾਂਤਮਈ ਮੋਰਚਾ ਵੀ ਲਾਈ ਰੱਖਿਆ। ਪਰ ਕਮੇਟੀ ਨੇ ਇਨਸਾਫ਼ ਦੇਣ ਦੀ ਬਜਾਏ 24 ਅਕਤੂਬਰ 2020 ਨੂੰ ਮੋਰਚੇ ਦੇ ਆਗੂਆਂ ਤੇ ਸੰਗਤਾਂ ਉੱਤੇ ਤਸ਼ੱਦਦ ਢਾਹਿਆ ਤੇ ਕੇਸਾਂ, ਕਕਾਰਾਂ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ। ਫਿਰ 4 ਨਵੰਬਰ 2020 ਤੋਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ੍ਰੀ ਅੰਮ੍ਰਿਤਸਰ 'ਚ ਪੰਜ ਸਾਲਾਂ ਤੋਂ ਵੱਧ ਮੋਰਚਾ ਲਗਾਇਆ ਅਤੇ ਕਾਨੂੰਨੀ ਲੜਾਈ ਵੀ ਲੜੀ ਤੇ ਪੰਥਕ ਜਥੇਬੰਦੀਆਂ ਵੱਲੋਂ ਵੀ ਮਾਰਚ, ਪ੍ਰਦਰਸ਼ਨ, ਧਰਨੇ ਅਤੇ ਹੋਰ ਢੰਗਾਂ ਨਾਲ ਸੰਘਰਸ਼ ਜਾਰੀ ਰਿਹਾ। ਆਖ਼ਰ ਸੱਚ ਦੀ ਜਿੱਤ ਹੋਈ ਤੇ 7 ਦਸੰਬਰ 2025 ਨੂੰ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ 16 ਦੋਸ਼ੀਆਂ ਉੱਤੇ ਪਰਚਾ ਹੋ ਗਿਆ ਤੇ ਇਨਸਾਫ਼ ਲਈ ਇੱਕ ਆਸ ਦੀ ਕਿਰਨ ਬੱਝੀ। ਪਰ ਹੁਣ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਨੂੰ ਭਗਵੰਤ ਮਾਨ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਲੜਾਈ ਬਣਾ ਕੇ ਪੇਸ਼ ਕਰ ਰਹੇ ਹਨ ਜੋ ਕਿ ਬੇਹੱਦ ਗ਼ਲਤ ਵਰਤਾਰਾ ਅਤੇ ਬਿਆਨਬਾਜ਼ੀ ਹੈ। ਮੀਡੀਆ ਖ਼ਬਰਾਂ ਰਾਹੀਂ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਜੋ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਪ ਜੀ ਉੱਤੇ ਦਬਾਅ ਪਾ ਕੇ 28 ਦਸੰਬਰ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ 'ਚ ਜਾਂ ਭਵਿੱਖ ਵਿੱਚ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਅਤੇ ਇਨਸਾਫ਼ ਦਾ ਗਲਾ ਘੋਟਣ ਵਾਲਾ ਆਦੇਸ਼, ਸੰਦੇਸ਼ ਜਾਂ ਹੁਕਮਨਾਮਾ ਜਾਰੀ ਕਰਵਾ ਸਕਦੀ ਹੈ ਜਿਸ ਤੋਂ ਆਪ ਜੀ ਨੂੰ ਸੁਚੇਤ ਹੋਣ ਦੀ ਲੋੜ ਹੈ। ਨਹੀਂ ਤਾਂ ਡੇਰਾ ਸਿਰਸਾ ਮੁਖੀ ਨੂੰ ਮਾਫ਼ ਕਰਨ ਵਾਲੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਂਗ ਆਪ ਨੂੰ ਵੀ ਸੰਗਤਾਂ ਦੇ ਰੋਹ ਅਤੇ ਰੋਸ ਦਾ ਸ਼ਿਕਾਰ ਹੋਣਾ ਪਵੇਗਾ ਤੇ ਆਪ ਦੀ ਸ਼ਖਸੀਅਤ ਉੱਤੇ ਵੱਡਾ ਕਲੰਕ ਲੱਗੇਗਾ। 

 

ਹਾਲਾਂਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪਿਛਲੇ ਦਿਨੀਂ ਇਹ ਕਹਿ ਚੁੱਕੇ ਹਨ ਕਿ ਦੋਸ਼ੀਆਂ ਪ੍ਰਤੀ ਕੋਈ ਵੀ ਨਰਮਾਈ ਨਹੀਂ ਵਰਤੀ ਜਾਣੀ ਚਾਹੀਦੀ ਤੇ ਸਰਕਾਰ ਨਿਰਪੱਖ ਹੋ ਕੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰੇ। ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਹੈ ਪਰ ਸ਼੍ਰੋਮਣੀ ਕਮੇਟੀ ਇਸ ਵਿੱਚ ਗੰਧਲੀ ਸਿਆਸਤ ਕਰ ਰਹੀ ਹੈ ਤੇ ਇਨਸਾਫ਼ ਨਹੀਂ ਹੋਣ ਦੇਣਾ ਚਾਹੁੰਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਲ ਵਜੋਂ ਵਰਤ ਰਹੀ ਹੈ ਤੇ ਜਾਣਬੁੱਝ ਕੇ ਟਕਰਾਅ ਵਾਲਾ ਮਾਹੌਲ ਬਣਾ ਰਹੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲਿਆਂ ਵਿੱਚ ਪੁਲਿਸ ਪ੍ਰਸ਼ਾਸਨ/ਸਰਕਾਰ ਪਾਸੋਂ ਪਰਚੇ ਕਰਵਾਉਂਦੀ ਰਹੀ ਅਤੇ ਕਰਵਾਉਣ ਦੀ ਮੰਗ ਕਰਦੀ ਰਹੀ ਹੈ। ਹੁਣ ਵੀ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਪਰਚੇ ਦਾ ਕੀਤਾ ਜਾ ਰਿਹਾ ਵਿਰੋਧ ਬੇਬੁਨਿਆਦ ਹੈ ਜਦ ਕਿ ਸ਼੍ਰੋਮਣੀ ਕਮੇਟੀ ਨੇ ਹੀ ਖੁਦ ਫ਼ੌਜਦਾਰੀ ਪਰਚੇ ਕਰਵਾਉਣ ਦੀ ਪਹਿਲਾਂ ਗੱਲ ਆਖੀ ਸੀ। ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾ ਕੇ ਆਪਣੇ ਉੱਤੇ ਇਤਿਹਾਸ ਵਿੱਚ ਕਲੰਕ ਲਵਾ ਰਹੀ ਹੈ ਤੇ ਹੁਣ ਇਸ ਪੰਥ ਵਿਰੋਧੀ ਕਾਰਿਆਂ ਵਿੱਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਪ ਜੀ ਦਾ ਮੋਢਾ ਵਰਤਣਾ ਚਾਹੁੰਦੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਭਾਈ ਈਸ਼ਰ ਸਿੰਘ ਦੀ ਰਿਪੋਰਟ ਅਤੇ ਤੱਥਾਂ ਉੱਤੇ ਗੌਰ ਕਰਦੇ ਹੋਏ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਕਰੋਗੇ ਜਿਸ ਨਾਲ ਆਪ ਜੀ ਗਿਆਨੀ ਗੁਰਬਚਨ ਸਿੰਘ ਬਣਨ ਤੋਂ ਬਚ ਜਾਵੋਗੇ। ਜੇਕਰ ਤੁਸੀਂ ਕਿਸੇ ਦਬਾਅ ਅਧੀਨ ਫ਼ੈਸਲਾ ਲੈਣਾ ਹੀ ਹੈ ਤਾਂ ਉਸ ਤੋਂ ਪਹਿਲਾਂ ਫਿਰ ਸਾਰੀਆਂ ਪੰਥਕ ਧਿਰਾਂ ਨੂੰ ਮੌਕਾ ਦੇ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਇਸ ਮਾਮਲੇ 'ਤੇ ਖੁੱਲ੍ਹੀ ਬਹਿਸ ਕਰਵਾਈ ਜਾਵੇ। ਸਿੱਖ ਸੰਗਤਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਉਹ ਪਾਵਨ ਸਰੂਪ ਕਿੱਥੇ ਅਤੇ ਕਿਹੜੇ ਹਲਾਤਾਂ 'ਚ ਹਨ। ਸ਼੍ਰੋਮਣੀ ਕਮੇਟੀ ਅੜਚਣਾਂ ਪਾਉਣ ਦੀ ਬਜਾਏ ਸਹਿਯੋਗ ਕਰੇ ਜਿਸ ਨਾਲ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਨਾਲ ਬਹੁਤ ਕੁਝ ਸੱਚ ਸਾਹਮਣੇ ਆਵੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਹੋਵੇਗਾ ਤੇ ਅੱਗੇ ਤੋਂ ਕੋਈ ਅਜਿਹੀ ਗਲਤੀ ਕਰਨ ਦੀ ਜੁਰੱਅਤ ਨਹੀਂ ਕਰੇਗਾ।

Posted By: GURBHEJ SINGH ANANDPURI

Loading…
Loading the web debug toolbar…
Attempt #