ਬ੍ਰਾਹਮਣ ਦੇ ਗਧੀਗੇੜ 'ਚ ਫਸੇ ਅਖੌਤੀ ਬਾਬੇ ਤੇ ਸਿਆਸੀ ਸਿੱਖ
13 Mar, 2026 10:02 PM
ਸਿੱਖ ਕੌਮ ਆਪਣੀ ਹੋਂਦ-ਹਸਤੀ ਬਚਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਪਰ ਹਕੀਕਤ ਇਹ ਹੈ ਕਿ ਦੁਸ਼ਮਣ ਦਿਨੋਂ-ਦਿਨ ਸਿੱਖ ਸਫ਼ਾਂ ਵਿੱਚ ਘੁਸਪੈਠ ਕਰ ਕੇ ਅੱਗੇ ਵੱਧ ਰਿਹਾ ਹੈ ਤੇ ਕੌਮੀ ਨੁਕਸਾਨ ਵੱਧ ਹੋ ਰਿਹਾ ਹੈ, ਸਿੱਖ ਸ਼ਕਤੀ ਨੂੰ ਖੋਰਾ ਲੱਗ ਰਿਹਾ ਹੈ। ਬਾਬਾ ਹਰਨਾਮ ਸਿੰਘ ਧੁੰਮਾ ਜੋ ਖ਼ਾਲਸਾ ਪੰਥ ਦੀ ਹੇਠੀ ਕਰਕੇ ਅਤੇ ਟਕਸਾਲ ਦੇ ਸਿਧਾਂਤਾਂ ਦੇ ਉਲ਼ਟ ਭੁਗਤ ਕੇ ਸ਼ਰ੍ਹੇਆਮ ਭਾਜਪਾ ਦੀ ਬੇੜੀ ਵਿੱਚ ਬਹਿ ਚੁੱਕੇ ਹਨ ਤੇ ਸਿੱਖਾਂ ਨੂੰ ਸਨਾਤਨੀ ਅਖਵਾ ਰਹੇ ਹਨ ਅਤੇ ਕਈ ਹੋਰ ਡੇਰੇਦਾਰ ਬਾਬੇ ਤੇ ਸਿਆਸੀ, ਵਿਕਾਊ ਅਤੇ ਭੇਖੀ ਸਿੱਖ ਵੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਮਹਾਨ ਮੰਨੀ ਬੈਠੇ ਨੇ ਤੇ ਆਰ ਐਸ ਐਸ ਦੇ ਖ਼ਤਰਨਾਕ ਏਜੰਡੇ ਨੂੰ ਪੰਥ ਅਤੇ ਪੰਜਾਬ ਵਿੱਚ ਲਾਗੂ ਕਰਵਾਉਣ 'ਚ ਇਹ ਸਾਰੇ ਵੱਡੇ ਦੋਖੀ ਮੰਨੇ ਜਾਣਗੇ, ਇਤਿਹਾਸ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਪਿਛਲੀਆਂ ਸਦੀਆਂ ਵਿੱਚ ਹਰੇਕ ਸਿੱਖ ਦੀ ਭਾਵਨਾ ਹੁੰਦੀ ਸੀ ਕਿ 'ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ।' ਜਦਕਿ ਅੱਜ ਸਿੱਖ ਮਨ ਵਿੱਚ ਆ ਵੜੇ ਬ੍ਰਾਹਮਣਵਾਦ ਨੇ ਸਿੱਖ ਨੂੰ ਸਵਾਰਥੀ ਜਿਹਾ ਬਣਾ ਧਰਿਆ ਹੈ। ਸਿੱਖਾਂ ਦਾ ਉਹ ਵਰਗ ਜੋ ਸਵਾਰਥਾਂ ਦੇ ਵੱਸ ਹੋ ਕੇ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣ ਲਈ ਤਿਆਰ ਰਹਿੰਦਾ ਹੈ, ਉਹ ਵਰਗ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣਨ ਦਾ ਕੋਈ ਮੌਕਾ ਖੁੰਝਾਉਂਦਾ ਨਹੀਂ। ਸਿੱਖ ਲਈ ਦੁਸ਼ਮਣ ਉੱਪਰ ਫ਼ਤਹਿ ਪਾਉਣੀ ਕੋਈ ਮੁਸ਼ਕਿਲ ਗੱਲ ਨਹੀਂ ਪਰ ਜਦ ਦੁਸ਼ਮਣ ਦੀ ਹਮਾਇਤ ਵਿੱਚ ਆਪਣੇ ਹੀ ਸਿੱਖ ਭਰਾ ਖੜ੍ਹੇ ਹੋਣ ਤਾਂ ਲੜਾਈ ਟੇਢੀ ਹੋ ਜਾਂਦੀ ਹੈ। ਉਹ ਲੜਾਈ ਲੜਨੀ ਤਾਂ ਬੇਹੱਦ ਔਖੀ ਹੁੰਦੀ ਹੈ ਜੀਹਦੇ ਵਿੱਚ ਅੱਧਾ ਜ਼ੋਰ ਆਪਣੀ ਕੌਮ ਦੇ ਉਹਨਾਂ ਲੋਕਾਂ ਉੱਪਰ ਹੀ ਲੱਗ ਜਾਵੇ ਜਿਹੜੇ ਕਿਸੇ ਨਾ ਕਿਸੇ ਬਹਾਨੇ ਦੁਸ਼ਮਣ ਦੇ ਹੱਕ ਵਿੱਚ ਭੁਗਤਣ ਦੀ ਇੱਛਾ ਰੱਖਦੇ ਹੋਣ। ਨੀਤੀ ਅਨੁਸਾਰ ਚਰਚਾ ਕਰੀਏ ਤਾਂ ਰਮਾਇਣ ਦੇ ਪਾਤਰਾਂ ਵਿੱਚੋਂ ਰਾਵਣ ਦਾ ਭਰਾ ਵਿਭੀਸ਼ਣ ਜੇ ਰਾਵਣ ਨਾਲ਼ ਹੁੰਦਾ ਤਾਂ ਇਤਿਹਾਸ ਹੋਰ ਹੀ ਹੋਣਾ ਸੀ। ਰਾਮ ਚੰਦਰ ਦਾ ਭਰਾ ਲਛਮਣ, ਰਾਮ ਦੇ ਨਾਲ਼ ਸੀ, ਅਗਲਾ ਜੇਤੂ ਰਿਹਾ। ਸਿੱਖਾਂ ਨੂੰ ਵੀ ਇਹ ਸਬਕ ਸਿੱਖਣ ਦੀ ਲੋੜ ਹੈ। ਸਿੱਖਾਂ ਨੂੰ ਇਹ ਹੋਕਾ ਦੇਣ ਦੀ ਲੋੜ ਹੈ ਕਿ ਸਿੱਖੋ, ਆਪਾਂ ਵੀ ਆਪਣੇ ਭਰਾਵਾਂ ਨਾਲ ਰਹੀਏ, ਉਹ ਭਰਾ ਜਿਹੜੇ ਪੰਥ ਦੀ ਚੜ੍ਹਦੀ ਭਲਾ ਲੋਚਦੇ ਨੇ। ਉਹਨਾਂ ਨਾਲ਼ ਨਹੀਂ ਜਿਹੜੇ ਹਮੇਸ਼ਾਂ ਦਿੱਲੀ ਅਤੇ ਨਾਗਪੁਰ ਦੇ ਹੱਥ ਠੋਕੇ ਬਣ ਕੇ ਪੰਥਕ ਹਿੱਤਾਂ ਦੇ ਉਲਟ ਭੁਗਤਦੇ ਨੇ। ਕੌਮੀ ਹਾਲਾਤ ਐਨੇ ਭਿਆਨਕ ਹਨ ਕਿ ਵੱਡੇ ਘੱਲੂਘਾਰੇ ਵਾਲਾ ਮਹੌਲ ਬਣਿਆ ਪਿਆ ਜਦ ਸਿੱਖਾਂ ਨੂੰ ਅਰਦਾਸ ਕਰਨੀ ਪਈ ਸੀ ਕਿ 'ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ! ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੈਗੋ ?' ਇਸ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਜੂਝਣ ਵਾਲਿਆਂ ਸਾਹਮਣੇ ਉਹ ਸਿੱਖ ਸਭ ਤੋਂ ਵੱਡੀ ਆਫ਼ਤ ਬਣ ਕੇ ਰੁਕਾਵਟ ਬਣੇ ਬੈਠੇ ਨੇ ਜਿਹੜੇ ਐਨੇ ਜ਼ੁਲਮਾਂ, ਬੇਇਨਸਾਫ਼ੀਆਂ, ਵਧੀਕੀਆਂ ਦੇ ਬਾਵਜੂਦ ਵੀ ਭਾਰਤ ਪ੍ਰਤੀ ਆਪਣੀ ਵਫ਼ਾਦਾਰੀ ਨਿਭਾ ਰਹੇ ਹਨ, ਉਹ ਹਰ ਵੇਲੇ ਸਿੱਖਾਂ ਨੂੰ ਭਾਰਤੀ ਰੰਗ ਵਿੱਚ ਰੰਗਣ ਲਈ ਕਾਹਲੇ ਹਨ ਜਿਵੇਂ ਬਾਬਾ ਧੁੰਮਾਂ ਜੀ ਸਿੱਖਾਂ ਦੇ ਕਾਤਲਾਂ ਦਾ ਸਨਮਾਨ, ਹਿੰਦੂ ਕਰਮਕਾਂਡ, ਸਿੱਖੀ ਮਰਯਾਦਾ ਦਾ ਘਾਣ ਅਤੇ ਭਾਜਪਾ ਤੇ ਆਰ ਐਸ ਐਸ ਨਾਲ ਘੁਲ-ਮਿਲ ਚੁੱਕੇ ਹਨ। ਉਹ ਭੁੱਲ ਰਹੇ ਹਨ ਕਿ ਇੰਝ ਅਸਲ ਵਿੱਚ ਸਿੱਖਾਂ ਦਾ ਬ੍ਰਾਹਮਣੀਕਰਨ ਹੋ ਜਾਣਾ ਹੈ। ਸਿੱਖਾਂ ਦੀ ਹੋਂਦ-ਹਸਤੀ ਹੀ ਮੁੱਕ ਜਾਵੇਗੀ। ਕਿਸੇ ਵੇਲੇ ਅਲਾਮਾ ਇਕਬਾਲ ਨੇ ਕਿਹਾ ਸੀ, 'ਮੁੱਲਾਂ ਕੋ ਗਰ ਹਿੰਦ ਮੇਂ ਸਜਦੇ ਕੀ ਹੈ ਇਜਾਜ਼ਤ, ਨਾਦਾਂ ਯੇਹ ਸਮਝਤਾ ਹੈ, ਇਸਲਾਮ ਹੈ ਆਜ਼ਾਦ।' ਅੱਜ ਸਿੱਖਾਂ ਨੂੰ ਵੀ ਇਹੀ ਮੱਤ ਦੇਣ ਦੀ ਲੋੜ ਹੈ ਕਿ ਇਸ ਮੁਲਕ ਵਿੱਚ ਜਦ ਤੁਹਾਡਾ ਧਰਮ, ਬੋਲੀ, ਸੱਭਿਆਚਾਰ ਮਲੀਆਮੇਟ ਕਰ ਕੇ ਤੁਹਾਨੂੰ ਹਿੰਦੂ ਬਣਾਇਆ ਜਾ ਰਿਹਾ ਹੈ ਤਾਂ ਇਹ ਮੁਲਕ ਤੁਹਾਡਾ ਮੁਲਕ ਕਿਵੇਂ ਹੋਇਆ ? ਜਦ ਇਹ ਮੁਲਕ ਹਰ ਮੌਕੇ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਖ਼ਿਲਾਫ਼ ਭੁਗਤਦਾ ਹੈ ਤਾਂ ਇਹ ਤੁਹਾਡਾ ਮੁਲਕ ਕਿਵੇਂ ਹੋਇਆ ? ਪਰ ਸਿਤਮ ਦੀ ਗੱਲ ਹੈ ਕਿ ਬ੍ਰਾਹਮਣਵਾਦ ਦੇ ਗਧੀਗੇੜ ਵਿੱਚ ਫਸੇ ਬਾਬਾ ਧੁੰਮਾ ਜੀ ਤੇ ਉਹਨਾਂ ਦੇ ਚਾਪਲੂਸ-ਚੇਲੇ ਜੋ ਉਹਨਾਂ ਪੰਥਕ ਅਤੇ ਖ਼ਾਲਿਸਤਾਨੀ ਸਿੱਖਾਂ ਤੇ ਦਮਦਮੀ ਟਕਸਾਲ ਦੇ ਅਣਖੀਲੇ ਵਿਦਿਆਰਥੀਆਂ ਨੂੰ ਹੀ ਗ਼ਲਤ ਸਮਝ ਰਹੇ ਨੇ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਨੇ ਤੇ ਜਿਹੜੇ ਹਰੇਕ ਨੂੰ ਸਿੱਖੀ ਵਿੱਚ ਪ੍ਰਪੱਕ ਹੋਣ ਦਾ ਹੋਕਾ ਦਿੰਦੇ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਦੇ ਪਹਿਰੇਦਾਰ ਹਨ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







