ਅਖੇ, ਇਹ ਸਾਨੂੰ ਵੀ ਮਰਵਾਏਗਾ...
ਸਿੱਖੋ! ਹੋਰ ਕਿੰਨੇ ਕੁ ਧੱਕੇ ਖਾ ਕੇ ਅਕਲ ਆਉਣੀ ਹੈ ? ਜਿਹੜੀ ਭਾਰਤੀ ਹਕੂਮਤ ਸਾਡੀ ਬੇਪਤੀ ਕਰਦੀ ਹੈ, ਓਸੇ ਦੀ ਅਧੀਨਗੀ ਕਬੂਲ ਕੇ ਕੀ ਖੱਟ ਰਹੇ ਹਾਂ ? ਕਿੱਥੇ ਗਈ ਉਹ ਸੋਚ ਕਿ ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ ਹੁੰਦਾ ਹੈ ? ਹੁਣ ਨੀਵੀਂ ਪਾ ਕੇ ਧੱਕੇ ਸਹਿਣ ਨੂੰ ਹੀ ਸਿਆਣਪ ਕਿਉਂ ਮੰਨ ਲਿਆ ? ਹਿੰਦੂਤਵੀ ਸੋਚ ਨੂੰ ਮੁਲਕ ਦੀ ਮੁੱਖ ਧਾਰਾ ਆਖਿਆ ਜਾਂਦਾ ਹੈ ਤੇ ਆਪਣੀ ਸਿੱਖ ਪਛਾਣ ਉੱਤੇ ਖੜ੍ਹਨ ਵਾਲੇ ਨੂੰ ਸ਼ੱਕ ਨਾਲ ਵੇਖਿਆ ਜਾਂਦਾ ਹੈ। ਅਸੀਂ ਫਿਰ ਵੀ ਹਰ ਧੱਕੇ ਦਾ ਦੋਸ਼ ਆਪਣੇ ਹੀ ਕਿਸੇ ਬੰਦੇ ਸਿਰ ਮੜ੍ਹ ਦਿੰਦੇ ਹਾਂ। ਕਦੇ ਆਖਦੇ ਹਾਂ ਇਹ ਫਲਾਣੇ ਕਰਕੇ ਹੋਇਆ, ਕਦੇ ਉਹ ਫਲਾਣੇ ਕਰਕੇ। ਪਰ ਧੱਕਾ ਕਰਨ ਵਾਲੀ ਹਿੰਦ ਹਕੂਮਤ ਨੂੰ ਸਵਾਲ ਕਦੋਂ ਪੁੱਛਾਂਗੇ, ਉਸ ਖਿਲਾਫ ਕਦੋਂ ਡਟਾਂਗੇ ?
ਯਹੂਦੀ ਆਗੂ ਥਿਓਡਰ ਹਰਜ਼ਲ ਦੀ ਮਿਸਾਲ ਵੇਖੋ। ਉਸ ਨੇ ਆਪਣੀ ਕੌਮ ਨੂੰ ਜਗਾਉਣ ਤੇ ਜਥੇਬੰਦ ਕਰਨ ਦਾ ਰਾਹ ਫੜਿਆ ਤੇ ਕੌਮੀ ਘਰ ਦਾ ਸੁਪਨਾ ਲੈ ਕੇ ਕੰਮ ਕੀਤਾ। ਪਰ ਸਾਡੇ ਇੱਥੇ ਜਿਹੜਾ ਕੌਮ ਨੂੰ ਜਗਾਉਂਦਾ ਹੈ, ਉਸੇ ਨੂੰ ਸਿਆਪੇ ਦੀ ਜੜ੍ਹ ਆਖ ਦਿੰਦੇ ਹਾਂ। ਉਸ ਦੀ ਗੱਲ ਸੁਣਨ ਦੀ ਥਾਂ ਉਸ ਦੇ ਨੁਕਸ ਕੱਢਣ ਬੈਠ ਜਾਂਦੇ ਹਾਂ। ਕੋਈ ਹੱਕ ਅਤੇ ਅਜਾਦੀ ਲਈ ਬੋਲੇ ਤਾਂ ਕਹਿੰਦੇ ਹਾਂ, “ਇਹ ਸਾਨੂੰ ਵੀ ਮਰਵਾਏਗਾ।” ਜਿਵੇਂ ਚੁੱਪ ਰਹਿ ਕੇ ਬੜੇ ਮਾਣ ਨਾਲ ਜਿਊਂਦੇ ਹੋਈਏ! ਧੱਕੇ ਵੀ ਖਾਈ ਜਾਂਦੇ ਹਾਂ ਤੇ ਹੱਕ ਦੀ ਗੱਲ ਕਰਨ ਵਾਲੇ ਤੋਂ ਵੀ ਡਰੀ ਜਾਂਦੇ ਹਾਂ। ਫਿਰ ਹਾਲਾਤ ਬਦਲਣੇ ਕਿਵੇਂ ਹਨ ? ਕੁਰਸੀਆਂ ਦੇ ਭੁੱਖੇ ਆਗੂਆਂ ਨੂੰ ਪੁੱਛੋ: ਤੁਹਾਡੇ ਘਰ ਤਾਂ ਭਰ ਗਏ, ਕੌਮ ਦੇ ਪੱਲੇ ਕੀ ਪਿਆ ? ਸਿੱਖੀ ਦਾ ਜੋ ਮਰਜ਼ੀ ਹਾਲ ਹੋਵੇ, ਤੁਹਾਨੂੰ ਤਾਂ ਸਿਰਫ਼ ਆਪਣਾ ਅਹੁਦਾ ਚਾਹੀਦਾ ਹੈ। ਕੌਮ ਦੇ ਦੁੱਖਾਂ ਉੱਤੇ ਆਪਣੀਆਂ ਰੋਟੀਆਂ ਸੇਕਣੀਆਂ ਕਦੋਂ ਛੱਡੋਗੇ ?
ਸ਼ੇਰ ਸਰਕਸ ਵਿੱਚ ਵੀ ਸ਼ੇਰ ਹੁੰਦਾ ਹੈ, ਪਰ ਤੁਰਦਾ ਮਾਲਕ ਦੇ ਇਸ਼ਾਰੇ ਉੱਤੇ ਹੈ। ਅਸਲ ਸ਼ੇਰ ਦੀ ਸ਼ਾਨ ਤਾਂ ਆਪਣੀ ਆਜ਼ਾਦ ਫ਼ਿਤਰਤ ਵਿੱਚ ਹੁੰਦੀ ਹੈ। ਮਾਣ ਉਹਨਾਂ ਸਿੱਖਾਂ ਉੱਤੇ ਕਰਿਆ ਕਰੀਏ ਜਿਨ੍ਹਾਂ ਨੇ ਹਕੂਮਤੀ ਇਸ਼ਾਰਿਆਂ ਉੱਤੇ ਤੁਰਨ ਤੋਂ ਨਾਂਹ ਕੀਤੀ ਹੈ। ਅਸੀਂ ਉਨ੍ਹਾਂ ਦਾ ਸਾਥ ਦੇਣ ਦੀ ਥਾਂ ਮੂੰਹ ਕਿਉਂ ਮੋੜਦੇ ਹਾਂ ? ਕੀ ਹੁਣ ਕਿਸੇ ਹੋਰ ਸਿੱਖ ਦੀ ਬੇਪਤੀ ਦੀ ਖ਼ਬਰ ਉਡੀਕ ਰਹੇ ਹਾਂ ? ਕੀ ਪਤਾ ਅਗਲੀ ਵਾਰੀ ਮੇਰੀ ਹੋਵੇ, ਤੁਹਾਡੀ ਹੋਵੇ ਜਾਂ ਸਾਡੇ ਕਿਸੇ ਹੋਰ ਭਰਾ ਦੀ! ਸਿੱਖੋ! ਆਪਣੀ ਅਣਖ ਨੂੰ ਪਛਾਣੋ! ਹੋਰ ਕਿੰਨਾ ਚਿਰ ਦੜ ਵੱਟੋਗੇ ? ਇਹ ਚੁੱਪ ਰਹਿਣ ਦਾ ਵੇਲ਼ਾ ਨਹੀਂ ਹੈ। ਜਾਗੋ, ਉੱਠੋ, ਬੋਲੋ ਅਤੇ ਸੰਘਰਸ਼ ਕਰੋ!
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