ਪ੍ਰਚੱਲਤ ਰਵਾਇਤ ਅਤੇ ਪੁਰਾਤਨ ਮਰਿਆਦਾ ਮੁਤਾਬਕ ਜਥੇਦਾਰ ਗੜਗੱਜ ਨੂੰ ਭੇਜਿਆ ਪੱਤਰ
- ਗੁਰਬਾਣੀ-ਇਤਿਹਾਸ
- 15 Jan, 2026 03:46 AM (Asia/Kolkata)
ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ,
ਮੁੱਖ ਸੇਵਾਦਾਰ, ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਬਸੰਤ ਰਾਗ
ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਇਹ ਹੈ ਕਿ;
ਪ੍ਰਚੱਲਿਤ ਰਵਾਇਤ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਬਸੰਤ ਰਾਗ ਦਾ ਵਿਸ਼ੇਸ਼ ਕੀਰਤਨ ਲੋਹੜੀ ਵਾਲੀ ਰਾਤ ਭਾਵ 30 ਪੋਹ (13 ਜਨਵਰੀ) ਦਿਨ ਮੰਗਲਵਾਰ ਨੂੰ ਆਰੰਭ ਕੀਤਾ ਗਿਆ ਹੈ। ਜਿਸ ਦੀ ਅਰਦਾਸ “ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦੁਵਾਰਾ ਚਲਾਈ ਹੋਈ ਪੁਰਾਤਨ ਮਰਯਾਦਾ ਅਨੁਸਾਰ ਸੱਚ ਖੰਡ ਸ੍ਰੀ ਹਰਮਮਦਰ ਸਾਹਿਬ ਜੀ ਵਿਖੇ...ਬਸੰਤ ਰਾਗ ਗਾਇਨ ਕਰਨ ਦੀ ਆਰੰਭਤਾ ਕੀਤੀ ਜਾ ਰਹੀ ਹੈ”, ਇਨ੍ਹਾਂ ਸ਼ਬਦਾਂ ਨਾਲ ਕੀਤੀ ਗਈ। ਇਸ ਰਾਗ ਦੀ ਸਮਾਪਤੀ ਹੋਲੇ ਮੁਹੱਲੇ ਵਾਲੇ ਦਿਨ ਆਸਾ ਦੀ ਵਾਰ ਦੀ ਚੌਂਕੀ ਦੀ ਅਰਦਾਸ ਨਾਲ, ਚੇਤ ਵਦੀ ਏਕਮ/ 21 ਫੱਗਣ (4 ਮਾਰਚ) ਦਿਨ ਬੁਧਵਾਰ ਨੂੰ ਹੋਵੇਗੀ। ਭਾਵ 30 ਪੋਹ ਤੋਂ 21 ਫੱਗਣ (13 ਜਨਵਰੀ ਤੋਂ 4 ਮਾਰਚ) ਤੀਕ ਬਸੰਤ ਰਾਗ ਵਿੱਚ ਦਰਜ ਪਾਵਨ ਬਾਣੀ ਦਾ ਵਿਸ਼ੇਸ਼ ਤੌਰ ਤੇ ਕੀਰਤਨ ਕੀਤਾ ਜਾਵੇਗਾ।
ਸਿਤਕਾਰਯੋਗ ਜਥੇਦਾਰ ਜੀ, ਜਦੋ ਅਸੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਬਾਣੀ, “ਰਾਮਕਲੀ ਮਹਲਾ 5 ਰੁਤੀ ਸਲੋਕੁ (ਪੰਨਾ 927) ਦੇ ਦਰਸ਼ਨ ਕਰਦੇ ਹਾਂ ਤਾਂ ਮਾਘ ਅਤੇ ਫੱਗਣ ਦਾ ਮਹੀਨੇ ਤਾਂ ਹਿਮਕਰ ਰੁੱਤ ਹੁੰਦੀ ਹੈ। ਹਿਮਕਰ ਭਾਵ ਬਰਫਾਨੀ ਰੁੱਤ ਵਿੱਚ ਬਸੰਤ ਰਾਗ ਦਾ ਕੀਰਤਨ ਕਰਨ ਦੀ ਮਰਯਾਦਾ ਪਿਛੇ ਕੀ ਰਾਜ ਹੈ?
