Nazrana Times

ਪੰਜਾਬੀ

ਹੜ੍ਹ ਅਤੇ ਕੌਮੀ ਏਕਤਾ

11 Sep, 2025 04:44 AM
ਹੜ੍ਹ ਅਤੇ ਕੌਮੀ ਏਕਤਾ

ਹੜ੍ਹ ਅਤੇ ਕੌਮੀ ਏਕਤਾ

ਲੇਖਕ:-

ਬਲਵਿੰਦਰ ਸਿੰਘ

98960-42953


ਜਦੋਂ ਸੰਨ 1988 ਵਿਚ ਹੜ੍ਹ ਆਇਆ ਸੀ ਉਸ ਵੇਲੇ ਮੈਂ ਆਪਣੀ ਮਾਸੀ ਦੇ ਪਿੰਡ ਟਿੱਬਾ ਜ਼ਿਲਾ ਕਪੂਰਥਲਾ ਵਿਖੇ ਰਹਿੰਦਾ ਸੀ।

ਮੁੰਡੀ ਮੋੜ ਕੋਲੋਂ ਬੰਨ ਟੁੱਟਦਾ ਦੇਖਿਆ। ਅੱਖੀਂ ਡਿੱਠੇ ਹਾਲਾਤਾਂ ਨੂੰ ਦੇਖਿਆ ਪੁਰਾਣੇ ਬਜ਼ੁਰਗਾਂ ਦੇ ਵਿਚਾਰ ਲਏ । ਕਵੀ ਹਿਰਦਾ ਹੋਣ ਕਾਰਨ ਧੁਰ ਅੰਦਰੋ ਸਮੇਂ ਦੇ ਸੱਚ ਨੂੰ ਲਿਖਣ ਲਈ ਪ੍ਰਮੇਸ਼ਰ ਨੇ  ਹਲੂਣਾ ਦਿਤਾ । ਅੱਜ ਫਿਰ ਓਦਾਂ ਦੇ ਹਲਾਤ ਬਣੇ ਹੋਏ ਹਨ।

ਅੱਜ ਕੱਲ੍ਹ ਮੈਂ ਜ਼ਿਲਾ ਕੈਂਥਲ (ਹਰਿਆਣਾ) ਵਿਖੇ ਰਹਿੰਦਾ ਹਾਂ ।

ਇਹ ਕਵਿਤਾ 1988 ਵਿਚ ਆਏ ਹੜ੍ਹ ਤੋਂ 2 ਦਿਨ ਬਾਅਦ ਲਿਖੀ ਸੀ। ਇਸ ਹੜ੍ਹ ਵਿੱਚ 1955 ਵਿੱਚ ਆਏ ਹੜ੍ਹ ਨਾਲੋਂ ਪੰਜ ਫੁਟ ਪਾਣੀ ਜ਼ਿਆਦਾ ਸੀ । ਇਹ ਅਨੁਮਾਨ ਜਿਨ੍ਹਾਂ ਬਜੁਰਗਾਂ ਨੇ 1955 ਵਾਲਾ ਹੜ੍ਹ ਅੱਖੀਂ ਦੇਖਿਆ ਸੀ ਲਾਕੇ ਦਸਿਆ। ਸੋ ਮੈਂ 1988 ਦੇ ਹੜ੍ਹ ਵਾਲੀ ਤਸਵੀਰ ਪੇਸ਼ ਕਰ ਰਿਹਾ ਹਾਂ ।ਇਹ ਕਵਿਤਾ 1988 ਵਿਚ ਗੁਰਦੁਆਰਾ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਪੜ੍ਹੀ ਗਈ ਸੀ। ਜਿਸ ਨੂੰ ਸੰਗਤਾਂ ਵੱਲੋਂ ਭਰਭੂਰ ਹੁੰਗਾਰਾ ਮਿਲਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਿਰਦਾਰ ਗੁਰਬਚਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਕਵੀਆਂ ਨੂੰ ਸਮੇਂ ਦੇ ਸੱਚ ਨੂੰ ਉਲੀਕਣਾਂ ਚਾਹੀਦਾ ਹੈ । ਜਿਵੇਂ ਕਿ ਸ੍ਰੀ ਸੰਧਾ ਜੀ ਨੇ ਹਕੀਕਤ ਨੂੰ ਪਛਾਣ ਕੇ ਲਿਖਿਆ ਹੈ ।


ਆਇਆ ਹੜ੍ਹ ਤੇ ਲੈ ਗਿਆ ਰੋਹੜ ਸਭ ਕੁੱਝ, ਅਸੀ ਹੋ ਗਏ ਨੰਗ ਮਲੰਗ ਮੀਆਂ ।

ਮਰਦ ਤੀਵੀਆਂ ਬੱਚੇ ਜਵਾਨ ਰੁੜ ਗਏ, ਸਾਡੇ ਰੁੜ ਗਏ ਸਾਕ ਤੇ ਅੰਗ ਮੀਆਂ ।

ਮੱਝਾਂ, ਗਊਆਂ ਬਲੰਤਣਾਂ ਰੁੜ੍ਹ ਗਈਆਂ, ਦੇਖੇ ਬਲਦ, ਵਛਰੂਟ ਨਿਸੰਗ ਮੀਆਂ ।

ਕਿਹੜੀ-ਕਿਹੜੀ ਸੁਣਾਵਾਂ ਮੈਂ ਚੀਜ ਰੁੜ੍ਹ ਗਈ. ਸਾਡੇ ਚਾਅ ਤੇ ਰੁੜੀ ਉਮੰਗ ਮੀਆਂ ।

ਰੁੜ੍ਹ ਕੀਮਤੀ ਗਏ ਸਮਾਨ ਸਾਡੇ,ਕੀਤੇ ਪੇਟੀਆਂ ਦੇ ਵਿਚ ਬੰਦ ਮੀਆਂ ।

ਹੋ ਫਸਲਾਂ ਸਭ ਤਬਾਹ ਗਈਆਂ, ਪੱਠੇ ਰਹੇ ਨਾਂ ਤੜ੍ਹੀ ਤੇ ਤੰਦ ਮੀਆਂ।

ਹੜ੍ਹ 88 ਦਾ ਸੰਨ 55 ਨਾਲੋਂ, ਵੱਧ ਦਸਦੇ ਨੇ ਵਟ ਨੇ ਪੰਜ ਮੀਆਂ ।

ਜਿਉਂਦੇ ਜੀਅ ਵੀ ਰਹੇ ਨਾ ਜੀਣ ਜੋਗੇ, ਸਾਡੇ ਸਿਰਾਂ ਤੇ ਪੈ ਗਈ ਗੰਜ ਮੀਆਂ ।

ਐਡਾ ਨਹੀ ਸੀ ਵਰਤਣਾ ਇਹ ਸਾਕਾ,ਵਾਰਸ ਹੋਵਦੇ ਜੇ ਅਕਲ ਮੰਦ ਮੀਆਂ ।

ਏਕਾ ਦੇਖਿਆ ਜਦੋ ਪੰਜਾਬੀਆਂ ਦਾ, ਖੱਟੇ ਦੁਸ਼ਮਣਾ ਦੇ ਹੋ ਗਏ ਦੰਦ ਮੀਆਂ ।

ਗੋਰਮਿੰਟ ਜੇ ਕਰਦੀ ਗੌਰ ਪਹਿਲਾਂ, ਪਾਣੀ ਦਿੰਦੀ ਦਰਿਆਵਾਂ 'ਚ ਵੰਡ ਮੀਆਂ ।

ਕੀਤਾ ਤੰਗ ਹੈ ਸੱਭ ਪੰਜਾਬੀਆਂ ਨੂੰ, ਮਾਰੀ ਸੱਭ ਦੇ ਮੁੰਹ ਤੇ ਚੰਡ ਮੀਆਂ ।

ਭਲ੍ਹਾ ਉਸਦਾ ਕਦੇ ਨਹੀ ਹੋ ਸਕਦਾ, ਕੀਤਾ ਜਿਹਨੇ ਉਪਰੇਸ਼ਨ ਮੰਡ ਮੀਆਂ ।

ਸਾਡੀ ਸਾਡੇ ਭਰਾਵਾਂ ਜੋ ਮਦਦ ਕੀਤੀ, ਉਹਦੇ ਸਾਹਵੇ ਸਰਕਾਰੀ ਕੀ ਫੰਡ ਮੀਆਂ ।

ਲੱਖਾਂ ਹੜ੍ਹ ਤੇ ਆਉਣ ਤੁਫਾਨ ਭਾਵੇਂ ਸਾਡੇ ਹੌਂਸਲੇ ਰਹਿਣ ਬੁਲੰਦ ਮੀਆਂ ।

ਤਾਹੀਂ ਸਿਫਤਾਂ ਪਿੰਡ ਪਸੌਲ ਕਰਦੇ ਸੰਧਾ, ਜੌੜੇ ਸੋਹਣੇ ਛੰਦ ਮੀਆਂ ।

Posted By: TAJEEMNOOR KAUR