ਜਸਵੰਤ ਸਿੰਘ ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ
- ਸੰਪਾਦਕੀ
- 28 Sep,2025

ਪਿਆਰੇ ਦੋਸਤੋ ਅੱਜ ਕੱਲ੍ਹ ਪੰਜਾਬ ਵਿੱਚ ਭਈਆਂ ਦਾ ਮਸਲਾ ਭਖਿਆ ਹੋਇਆ ਹੈ। 2005 ਵਿਚ ਇੰਗਲੈਂਡ ਦੇ ਸ਼ਹਿਰ ਡਰਬੀ ਵਿਚ ਇਕ ਪ੍ਰੋਗਰਾਮ ਸੀ, ਜਿਥੇ ਮੈਂ ਤੇ ਜਸਵੰਤ ਸਿੰਘ ਕੰਵਲ ਸਾਹਿਬ ਨੇ ਸੰਬੋਧਨ ਕੀਤਾ। ਸਮਾਗਮ ਤੋਂ ਬਾਅਦ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਕਾਮਰੇਡਾਂ ਨੇ ਕੰਵਲ ਸਾਹਿਬ ਨੂੰ ਘੇਰ ਲਿਆ ਤੇ ਉਹ ਭਈਆਂ ਵਾਲੇ ਮਾਮਲੇ 'ਤੇ ਕੰਵਲ ਸਾਹਿਬ ਨਾਲ ਬਹਿਸ ਕਰਨ ਲੱਗ ਪਏ। ਕੰਵਲ ਸਾਹਿਬ ਠਰੰਮੇ ਨਾਲ ਜੁਆਬ ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਕੁਝ ਸੁਣਨ ਦੇ ਮੂਡ ਵਿੱਚ ਨਹੀਂ ਸਨ।ਅਖੀਰ ਬਿਰਿਸਟਲ ਤੋਂ ਆਈ ਮੇਰੇ ਦੋਸਤ ਦੇ ਮਾਮੇ ਦੀ ਨੂੰਹ ਪਰਮਜੀਤ ਕੌਰ ਨੇ ਉਹਨਾਂ ਨੂੰ ਗੱਡੀ ਵਿੱਚ ਬੈਠਾ ਲਿਆ ਪਰ ਕਾਮਰੇਡ ਤਾਕੀ ਫੜ ਕੇ ਬਹਿਸ ਕਰਦੇ ਰਹੇ।
ਉਸ ਤੋਂ ਬਾਅਦ ਮੈਂ ਕੰਵਲ ਸਾਹਿਬ ਦੀ ਜੀਵਨੀ ਲਿਖਣੀ ਸ਼ੁਰੂ ਕੀਤੀ ਤਾਂ ਬੜੀ ਸਟੱਡੀ ਨਾਲ ਇਹ ਚੈਪਟਰ ਤਿਆਰ ਕੀਤਾ ਗਿਆ। ਉਹਨਾਂ ਦੀ ਜੀਵਨੀ "ਪੰਜਾਬ ਦੀ ਪੱਗ -ਜਸਵੰਤ ਸਿੰਘ ਕੰਵਲ" 2007 ਵਿਚ ਛਪ ਕੇ ਬਾਹਰ ਆਈ, ਜਿਸ ਦੀਆਂ ਹੁਣ ਤੱਕ ਕਈ ਐਡੀਸ਼ਨਾ ਛਪ ਚੁੱਕੀਆਂ ਹਨ। ਮੈਨੂੰ ਲੱਗਿਆ ਕਿ ਭਈਆਂ ਦੇ ਮਾਮਲੇ ਵਿਚ ਇਹ ਲੇਖ ਅੱਜ ਵੀ ਪ੍ਰਸੰਗਿਕ ਹੈ। ਇਸ ਨੂੰ ਹੋਰ ਵਧੀਆ ਬਣਾਉਣ ਲਈ ਤੁਸੀਂ ਸੁਝਾਅ ਦੇ ਸਕਦੇ ਹੋ।
ਰਾਜਵਿੰਦਰ ਸਿੰਘ ਰਾਹੀ
----------------------------------------
ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ*
--------------------------------------------
ਪੰਜਾਬ ਵਿਚਲੇ ਕਮਿਊਨਿਸਟਾਂ, ਨਕਸਲੀਆਂ ਅਤੇ ਬਦੇਸਾਂ 'ਚ ਵਸਦੇ ਖੱਬੇ ਪੱਖੀ ਬੁੱਧੀਜੀਵੀਆਂ ਵੱਲੋਂ ਜਿੰਨਾਂ ਕੰਵਲ ਨੂੰ 'ਭਈਆਂ' ਵਾਲੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ `ਤੇ ਨਹੀਂ ਕੀਤਾ ਗਿਆ। ਇਹ ਸਾਰਾ ਕੁਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸ ਨੂੰ ਮਲਿਕ ਭਾਗੂਆਂ ਦਾ ਯਾਰ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰੀਆਂ ਜਮਾਤਾਂ ਦਾ ਯਾਰ ਕਿਹਾ ਗਿਆ। ਬਦੇਸੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ 'ਜਿਵੇਂ ਪੰਜਾਬ 'ਚ ਭਈਏ ਕੰਮ ਕਰਨ ਲਈ ਆਉਂਦੇ ਹਨ, ਅਸੀਂ ਵੀ ਕਨੇਡਾ-ਅਮਰੀਕਾ ਵਿਚ ਆ ਕੇ ਕੰਮ ਕਰਦੇ ਹੀ ਹਾਂ।" ਉਨ੍ਹਾਂ ਵਲੋਂ ਇਹੋ ਜਿਹੀਆਂ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਂਦਾ ਹੈ।
ਅਸਲ ਵਿਚ ਕੰਵਲ ਦੀ ਫਿਕਰਮੰਦੀ ਕੀ ਹੈ ? ਕੰਵਲ ਪੰਜਾਬ ਨੂੰ ਇਕ ਵੱਖਰੀ ਸੱਭਿਆਚਾਰਕ ਇਕਾਈ ਮੰਨਦਾ ਹੈ । ਖੱਬੇ ਪੱਖੀ ਸਿਰਫ ਪੰਜਾਬ ਨੂੰ ਦੂਜੇ ਸੂਬਿਆਂ ਵਾਂਗ ਕੇਂਦਰ ਦੀ ਇਕ ਪ੍ਰਬੰਧਕੀ ਇਕਾਈ (Administrative Block) ਮੰਨਦੇ ਹਨ! ਕੰਵਲ ਕੇਂਦਰ ਅਤੇ ਪੰਜਾਬ ਦਾ ਸਬੰਧ ਬਸਤੀਵਾਦੀ (Colonial) ਮੰਨਦਾ ਹੈ। ਖੱਬੇ ਪੱਖੀ ਇਹ ਸਬੰਧ ਬਸਤੀਵਾਦੀ ਨਹੀਂ, ਦੂਜੇ ਸੂਬਿਆਂ ਵਾਂਗ ਹੀ ਸਾਂਵੇ ਸਬੰਧ ਮੰਨਦੇ ਹਨ! ਕੰਵਲ ਆਖਦਾ ਹੈ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਇਥੇ ਸਿੱਖਾਂ ਦਾ ਤਵਾਜ਼ਨ ਹਿੰਦੂਆਂ ਨਾਲੋਂ ਕੁਝ ਹੀ ਵੱਧ ਹੈ। ਉਹ ਆਖਦਾ ਹੈ ਕਿ ਇਥੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵੱਖਰਾ ਹੈ, ਇਤਿਹਾਸ ਵੱਖਰਾ ਹੈ, ਅਕੀਦੇ ਵੱਖਰੇ ਹਨ, ਆਤਮਿਕ ਪ੍ਰੇਰਣਾ ਦੇ ਸੋਮੇ ਵੱਖਰੇ ਹਨ, ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵੱਖਰੇ ਹਨ, ਧਾਰਮਿਕ ਗ੍ਰੰਥ ਵੱਖਰਾ ਹੈ, ਇਹਨਾਂ ਸਭਨਾਂ ਤੋਂ ਇਲਾਵਾ ਇਨ੍ਹਾਂ ਲੋਕਾਂ ਦੀ ਇਕ ਵੱਖਰੀ ਤੇ ਵਿਲੱਖਣ ਪਛਾਣ ਹੈ ਜੋ ਇਹਨਾਂ ਦੇ ਰਹਿਬਰ ਸਿੱਖ ਗੁਰੂਆਂ ਵਲੋਂ ਬਖਸ਼ੀ ਗਈ ਹੈ। ਪਰ ਨਾ ਤਾਂ ਖੱਬੇ ਪੱਖੀ ਸਿੱਖਾਂ ਦਾ ਇਹ ਦਾਅਵਾ ਪ੍ਰਵਾਨ ਕਰਨ ਲਈ ਤਿਆਰ ਹਨ, ਨਾ ਭਾਰਤੀ ਸਟੇਟ ਤੇ ਨਾ ਹੀ ਹਿੰਦੂ ਭਾਈਚਾਰਾ ! ਹਿੰਦੂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਸਿੱਖ, ਹਿੰਦੂ ਧਰਮ ਦਾ ਹੀ ਇੱਕ ਅੰਗ ਹਨ, ਇਨ੍ਹਾਂ ਦੀ ਕੋਈ ਵਿਲੱਖਣ ਹਸਤੀ ਤੇ ਪਛਾਣ ਵੀ ਨਹੀਂ ! ਕੰਵਲ ਆਖਦਾ ਹੈ ਕਿ ਭਾਰਤੀ ਸਟੇਟ ਨੂੰ ਹਿੰਦੂ ਬੁਰਜਵਾਜ਼ੀ ਅਪਰੇਟ ਕਰਦੀ ਹੈ। ਖੱਬੇ ਪੱਖੀ ਆਖਦੇ ਹਨ ਕਿ ਭਾਰਤੀ ਸਟੇਟ ਧਰਮ ਨਿਰਪੱਖ ਹੈ। ਕੰਵਲ ਆਖਦਾ ਹੈ ਕਿ ਹਿੰਦੂਆਂ ਅਤੇ ਭਾਰਤੀ ਸਟੇਟ ਅੰਦਰ ਇਕ ਫਾਸ਼ੀ ਕਿਸਮ ਦੀ ਅਮੋੜ ਰੁਚੀ ਕੰਮ ਕਰਦੀ ਹੈ ਕਿ ਅਸੀਂ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਖਤਮ ਕਰਨੀ ਹੀ ਕਰਨੀ ਹੈ, ਇਸ ਨੂੰ ਜੈਨ ਧਰਮ ਤੇ ਬੁੱਧ ਧਰਮ ਵਾਂਗ ਹਿੰਦੂ ਸਮਾਜ ਦੇ ਖਾਰੇ ਸਮੁੰਦਰ ਵਿਚ ਡੋਬਣਾ ਹੀ ਡੋਬਣਾ ਹੈ। ਪਰ ਦੂਜੇ ਪਾਸੇ ਸਿੱਖ ਭਾਈਚਾਰਾ ਜੋ ਪੂਰੇ ਭਾਰਤ ਦੇਸ ਵਿਚ ਤਾਂ ਨਿਗੂਣੀ ਘੱਟ ਗਿਣਤੀ ਹੈ ਹੀ, ਆਪਣੀ ਜੰਮਣ ਭੋਂਇ ਪੰਜਾਬ ਵਿਚ ਵੀ ਹਿੰਦੂਆਂ ਨਾਲੋਂ ਕੁਝ ਪ੍ਰਸੈਂਟ ਹੀ ਬਹੁਗਿਣਤੀ ਵਿਚ ਹੈ, ਆਪਣੀ ਮੌਲਕ ਹਸਤੀ, ਸ਼ੁੱਧਤਾ ਅਤੇ ਵਿਲੱਖਣ ਪਛਾਣ ਕਾਇਮ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ।
ਘੁੰਡੀ ਇਥੇ ਆ ਕੇ ਪੈਂਦੀ ਹੈ! ਕੰਵਲ, ਯੂ. ਪੀ. ਬਿਹਾਰ ਦੇ ਭਈਆਂ ਵਲੋਂ ਪੰਜਾਬ 'ਚ ਕਿਰਤ ਕਰਨ ਵਾਲੇ ਕਿਰਤੀਆਂ ਵਜੋਂ ਖਿਲਾਫ ਨਹੀਂ, ਉਨ੍ਹਾਂ ਦੇ ਪੱਕੇ ਵਸੇਬੇ ਨਾਲ ਇਥੋਂ ਦੇ ਸੱਭਿਆਚਾਰਕ, ਧਾਰਮਿਕ, ਸਮਾਜਕ ਤੇ ਰਾਜਸੀ ਵਰਤਾਰਿਆਂ ਵਿਚ ਪੈਣ ਵਾਲੀਆਂ ਗੁੰਝਲਾਂ ਤੋਂ ਫਿਕਰਮੰਦ ਹੈ। ਜੇਕਰ ਇਹ ਲੋਕ ਪੰਜਾਬ ਵਿਚ ਵੋਟਾਂ ਬਣਵਾਕੇ ਇੱਥੇ ਪੱਕਾ ਵਸੇਬਾ ਕਰਦੇ ਹਨ ਤਾਂ ਜਨਗਣਨਾ ਵਿਚ ਉਹ ਆਪਣੇ ਆਪ ਨੂੰ ਹਿੰਦੂ ਲਿਖਵਾਉਣਗੇ, ਜਿਸ ਨਾਲ ਪੰਜਾਬ 'ਚ ਰਹਿਣ ਵਾਲੇ ਹਿੰਦੂਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਦੂਜਾ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣਗੇ ਕਿਉਂਕਿ ਜੇਕਰ ਸਦੀਆਂ ਦੇ ਵਸੇਬ ਦੇ ਬਾਵਜੂਦ ਵੀ, ਪੰਜਾਬ ਦਾ ਹਿੰਦੂ ਢਿੱਡੋਂ ਪੰਜਾਬੀ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਤਾਂ ਦਸ ਵੀਹ ਸਾਲਾਂ ਦੇ ਆਏ ਇਹ ਲੋਕ ਕਿਵੇਂ ਆਪਣੀ ਮਾਂ ਬੋਲੀ ਹਿੰਦੀ ਛੱਡਕੇ ਪੰਜਾਬੀ ਅਪਣਾਉਣਗੇ ? (ਉਂਝ ਬਹੁਤੇ ਬੁੱਧੀਜੀਵੀ ਸੁਰਜੀਤ ਪਾਤਰ ਦੀ ਕਵਿਤਾ 'ਨੰਦ ਕਿਸ਼ੋਰ' ਪੜ੍ਹਕੇ ਲਾਚੜੇ ਫਿਰਦੇ ਹਨ ਕਿ ਭਈਆਂ ਦੇ ਬੱਚੇ ਪੰਜਾਬੀ ਪੜ੍ਹਨ ਲੱਗ ਪਏ ਹਨ, ਜੋ ਅਸਲ ਹਕੀਕਤਾਂ ਨੂੰ ਝੁਠਲਾਉਣਾ ਹੈ ਤੇ ਸਟੇਟ ਦਾ ਆਈਡੀਆ ਹੈ) ਇਸ ਤਰ੍ਹਾਂ ਕਰਨ ਨਾਲ ਪੰਜਾਬ ਦੋ ਭਾਸ਼ੀ ਸੂਬਾ ਬਣ ਜਾਵੇਗਾ (ਇਥੇ ਪਹਿਲਾਂ ਹੀ ਉਤਰੀ ਭਾਰਤ ਦੀਆਂ ਵੱਡੀਆਂ ਹਿੰਦੀ ਅਖਬਾਰਾਂ ਦੇ ਐਡੀਸ਼ਨ ਨਿਕਲਣ ਲੱਗ ਪਏ ਹਨ।) ਇਹ ਹਨ 'ਭਈਆਂ ਦੀ ਹੋਂਦ ਦੇ ਸੂਖਮ ਖ਼ਤਰੇ ਜਿੰਨਾ ਤੋਂ ਸ੍ਰ. ਜਸਵੰਤ ਸਿੰਘ ਕੰਵਲ ਭੈ ਭੀਤ ਹੈ।
