ਕਾਮਨਵੈਲਥ ਮੁਲਕਾਂ ਦੇ ਸਪੀਕਰਾਂ ਦੀ ਦਿੱਲੀ ਵਿਖੇ ਹੋ ਰਹੀ ਇਕੱਤਰਤਾ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਸੱਦਾ ਨਾ ਦੇਣਾ, ਮੁਸਲਿਮ ਕੌਮ ਵਿਰੁੱਧ ਨਫਰਤ ਦੀ ਭਾਵਨਾ : ਮਾਨ
- ਰਾਜਨੀਤੀ
- 13 Jan, 2026 09:14 AM (Asia/Kolkata)
ਫ਼ਤਹਿਗੜ੍ਹ ਸਾਹਿਬ, 13 ਜਨਵਰੀ , ਜੁਗਰਾਜ ਸਿੰਘ ਸਰਹਾਲੀ
“ਕਾਮਨਵੈਲਥ ਮੁਲਕਾਂ ਦੇ ਸਪੀਕਰਾਂ ਦੀ ਜੋ ਇਕ ਇਕੱਤਰਤਾ ਦਿੱਲੀ ਵਿਖੇ 14 ਜਨਵਰੀ ਤੋ ਲੈਕੇ 16 ਜਨਵਰੀ ਤੱਕ ਹੋ ਰਹੀ ਹੈ, ਉਸ ਵਿਚ ਬਾਕੀ ਕਾਮਨਵੈਲਥ ਮੁਲਕਾਂ ਦੇ ਸਪੀਕਰਾਂ ਨੂੰ ਤਾਂ ਸੱਦਾ ਦਿੱਤਾ ਗਿਆ ਹੈ । ਲੇਕਿਨ 2 ਮੁਸਲਿਮ ਮੁਲਕ ਪਾਕਿਸਤਾਨ ਤੇ ਬੰਗਲਾਦੇਸ਼ ਜੋ ਕਾਮਨਵੈਲਥ ਦੇ ਮੈਬਰ ਹਨ, ਉਨ੍ਹਾਂ ਦੇ ਸਪੀਕਰਾਂ ਨੂੰ ਇਸ ਇਕੱਤਰਤਾ ਵਿਚ ਸੱਦਾ ਨਾ ਦੇ ਕੇ ਇੰਡੀਅਨ ਹੁਕਮਰਾਨਾਂ ਵੱਲੋ ਅਸਲੀਅਤ ਵਿਚ ਮੁਸਲਿਮ ਮੁਲਕਾਂ ਤੇ ਮੁਸਲਿਮ ਕੌਮ ਵਿਰੁੱਧ ਨਫਰਤ ਦਾ ਹੀ ਪ੍ਰਗਟਾਵਾ ਕੀਤਾ ਗਿਆ ਹੈ । ਜੋ ਕਿ ਇਕ ਜਮਹੂਰੀਅਤ ਪਸ਼ੰਦ ਮੁਲਕ ਅਤੇ ਜਿਸ ਮੁਲਕ ਵਿਚ ਅਨੇਕਾ ਕੌਮਾਂ, ਧਰਮ, ਕਬੀਲੇ ਅਤੇ ਫਿਰਕੇ ਵੱਸਦੇ ਹਨ, ਜਿਨ੍ਹਾਂ ਨੂੰ ਬਰਾਬਰਤਾ ਦੇ ਆਧਾਰ ਤੇ ਨਿਜਾਮ ਤੇ ਇਨਸਾਫ਼ ਦੇਣਾ ਹੁੰਦਾ ਹੈ, ਜੇਕਰ ਅਜਿਹੇ ਹੁਕਮਰਾਨਾਂ ਵੱਲੋ ਇਕ ਫਿਰਕੇ ਵਿਰੁੱਧ ਅਜਿਹੇ ਅਮਲ ਕੀਤੇ ਜਾਣ ਤਾਂ ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਬੀਜੇਪੀ-ਆਰ.ਐਸ.ਐਸ ਹਕੂਮਤ ਮੁਸਲਿਮ ਮੁਲਕਾਂ ਤੇ ਮੁਸਲਿਮ ਕੌਮ ਨਾਲ ਵੱਡੀ ਈਰਖਾਵਾਦੀ ਸੋਚ ਰੱਖਦੀ ਹੈ ਜਿਸਨੂੰ ਕਤਈ ਵੀ ਸਹੀ ਨਹੀ ਕਿਹਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਮਨਵੈਲਥ ਮੁਲਕਾਂ ਦੀ ਦਿੱਲੀ ਵਿਖੇ ਹੋ ਰਹੀ ਇਕੱਤਰਤਾ ਵਿਚ ਗੁਆਢੀ ਮੁਸਲਿਮ ਮੁਲਕ ਜੋ ਕਾਮਨਵੈਲਥ ਦੇ ਮੈਬਰ ਹਨ, ਉਨ੍ਹਾਂ ਨੂੰ ਸੱਦਾ ਨਾ ਦੇਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹੇ ਅਮਲਾਂ ਨੂੰ ਘੱਟ ਗਿਣਤੀ ਮੁਸਲਿਮ ਕੌਮ ਪ੍ਰਤੀ ਨਫਰਤ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਇੰਡੀਅਨ ਵਿਧਾਨ ਅਤੇ ਨਿਜਾਮ ਜੋ ਕਹਿਣ ਨੂੰ ਲੋਕਤੰਤਰੀ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ, ਲੇਕਿਨ ਬੀਤੇ ਸਮੇ ਦੀਆਂ ਅਤੇ ਅਜੋਕੀ ਹਕੂਮਤ ਦੇ ਅਮਲ ਘੱਟ ਗਿਣਤੀ ਮੁਸਲਿਮ, ਸਿੱਖਾਂ, ਇਸਾਈਆ, ਕਬੀਲਿਆ ਤੇ ਪਹਾੜਾਂ ਵਿਚ ਵੱਸਣ ਵਾਲੇ ਫਿਰਕਿਆ ਲਈ ਬਰਾਬਰਤਾ ਦੀ ਸੋਚ ਪ੍ਰਦਾਨ ਕਰਨ ਵਾਲੇ ਅਤੇ ਇਸੇ ਸੋਚ ਤੇ ਅਧਾਰਿਤ ਇਨਸਾਫ਼ ਦੇਣ ਵਾਲੇ ਨਹੀ ਹਨ । ਜੋ ਕਿ ਗਹਿਰੀ ਚਿੰਤਾ ਦਾ ਵਿਸਾ ਹੈ । ਇਸ ਕਾਮਨਵੈਲਥ ਇਕੱਤਰਤਾ ਵਿਚ ਸਾਮਿਲ ਹੋਣ ਵਾਲੇ ਮੁਲਕਾਂ ਨੂੰ ਸ. ਮਾਨ ਵੱਲੋ ਅਪੀਲ ਕੀਤੀ ਗਈ ਹੈ ਕਿ ਮੁਤੱਸਵੀ ਸੋਚ ਅਧੀਨ ਜੋ ਇੰਡੀਅਨ ਹੁਕਮਰਾਨ ਲੰਮੇ ਸਮੇ ਤੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਤੇ ਬੇਇਨਸਾਫ਼ੀਆ ਕਰਦੇ ਆ ਰਹੇ ਹਨ, ਉਸਦੀ ਪ੍ਰਤੱਖ ਮਿਸਾਲ ਉਪਰੋਕਤ ਦੋਵੇ ਮੁਸਲਿਮ ਮੁਲਕਾਂ ਨੂੰ ਇਨ੍ਹਾਂ ਵੱਲੋ ਸੱਦਾ ਨਾ ਦੇਣ ਤੋ ਪ੍ਰਤੱਖ ਹੋ ਜਾਂਦੀ ਹੈ । ਇਸ ਕੌਮਾਂਤਰੀ ਪੱਧਰ ਦੇ ਵਿਤਕਰੇ ਤੇ ਬੇਇਨਸਾਫ਼ੀ ਨੂੰ ਖਤਮ ਕਰਨ ਲਈ ਕਾਮਨਵੈਲਥ ਮੁਲਕਾਂ ਦੇ ਮੈਬਰ ਸੰਜੀਦਗੀ ਨਾਲ ਅਮਲ ਕਰਨ ਅਤੇ ਇਸ ਹੋਣ ਵਾਲੀ ਇਕੱਤਰਤਾ ਵਿਚ ਇਹ ਬੇਇਨਸਾਫ਼ੀ ਦੂਰ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ।
Leave a Reply