Nazrana Times

ਪੰਜਾਬੀ

ਗੁਰ ਰਾਮਦਾਸ ਰਾਖਹੁ ਸਰਣਾਈ — ਡਾ. ਸਤਿੰਦਰ ਪਾਲ ਸਿੰਘ

22 Sep, 2026 10:49 PM

ਸੱਚੇ ਤੇ ਅਟਲ ਤਖਤ ਦੇ ਸੁਆਮੀ ਗੁਰੂ ਰਾਮਦਾਸ ਸਾਹਿਬ “ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ “ ਮਾਇਆ ਤੇ ਵਿਕਾਰਾਂ ‘ਚ ਉਲਝੇ ਹੋਏ ਸੰਸਾਰ ਨੂੰ ਤਾਰਨ ਵਾਲੀ ਉਸ ਅਗੰਮ ਤੇ ਸਰਬ ਕਲਾ ਸਮਰਥ ਸ਼ਕਤੀ ਦਾ ਨਾਮ ਹਨ ਜਿਨ੍ਹਾਂ ਦੀ ਸ਼ਰਣ ਸਦਾ ਭਰਪੂਰ ਤੇ ਪ੍ਰਵਾਹਮਾਨ ਰਹਿਣ ਵਾਲੇ ਅੰਮ੍ਰਿਤ ਸਰੋਵਰ ਦੀ ਸ਼ਰਣ ਵਰਗੀ ਹੈ “ ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ “ I ਗੁਰੂ ਰਾਮਦਾਸ ਸਾਹਿਬ ਕਿਰਪਾ ਕਰ ਕੇ ਜਿਸ ਨੂੰ ਇਹ ਅੰਮ੍ਰਿਤ ਬਖਸ਼ਦੇ ਹਨ ਉਹ ਪਰਮ ਪਦ ਪ੍ਰਾਪਤ ਕਰਨ ‘ਚ ਸਫਲ ਹੋ ਜਾਂਦਾ ਹੈ I ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤ ਦਾ ਸਦਾ ਭਰਿਆ ਰਹਿਣ ਵਾਲਾ ਸਰੋਵਰ ਸਤ ਤੇ ਸੰਤੋਖ ਦੇ ਮਹਾਨ ਤਪ ਨਾਲ ਪ੍ਰਾਪਤ ਕੀਤਾ ਤੇ ਉਸ ਦਾ ਪ੍ਰਵਾਹ ਸਰਬ ਲੋਕਾਈ ਲਈ ਖੋਲ ਦਿੱਤਾ I ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤ ਸਰੋਵਰ ਤੋਂ ਸੰਕਲਪਤ ਸੇਵਾ ਦਾ ਅਨਮੋਲ ਰਤਨ ਕੱਢਿਆ ਜਿਸ ਦੀਆਂ ਕਿਰਨਾਂ ਨੇ ਪੂਰਾ ਜਗ ਪ੍ਰਕਾਸ਼ਿਤ ਕਰ ਦਿੱਤਾ I ਗੁਰੂ ਰਾਮਦਾਸ ਸਾਹਿਬ ਦੀ ਸੇਵਾ ਨੇ ਮਨ ਦੀ ਅਬੋਧ ਨਿਰਮਲ ਬਾਲ ਅਵਸਥਾ ਤੋਂ ਜਨਮ ਲਿਆ ਸੀ ਜੋ ਚਾਉ ਨਾਲ ਭਰੀ ਹੋਈ ਸੀ “ ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ , ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ “ I ਗੁਰੂ ਰਾਮਦਾਸ ਜੀ ਬਾਲ ਅਵਸਥਾ ਵਿੱਚ ਜਦੋਂ ਨਾਨੀ ਜੀ ਦੀਆਂ ਤਿਆਰ ਕੀਤੀਆਂ ਘੁੰਙਣੀਆਂ ਦਾ ਥਾਲ ਲੈ ਕੇ ਵੇਚਣ ਲਈ ਨਿੱਕਲਦੇ ਤਾਂ ਮਨ ਅੰਦਰ ਵਾਹਿਗੁਰੂ ਦਾ ਆਸਰਾ ਤੇ ਟੇਕ ਹੁੰਦੀ I ਮਨ ਦਾ ਭਰੋਸਾ ਪਰਗਟ ਹੁੰਦਾ ਤਾਂ ਘੁੰਙਣੀਆਂ ਵੇਚਦਿਆਂ ਵੇਚਦਿਆਂ ਕਦੇ ਸਾਧੂਆਂ ਸੰਤਾਂ ਨੂੰ ਕਦੇ ਲੋੜਵੰਦਾਂ ਨੂੰ ਪ੍ਰੇਮ ਭਾਵਨਾ ਨਾਲ ਘੁੰਙਣੀਆਂ ਛਕਾ ਆਉਂਦੇ ਕਿ ਦੀਨਾਨਾਥ ਆਪ ਪ੍ਰਤਿਪਾਲਨਾ ਕਰੇਗਾ I ਧਨ ਦੀ ਘਾਟ ਕਾਰਨ ਨਾਨੀ ਜੀ ਨਰਾਜ ਹੁੰਦੇ ਪਰ ਗੁਰੂ ਸਾਹਿਬ ਤਾਂ ਸਿਦਕ ਦੀ ਕਮਾਈ ਕਰ ਰਹੇ ਸਨ “ ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ “ I ਗੁਰੂ ਅਮਰਦਾਸ ਸਾਹਿਬ ਦੀ ਸ਼ਰਣ ਨੇ ਬਾਲਕ ਜੇਠਾ ਜੀ ਦੇ ਆਤਮ ਵਿਗਾਸ ਦੀ ਰਾਹ ਸੁਖਾਲੀ ਕਰ ਦਿੱਤੀ ਤੇ ਜੀਵਨ ਨਾਮ ਦੇ ਰਸ ਨਾਲ ਸਿੰਝਿਆ ਗਿਆ “ ਵਡਭਾਗੀ ਹਰਿ ਸੰਤੁ ਮਿਲਾਇਆ , ਗੁਰਿ ਪੂਰੇ ਹਰਿ ਰਸੁ ਮੁਖਿ ਪਾਇਆ “ I 

