Nazrana Times

ਪੰਜਾਬੀ

ਪੀਜੀਆਈ ਚੰਡੀਗੜ੍ਹ 'ਚ ਲੰਘੇ ਦੋ ਹਫ਼ਤਿਆਂ ਤੋਂ ਜੇਰੇ ਇਲਾਜ ਸੰਘਰਸ਼ੀ ਯੋਧੇ ਭਾਈ ਅਮਰਜੀਤ ਸਿੰਘ ਬਡਗੁਜਰਾਂ ਦੀ ਸਿਹਤ ਰਿਪੋਰਟਾਂ ਅਨੁਸਾਰ ਦਿਲ ਦੀ ਬਿਮਾਰੀ ਅਤੇ ਕਿਡਨੀਆਂ ਤੋਂ ਪੀੜ੍ਹਤ : ਸਪੁੱਤਰੀ ਬੀਬਾ ਨਵਰੀਤ ਕੌਰ

29 Aug, 2026 11:04 PM

ਚੰਡੀਗੜ੍ਹ 29 ਅਗਸਤ (ਮੰਗਤ ਸਿੰਘ ਸੈਦਪੁਰ) : ਪੀਜੀਆਈ ਚੰਡੀਗੜ੍ਹ ਵਿੱਚ ਲੰਘੇ ਦੋ ਹਫ਼ਤਿਆਂ ਤੋਂ ਜੇਰੇ ਇਲਾਜ ਸੰਘਰਸ਼ੀ ਯੋਧੇ ਭਾਈ ਅਮਰਜੀਤ ਸਿੰਘ ਬਡਗੁਜਰਾਂ ਦੀ ਸਿਹਤ ਦੀ ਜਾਣਕਾਰੀ ਲੈਣ ਲਈ ਹੱਕ ਸੱਚ ਦਾ ਪਹਿਰੇਦਾਰ ਅਖਬਾਰ ਦੇ ਚੰਡੀਗੜ੍ਹ ਤੋਂ ਇੰਚਾਰਜ ਨੇ ਭਾਈ ਸਾਹਿਬ ਦੀ ਦੇਖ-ਰੇਖ ਕਰ ਰਹੀ ਉਨ੍ਹਾਂ ਦੀ ਸਪੁੱਤਰੀ ਬੀਬਾ ਨਵਰੀਤ ਕੌਰ ਨਾਲ ਪੀਜੀਆਈ ਵਿੱਚ ਰਾਬਤਾ ਕੀਤਾ। ਭਾਈ ਸਾਹਿਬ ਜੀ ਦਿਲ ਦੀਆਂ ਬਿਮਾਰੀਆਂ ਅਤੇ ਕਿਡਨੀਆਂ ਤੋਂ ਪੀੜ੍ਹਤ ਹਨ। ਦੋ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ। ਖਾਸ ਗੱਲ ਇਹ ਹੈ ਕਿ 20ਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਧਰਮ-ਯੁੱਧ ਸਮੇਤ ਵੱਖ-ਵੱਖ ਸ਼ਾਂਤਮਈ ਸਿੱਖ ਸੰਘਰਸ਼ਾਂ ਦੇ ਸ਼ਾਹ-ਅਸਵਾਰ ਵਜੋਂ ਜਾਣੇ ਜਾਂਦੇ ਭਾਈ ਅਮਰਜੀਤ ਸਿੰਘ ਬਡਗੁਜਰਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੈ। ਪਰ ਉਨ੍ਹਾਂ ਦੇ ਇਲਾਜ ਲਈ ਸੈਂਕੜੇ ਪੰਥ ਦਰਦੀ ਅੱਗੇ ਆ ਚੁੱਕੇ ਹਨ। ਬੀਬਾ ਜੀ ਨੇ ਦਸਿਆ ਕਿ ਮੇਰੇ ਪਾਪਾ ਜੀ ਨੇ ਪਹਿਲੇ ਦਿਨ ਹੀ ਪਰਵਾਰ ਨੂੰ ਸਖ਼ਤ ਤੌਰ ਉੱਤੇ ਹੁਕਮ ਸਦਰ ਕਰ ਦਿੱਤਾ ਸੀ। ਕਿ ਮੇਰੇ ਇਲਾਜ ਲਈ ਕੌਮ ਅੱਗੇ ਝੋਲੀ ਅੱਡ ਕੇ ਤੁਸੀਂ ਮੇਰੇ ਪਵਿੱਤਰ ਸੰਘਰਸ਼ ਦੀ ਤੌਹੀਨ ਨਾ ਕਰਿਓ।ਬੀਬਾ ਜੀ ਨੇ ਦੱਸਿਆ ਕਿ ਹੋਸ਼ ਵਿੱਚ ਆਉਣ ਪਿੱਛੋਂ ਪਾਪਾ ਨੇ ਬੜੇ ਆਤਮ ਵਿਸ਼ਵਾਸ ਨਾਲ ਪਰਵਾਰ ਨੂੰ ਭਰੋਸਾ ਦਿੱਤਾ ਕਿ ਮੈਨੂੰ ਕੁਝ ਵੀ ਨਹੀਂ ਹੁੰਦਾ। ਕਿਉਂਕਿ ਹਾਲੇ ਤਾਂ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਨੇ ਮੇਰੇ ਕੋਲੋਂ ਬਹੁਤ ਸਾਰੀ ਪੰਥਕ ਸੇਵਾ ਹੋਰ ਲੈਣੀ ਹੈ। ਹਾਲੇ ਤਾਂ ਅਸੀਂ ਬੰਦੀ ਸਿੰਘ ਰਿਹਾਅ ਕਰਵਾਉਣੇ ਹਨ।ਬੀਬਾ ਜੀ ਨੇ ਦੱਸਿਆ ਕਿ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਹਨ ਕਿ ਦੁਨੀਆਂ ਭਰ ਦੇ ਗੁਰੂ ਘਰਾਂ ਵਿੱਚ ਸੰਗਤਾਂ ਵਲੋਂ ਮੇਰੇ ਪਿਤਾ ਜੀ ਦੀ ਸਿਹਤਯਾਬੀ ਲਈ ਗੁਰੂ ਮਹਾਰਾਜ ਦੇ ਸਨਮੁੱਖ ਵੱਡੇ ਪੱਧਰ ਉੱਤੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ।
 

