ਧੁੰਧੂਕਾਰਾ
- ਕਵਿਤਾ
- 17 Feb,2025

#ਧੁੰਧੂਕਾਰਾ
ਸਾਡੇ ਜੰਮਣ ਤੋਂ ਵੀ ਪਹਿਲਾਂ,
ਸਾਡੇ ਵੱਡੇ ਵਡੇਰਿਆਂ ਨੇ।
ਰਲ਼ਕੇ ਖੂਨ ਦੀ ਹੋਲੀ ਖੇਡੀ,
ਪੁਰਖੇ ਤੇਰੇ ਮੇਰਿਆਂ ਨੇ।।
ਘੁੱਟ-ਘੁੱਟ ਜੱਫੀਆਂ ਪਾਈਏ ਤਾਂ ਵੀ,
ਅੰਦਰੋਂ ਕਸਕ ਨਾ ਜਾਂਦੀ ਹੈ।
ਔਖੇ ਹੋ ਗਏ ਕੰਡੇ ਚੁਗਣੇ,
ਬੀਜੇ ਜਿਹੜੇ ਜਠੇਰਿਆਂ ਨੇ।।
ਧਰਤੀ ਵੰਡ ਲਈ ਪਾਣੀ ਵੰਡੇ,
ਮਸਜਿਦ, ਮੰਦਰ ਵੰਡੇ ਗਏ।
ਖ਼ੂਨੀ ਵੰਡ ਦਾ ਦਰਦ ਹੰਢਾਇਆ,
ਜੋਗੀ ਨਾਥ ਦੇ ਡੇਰਿਆਂ ਨੇ।।
ਉੱਠ ਗਵਾਂਢੋਂ ਟੁਰ ਗਏ ਸੱਜਣ,
ਬੰਨ੍ਹ ਕੇ ਗੰਢਾਂ ਦਰਦ ਦੀਆਂ।
ਹੁਣ ਕਦ ਮਿਲਣਾ ਗਲ਼ ਲੱਗ ਪੁਛਿਆ,
ਕੰਧਾਂ ਤਾਈਂ ਬਨੇਰਿਆਂ ਨੇ।।
ਇਸ ਰਾਵੀ ਦੇ ਦੋਵੇਂ ਪਾਸੇ,
ਰੱਤ ਦੇ ਛੱਪੜ ਲੱਗੇ ਸੀ।
ਮੱਛੀਆਂ ਵਾਂਗ ਮਨੁੱਖੀ ਲੋਥਾਂ,
ਢੋਈਆਂ ਬਹੁਤ ਮਛੇਰਿਆਂ ਨੇ।।
ਸਿਆਹ ਘਟਾਵਾਂ ਛਾਈਆਂ ਏਥੇ,
ਧੁੰਧੂਕਾਰਾ ਪੱਸਰਿਆ।
ਬੁਝ ਗਏ ਦੀਵੇ ਸਾਂਝ ਦੇ ਅੰਦਰੋਂ,
ਮਾਰੀ ਫ਼ੂਕ ਹਨੇਰਿਆਂ ਨੇ।।
ਜਿਉਂ-ਜਿਉਂ ਉਠਕੇ ਠੰਡੀਆਂ ਹੋਈਆਂ,
ਪੀੜਾਂ ਇਹ ਪ੍ਰਸੂਤ ਦੀਆਂ।
ਰਾਤ ਦੀ ਕੁੱਖ ਚੋਂ ਪੈਦਾ ਹੋਣਾ,
"ਜੱਸਿਆ" ਨਵੇਂ ਸਵੇਰਿਆਂ ਨੇ।।
✍️ ਜਸਵਿੰਦਰ ਸਿੰਘ "ਜੱਸ ਅਮਰਕੋਟੀ"
📞9914017266
Posted By:

Leave a Reply