ਗੁਰੂ ਰਾਮਦਾਸ ਜੀ ਦੀ ਬਾਲ ਅਵਸਥਾ ਤੋਂ ਜੁਆਨੀ ਤੱਕ ਦੀ ਯਾਤਰਾ ਨਾਮ ਰਸ ਨੂੰ ਸਤ ਤੇ ਸੰਤੋਖ ਨਾਲ ਸੇਵ ਕੇ ਅੰਮ੍ਰਿਤ ‘ਚ ਬਦਲ ਦੇਣ ਦੀ ਯਾਤਰਾ ਸੀ I ਗੁਰੂ ਰਾਮਦਾਸ ਸਾਹਿਬ ਦਾ ਸਤ ਸੇਵਾ ਦਾ ਪੁੰਜ ਬਣ ਕੇ ਰੂਪਮਾਨ ਹੋਇਆ I ਗੁਰੂ ਰਾਮਦਾਸ ਸਾਹਿਬ ਨੇ ਇਸ ਦਾ ਵਰਣਨ ਸਿਰੀਰਾਗੁ ਅੰਦਰ ਦਰਜ ਬਾਣੀ ਵਿੱਚ ਪ੍ਰਸ਼ਨ – ਉੱਤਰ ਦੇ ਰੂਪ ਵਿੱਚ ਕੀਤਾ I ਗੁਰੂ ਸਾਹਿਬ ਨੇ ਪ੍ਰਸ਼ਨ ਕੀਤਾ “ ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ “ I ਇਹ ਅੱਜ ਵੀ ਧਰਮ ਜਗਤ ਦੀ ਸਭ ਤੋਂ ਮੁੱਖ ਜਿਗਿਆਸਾ ਹੈ ਜੋ ਲੋਕਾਂ ਅੰਦਰ ਬਣੀ ਹੋਈ ਹੈ I ਨਾਮ ਦਾ ਰਸ ਤਾਂ ਹੀ ਆਉਂਦਾ ਹੈ ਜਦੋਂ ਉਹ ਅੰਮ੍ਰਿਤ ਬਣ ਜਾਏ I ਇਸ ਜਿਗਿਆਸਾ ਨੂੰ ਸ਼ਾਂਤ ਕਰਨ ਦੀ ਸਮਰਥਾ ਵਾਲੇ ਵਿਰਲੇ ਹੁੰਦੇ ਹਨ I ਜੋ ਇਸ ਰਹੱਸ ਨੂੰ ਜਾਣਦੇ ਹਨ ਉਹ ਕਿਸੇ ਹੋਰ ਨੂੰ ਦੱਸਣਾ ਨਹੀਂ ਚਾਹੁੰਦੇ । ਗੁਰੂ ਰਾਮਦਾਸ ਸਾਹਿਬ ਨੇ ਇਹ ਸੂਤਰ ਖੋਲ ਕੇ ਸਾਰੇ ਸੰਸਾਰ ਅੱਗੇ ਰੱਖਿਆ “ ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ “ I ਗੁਰੂ ਰਾਮਦਾਸ ਜੀ ਲਈ ਗੁਰੂ ਦਾ ਵਚਨ ਜੀਵਨ ਮਨੋਰਥ ਸੀ I ਜਿਵੇਂ ਬੇਸ਼ਕੀਮਤੀ ਰਤਨ , ਲਾਲ , ਮਾਣਿਕ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ , ਗੁਰੂ ਸਾਹਿਬ ਨੇ ਗੁਰੂ ਵਚਨ ਦੀ ਸੰਭਾਲ ਕੀਤੀ I ਗੁਰੂ ਦੇ ਵਚਨ ਹੋਏ ਤਾਂ ਥੜ੍ਹਾ ਢਾਹ ਦਿੱਤਾ , ਗੁਰੂ ਦਾ ਹੁਕਮ ਹੋਇਆ ਤਾਂ ਉਸਾਰ ਦਿੱਤਾ I ਢਾਹੁਣਾ ਤੇ ਉਸਾਰਨਾ ਭਾਵੇਂ ਥੜੇ ਦਾ ਸੀ ਜਾਂ ਜੀਵਨ ਦੇ ਕਿਸੇ ਵੀ ਪੱਖ ਦਾ , ਗੁਰੂ ਰਾਮਦਾਸ ਸਾਹਿਬ ਲਈ ਉਹ ਧਰਮ ਤੇ ਜਪ – ਤਪ ਬਣ ਗਿਆ । ਭਾਈ ਜੇਠਾ ਜੀ ਦੇ ਰੂਪ ‘ਚ ਗੁਰੂ ਘਰ ਦਾ ਜਵਾਈ ਬਣਨ ਤੋਂ ਬਾਅਦ ਵੀ ਗੁਰੂ ਰਾਮਦਾਸ ਜੀ ਲਈ ਗੁਰੂ ਦਾ ਦਾਸ ਹੋਣਾ ਹੀ ਸਭ ਤੋਂ ਵੱਡੀ ਵਡਿਆਈ ਸੀ I 

ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ II 

ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ II 

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ II 

( ਪੰਨਾ ੧੬੬ ) 

ਜੇ ਮਨ ਅੰਦਰ ਚਤੁਰਾਈ ਹੋਵੇ ਤਾਂ ਕਿਉਂ ਢਾਇਆ ਜਾਏ , ਕਿਉਂ ਉਸਾਰਿਆ ਜਾਏ ਜਿਹੇ ਸਵਾਲ ਜਨਮ ਲੈਂਦੇ ਹਨ I ਜਿਸ ਮਨ ਅੰਦਰ ਅਜਿਹੇ ਸਵਾਲ ਥਾਂ ਬਣਾਉਂਦੇ ਹਨ ਉਹ ਪਰਮਾਤਮਾ ਦੀ ਮਿਹਰ ਤੋਂ ਦੂਰ ਹੁੰਦਾ ਜਾਂਦਾ ਹੈ I ਗੁਰੂ ਰਾਮਦਾਸ ਸਾਹਿਬ ਦੇ ਜੀਵਨ ਤੇ ਬਾਣੀ ਦੁਹਾਂ ਤੋਂ ਹੀ ਪਰਮਾਤਮਾ ਦਾ ਖਰੀਦਾ ਹੋਇਆ ਗੁਲਾਮ ਬਣ ਜਾਣ ਦੀ ਪ੍ਰੇਰਨਾ ਮਿਲਦੀ ਹੈ I ਬੁੱਧਿਮਾਨ ਮਨੁੱਖ ਤੋਂ ਸਿਆਣਪ ਵਿਹੀਣ ਗੁਲਾਮ ਬਣਨ ਵੱਲ ਤੁਰਨਾ ਅੰਮ੍ਰਿਤ ਪ੍ਰਾਪਤੀ ਵੱਲ ਵੱਧਣਾ ਹੈ I ਆਪਣੀ ਮਤਿ , ਸਿਆਣਪ ਭਾਰ ਜਿਹੀ ਹੁੰਦੀ ਹੈ ਜੋ ਬਿਨਾ ਕਿਸੇ ਫਲ ਦੇ ਮਨੁੱਖ ਸਿਰ ਤੇ ਚੁੱਕੀ ਫਿਰਦਾ ਹੈ “ ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ “ I ਜੀਵਨ ਨੂੰ ਸਤਿਗੁਰੁ ਦੀ ਆਗਿਆ ਅੰਦਰ ਲਿਆ ਕੇ ਮਨ ਨੂੰ ਟਿਕਾ ਦੇਣਾ ਹੀ ਸੱਚੀ ਪ੍ਰਾਪਤੀ ਹੈ “ ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ “ I ਗੁਰੂ ਰਾਮਦਾਸ ਸਾਹਿਬ ਦੀ ਸੇਵਾ ਦੇ ਤਪ ਨੂੰ ਸੰਪੂਰਨਤਾ ਬਖਸ਼ਦਿਆਂ ਗੁਰੂ ਅਮਰਦਾਸ ਸਾਹਿਬ ਨੇ ਉਨ੍ਹਾਂ ਨੂੰ ਗੁਰਗੱਦੀ ਤੇ ਆਸੀਨ ਕੀਤਾ I ਸੇਵਾ ਦੇ ਤਪ ਨਾਲ ਨਾਮ ਰਸ ਅੰਮ੍ਰਿਤ ਬਣ ਗਿਆ “ ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ “ I ਗੁਰੂ ਰਾਮਦਾਸ ਸਾਹਿਬ ਦਾ ਅੰਤਰ ਅੰਮ੍ਰਿਤ ਦਾ ਪ੍ਰਵਾਹਮਾਨ ਸੋਮਾ ਬਣ ਗਿਆ I ਗੁਰੂ ਸਾਹਿਬ ਨੇ ਜੋ ਅਸਥਾਨ ਰਚੇ , ਬਾਣੀ ਰਚੀ ਸਾਰੀਆਂ ਅੰਦਰ ਮਨੁੱਖੀ ਅੰਤਰ ਚੇਤਨਾ ਨੂੰ ਜਗਾਉਣ ਵਾਲੀ ਅੰਮ੍ਰਿਤਮਈ ਰਹਿਮਤ ਵਰਤਾ ਦਿੱਤੀ I ਇਹ ਕਰਿਸ਼ਮਾ ਅੱਜ ਵੀ ਪੂਰੀ ਕਲਾ ਨਾਲ ਵਰਤ ਰਿਹਾ ਹੈ I ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਅੰਦਰ ਅੰਮ੍ਰਿਤ ਦੇ ਅਤੁੱਟ ਭੰਡਾਰ ਹਨ ਪਰ ਇਸ ਦਾਤ ਨੂੰ ਪ੍ਰਾਪਤ ਕਰਨ ਲਈ ਲਾਲਾ ਗੋਲਾ ਬਣਨਾ ਪੈਂਦਾ ਹੈ I ਲਾਲਾ ਗੋਲਾ ਬਣ ਕੇ ਹੀ ਅੰਮ੍ਰਿਤਸਰ ਅੰਦਰ ਵਰਤ ਰਹੀ ਅਦੁੱਤੀ ਕਰਾਮਾਤ ਦੇ ਦਰਸ਼ਨ ਹੁੰਦੇ ਹਨ I 