ਪੀਜੀਆਈ ਦੀ ਲੈਬ ਵਿਚ ਭਾਈ ਸਾਹਿਬ ਦੀ ਸੇਹਤ ਸਬੰਧੀ ਰੋਜ਼ਾਨਾ ਟੈਸਟ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 29 ਅਗਸਤ ਨੂੰ ਲੈਬ ਤੋਂ ਆਈ ਭਾਈ ਸਾਹਿਬ ਦੀ ਮੈਡੀਕਲ ਰਿਪੋਰਟ ਦੀ ਕਾਪੀ ਬੀਬਾ ਨਵਰੀਤ ਕੌਰ ਵਲੋਂ ਸਾਡੇ ਕੋਲ ਭੇਜੀ ਗਈ ਹੈ। ਉਹ ਰਿਪੋਰਟ ਭਾਈ ਸਾਹਿਬ ਅਮਰਜੀਤ ਸਿੰਘ ਬਡ ਗੁਜਰਾਂ ਜੀ ਦੇ ਸ਼ੁੱਭਚਿੰਤਕਾਂ ਦੀ ਜਾਣਕਾਰੀ ਲਈ ਅਸੀਂ ਇਥੇ ਛਾਪ ਰਹੇ ਹਾਂ। ਬੀਬਾ ਜੀ ਨੇ ਦੱਸਿਆ ਕਿ ਲੰਘੇ ਕਲ੍ਹ 28 ਅਗਸਤ ਨੂੰ ਰੱਖੜੀ ਵਾਲੇ ਦਿਨ ਮੇਰੇ ਇਕਲੌਤੇ ਵੀਰ ਸਵਰਗੀ ਅਨਮੋਲ ਸਿੰਘ ਦੀ ਚੌਥੀ ਬਰਸੀ ਸੀ। ਪੀਜੀਆਈ ਦੇ ਜਿਹੜੇ ਹਾਰਟ ਕਮਾਂਡ ਵਾਰਡ ਵਿੱਚ ਮੇਰੇ ਵੀਰ ਨੇ ਆਖਰੀ ਸਾਹ ਲਏ ਸਨ। ਉਸ ਵਾਰਡ ਵਿੱਚ ਹੀ ਬੈਡ ਉਤੇ ਪਏ ਮੇਰੇ ਪਿਤਾ ਜੀ ਦੇ ਨਾਲ ਅਸੀਂ ਕਲ੍ਹ ਦਾ ਦਿਨ ਬੜੀ ਗਮਗੀਨ ਮੁਦਰਾ ਵਿੱਚ ਬਤੀਤ ਕੀਤਾ ਸੀ। ਸਮੁੱਚੇ ਪੰਥਕ ਹਮਦਰਦੀਆਂ ਨੂੰ ਖਾਸ ਕਰਕੇ ਪੰਥਕ ਸੰਘਰਸ਼ੀ ਯੋਧੇ ਭਾਈ ਅਮਰਜੀਤ ਸਿੰਘ ਬਡਗੁਜਰਾਂ ਦੇ ਪਰਿਵਾਰ ਦੀ ਇਸ ਔਖੀ ਘੜੀ ਵਿੱਚ ਤਨੋਂ ਮਨੋਂ ਅਤੇ ਧਨੋਂ ਪੂਰੀ ਮਦਦ ਕਰਨੀ ਚਾਹੀਦੀ ਹੈ। ਤਾਂ ਕਿ ਖਾਲਿਸਤਾਨੀ ਸਮਰਥਕਾਂ ਅਤੇ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਹਰ ਪੱਖੋਂ ਵੱਡੇ ਪੱਧਰ ਦੇਖ-ਭਾਲ ਪੰਥਕ ਹਮਦਰਦੀਆਂ ਨੂੰ ਪੂਰੀ ਮਦਦ ਕਰਨੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News