ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਕੌਮੀ ਨਜ਼ਰੀਏ ਤੋਂ ਹੀ ਮਨਾਏ ਜਾਣ
- ਗੁਰਬਾਣੀ-ਇਤਿਹਾਸ
- 25 Dec, 2025 09:41 PM (Asia/Kolkata)
ਦਸੰਬਰ ਮਹੀਨੇ 'ਚ ਸਮੁੱਚਾ ਸਿੱਖ ਜਗਤ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਅਣਗਿਣਤ ਸਿੰਘਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਣ ਲਈ ਜੁੜਦਾ ਹੈ। ਕਲਗੀਧਰ ਸ਼ਹਿਨਸ਼ਾਹ ਵੱਲੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰੰ ਛੱਡਣਾ, ਮੁਗਲ ਹਾਕਮਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਹਮਲੇ, ਪਰਿਵਾਰ ਵਿਛੋੜਾ, ਗੰਗੂ ਦੀ ਗ਼ੱਦਾਰੀ, ਚਮਕੌਰ ਦੀ ਕੱਚੀ ਗੜ੍ਹੀ 'ਚ ਜੰਗ ਤੇ ਹੋਰ ਇਤਿਹਾਸਕ ਘਟਨਾਵਾਂ ਨਾਲ਼ ਸੰਬੰਧਤ ਇਹ ਸ਼ਹੀਦੀ ਸਾਕੇ ਚਾਰ ਸਾਹਿਬਜ਼ਾਦਿਆਂ ਦੀ ਅਜ਼ੀਮ ਸ਼ਹਾਦਤ ਦੀ ਦਾਸਤਾਨ ਸਾਡੇ ਸਾਮ੍ਹਣੇ ਲਿਆ ਖੜ੍ਹੀ ਕਰਦੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਸ਼ਹੀਦੀ ਜੋੜ ਮੇਲਿਆਂ ਨੂੰ ਕੌਮੀ ਨਜ਼ਰੀਏ ਤੋਂ ਮਨਾਇਆ ਜਾਵੇ ਅਤੇ ਓਥੇ ਹਲਕੇ ਪੱਧਰ ਦੀ ਸਿਆਸੀ ਸ਼ੋਸ਼ੇਬਾਜੀ ਤੁਰੰਤ ਬੰਦ ਹੋਵੇ। ਕੋਈ ਸ਼ੱਕ ਨਹੀਂ ਕਿ ਚਮਕੌਰ ਅਤੇ ਸਰਹੰਦ ਦੀ ਧਰਤੀ 'ਤੇ ਅੱਜ ਹਜ਼ਾਰਾਂ-ਲੱਖਾਂ ਸਿਰ ਝੁਕਦੇ ਹਨ। ਦਸੰਬਰ ਦੇ ਮਹੀਨੇ ਜਦ ਇਨ੍ਹਾਂ ਦੋਹਾਂ ਥਾਂਵਾਂ ਤੇ ਸ਼ਹੀਦੀ ਜੋੜ-ਮੇਲੇ ਲੱਗਦੇ ਹਨ ਤਾਂ ਉਸ ਵਿੱਚ ਲੱਖਾਂ ਸਿਰ ਹੁੰਦੇ ਹਨ, ਜਿਹੜੇ ਇਨ੍ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਕਲਗੀਧਰ ਪਾਤਸ਼ਾਹ ਵੱਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਨੂੰ "ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ" ਵਿਚਲੇ ਕਈ ਹਜ਼ਾਰ ਵਿੱਚ ਖੁਦ ਦੀ ਗਿਣਤੀ ਕਰਕੇ ਫ਼ਖਰ ਮਹਿਸੂਸ ਕਰਦੇ ਹਨ। ਸ਼ਹੀਦੀ ਜੋੜ ਮੇਲਿਆਂ ਮੌਕੇ ਸਿਰਫ਼ ਸਾਡੇ ਧਰਮ, ਇਤਿਹਾਸ ਅਤੇ ਸਿਧਾਂਤ ਦੀ ਗੱਲ ਹੋਵੇ। ਗੁਰੂ ਕੇ ਲੰਗਰ ਦੀ ਵੀ ਆਪਣੀ ਮਹਾਨ ਅਹਿਮੀਅਤ ਹੈ ਪਰ ਅਜੋਕੀ ਸਿੱਖ ਪੀੜ੍ਹੀ ਨੂੰ ਸਿੱਖੀ ਵਿਰਸੇ ਨਾਲ਼ ਜੋੜਨ ਦਾ ਲੰਗਰ ਵੀ ਲਾਇਆ ਜਾਵੇ। ਸਿੱਖੀ ਪ੍ਰਚਾਰ ਦੇ ਰਵਾਇਤੀ ਢੰਗ-ਤਰੀਕੇ ਜਾਰੀ ਰਹਿਣ ਪਰ ਨਵੇਂ ਰਾਹ ਵੀ ਲੱਭੇ ਜਾਣ। ਦਸਤਾਰ ਮੁਕਾਬਲੇ, ਗੁਰਮਤਿ ਕੈਂਪ ਤੇ ਹੋਰ ਐਹੋ ਜਿਹੇ ਢੰਗ-ਤਰੀਕੇ ਅਪਣਾ ਕੇ ਸਿੱਖ ਜਵਾਨੀ ਨੂੰ ਪ੍ਰੇਰਨਾ ਦਿੱਤੀ ਜਾਵੇ। ਸਿੱਖ ਬੱਚਿਆਂ ਲਈ, ਸਿੱਖ ਜਵਾਨੀ ਲਈ ਵੱਖੋ-ਵੱਖਰੀਆਂ ਕਨਵੈਨਸ਼ਨਾਂ-ਸੈਮੀਨਾਰ ਤੇ ਸਵਾਲ-ਜਵਾਬ ਮੁਕਾਬਲੇ ਕਰਵਾਏ ਜਾਣ ਤੇ ਸਿੱਖ ਜਵਾਨੀ ਨੂੰ ਅਜੋਕੇ ਸਮੇਂ ਦਾ ਹਾਣੀ ਬਣਾਇਆ ਜਾਵੇ। ਸਿੱਖੀ ਸਰੂਪ ਤੇ ਸਿਧਾਂਤ ਦੀ ਕਾਇਮੀ ਲਈ ਤੇ ਹੋਰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਹੋਵੇ। ਇਹ ਸਭ ਕੁਝ ਗੰਭੀਰਤਾ ਅਤੇ ਰੋਚਕਤਾ ਨਾਲ਼ ਕੀਤਾ ਜਾਵੇ ਪਰ ਜੇ ਕਹੀਏ ਕਿ ਹੁਣ ਚੱਲ ਰਹੀ ਸਿਆਸੀ ਸ਼ੋਰ-ਸ਼ਰਾਬੇ ਵਾਲੀ ਰਵਾਇਤ ਨਾਲ਼ ਸਿੱਖੀ ਦੀ ਚੜ੍ਹਦੀ ਕਲਾ ਹੋ ਜਾਊ, ਇਹ ਗ਼ਲਤ ਹੈ। ਸਿਆਸੀ ਘਮਸਾਣ ਤੋਂ ਖਹਿੜਾ ਛੁਡਵਾ ਕੇ ਸ਼ਹੀਦੀ ਜੋੜ ਮੇਲਿਆਂ ਨੂੰ ਪੰਥਕ ਮੰਚ ’ਤੇ ਮਨਾਉਣ ਦੀ ਜੁਗਤ ਸਾਨੂੰ ਲੱਭਣੀ ਚਾਹੀਦੀ ਹੈ। ਸਾਹਿਬਜ਼ਾਦਿਆਂ ਨੇ ਇਤਿਹਾਸ ਸਿਰਜ ਕੇ ਇੱਕ ਚਾਨਣ-ਮੁਨਾਰਾ ਕਾਇਮ ਕੀਤਾ ਹੈ ਤਾਂ ਜੋ ਖੰਡੇਧਾਰ ਮਾਰਗ ਸਿੱਖਾਂ ਨੂੰ ਦਿਸਦਾ ਰਹੇ। ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਹਰ ਕਿਸਮ ਦੀ ਸਿਆਸੀ ਸ਼ੋਸ਼ੇਬਾਜੀ ਤੇ ਗੰਧਲੀ ਸਿਆਸਤ ਦੇ ਨਾਟਕ ਬੰਦ ਕਰਕੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲਿਆਂ ਨੂੰ ਕੌਮੀ ਨਜ਼ਰੀਏ ਤੋਂ ਮਨਾਉਣ ਲਈ ਅੱਗੇ ਆਵੇ ਅਤੇ ਪੰਥਕ ਜਥੇਬੰਦੀਆਂ ਵੀ ਇੱਕ ਸਾਂਝਾ ਮੰਚ ਸਿਰਜ ਕੇ ਸਿੱਖ ਨੌਜਵਾਨੀ ਨੂੰ ਸੁਚੱਜੀ ਸੇਧ ਦੇ ਕੇ ਅਜੋਕੇ ਸਮੇਂ ਦੇ ਹਾਣੀ ਬਣਾਉਣ ਲਈ ਯਤਨਸ਼ੀਲ ਹੋਣ।
/add-image/44199-img-6958-694db0176d1d55.30526921.jpg

Leave a Reply