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥
ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥(ਪੰਨਾ 929)
ਆਮ ਤੌਰ ‘ਤੇ ਦੁਨੀਆ ਵਿੱਚ ਚਾਰ ਮੌਸਮ (ਬਸੰਤ, ਗਰਮੀ, ਪਤਝੜ, ਅਤੇ ਸਰਦੀ) ਮੰਨੇ ਗਏ ਹਨ। ਜੋ ਕੋ ਮੁੱਖ ਤੌਰ 'ਤੇ ਧਰਤੀ ਦੇ ਸੂਰਜ ਦੁਆਲੇ ਘੁੰਮਦੇ ਸਮੇਂ ਆਪਣੇ ਧੁਰੇ 'ਤੇ ਝੁਕਾਅ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਪਰ ਗੁਰਬਾਣੀ ਅਨੁਸਾਰ ਛੇ ਰੁੱਤਾਂ (ਬਸੰਤ ਰੁੱਤ, ਗ੍ਰੀਖਮ , ਬਰਸੁ, ਸਰਦ, ਸਿਸਿਅਰ ਅਤੇ ਹਿਮਕਰ ਰੁੱਤ) ਮੰਨੀਆਂ ਗਈਆਂ ਹਨ। ਸਾਰੀਆਂ ਰੁੱਤਾਂ ਦੋ-ਦੋ ਮਹੀਨੇ ਦੀਆਂ ਹੁੰਦੀਆ ਹਨ। ਬਸੰਤ ਰੁੱਤ ਚੇਤ ਅਤੇ ਵੈਸਾਖ ਮਹੀਨੇ ਵਿੱਚ ਹੁੰਦੀ ਹੈ।
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁੱਤੇ॥
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਿਣ ਧੂੜਿ ਲੁਤੇ॥ (ਪੰਨਾ 452
ਰੁੱਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ॥
ਹਰਿ ਜੀਉ ਨਾਹੁ ਮਿਲਆ ਮਉਲਿਆ ਮਨੁ ਤਨੁ ਸਾਸੁ ਜੀਉ॥ ( ਪੰਨਾ 927)
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈਂ ਪਿਰੁ ਘਰਿ ਬਾਹੁੜੈ ॥ (ਪੰਨਾ 1108)
ਗਿਆਨੀ ਕੁਲਦੀਪ ਸਿੰਘ ਜੀ, ਗੁਰਬਣੀ ਵਾਰ-ਵਾਰ ਸਾਡੀ ਅਗਵਾਈ ਕਰਦੀ ਹੈ ਕਿ ਬਸੰਤ ਦੀ ਰੁੱਤ, ਚੇਤ ਅਤੇ ਵੈਸਾਖ ਦੇ ਮਹੀਨੇ ਹੁੰਦੀ ਹੈ। ਇਸ ਦੇ ਬਾਵਜੂਦ ਕੀ ਕਾਰਨ ਹੈ ਕਿ ਦਰਬਾਰ ਸਾਹਿਬ ਸਮੇਤ ਸਾਰੇ ਗੁਰਦਵਾਰਿਆਂ ਵਿੱਚ, ਬਸੰਤ ਰਾਗ ਮਾਘ ਅਤੇ ਫੱਗਣ ਦੇ ਮਹੀਨੇ ਹੀ ਗਾਇਆ ਜਾਂਦਾ ਹੈ? ਜਦੋ ਕਿ ਗੁਰਬਾਣੀ ਮੁਤਾਬਕ ਮਾਘ ਅਤੇ ਫੱਗਣ ਦੇ ਮਹੀਨੇ ਵਿੱਚ ਹਿਮਕਰ ਰੁੱਤ ਗੁੰਦੀ ਹੈ।