ਹੁਣ ਗੱਲ ਕਰਦੇ ਹਾਂ ਬਦੇਸ਼ਾਂ ਵਿਚ ਗਏ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੀ ਜੋ ਪੰਜਾਬ ਨੂੰ ਕਨੇਡਾ ਅਮਰੀਕਾ ਨਾਲ ਮੇਲਦੇ ਹਨ। ਪੰਜਾਬ ਵਿਚ ਭਈਆਂ ਦੇ ਆਉਣ ਅਤੇ ਇਥੋਂ ਦੇ ਲੋਕਾਂ ਵਲੋਂ ਕਨੇਡਾ ਅਮਰੀਕਾ ਜਾਣ ਦੇ ਅਮਲ ਨੂੰ ਉਹ ਜਿੰਨਾ ਸਰਲ ਤੇ ਸਿੱਧ-ਪੱਧਰਾ ਬਣਾ ਕੇ ਪੇਸ਼ ਕਰਦੇ ਹਨ, ਕਈ ਵਾਰ ਉਨਾਂ ਦੇ ਤਰਕ ਅਤੇ ਬੌਧਿਕ ਯੋਗਤਾ ਨੂੰ ਦੇਖਕੇ ਹਾਸਾ ਵੀ ਆਉਂਦਾ ਹੈ ਤੇ ਕਈ ਵਾਰ ਰੋਣ ਵੀ ਆਉਂਦਾ ਹੈ। ਉਨ੍ਹਾਂ ਵਲੋਂ ਕਨੇਡਾ ਅਮਰੀਕਾ ਜਾਣ ਨੂੰ ਇੰਜ ਪੇਸ਼ ਕੀਤਾ ਜਾਂਦਾ ਹੈ ਜਿਵੇਂ ਹਰ ਜਣਾ-ਖਣਾ ਜਦੋਂ ਜੀਅ ਚਾਹੇ ਜਹਾਜ਼ ਫੜਕੇ ਕਨੇਡਾ ਅਮਰੀਕਾ ਉਤਰ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਮੁਲਕਾਂ ਦੇ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਇੰਨੀਆਂ ਸਟੀਕ ਹਨ ਕਿ ਉਨਾਂ ਨੂੰ ਪਤਾ ਹੈ ਕਿ ਕੀਹਨੂੰ ਵੀਜ਼ਾ ਦੇਣਾ ਹੈ, ਕੀਹਨੂੰ ਨਹੀਂ ਦੇਣਾ ਹੈ, ਕਿੰਨੇ ਲੋਕ, ਕਿਹੋ ਜਿਹੇ ਲੰਘਾਉਣੇ ਹਨ, ਉਨ੍ਹਾਂ ਵਿਚ ਦਸਤਕਾਰ, ਗੈਰ ਦਸਤਕਾਰ, ਮਜ਼ਦੂਰ, ਵਪਾਰੀ, ਡਾਕਟਰ, ਇੰਜੀਨੀਅਰ,ਸਟੂਡੈਂਟਸ ਕਿੰਨੇ ਹੋਣੇ ਚਾਹੀਦੇ ਹਨ! ਜਿਥੇ ਕਿਤੇ ਵੀ ਉਨ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਗੜਬੜਾਉਂਦੀਆਂ ਹਨ, ਉਥੇ ਹੀ ਉਹ ਵੀਜ਼ੇ ਦੀਆਂ ਸ਼ਰਤਾਂ ਕਸ ਦਿੰਦੇ ਹਨ ਦੂਜੀ ਗੱਲ ਜੋ ਵੀ ਲੋਕ ਉਨ੍ਹਾਂ ਦੇ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਕੋਲੋਂ ਉਨ੍ਹਾਂ ਦੇ ਧਰਮ ਨੂੰ ਕੋਈ ਖ਼ਤਰਾ ਨਹੀਂ ਹੈ, ਤੀਜਾ, ਉਨ੍ਹਾਂ ਦੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ, ਰੁਜ਼ਗਾਰ ਅਤੇ ਸੰਚਾਰ ਦੀਆਂ ਸਹੂਲਤਾਂ ਲਈ ਸਾਡੇ ਲੋਕ ਆਪਣੀ ਬੋਲੀ ਦੀ ਥਾਂ ਉਨ੍ਹਾਂ ਦੀ ਬੋਲੀ ਅਪਣਾਉਂਦੇ ਹਨ। ਕੀ ਪੰਜਾਬ 'ਚ ਆਉਣ ਵਾਲੇ ਭਈਆਂ ਨੂੰ ਰੁਜ਼ਗਾਰ ਜਾਂ ਸੰਚਾਰ 'ਚ ਕੋਈ ਅਜਿਹੀ ਮੁਸ਼ਕਲ ਪੇਸ਼ ਆਉਂਦੀ ਹੈ, ਜਿਸ ਨਾਲ ਉਹ ਪੰਜਾਬੀ ਬੋਲੀ ਲਿਖਣ ਪੜ੍ਹਨ ਲਈ ਮਜਬੂਰ ਹੋ ਜਾਣ ? ਬਿਲਕੁਲ ਨਹੀਂ। ਚੌਥਾ ਗੋਰੇ ਲੋਕਾਂ ਦੇ ਸੱਭਿਆਚਾਰ ਨੂੰ ਸਾਡੇ ਲੋਕਾਂ ਦੇ ਸੱਭਿਆਚਾਰ ਤੋਂ ਕੋਈ ਖ਼ਤਰਾ ਨਹੀਂ ਹੈ। ਪੰਜਵੀਂ ਇਤਿਹਾਸ ਦੀ ਗੱਲ, ਵੈਸੇ ਤਾਂ ਉਹ ਲੋਕ ਧਾੜਵੀ ਲੋਕ ਹਨ, ਹਮਲਾਵਰ ਬਣਕੇ ਇਨ੍ਹਾਂ ਧਰਤੀਆਂ 'ਤੇ ਕਬਜ਼ੇ ਕੀਤੇ ਹਨ, ਅਸੀਂ ਉਨ੍ਹਾਂ ਦਾ ਇਤਿਹਾਸ ਕੀ ਵਿਗਾੜ ਦਿਆਂਗੇ ? ਸਾਡੇ ਬੁੱਧੀਜੀਵੀ ਦਲੀਲ ਦਿੰਦੇ ਹਨ ਕਿ ਸਾਡੇ ਲੋਕ ਕਨੇਡਾ ਅਮਰੀਕਾ ਵਿਚ ਐਮ. ਐਲ. ਏ., ਐਮ. ਪੀ. ਬਣ ਜਾਂਦੇ ਹਨ ਪਰ ਸਟੇਟ ਪਾਵਰ ਨੂੰ ਕੌਣ ਲੋਕ ਅਪ੍ਰੇਟ ਕਰਦੇ ਹਨ ? ਪਹਿਲੀ ਗੱਲ ਤਾਂ ਇੱਕਾ ਦੁੱਕਾ ਤੋਂ ਵੱਧ ਸਾਡੇ ਲੋਕ ਐਮ. ਐਲ. ਏ, ਐਮ.ਪੀ. ਬਣ ਨਹੀਂ ਸਕਦੇ, ਪਰ ਫਿਰ ਵੀ ਜੇ ਬਣ ਵੀ ਜਾਣ ਤਾਂ ਉਨ੍ਹਾਂ ਲੋਕਾਂ ਦਾ ਸਿਸਟਮ ਐਨਾ ਮਜ਼ਬੂਤ ਹੈ ਕਿ ਉਸ ਨੂੰ ਇਹ ਕਿਸੇ ਪੱਖੋਂ ਵੀ ਕੋਈ ਫਰਕ ਨਹੀਂ ਪਾ ਸਕਣਗੇ! ਪਰ ਜੇਕਰ ਸਾਡੇ ਲੁਧਿਆਣੇ ਵਰਗੀ ਸੀਟ ਤੋਂ ਇਕ ਭਈਆ ਵੀ ਐਮ. ਪੀ. ਬਣਨ ਦੀ ਹਾਲਤ ਵਿਚ ਆ ਜਾਂਦਾ ਹੈ ਤਾਂ ਸਾਡੇ ਲਈ ਇਹ ਵੱਡੀ ਖਤਰੇ ਦੀ ਘੰਟੀ ਹੋਵੇਗੀ। ਪੰਜਾਬ ਦੀ ਸਿਆਸਤ ਅੰਦਰ ਲਾਲੂ ਪ੍ਰਸਾਦ ਯਾਦਵ, ਨਤੀਸ਼ ਕੁਮਾਰ, ਮੁਲਾਇਮ ਸਿੰਘ ਯਾਦਵ, ਲਾਲ ਕ੍ਰਿਸ਼ਨ ਅਡਵਾਨੀ, ਨਰਿੰਦਰ ਮੋਦੀ ਵਰਗਿਆਂ ਦੀ ਦਖਲ ਅੰਦਾਜ਼ੀ ਲਈ ਰਾਹ ਖੁਲ੍ਹ ਜਾਵੇਗਾ।
ਇਹ ਲੋਕ ਪੰਜਾਬ ਦੀ ਤੁਲਨਾ ਤਾਂ ਕਨੇਡਾ ਅਮਰੀਕਾ ਨਾਲ ਕਰਦੇ ਹਨ, ਕੀ ਪੰਜਾਬ ਕੋਲ ਉਹ ਅਧਿਕਾਰ ਹਨ, ਜੋ ਕਨੇਡਾ-ਅਮਰੀਕਾ ਨੇ ਆਪਣੀਆਂ ਸਟੇਟਾਂ ਨੂੰ ਦੇ ਰੱਖੇ ਹਨ ? ਕਨੇਡਾ ਦੀ ਕਿਊਬਕ ਸਟੇਟ ਨੂੰ ਵੱਖ ਹੋਣ ਦਾ ਅਧਿਕਾਰ ਵੀ ਹੈ, ਇਸ ਸੰਬੰਧੀ ਉਹ ਕਈ ਵਾਰ ਰਾਇ ਸ਼ਮਾਰੀ ਵੀ ਕਰਵਾ ਚੁੱਕੇ ਹਨ, ਸਭ ਤੋਂ ਵੱਡੀ ਗੱਲ ਉਸ ਕੋਲ Immigration Power ਵੀ ਹੈ, ਜਿਸ ਨਾਲ ਉਹ ਆਪਣੀ ਆਬਾਦੀ ਦੇ ਤਵਾਜ਼ਨ ਨੂੰ ਕੰਟਰੋਲ ਰੱਖ ਸਕਦਾ ਹੈ। ਪੰਜਾਬ ਨੇ ਤਾਂ ਕੇਂਦਰ ਕੋਲੋਂ ਸਿਰਫ ਕੁਝ ਅਧਿਕਾਰ ਹੀ ਮੰਗੇ ਸਨ, ਇਸਦਾ ਹਸ਼ਰ ਜੱਗ ਜ਼ਾਹਰ ਹੈ, ਕਿਵੇਂ ਇੱਥੇ ਖੂਨ ਦੀਆਂ ਨਦੀਆਂ ਵਹਾਈਆਂ ਗਈਆਂ।
ਜਿਸ ਨੂੰ ਪੰਜਾਬ ਦਾ ਮੋਹ ਹੈ. ਇਥੋਂ ਦੇ ਲੋਕਾਂ ਦਾ ਦਰਦ ਹੈ, ਇਥੋਂ ਦੀ ਬੋਲੀ, ਇਤਿਹਾਸ, ਸੱਭਿਆਚਾਰ ਤੇ ਧਰਮ ਨਾਲ ਜੁੜਿਆ ਹੋਇਆ ਹੈ, ਉਸ ਨੂੰ ਹੀ ਪੰਜਾਬ ਦੀਆਂ ਬਣੀਆਂ ਦਾ ਅਹਿਸਾਸ ਹੋ ਸਕਦਾ ਹੈ । ਜੋ ਲੋਕ ਧਰਮ ਨੂੰ ਬੇਦਾਵਾ ਦੇ ਗਏ ਹਨ,ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਮੈਂਬਰ ਹੋਣ ਤੋਂ ਇਨਕਾਰੀ ਹਨ, ਸ. ਜਸਵੰਤ ਸਿੰਘ ਕੰਵਲ ਦੇ ਸ਼ਬਦਾਂ 'ਚ "ਪੰਜਾਬ ਉਹਨਾਂ ਲਈ ਹੋਇਆ ਨਾ ਹੋਇਆ ਇੱਕ ਬਰਾਬਰ ਹੈ।" ਜੇਕਰ ਪੰਜਾਬ ਵਿੱਚ ਭਈਆਂ ਦਾ ਪੱਕਾ ਵਸੇਬਾ ਹੋ ਜਾਂਦਾ ਹੈ ਤਾਂ ਪੰਜਾਬੀ ਸੂਬੇ ਦੀ
ਪ੍ਰਾਪਤੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਮਿੱਟੀ-ਘੱਟੇ ਵਿਚ ਰੁਲ ਜਾਣਗੀਆਂ। ਪੰਜਾਬ ਦੀ ਖੁਦ-ਮੁਖਤਿਆਰੀ ਲਈ ਜਦੋ-ਜਹਿਦ ਨੂੰ ਤਕੜੀ ਸੱਟ ਵੱਜੇਗੀ। ਚੰਡੀਗੜ੍ਹ ਦੀ ਮਿਸਾਲ ਸਾਡੇ ਸਾਹਮਣੇ ਹੈ ਕਿਵੇਂ ਚੰਡੀਗੜ ਵਿਚ ਗ਼ੈਰ-ਸਿੱਖ ਵਸੋਂ ਨੂੰ ਵੱਡੀ ਪੱਧਰ 'ਤੇ ਵਸਾ ਕੇ ਅਤੇ ਉਸ ਲਈ ਕੇਂਦਰੀ ਖਜ਼ਾਨੇ ਦਾ ਮੂੰਹ ਖੋਹਲਕੇ, ਉਸ ਨੂੰ ਪੰਜਾਬ ਕੋਲੋਂ ਸਦਾ ਸਦਾ ਲਈ ਖੋਹ ਲਿਆ ਗਿਆ ਹੈ। ਅੱਜ ਚੰਡੀਗੜ੍ਹ ਸ਼ਹਿਰ ਦੀ ਰੂਹ ਵਿਚੋਂ ਸਿੱਖੀ ਵੀ ਗਾਇਬ ਹੈ ਅਤੇ ਪੰਜਾਬੀ ਵੀ। ਅੱਜ ਉਥੇ ਗੜ੍ਹਵਾਲੀ ਭਵਨ, ਉਤਰਾਂਚਲ ਭਵਨ, ਹਿਮਾਚਲ ਭਵਨ, ਉਤਰ ਪ੍ਰਦੇਸ਼ ਭਵਨ, ਰਾਜਸਥਾਨ ਭਵਨ ਤੇ ਬਿਹਾਰ ਭਵਨਾਂ ਦਾ ਬੋਲਬਾਲਾ ਹੈ। ਹੁਣ ਉਥੇ ਰਾਇ-ਸ਼ੁਮਾਰੀ ਕਰਵਾਕੇ ਵੇਖ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੰਵਲ ਸਾਹਿਬ ਜਾਣਦੇ ਹਨ ਕਿ ਜੋ ਕੁਝ ਚੰਡੀਗੜ੍ਹ ਵਿਚ ਵਾਪਰ ਚੁੱਕਾ ਹੈ ਉਹ ਪੰਜਾਬ ਵਿਚ ਵੀ ਵਾਪਰਨ ਜਾ ਰਿਹਾ ਹੈ। ਦੁਨੀਆਂ ਦੇ ਕਿੰਨੇ ਹੀ ਮੁਲਕਾਂ ਅੰਦਰ ਕਿੰਨੀਆਂ ਹੀ ਕੌਮਾਂ ਨਾਲ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਕਮ ਕੌਮਾਂ ਨੇ ਗੁਲਾਮ ਕੌਮਾਂ ਨੂੰ ਨਿਸਲ ਕਰੀ ਰੱਖਣ ਲਈ, ਉਹਨਾਂ ਦੀਆਂ ਧਰਤੀਆਂ 'ਤੇ ਆਪਣੀ ਵਸੋਂ ਨੂੰ ਵੱਡੀ ਪੱਧਰ 'ਤੇ ਵਸਾਇਆ ਹੈ। ਇਕ ਆਦਮੀ, ਇਕ ਵੋਟ ਵਾਲੇ ਜਮਹੂਰੀ ਸਿਸਟਮ ਵਿਚ ਘੱਟ-ਗਿਣਤੀਆਂ ਨੂੰ ਸਦਾ ਸਦਾ ਲਈ ਦਬਾ ਕੇ ਰੱਖਣ ਲਈ ਇਹ ਬਹੁਤ ਕਾਰਗਰ ਹਥਿਆਰ ਸਾਬਤ ਹੋਇਆ ਹੈ। ਭਈਆਂ ਦੀ ਗਿਣਤੀ ਵਧਣ ਨਾਲ ਪੰਜਾਬ ਅੰਦਰ ਪੰਜਾਬੀ ਹਿੱਤਾਂ ਵਾਲੀ ਸਿਆਸਤ ਦੀ ਥਾਂ ਕੇਂਦਰੀ ਸਿਆਸਤ ਦਾ ਅਧਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਜਿਸ ਅਨੁਪਾਤ ਨਾਲ ਪੰਜਾਬ ਅੰਦਰ ਭਈਆਂ ਦੀ ਗਿਣਤੀ ਵਧ ਰਹੀ ਹੈ ਉਸੇ ਅਨੁਪਾਤ ਨਾਲ ਪੰਜਾਬ ਦੇ ਸਮਾਜੀ ਅਤੇ ਸਿਆਸੀ ਜੀਵਨ ਵਿਚੋਂ ਸਿੱਖੀ ਖਾਰਜ ਹੋਈ ਜਾ ਰਹੀ ਹੈ। ਥਾਂ-ਥਾਂ 'ਤੇ ਬੀੜੀਆਂ ਅਤੇ ਜਰਦੇ ਦੇ ਖੋਖੇ ਖੁੱਲਦੇ ਜਾ ਰਹੇ ਹਨ। ਪੰਜਾਬ ਦਾ ਸਮਾਜੀ ਭੋਂ-ਦਿਰਸ਼ (Landscape) ਬਦਲਦਾ ਜਾ ਰਿਹਾ ਹੈ । ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਦੇ ਕਿੰਨੇ ਹੀ ਇਲਾਕੇ ਯੂ.ਪੀ. ਬਿਹਾਰ ਦੇ ਸ਼ਹਿਰਾਂ ਦੀ ਝਲਕ ਪੇਸ਼ ਕਰਨ ਲੱਗ ਪਏ ਹਨ। ਜੇ ਪਿਛੇ ਜਿਹੇ ਲੁਧਿਆਣੇ ਸ਼ਹਿਰ ਵਿਚ ਭਈਆਂ ਵੱਲੋਂ ਕੀਤੀ ਗਈ, ਭੰਨ-ਤੋੜ ਅਤੇ ਸਾੜ ਫੂਕ ਸਮੇਂ ਬਾਦਲ ਸਰਕਾਰ ਕੋਈ ਸਖਤ ਕਦਮ ਨਹੀਂ ਉਠਾ ਸਕੀ ਤਾਂ ਇਸ ਦਾ ਕਾਰਨ ਭਈਆਂ ਦੀ ਪੰਜਾਬ ਦੀ ਸਿਆਸਤ ਅੰਦਰ ਵਧ ਰਹੀ ਪੁੱਗਤ ਹੀ ਹੈ। ਆਸ਼ਤੋਸ਼ ਦੀ ਪੰਜਾਬ ਅੰਦਰ ਆਮਦ ਨਾਲ ਹਰ ਇਕ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਉਹ ਸਿੱਖੀ ਦੇ ਨਿਵੇਕਲੇਪਣ ਤੇ ਜ਼ੋਰਦਾਰ ਹਮਲੇ ਕਰੀ ਜਾ ਰਿਹਾ ਹੈ। ਸਿੱਖਾਂ ਨੂੰ ਧਰਮ ਤੋਂ ਡੁਲਾ ਰਿਹਾ ਹੈ। ਹਿੰਦੂ ਬਣਾਈ ਜਾ ਰਿਹਾ ਹੈ। ਉਸਨੇ ਪੰਜਾਬ ਅੰਦਰ ਉਹ ਹਾਲਾਤ ਪੈਦਾ ਕਰ ਦਿੱਤੇ ਹਨ ਜੋ ਨਿੰਰਕਾਰੀਆਂ ਨੇ 1978 ਸਮੇਂ ਪੈਦਾ ਕੀਤੇ ਸਨ। ਪੰਜਾਬ ਨੂੰ ਵੱਡੇ ਸਮਾਜੀ ਟਕਰਾਅ ਦੇ ਕਿਨਾਰੇ 'ਤੇ ਲਿਆ ਖੜ੍ਹਾ ਕੀਤਾ ਹੈ । ਉਸ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ । ਭਾਜਪਾ ਵਾਲੇ ਚੈਲੰਜ ਕਰਕੇ ਉਸਦੇ ਸਮਾਗਮ ਕਰਵਾ ਰਹੇ ਹਨ । ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪਾਰਟੀ ਦੇ ਐਮ. ਐਲ. ਏ. ਉਸ ਦੇ ਪੈਰੀਂ ਡਿੱਗ ਰਹੇ ਹਨ। ਇਹ ਆਸ਼ੂਤੋਸ਼ ਵੱਲੋਂ ਪੰਜਾਬ ਦੇ ਸਿਆਸੀ ਜੀਵਨ ਵਿਚ ਬਣਾਈ ਤਾਕਤ ਦਾ ਹੀ ਪ੍ਰਤਾਪ ਹੈ। ਅਕਾਲ ਤਖਤ ਦਾ ਜੱਥੇਦਾਰ ਵੀ ਉਸਨੇ ਚੁੱਪ ਕਰਵਾ ਦਿੱਤਾ ਹੈ। ਆਮ ਸਿੱਖ ਲਾਚਾਰ ਹੈ। ਨੌਜਵਾਨ ਸਿਰ ਦੇਣ ਲਈ ਮਜਬੂਰ ਹਨ।