ਭੱਟ ਕਵੀ ਕਲਸਹਾਰ ਜੀ ਨੇ ਬਾਣੀ ਉਚਾਰੀ ਕਿ ਗੁਰੂ ਰਾਮਦਾਸ ਸਾਹਿਬ ਦੀ ਨਦਰਿ ਹੋਵੇ ਤਾਂ ਨਾਮ ਮਨ ਅੰਦਰ ਵੱਸ ਜਾਂਦਾ ਹੈ , ਕੁਬੁਧਿ , ਪਾਪ ਦੂਰੋਂ ਹੀ ਨੱਸ ਜਾਂਦੇ ਹਨ , ਮਨ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ , ਪਰਮਾਤਮਾ ਦੀ ਸੁਰਤਿ ਬਣ ਜਾਂਦੀ ਹੈ I ਗੁਰੂ ਰਾਮਦਾਸ ਦੀ ਨਦਰਿ , ਗੁਰੂ ਦੀਆਂ ਲਾਵਾਂ ਲੈਣ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ I ਮਨੁੱਖ ਅੰਦਰ ਧਰਮ ਤੇ ਨਾਮ ਲਈ ਸਮਰਪਣ ਪੈਦਾ ਹੋਵੇ “ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ “ I ਗੁਰ ਸ਼ਬਦ ਤੇ ਅਟਲ ਰਹਿਣਾ ਤੇ ਸਦਾ ਨਾਮ ਸਿਮਰਨ ਦੀ ਅਵਸਥਾ ਬਣਾਈ ਰਹਿਣਾ ਗੁਰਸਿੱਖ ਦੀ ਵਾਹਿਗੁਰੂ ਵੱਲ ਪਹਿਲਾ ਕਦਮ ਹੈ I ਦੂਜਾ ਸੰਕਲਪ ਹੈ ਕਿ ਮਨ ਵਿਕਾਰਾਂ ਤੋਂ ਮੁਕਤ ਹੋ ਪਰਮਾਤਮਾ ਦੇ ਭੈ ਤੇ ਭਾਵ ਅੰਦਰ ਰਹਿਣਾ ਦ੍ਰਿੜ੍ਹ ਕਰੇ ਤੇ ਸਰਵ ਵਿਆਪੀ ਪਰਮਾਤਮਾ ਨੂੰ ਘੱਟ ਘੱਟ ਅੰਦਰ ਵੇਖਣ ਦੀ ਦ੍ਰਿਸ਼ਟੀ ਧਾਰਨ ਕਰੇ “ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ “ I ਸੰਸਾਰਕ ਮੋਹ ਮਾਇਆ ਤੋਂ ਉਦਾਸ ਹੋ ਜਾਣਾ ਗੁਰੂ ਰਾਮਦਾਸ ਸਾਹਿਬ ਦੀ ਨਦਰਿ ਹਾਸਲ ਕਰਨ ਦੀ ਤੀਜੀ ਪੌੜੀ ਹੈ “ ਹਰਿ ਉਪਜੈ ਮਨਿ ਬੈਰਾਗੁ ਜੀਉ “ I ਇਨ੍ਹਾਂ ਤਿੰਨ ਅਵਸਥਾਵਾਂ ਨੂੰ ਪਰਿਪੱਕ ਕਰਦਾ ਹੋਇਆ ਮਨੁੱਖ ਜਦੋਂ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ ਤਾਂ ਗੁਰੂ ਦੀ ਪ੍ਰਸੰਨਤਾ ਵਰਤਨ ਲੱਗ ਪੈਂਦੀ ਹੈ “ ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ “ I ਮਨੁੱਖ ਗੁਰੂ ਰਾਮਦਾਸ ਸਾਹਿਬ ਦੀ ਮਿਹਰ ਦੀ ਚਿੰਤਾ ਨਾ ਕਰੇ I ਇਹ ਚਿੰਤਾ ਜੋਗ ਵਿਸ਼ਾ ਨਹੀਂ I ਉਸ ਦੀ ਫਿਕਰ ਤਾਂ ਇਨ੍ਹਾਂ ਚਾਰ ਅਵਸਥਾਵਾਂ ਨੂੰ ਹਾਸਿਲ ਕਰਨ ਦੀ ਹੈ I ਗੁਰਸਿੱਖ ਲਈ ਚਾਰ ਲਾਵਾਂ ਵਿਆਹ ਦੀ ਰਸਮ ਸੰਪੂਰਣ ਲਈ ਨਹੀ ਜੀਵਨ ਦੇ ਮਨੋਰਥ ਨੂੰ ਸਿੱਧ ਕਰਨ ਲਈ ਗੁਰੂ ਦੇ ਪਾਵਨ ਹੁਕਮ ਹਨ I ਗੁਰੂ ਰਾਮਦਾਸ ਜੀ ਗੁਰਸਿੱਖ ਦੇ ਆਪ ਮਿਹਰਵਾਨ ਹੁੰਦੇ ਹਨ “ ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ “ I 

ਡਾ. ਸਤਿੰਦਰ ਪਾਲ ਸਿੰਘ 
ਈ – ੧੭੧੬ , ਰਾਜਾਜੀਪੁਰਮ 
ਲਖਨਊ – ੨੨੬੦੧੭ 
ਈ ਮੇਲ - akaalpurkh.7@gmail.com

Posted By: GURBHEJ SINGH ANANDPURI

Latest News