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥
ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥(ਪੰਨਾ 929)
ਬਸੰਤ ਰੁੱਤ ਤੋਂ ਪਿਛੋਂ ਗ੍ਰੀਖਮ ਰੁੱਤ (ਗਰਮੀ) ਆਰੰਭ ਹੁੰਦੀ ਹੈ। ਜੇ ਬਸੰਤ ਰਾਗ ਦੇ ਕੀਰਨਤ ਦੀ ਪ੍ਰਚਲਤ ਮਰਯਾਦਾ ਮੁਤਾਬਕ ਬਸੰਤ ਰੁੱਤ ਦੀ ਸਮਾਪਤੀ ਚੇਤ ਵਦੀ ਏਕਮ (ਹੋਲੇ ਵਾਲੇ ਦਿਨ) ਤੋਂ ਮੰਨ ਲਈ ਜਾਵੇ ਤਾਂ ਗ੍ਰੀਖਮ ਦੀ ਰੁੱਤ ਦਾ ਆਰੰਭ ਉਸ ਦਿਨ ਤੋਂ ਮੰਨਣਾ ਪਵੇਗਾ। ਇਸ ਅਨੁਸਾਰ ਪਿਛਲੇ ਸਾਲ (ਸੰਮਤ 2081 ਬਿ:), ਗ੍ਰੀਖਮ ਰੁੱਤ ਦਾ ਆਰੰਭ 2 ਚੇਤ ਨੂੰ ਹੋੲਅ ਮੰਨਿਆ ਜਾਵੇਗਾ। ਇਸ ਸਾਲ (ਸੰਮਤ 2028 ਬਿ:) 20 ਫੱਗਣ ਨੂੰ ਹੋਵੇਗਾ ਅਤੇ ਅਗਲੇ ਸਾਲ ਭਾਵ ਸੰਮਤ 2083 ਬਿ: 9 ਚੇਤ ਤੋਂ ਮੰਨਣਾ ਪਵੇਗਾ, ਜੋ ਕਿ ਕੁਦਰਤੀ ਵਿਧਾਨ ਦੇ ਵਿਰੁੱਧ ਹੈ। ਰੁੱਤਾਂ ਦਾ ਸਬੰਧ ਚੰਦ ਨਾਲ ਨਹੀਂ ਸੂਰਜ ਨਾਲ ਹੈ। ਰੁੱਤਾਂ ਕਦੇ ਵੀ ਛੜੱਪੇ ਨਹੀਂ ਮਾਰਦੀਆਂ। ਇਹ ਇਕ ਖਾਸ ਸਮੇਂ ਤੇ ਆਰੰਭ ਹੁੰਦੀਆਂ ਹਨ। ਗੁਰਬਾਣੀ ਵਿੱਚ ਦਰਜ ਹੈ ਕਿ ਗਰਮੀ ਦੀ ਰੁੱਤ ਜੇਠ ਅਤੇ ਹਾੜ ਦੇ ਮਹੀਨੇ ਆਉਂਦੀ ਹੈ। ਜਿਸ ਦਾ ਆਰੰਭ 1 ਜੇਠ (15 ਮਈ) ਤੋਂ ਹੁੰਦਾ ਹੈ।
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥
ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ (ਪੰਨਾ 928)
ਸਿੰਘ ਸਾਹਿਬ ਜੀ, ਇਸ ਸੰਬੰਧ ਵਿੱਚ ਜਦੋਂ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਪ੍ਰਚਾਰਕਾਂ, ਹਜੂਰੀ ਰਾਗੀਆਂ, ਦੁਨੀਆਵੀ ਡਿਗਰੀਆਂ ਨਾਲ ਸ਼ਿਗਾਰੇ ਹੋਏ ਵਿਦਵਾਨਾਂ ਅਤੇ ਜਿੰਮੇਵਾਰ ਪ੍ਰਬੰਧਕਾਂ ਨਾਲ ਗਲ ਕੀਤੀ ਤਾਂ ਕੇਵਲ ਇਕੋ ਹੀ ਜਵਾਬ ਮਿਲਿਆ ਕਿ ਇਹ ਪੁਰਾਤਨ ਪਰੰਪਰਾ/ ਮਰਯਾਦਾ ਚਲੀ ਆ ਰਹੀ ਹੈ। ਸਿੰਘ ਸਾਹਿਬ (ਦਰਬਾਰ ਸਾਹਿਬ) ਜੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਇਹ ਮਰਯਾਦਾ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ। ਜਦੋਂ ਮੋੜਵਾਂ ਸਵਾਲ ਕੀਤਾ ਕਿ, ਇਹ ਕਿਵੇਂ ਹੋ ਸਕਦਾ ਹੈ ਕਿ ਪੰਜਵੇਂ ਪਾਤਿਸ਼ਾਹ ਜੀ ਗੁਰਬਾਣੀ ਦੇ ਉਲਟ ਕੋਈ ਮਰਯਾਦਾ ਬਣਾ ਕੇ ਸਾਨੂੰ ਉਸਦੇ ਪਾਬੰਦ ਰਹਿਣ ਦਾ ਹੁਕਮ ਕਰ ਗਏ ਹੋਣ? ਤਾਂ ਫੂਨ ਕੱਟਿਆ ਗਿਆ ਜੋ ਮੁੜ ਕਦੇਂ ਨਹੀਂ ਜੁੜਿਆ। ਹਰ ਸਾਲ ਪੋਹ ਮਹੀਨੇ ਦੇ ਆਖਰੀ ਦਿਨ ਅਤੇ ਚੇਤ ਵਦੀ ਏਕਮ ਨੂੰ ਅਰਦਾਸ ਵਿੱਚ ਵੀ ਅਜੇਹੀ ਸ਼ਬਦਾਵਾਲੀ ਹੀ ਵਰਤੀ ਜਾਂਦੀ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖੜ ਕੇ, ਅਰਦਾਸੀਏ ਸਿੰਘ ਵੱਲੋ ਸੱਚ ਬੋਲਿਆ ਜਾਂਦਾ ਹੈ?
ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ, ਕੀ ਕਾਰਨ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰੁੱਤੀ ਸਲੋਕ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ ਅਤੇ ਵੈਸਾਖ ਮਹੀਨੇ ਵਿੱਚ ਹੁੰਦੀ ਹੈ। ਇਨ੍ਹਾਂ ਮਹੀਨਿਆਂ ਵਿੱਚ ਭਾਵ ਜਦੋਂ ਬੰਸੰਤ ਦੀ ਰੁੱਤ ਹੁੰਦੀ ਹੈ, ਬਸੰਤ ਰਾਗ ਕਿਉ ਨਹੀਂ ਗਾਇਆ ਜਾਂਦਾ? ਇਸ ਦੇ ਉਲਟ ਦਰਬਾਰ ਸਾਹਿਬ ਵਿਖੇ ਇਹ ਰਾਗ ਮਾਘ ਅਤੇ ਫੱਗਣ (ਹਿਮਕਰ ਰੁੱਤ) ਵਿੱਚ ਕਿਉ ਗਾਇਆ ਜਾਂਦਾ ਹੈ? ਇਹ ਰਵਾਇਤ ਕਦੋਂ ਅਤੇ ਕਿਵੇਂ ਆਰੰਭ ਹੋਈ ਹੋਵੇਗੀ? ਕੀ ਇਸ ਤੇ ਮੁੜ ਵਿਚਾਰ ਨਹੀਂ ਹੋਣੀ ਚਾਹੀਦੀ? ਆਸ ਹੈ ਕਿ ਆਪ ਜੀ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਯੋਗ ਅਗਵਾਈ ਦਿਓਗੇ।
Leave a Reply