ਸੋ ਕਿਸੇ ਪੰਜਾਬੀ ਵੱਲੋਂ ਹਿੰਦੋਸਤਾਨ ਦੇ ਕਿਸੇ ਸੂਬੇ ਜਾਂ ਵਿਦੇਸ਼ਾਂ ਵਿਚ ਜਾਣ ਅਤੇ ਕਿਸੇ ਭਾਰਤੀ ਭਈਏ ਵੱਲੋਂ ਪੰਜਾਬ ਆਉਣ ਵਿਚ ਢੇਰ ਅੰਤਰ ਹੈ। ਜਦੋਂ ਕੋਈ ਪੰਜਾਬੀ ਬਾਹਰ ਜਾ ਕੇ ਵੱਸਦਾ ਹੈ, ਉਹ ਉਥੋਂ ਦੀ ਬੋਲੀ, ਸਭਿਆਚਾਰ ਜਾਂ ਸਿਆਸਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦਾ। ਜਿਹੜੇ ਪੰਜਾਬੀ ਬਦੇਸਾਂ ਵਿਚ ਅਸੈਂਬਲੀਆਂ ਜਾਂ ਪਾਰਲੀਮੈਂਟਾਂ ਦੇ ਮੈਂਬਰ ਚੁਣੇ ਜਾਂਦੇ ਹਨ, ਉਹ ਉਹਨਾਂ ਸੂਬਿਆਂ ਜਾਂ ਦੇਸਾਂ ਦੇ ਹਿੱਤਾਂ ਨੂੰ ਪਰਨਾਈਆਂ ਹੋਈਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ, ਹੀ ਚੁਣੇ ਜਾਂਦੇ ਹਨ।
ਪੰਜਾਬ ਅੰਦਰ ਵਸਣ ਵਾਲੇ ਭਈਏ, ਕਾਂਗਰਸ, ਭਾਰਤੀ ਜਨਤਾ ਪਾਰਟੀ ਜਾਂ ਕਮਿਊਨਿਸਟ ਪਾਰਟੀ ਰਾਹੀਂ ਹੀ ਸਮਾਜੀ ਜਾਂ ਸਿਆਸੀ ਜੀਵਨ ਵਿਚ ਸਰਗਰਮ ਹੁੰਦੇ ਹਨ। ਇਹਨਾਂ ਪਾਰਟੀਆਂ ਲਈ ਭਾਰਤ ਪਹਿਲਾਂ ਅਤੇ ਪੰਜਾਬ ਪਿੱਛੋਂ ਹੈ। ਇਹਨਾਂ ਪਾਰਟੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮਸਲੇ ਬਾਰੇ ਕਦੀ ਵੀ ਡਟ ਕੇ ਸਟੈਂਡ ਨਹੀਂ ਲਿਆ। ਇਹਨਾਂ ਨੂੰ ਪੰਜਾਬ ਦੇ ਸਿੱਖਾਂ ਦੀ ਨਿਵੇਕਲੀ ਪਛਾਣ ਫੁੱਟੀ ਅੱਖ ਵੀ ਨਹੀਂ ਭਾਉਂਦੀ। ਪੰਜਾਬੀ ਸੂਬੇ ਲਈ ਮੋਰਚੇ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਕਿਸੇ ਵੀ ਕੌਮੀ ਮਸਲੇ 'ਤੇ ਉਠੀ ਕਿਸੇ ਵੀ ਲਹਿਰ ਦੀ ਇਹਨਾਂ ਨੇ ਕਦੀ ਵੀ ਹਮਾਇਤ ਨਹੀਂ ਕੀਤੀ, ਉਲਟਾ ਵਿਰੋਧ ਹੀ ਕੀਤਾ ਹੈ। ਭਈਆਂ ਦੀ ਆਮਦ ਨਾਲ ਜਦੋਂ ਇਹਨਾਂ ਪਾਰਟੀਆਂ ਦਾ ਸਮਾਜਕ ਅਧਾਰ ਮਜ਼ਬੂਤ ਹੁੰਦਾ ਹੈ ਤਾਂ ਪੰਜਾਬ ਅਤੇ ਸਿੱਖਾਂ ਲਈ ਖਤਰਾ ਹੋਰ ਵਧ ਜਾਂਦਾ ਹੈ। ਇਹ ਗੱਲ ਸ੍ਰ. ਜਸਵੰਤ ਸਿੰਘ ਕੰਵਲ ਚੰਗੀ ਤਰ੍ਹਾਂ ਜਾਣਦਾ ਹੈ, ਪਰ ਬਦੇਸਾਂ ਵਿਚਲੇ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੇ ਪੱਲੇ ਨਹੀਂ ਪੈਂਦੀ। 'ਵਿਗਿਆਨਕ ਵਿਚਾਰਧਾਰਾ' ਨੇ ਉਹਨਾਂ ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ, ਉਹਨਾਂ ਕੋਲੋਂ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ?
Posted By:

Leave a Reply