ਲਗਾਤਾਰ ਹਾਦਸਿਆਂ ਤੋਂ ਬਾਅਦ ਜਮਾਤ-ਏ-ਇਸਲਾਮੀ ਵੱਲੋਂ ਬਸੰਤ ‘ਤੇ ਪਾਬੰਦੀ ਦੀ ਮੰਗ
- ਅੰਤਰਰਾਸ਼ਟਰੀ
- 06 Feb, 2026 03:55 PM (Asia/Kolkata)
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਬਸੰਤ (ਪਤੰਗਬਾਜ਼ੀ) ਦੌਰਾਨ ਹੋ ਰਹੀਆਂ ਲਗਾਤਾਰ ਮੌਤਾਂ ਅਤੇ ਗੰਭੀਰ ਹਾਦਸਿਆਂ ਤੋਂ ਬਾਅਦ ਜਮਾਤ-ਏ-ਇਸਲਾਮੀ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਿਉਹਾਰ ‘ਤੇ ਪੂਰੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਹ ਮੰਗ ਉਸ ਵੇਲੇ ਕੀਤੀ ਗਈ ਜਦੋਂ ਜਮਾਤ-ਏ-ਇਸਲਾਮੀ ਲਾਹੌਰ ਦੇ ਅਮੀਰ, ਐਡਵੋਕੇਟ ਜ਼ਿਆਉਦਦੀਨ ਅੰਸਾਰੀ ਨੇ ਜਨਰਲ ਹਸਪਤਾਲ ਵਿੱਚ 37 ਸਾਲਾ ਮੁਹੰਮਦ ਯਾਸੀਨ ਦੀ ਖੈਰ-ਖ਼ਬਰ ਲਈ। ਯਾਸੀਨ ਪਤੰਗ ਦੀ ਡੋਰ ਨਾਲ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਇਸ ਮੌਕੇ ‘ਤੇ ਪਬਲਿਕ ਏਡ ਕਮੇਟੀ ਲਾਹੌਰ ਦੇ ਪ੍ਰਧਾਨ ਕੈਸਰ ਸ਼ਰੀਫ਼ ਸਮੇਤ ਹਾਫ਼ਿਜ਼ ਲਾਇਕ਼ ਸ਼ਾਹਿਦ, ਡਾ. ਬੁਰਹਾਨ ਅਤੇ ਗੁਲਾਮ ਹੁਸੈਨ ਤਬੱਸੁਮ ਵੀ ਮੌਜੂਦ ਸਨ।
ਹਸਪਤਾਲ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜ਼ਿਆਉਦਦੀਨ ਅੰਸਾਰੀ ਨੇ ਕਿਹਾ,“ਬਸੰਤ ਹੁਣ ਮਨੋਰੰਜਨ ਨਹੀਂ ਰਹੀ, ਇਹ ਖੂਨੀ ਖੇਡ ਬਣ ਚੁੱਕੀ ਹੈ।”
ਉਨ੍ਹਾਂ ਦੱਸਿਆ ਕਿ“ਸਿਰਫ਼ 18 ਘੰਟਿਆਂ ਵਿੱਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 31 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।”
ਉਨ੍ਹਾਂ ਕਿਹਾ ਕਿ ਗਲੀਆਂ ਅਤੇ ਮੁਹੱਲਿਆਂ ਵਿੱਚ ਬਸੰਤ ਮਨਾਉਣਾ ਲੋਕਾਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੀ ਅਪੀਲ ਕਰਦਿਆਂ ਬਸੰਤ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਬਸੰਤ ਦੌਰਾਨ ਹੋਣ ਵਾਲੇ ਹਾਦਸਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ‘ਤੇ ਆਉਂਦੀ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਜੇ ਬਸੰਤ ਮਨਾਉਣੀ ਹੀ ਹੋਵੇ ਤਾਂ ਇਸਨੂੰ ਖੁੱਲ੍ਹੇ ਮੈਦਾਨਾਂ ਜਾਂ ਰਾਵੀ ਦਰਿਆ ਦੇ ਕਿਨਾਰੇ ਵਰਗੇ ਨਿਰਧਾਰਤ ਇਲਾਕਿਆਂ ਤੱਕ ਸੀਮਿਤ ਕੀਤਾ ਜਾਵੇ।
“ਬਸੰਤ ਦੇ ਨਾਂ ‘ਤੇ ਘਰਾਂ ਦੇ ਦੀਵੇ ਬੁੱਝ ਰਹੇ ਹਨ,” ਉਨ੍ਹਾਂ ਕਿਹਾ।
ਜਮਾਤ-ਏ-ਇਸਲਾਮੀ ਦੇ ਨੇਤਾ ਨੇ ਬਸੰਤ ਦੌਰਾਨ ਹੋਈਆਂ ਮੌਤਾਂ ਅਤੇ ਜ਼ਖ਼ਮੀਆਂ ਦੇ ਮਾਮਲਿਆਂ ਵਿੱਚ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ।
Leave a Reply