Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਚੋਣਾਂ ਪੰਥ ਦਾ ਭਵਿੱਖ ਤੈਅ ਕਰਨਗੀਆਂ – ਗਿਆਨੀ ਹਰਪ੍ਰੀਤ ਸਿੰਘ

11 Jan, 2026 08:45 PM
ਸ਼੍ਰੋਮਣੀ ਕਮੇਟੀ ਚੋਣਾਂ ਪੰਥ ਦਾ ਭਵਿੱਖ ਤੈਅ ਕਰਨਗੀਆਂ – ਗਿਆਨੀ ਹਰਪ੍ਰੀਤ ਸਿੰਘ

ਟਾਂਗਰਾ: - ਸੁਰਜੀਤ ਸਿੰਘ ਖਾਲਸਾ
 

ਪੰਜਾਬ ਅਤੇ ਪੰਥ ਇਕ ਅਜਿਹੇ ਮੋੜ ’ਤੇ ਖੜ੍ਹੇ ਹਨ। ਜਿੱਥੇ ਸਿਆਸੀ ਸਹੂਲਤ ਨਹੀਂ ਸਗੋਂ ਸੱਚੀ ਪੰਥਕ ਏਕਤਾ ਦੀ ਲੋੜ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰਬੀਰ ਸਿੰਘ ਵਿਰਕ ਦੇ ਗ੍ਰਹਿ ਪਿੰਡ ਜਾਣੀਆਂ ਵਿਖੇ ਰੱਖੇ ਇੱਕ ਪ੍ਰੋਗਰਾਮ ਵਿੱਚ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਮਸਲਿਆਂ ਨੂੰ ਨਿੱਜੀ ਲਾਭ ਜਾਂ ਪਾਰਟੀਬਾਜ਼ੀ ਦੀ ਨਜ਼ਰ ਨਾਲ ਦੇਖਣਾ ਪੰਥ ਨਾਲ ਧੋਖਾ ਹੈ। ਇਸ ਮੌਕੇ ਅਕਾਲੀ ਦਲ ਪੁਨਰ-ਸੁਰਜੀਤ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਰਹੀ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਵੰਡ ਨੇ ਹਮੇਸ਼ਾ ਪੰਥ ਨੂੰ ਕਮਜ਼ੋਰ ਕੀਤਾ ਹੈ ।ਅਤੇ ਬਾਹਰੀ ਤਾਕਤਾਂ ਨੂੰ ਮਜ਼ਬੂਤ। ਉਨ੍ਹਾਂ ਅਪੀਲ ਕੀਤੀ ਕਿ ਸਿੱਖ ਕੌਮ ਅੰਦਰੂਨੀ ਖਿੱਚਾਂ ਤੋਂ ਉੱਪਰ ਉੱਠ ਕੇ ਸਾਂਝੇ ਮਸਲਿਆਂ ’ਤੇ ਇਕਜੁੱਟ ਹੋਵੇ, ਨਹੀਂ ਤਾਂ ਇਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੀ ਪਵੇਗੀ। ਐਸਜੀਪੀਸੀ ਚੋਣਾਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੋਣਾਂ ਸਿਰਫ਼ ਪ੍ਰਬੰਧਕ ਬਦਲਣ ਦੀ ਕਾਰਵਾਈ ਨਹੀਂ, ਸਗੋਂ ਪੰਥ ਦੀ ਦਿਸ਼ਾ ਤੈਅ ਕਰਨ ਵਾਲਾ ਫ਼ੈਸਲਾ ਹਨ। ਉਨ੍ਹਾਂ ਮੰਗ ਕੀਤੀ ਕਿ ਐਸਜੀਪੀਸੀ ਚੋਣਾਂ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਪੰਥਕ ਮਰਿਆਦਾ ਅਨੁਸਾਰ ਕਰਵਾਈਆਂ ਜਾਣ ਤਾਂ ਜੋ ਸੰਸਥਾ ’ਤੇ ਸੰਗਤ ਦਾ ਭਰੋਸਾ ਮੁੜ ਬਣ ਸਕੇ। 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ’ਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਸਲਾ ਸਿਰਫ਼ ਕਾਗਜ਼ੀ ਰਿਕਾਰਡ ਜਾਂ ਜਾਂਚ ਕਮੇਟੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੋਸ਼ੀਆਂ ਦੀ ਸਪਸ਼ਟ ਜਵਾਬਦੇਹੀ ਤੈਅ ਕਰਨ ਅਤੇ ਸੱਚ ਸੰਗਤ ਦੇ ਸਾਹਮਣੇ ਲਿਆਂਦੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੋਈ ਵੀ ਸਮਝੌਤਾ ਪੰਥ ਨਾਲ ਨਿਆਂ ਨਹੀਂ ਹੋਵੇਗਾ।

[FACTBOX]

ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਪੁਨਰ-ਸੁਰਜੀਤ ਕਿਸੇ ਇੱਕ ਵਿਅਕਤੀ ਜਾਂ ਸੱਤਾ ਦੀ ਲਾਲਸਾ ਲਈ ਨਹੀਂ, ਸਗੋਂ ਪੰਜਾਬ ਅਤੇ ਪੰਥ ਦੀ ਭਲਾਈ ਲਈ ਬਣਾਈ ਗਈ ਪਾਰਟੀ ਹੈ। ਇਹ ਪਾਰਟੀ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਪੰਥਕ ਸੋਚ ਵਾਲੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਇਕ ਨਵੀਂ ਸਿਆਸੀ ਦਿਸ਼ਾ ਦੇਣ ਲਈ ਕੰਮ ਕਰੇਗੀ। ਉਨ੍ਹਾਂ ਇਕ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਸੀਨੀਅਰ ਮੀਤ ਪ੍ਰਧਾਨ, ਗੋਪਾਲ ਸਿੰਘ ਮੈਂਬਰ ਐਸ ਜੀ ਪੀ ਸੀ, ਅਜੇਪਾਲ ਸਿੰਘ ਮੀਰਾਂਕੋਟ , ਮੈਂਬਰ ਪੀ ਏ ਸੀ , ਦਲਜਿੰਦਰ ਬੀਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ, ਮਨਿੰਦਰ ਸਿੰਘ ਧੁੰਨਾ , ਜਿਲ੍ਹਾ ਪ੍ਰਧਾਨ ਸ਼ਹਿਰੀ ਬੀਬੀ ਮਲਕੀਤ ਕੌਰ ਬੈਰੀਕੇਟ ਐਸ ਏ ਡੀ, ਯੋਗਰਾਜ ਸਿੰਘ ਧੂਲਕਾ, ਬਚਿੱਤਰ ਸਿੰਘ ਜਾਣੀਆ, ਚਰਨਜੀਤ ਸਿੰਘ ਮੱਖਣਵਿਡੀ, ਗੁਰਦੇਵ ਸਿੰਘ ਤਿੰਮੋਵਾਲ, ਭੁਪਿੰਦਰ ਸਿੰਘ ਜਾਣੀਆ, ਜਗਵੰਤ ਸਿੰਘ ਜਾਣੀਆ, ਕੇਵਲ ਸਿੰਘ ਖਾਲਸਾ, ਹਰਜਿੰਦਰ ਸਿੰਘ ਜਾਣੀਆ, ਇਕਬਾਲ ਸਿੰਘ ਜਲਾਲ, ਬਲਵਿੰਦਰ ਸਿੰਘ ਪੰਚ , ਸਰਬਜੀਤ ਸਿੰਘ ਨਰੈਣਗੜ,‌ ਮਨਜਿੰਦਰ ਸਿੰਘ ਖੱਖ,ਸਰੂਪ ਸਿੰਘ ਆਦਿ ਹਾਜ਼ਰ ਸਨ।

Posted By: GURBHEJ SINGH ANANDPURI