ਦਿੱਲੀ ਦਾ ਮਤਰੇਆ ਪੁੱਤ ਪੰਜਾਬ
08 Nov, 2025 07:25 AM
ਦਿੱਲੀ ਦਾ ਮਤਰੇਆ ਪੁੱਤ ਪੰਜਾਬ
ਇਤਿਹਾਸ ਗਵਾਹ ਹੈ ਕਿ ਦਿੱਲੀ ਨੇ ਪੰਜਾਬ ਨਾਲ ਕਦੇ ਵੀ ਵਫਾ ਨਹੀਂ ਕੀਤੀ । ਇਸ ਵਿੱਚ ਸਾਰੇ ਦਾ ਸਾਰਾ ਕਸੂਰ ਸਾਡਾ ਸਿੱਖਾਂ ਅਤੇ ਪੰਜਾਬੀਆਂ ਦਾ ਹੀ ਹੈ । 78 ਸਾਲਾਂ ਤੋਂ ਅਸੀਂ ਦਿੱਲੀ ਤੋਂ ਕੁੱਟ ਖਾਂਦੇ ਆ ਰਹੇ ਹਾਂ ਅਤੇ ਦਿੱਲੀ ਵੱਲ ਨੂੰ ਹੀ ਮੂੰਹ ਚੁੱਕ ਕੇ ਵੇਖਦੇ ਰਹਿੰਦੇ ਹਾਂ । ਪੂਰੀ ਦੁਨੀਆਂ ਵਿੱਚ ਹੀ ਕਿਸੇ ਵੀ ਇਨਸਾਨ ਨਾਲ ਕੋਈ ਇੱਕ ਦੋ ਚਾਰ ਵਾਰੀ ਮਾੜਾ ਕਰੇ ਤਾਂ ਅਗਲਾ ਮੁੜ ਕੇ ਮਾੜੀ ਕਰਨ ਵਾਲੇ ਨੂੰ ਮੂੰਹ ਨਹੀਂ ਲਾਉਂਦਾ । ਅੱਜ ਕੱਲ੍ਹ ਗੰਗੂ ਬ੍ਰਾਹਮਣ ਦੇ ਵਾਰਸ ਮੋਦੀ ਅਮਿੱਤ ਸ਼ਾਹ ਅਤੇ ਉੱਹਨਾਂ ਦੀ ਜੁੰਡਲੀ ਪੈਰ ਪੈਰ ਉੱਤੇ ਪੰਜਾਬ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਜਲੀਲ ਕਰ ਰਹੀ ਹੈ ਅਤੇ ਪੈਰ ਪੈਰ ਉੱਤੇ ਹੀ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ । ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਸਿੱਖ ਨਨਕਾਣਾ ਸਾਹਿਬ ਜਾਂਦੇ ਹਨ , ਐਤਕੀਂ ਸਾਹਬ ਹੋਰੀਂ ਹਿਟਲਰੀ ਫੁਰਮਾਨ ਜਾਰੀ ਕਰ ਦਿੱਤਾ ਕਿ ਵੀਜ਼ੇ ਨਹੀਂ ਦਿੱਤੇ ਜਾਣਗੇ । ਫੇਰ ਸ਼੍ਰੋਮਣੀ ਕਮੇਟੀ ਨੇ ਮਿੰਨਤ ਕੀਤੀ ਕਿ ਇਹ ਸਿੱਖਾਂ ਨਾਲ ਬੇਇਨਸਾਫ਼ੀ ਹੈ, ਭਾਵ ਕਿ ਪਹਿਲਾਂ ਮੋਦੀ ਦੀ ਲੱਤ ਥੱਲਿਓਂ ਦੀ ਲੰਘੋ ਫੇਰ ਵੀਜਾ ਮਿਲਣਗੇ , ਫੇਰ ਸਿੱਖ ਜਥਿਆਂ ਨੂੰ ਵੀਜ਼ੇ ਦੇ ਦਿੱਤੇ ਗਏ । ਹੁਣ ਮੋਦੀ ਅਮਿੱਤ ਸ਼ਾਹ ਜੋੜੀ ਦੀ ਅੱਖ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਉੱਤੇ ਆ ਗਈ ਹੈ , ਇਹ ਯੂਨੀਵਰਸਿਟੀ ਸਿੱਖਾਂ ਦੀ ਵਿਰਾਸਤ ਹੈ , ਅਤੇ ਸਾਹਿਬ ਹੋਰੀਂ ਏਸ ਨੂੰ ਸਿੱਖਾਂ ਕੋਲੋਂ ਖੋਹਣ ਲਈ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਹਨ । ਸੱਥ ਜਥੇਬੰਦੀ ਜਿਸ ਨੇ ਪਿੱਛੇ ਜਿਹੇ ਹੀ ਜਿੱਤ ਹਾਸਲ ਕੀਤੀ ਹੈ ਨੇ ਮੋਰਚਾ ਲਗਾ ਦਿੱਤਾ ਹੈ ਕਿ ਅਸੀਂ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥੋਂ ਨਹੀਂ ਜਾਣ ਦੇਣਾ । ਅੱਜ ਦੀ ਤਾਰੀਕ ਤੱਕ ਤਾਂ ਕੰਮ ਪੂਰਾ ਅੜਿਆ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਰਲਵਾਂ ਮਿਲਵਾਂ ਹੁੰਗਾਰਾ ਵੀ ਮਿਲ ਰਿਹਾ ਅਤੇ 10 ਨਵੰਬਰ 2025 ਨੂੰ ਵੱਡਾ ਇਕੱਠ ਵੀ ਸੱਦਿਆ ਗਿਆ ਹੈ ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ਦੱਸੀ ਜਾਵੇਗੀ । ਇਹ ਚਾਣਿਕਿਆ ਦੇ ਵਾਰਿਸ ਸਿੱਖਾਂ ਨੂੰ ਕਾਨੂੰਨੀ ਮਾਰਾਂ ਮਾਰ ਰਹੇ ਅਤੇ ਸਿੱਖ ਵੀ ਹੁਣ ਇਹਨਾਂ ਦੀਆਂ ਕਪਟੀ ਚਾਲਾਂ ਤੋਂ ਵਾਕਿਫ ਹੋ ਚੁੱਕੇ ਹਨ । ਜੇ ਮੋਦੀਕਿਆਂ ਕੋਲੋਂ ਸਿੱਧੀ ਉਂਗਲੀ ਨਾਲ ਘਿਓ ਨਾ ਨਿੱਕਲੇ ਤਾਂ ਫੇਰ ਰਾਜ ਭਾਗ ਦੀ ਧੌਂਸ ਵਿਖਾਉਂਦੇ ਹਨ ਅਤੇ ਜੁਲਮ ਕਰਨ ਉੱਤੇ ਉੱਤਰ ਆਉਂਦੇ ਹਨ । ਜਾਣੀ ਸਾਮ ਦਾਮ ਦੰਡ ਭੇਦ ਵਾਲੀ ਨੀਤੀ । ਅਤੇ ਐਧਰ 90 ਕੁ ਪ੍ਰਤੀਸ਼ਤ ਸਿੱਖਾਂ ਦਾ ਤਾਂ ਖੂਨ ਚਿੱਟਾ ਹੋ ਚੁੱਕਿਆ ਹੈ । 10 ਕੁ ਪ੍ਰਤੀਸ਼ਤ ਸਿੱਖ ਜੋਰ ਅਜਮਾਈ ਕਰ ਰਹੇ ਹਨ । ਅਗਰ ਵਾਕਿਆ ਹੀ ਕੇਂਦਰ ਸਰਕਾਰ ਪੰਜਾਬੀਆਂ ਦੀ ਯੂਨੀਵਰਸਿਟੀ ਜਾਣੀ ਕਿ ਸਿੱਖਾਂ ਦੀ ਯੂਨੀਵਰਸਿਟੀ ਖੋਹ ਕੇ ਲੈ ਗਈ ਤਾਂ ਸਮਝੋ ਫੇਰ ਪੰਜਾਬੀਆਂ ਅਤੇ ਸਿੱਖਾਂ ਦਾ ਘੋਰੜੂ ਵੱਜ ਗਿਆ ਹੈ ਅਤੇ ਸਵਾਸ ਨਿੱਕਲਣੇ ਹੀ ਬਾਕੀ ਰਹਿ ਜਾਣਗੇ । ਅਸੀਂ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰਦੇ ਹਾਂ ਅਤੇ ਉੱਹ ਕਹਿੰਦੇ ਹਨ ਕਿ ਅਸੀਂ ਖਾਲੀ ਥਾਂ ਵੀ ਨਹੀਂ ਤੁਹਾਡੇ ਕੋਲ ਛੱਡਣੀ । ਹਥਿਆਰ ਅਸੀਂ ਚੁੱਕਣੇ ਨਹੀਂ ਕਿਉਂਕਿ ਅਸੀਂ ਡਰਪੋਕ ਅਤੇ ਗਾਂਧੀ ਵਾਦੀ ਹੋ ਗਏ ਹਾਂ । ਅਸੀਂ ਮਰਨ ਤੋਂ ਡਰਦੇ ਹਾਂ ਅਤੇ ਜਿਊਂਦੇ ਉੱਹਨਾਂ ਨੇ ਵੈਸੇ ਵੀ ਨਹੀਂ ਸਾਨੂੰ ਛੱਡਣਾ । ਬਾਕੀ ਨਤੀਜਾ ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਜਿਮਨੀ ਚੋਣ ਨੇ ਵੀ ਕੱਢ ਦੇਣਾ ਹੈ ਕਿ ਸਿੱਖਾਂ ਦਾ ਖੂਨ ਚਿੱਟਾ ਹੈ ਕਿ ਲਾਲ । ਫੇਰ ਪਾਈ ਜਾਓ ਖੌਰੂ ਲਗਾਈ ਜਾਓ ਕਿੱਲ੍ਹ ਕਿੱਲ੍ਹ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਅਗਲਿਆਂ ਨੂੰ ਕੀ ਫਰਕ ਪੈਂਦਾ । ਇਹਨਾਂ ਦੀ ਨਾੜ ਉੱਹ ਦੱਬੋ ਜਿਸ ਨਾਲ ਮੋਦੀਕਿਆਂ ਦੀਆਂ ਚੀਕਾਂ ਨਿੱਕਲਣ । ਖੱਸੀ ਜਿਹੀ ਲੀਡਰਸ਼ਿਪ ਢਿੱਲੇ ਜਿਹੇ ਪਰੋਗਰਾਮ ਦੇ ਕੇ ਡੰਗ ਟਪਾ ਰਹੀ ਅਤੇ ਲੀਡਰ ਵੀ ਆਪਣੀ ਚਮੜੀ ਬਚਾ ਰਹੇ ਹਨ । ਸਚਾਈ ਇਹ ਕਿ ਸਾਨੂੰ ਹਾਲੇ ਤੱਕ ਕੋਈ ਤਣ ਪੱਤਣ ਨਹੀਂ ਦਿਸ ਰਿਹਾ । ਕੋਈ ਚੜ੍ਹਦੀ ਕਲਾ ਵਾਲੇ ਪਰੋਗਰਾਮ ਕੌਮ ਨੂੰ ਲੀਡਰ ਲੋਕ ਦੇਣ ਜਿਹਨਾਂ ਨਾਲ ਸੱਪ ਵੀ ਮਾਰ ਜਾਵੇ ਅਤੇ ਡਾਂਗ ਵੀ ਬਚ ਜਾਵੇ । ਸਰਬੱਤ ਖਾਲਸਾ ਦੀ ਪਰੰਪਰਾ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ ਅਤੇ ਲਗਾਤਾਰ ਚਲਾਇਆ ਜਾਵੇ । ਬਾਕੀ ਵਿਚਾਰ ਆਪੋ ਆਪਣੇ ਅਤੇ ਸਾਡੇ ਵਿਚਾਰ ਤਾਂ ਏਹ ਹੀ ਹਨ । ਜਿੰਨਾ ਚਿਰ ਲੀਡਰ ਲੋਕ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪਰਾਪਤੀ ਉੱਪਰ ਧਿਆਨ ਕੇਂਦਰਿਤ ਨਹੀਂ ਕਰਦੇ , ਭਾਰਤ ਸਰਕਾਰ ਦੇ ਗਲ ਵਿੱਚ ਅੰਗੂਠਾ ਨਹੀਂ ਦਿੰਦੇ ਉੱਨਾ ਚਿਰ ਖੁਆਰੀ ਤੋਂ ਸਿਵਾਏ ਪੱਲੇ ਕੁੱਝ ਵੀ ਨਹੀਂ ਜੇ ਪੈਣਾ ।
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Posted By: GURBHEJ SINGH ANANDPURI








