Nazrana Times

ਪੰਜਾਬੀ

ਨਰੈਣੂ ਮਹੰਤ ਦੇ ਕੁਕਰਮ ਵੀ ਪਏ ਛੋਟੇ, ਸ਼੍ਰੋਮਣੀ ਕਮੇਟੀ 'ਚ ਹੁੰਦੇ ਨੇ ਹਰ ਰੋਜ਼ ਵੱਡੇ ਘਪਲੇ

26 Dec, 2025 02:43 AM
ਨਰੈਣੂ ਮਹੰਤ ਦੇ ਕੁਕਰਮ ਵੀ ਪਏ ਛੋਟੇ, ਸ਼੍ਰੋਮਣੀ ਕਮੇਟੀ 'ਚ ਹੁੰਦੇ ਨੇ ਹਰ ਰੋਜ਼ ਵੱਡੇ ਘਪਲੇ

ਨਰੈਣੂ ਮਹੰਤ ਦੇ ਕੁਕਰਮ ਵੀ ਪਏ ਛੋਟੇ, ਸ਼੍ਰੋਮਣੀ ਕਮੇਟੀ 'ਚ ਹੁੰਦੇ ਨੇ ਹਰ ਰੋਜ਼ ਵੱਡੇ ਘਪਲੇ
 

ਆਖ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਕੱਲ੍ਹ ਮੀਡੀਆ ਸਾਹਮਣੇ ਮੰਨ ਹੀ ਲਿਆ ਕਿ "ਸ਼੍ਰੋਮਣੀ ਕਮੇਟੀ ਵਿੱਚ ਹਰ ਰੋਜ਼ 10 ਤੋਂ 20 ਘਪਲੇ ਹੁੰਦੇ ਹਨ।" ਪ੍ਰਧਾਨ ਧਾਮੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਿੱਖ ਕੌਮ ਨੂੰ ਕੋਈ ਬਹੁਤੀ ਹੈਰਾਨੀ-ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਪੰਥਕ ਜਥੇਬੰਦੀਆਂ ਤੇ ਸੰਗਤਾਂ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਆਖ ਰਹੀਆਂ ਸਨ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਬਹੁਤ ਗਰਕ ਚੁੱਕੀ ਹੈ, ਵੱਡਾ ਨਿਘਾਰ ਆ ਚੁੱਕਾ ਹੈ ਤੇ ਇਸ ਵਿੱਚ ਅਕਸਰ ਹੀ ਛੋਟੇ-ਵੱਡੇ ਘਪਲੇ ਹੁੰਦੇ ਰਹਿੰਦੇ ਨੇ ਤੇ ਗੁਰੂ ਦੀ ਗੋਲਕ ਦੀ ਬੇਹੱਦ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਪਾਪੀਆਂ ਨੂੰ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਦਾ ਕੋਈ ਹੱਕ ਨਹੀਂ ਰਿਹਾ, ਇਹ ਤਾਂ ਕਬਜਾ ਜਮਾਂ ਕੇ ਬੈਠੇ ਹਨ ਤੇ ਮਨਆਈਆਂ ਕਰਦੇ ਹਨ। ਨਰੈਣੂ ਮਹੰਤ ਦੇ ਕੁਕਰਮ ਵੀ ਇਹਨਾਂ ਸਾਹਮਣੇ ਛੋਟੇ ਪੈ ਗਏ ਹਨ, ਇਤਿਹਾਸ ਵਿੱਚ ਇਹਨਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਪ੍ਰਧਾਨ ਧਾਮੀ ਨੇ ਬੜੀ ਤਲਖ਼ੀ ਨਾਲ ਆਪਣੇ ਮੂੰਹੋਂ ਕੌੜਾ ਸੱਚ ਬਿਆਨ ਦਿੱਤਾ ਤੇ ਪੰਥਕ ਜਥੇਬੰਦੀਆਂ ਤੇ ਪੰਥ ਦਰਦੀਆਂ ਵੱਲੋਂ ਕਹੀਆਂ ਜਾਂਦੀਆਂ ਗੱਲਾਂ ਉੱਤੇ ਮੋਹਰ ਲਾ ਦਿੱਤੀ। ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਅਕਸਰ ਹੀ ਰੁਮਾਲੇ, ਚੰਦੋਏ, ਕੜਾਹ ਪ੍ਰਸ਼ਾਦ ਦੀਆਂ ਪਰਚੀਆਂ, ਲੰਗਰ ਦੀਆਂ ਦਾਲਾਂ, ਗੈਸ-ਸਿਲੰਡਰ ਅਤੇ ਸੁੱਕੀਆਂ ਰੋਟੀਆਂ ਵਿੱਚ ਘਪਲੇ ਹੁੰਦੇ ਹਨ ਜਿਸ ਦੀਆਂ ਕਈ ਵਾਰ ਖ਼ਬਰਾਂ ਵੀ ਛਪੀਆਂ ਹਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਥੂਹ-ਥੂਹ ਹੁੰਦੀ ਰਹਿੰਦੀ ਹੈ। ਪਰ ਹੁਣ ਸੰਗਤਾਂ ਆਖ ਰਹੀਆਂ ਨੇ ਕਿ ਪ੍ਰਧਾਨ ਧਾਮੀ ਸਾਬ੍ਹ ਇੱਕ ਕਦਮ ਹੋਰ ਵਧਾਉਂਦਿਆਂ ਇਹ ਵੀ ਦੱਸ ਹੀ ਦੇਣ ਕਿ ਸ਼੍ਰੋਮਣੀ ਕਮੇਟੀ ਵਿੱਚ ਹਰ ਰੋਜ਼ 10 ਤੋਂ 20 ਘਪਲੇ ਕਿਹੜੇ-ਕਿਹੜੇ ਹੁੰਦੇ ਹਨ ? ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ? ਦੋਸ਼ੀਆਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਜਾਂ ਸਨਮਾਨਿਤ ਕੀਤਾ ਜਾਂਦਾ ਹੈ ? ਭ੍ਰਿਸ਼ਟਾਚਾਰੀ ਕਰਦਿਆਂ ਅਧਿਕਾਰੀਆਂ ਵੱਲੋਂ ਆਪਣਾ ਹਿੱਸਾ ਵਸੂਲਿਆ ਜਾਂਦਾ ਹੈ ਜਾਂ ਫਿਰ ਦੋਸ਼ੀ ਨੂੰ ਜੁਰਮਾਨਾ ਕਰਦਿਆਂ ਡਬਲ ਪੈਸਾ ਲਿਆ ਜਾਂਦਾ ਹੈ ? ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ? ਵਿਭਾਗੀ ਕਾਰਵਾਈ ਹੁੰਦੀ ਹੈ ? ਜਾਂ ਫਿਰ ਲੈ ਦੇ ਕੇ ਮਾਮਲਾ ਦਬਾਇਆ ਜਾਂਦਾ ਹੈ ? ਇਹਨਾਂ ਘਪਲਿਆਂ ਨੂੰ ਰੋਕਣ ਲਈ ਕੀ-ਕੀ ਇੰਤਜ਼ਾਮ ਕੀਤੇ ਜਾਂਦੇ ਹਨ ? ਇਹ ਵੀ ਜ਼ਿਕਰਯੋਗ ਹੈ ਕਿ ਬਲਾਤਕਾਰੀ, ਕਾਤਲ ਅਤੇ ਪੰਥ ਦੋਖੀ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਤੋਂ ਮਾਫ਼ੀ ਦਿਵਾ ਕੇ ਸੁਖਬੀਰ ਸਿੰਘ ਬਾਦਲ ਨੇ ਗੁਰੂ ਕੀ ਗੋਲਕ 'ਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਵੀ ਸ਼੍ਰੋਮਣੀ ਕਮੇਟੀ ਪਾਸੋਂ ਅਖ਼ਬਾਰਾਂ ਨੂੰ ਦਿਵਾਏ ਸਨ। ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਕਹਿੰਦੇ ਸਨ ਕਿ ਪੰਥਕ ਜਥੇਬੰਦੀਆਂ ਦੇ ਆਗੂ ਇਹ ਝੂਠਾ ਇਲਜ਼ਾਮ ਲਗਾਉਂਦੇ ਹਨ ਪਰ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਖੁਦ ਹੀ ਮੰਨ ਗਿਆ ਤੇ ਉਸਦੇ ਚਾਪਲੂਸਾਂ ਦਾ ਮੂੰਹ ਆਪਣੇ ਆਪ ਕਾਲ਼ਾ ਹੋ ਗਿਆ ਜਿਹੜੇ ਉਸਦੇ ਹਰ ਗੁਨਾਹ ਉੱਤੇ ਪਰਦਾ ਪਾਉਂਦੇ ਹੁੰਦੇ ਸਨ। ਬਾਦਲਾਂ ਦੀਆਂ ਰੈਲੀਆਂ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਜਾਂਦਾ ਰਿਹਾ ਤੇ ਹੋਰ ਪਤਾ ਨਹੀਂ ਕਿੰਨੇ ਘਪਲੇ ਅਤੇ ਕਿੰਨੇ ਪੈਸੇ ਗਬਨ ਕੀਤੇ ਜਾਂਦੇ ਹੋਣਗੇ। ਲੋਕ ਤਾਂ ਗੁਰੂ ਘਰ ਵਿੱਚ ਗ਼ੁਨਾਹ ਬਖਸ਼ਾਉਣ ਜਾਂਦੇ ਨੇ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਗੁਰੂ ਘਰ ਵਿੱਚ ਬੈਠ ਕੇ ਹੀ ਸਿਰੇ ਦੇ ਗ਼ੁਨਾਹ, ਪਾਪ ਅਤੇ ਗਲਤੀਆਂ ਕਰਦੇ ਹਨ ਤੇ ਇਹਨਾਂ ਨੂੰ ਗੁਰੂ ਦਾ ਕੋਈ ਡਰ ਨਹੀਂ ਰਿਹਾ। ਸੰਗਤ ਨੇ ਸਮੇਂ-ਸਮੇਂ 'ਤੇ ਬਹੁਤ ਕੁਝ ਬਰਦਾਸ਼ਤ ਕਰ ਲਿਆ ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਬੰਧ ਵਿੱਚੋਂ ਗੁੰਮ ਹੋ ਗਏ ਤਾਂ ਸੰਗਤ ਦਾ ਰੋਹ ਅਤੇ ਰੋਸ ਦਾ ਜਵਾਲਾ ਫੁੱਟ ਗਿਆ। ਸੰਨ 2015 ਵਿੱਚ ਪਿੰਡ ਬੁਰਜ ਜਵਾਹਰਕੇ ਤੋਂ ਵੀ ਪਾਵਨ ਸਰੂਪ ਚੋਰੀ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਅਤੇ ਬਾਦਲਕੇ ਓਦੋਂ ਵੀ ਗੱਲ ਦੱਬਦੇ ਰਹੇ, ਇਸ ਨੂੰ ਮਾਮੂਲੀ ਘਟਨਾ ਸਮਝਦੇ ਰਹੇ ਤੇ ਹੁਣ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਅਤੇ ਘਪਲੇ ਦੇ ਮਾਮਲੇ ਨੂੰ ਵੀ ਸ਼੍ਰੋਮਣੀ ਕਮੇਟੀ ਦਬਾਉਣਾ ਚਾਹੁੰਦੀ ਹੈ ਪਰ ਗੁਰੂ ਨੂੰ ਪਿਆਰ ਕਰਨ ਵਾਲੇ ਗੁਰੂ ਦੇ ਪਿਆਰੇ ਆਪਣੇ ਗੁਰੂ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਨ, ਪੰਜ ਸਾਲ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਜਾਰੀ ਹੈ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਉੱਤੇ ਪਰਚੇ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਗੱਲ ਵਿੱਚ ਪਿਆ ਰੱਸਾ ਭਾਵੇਂ ਬਾਦਲ ਦਲੀਏ ਖੋਲ੍ਹਣ ਦਾ ਯਤਨ ਕਰ ਰਹੇ ਹਨ ਪਰ ਗੁਰੂ ਸਾਹਿਬ ਬਹੁਤ ਡਾਢੇ ਹਨ ਤੇ ਇਹ ਰੱਸਾ ਹਰ ਰੋਜ਼ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਗਲਾ ਘੋਟ ਰਿਹਾ ਹੈ। 
 

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.

Posted By: GURBHEJ SINGH ANANDPURI

Loading…
Loading the web debug toolbar…
Attempt #