ਨਿਸ਼ਾਨ-ਏ-ਸਿੱਖੀ, ਐੱਨ.ਡੀ.ਏ. ਵਿੰਗ ਦੇ 37 ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਪਾਸ ਕੀਤਾ।
ਰਵਿੰਦਰ ਸਿੰਘ ( ਰਵੀ ਖਹਿਰਾ)
ਖਡੂਰ ਸਾਹਿਬ,13 ਅਕਤੂਬਰ 2026
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਐੱਨ.ਡੀ.ਏ.ਵਿੰਗ ਖਡੂਰ ਸਾਹਿਬ ਦੇ 37 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂ.ਪੀ.ਐੱਸ.ਸੀ. ਦੁਆਰਾ ਆਯੋਜਿਤ ਕੀਤੀ ਜਾਂਦੀ ਹੈ। ਇਹ ਪ੍ਰੀਖਿਆ 13 ਸਤੰਬਰ 2026 ਨੂੰ ਹੋਈ ਜਿਸ ਦਾ ਨਤੀਜਾ 09 ਅਕਤੂਬਰ 2026 ਨੂੰ ਆਇਆ। ਇਨ੍ਹਾਂ ਵਿਦਿਆਰਥੀਆਂ ਵਿੱਚ 04 ਲੜਕੀਆਂ 27 ਲੜਕੇ 11ਵੇਂ ਕੋਰਸ ਦੇ, 05 ਲੜਕੇ 10ਵੇਂ ਕੋਰਸ ਦੇ, 01 ਲੜਕਾ 9ਵੇਂ ਕੋਰਸ ਦਾ ਸ਼ਾਮਿਲ ਹੈ। ਸਾਰੇ ਵਿਦਿਆਰਥੀ ਹੁਣ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ। ਇਹ ਨਿਸ਼ਾਨ-ਏ-ਸਿੱਖੀ ਸੰਸਥਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖ਼ਤ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਸਫ਼ਲਤਾ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਸੰਸਥਾ ਦੇ 35 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਮੇਜਰ ਜਨਰਲ ਬਲਵਿੰਦਰ ਸਿੰਘ (ਵੀ.ਐੱਸ.ਐੱਮ.) (ਸੇਵਾਮੁਕਤ) ਡਾਇਰੈਕਟਰ, ਐੱਨ.ਡੀ.ਏ ਵਿੰਗ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਲਗਭਗ ਪੰਜ ਤੋਂ ਛੇ ਲੱਖ ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਬੈਠਦੇ ਹਨ ਜਿੰਨ੍ਹਾਂ ਵਿੱਚੋਂ ਅੱਠ ਹਜਾਰ ਵਿਦਿਆਰਥੀ ਸਫ਼ਲ ਹੁੰਦੇ ਹਨ, ਉਨ੍ਹਾਂ ਵਿਚੋਂ 37 ਵਿਦਿਆਰਥੀ ਨਿਸ਼ਾਨ-ਏ-ਸਿੱਖੀ ਸੰਸਥਾ ਦੇ ਪਾਸ ਹੋਏ। ਇਸ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਐੱਨ.ਐੱਸ.ਆਈ.ਐੱਸ.ਟੀ. (ਐੱਨ.ਡੀ.ਏ. ਵਿੰਗ) ਵਿਖੇ ਚੋਣ ਅਤੇ ਸਿਖਲਾਈ ਦਾ ਜ਼ਿਕਰ ਕਰਦਿਆਂ ਇਸ ਸੰਬੰਧੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਵਿੱਚ ਨਵੇਂ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਸਦੀ ਆਖਰੀ ਮਿਤੀ 19 ਦਸੰਬਰ 2026 ਹੈ ਅਤੇ 20 ਦਸੰਬਰ 2026 ਨੂੰ ਲਿਖਤੀ ਇਮਤਿਹਾਨ ਹੋਵੇਗਾ, ਚਾਹਵਾਨ ਲੜਕੇ ਅਤੇ ਲੜਕੀਆਂ ਰਜਿਸਟ੍ਰੇਸ਼ਨ ਕਰਵਾ ਸਕਦੇ/ਸਕਦੀਆਂ ਹਨ। ਬਾਬਾ ਸੇਵਾ ਸਿੰਘ ਜੀ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਅਤੇ ਪਰਮਾਤਮਾ ਦਾ ਸਦਾ ਨਾਮ ਜਪਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਸ੍ਰ. ਜਸਵਿੰਦਰ ਪਾਲ ਸਿੰਘ ਸਕੱਤਰ, ਬਾਬਾ ਬਲਦੇਵ ਸਿੰਘ, ਫਕੈਲਟੀ ਇੰਚਾਰਜ ਸ੍ਰੀ ਦਿਨੇਸ਼ ਗੁਪਤਾ, ਡਿਪਟੀ ਡਾਇਰੈਕਟਰ ਕਰਨਲ ਗੁਰਮੀਤ ਸਿੰਘ (ਸੇਵਾਮੁਕਤ), ਕਰਨਲ ਦਰਸ਼ਨ ਸਿੰਘ ਬਾਵਾ, ਭਾਈ ਵਰਿਆਮ ਸਿੰਘ, ਡਾ, ਕਮਲਜੀਤ ਸਿੰਘ, ਬਲਦੇਵ ਸਿੰਘ ਸੰਧੂ, ਸੂਬੇਦਾਰ ਕੁਲਵੰਤ ਸਿੰਘ ਅਤੇ ਸੰਸਥਾ ਦੇ ਸਟਾਫ਼ ਮੈਂਬਰ ਹਾਜ਼ਰ ਸਨ।
Posted By: GURBHEJ SINGH ANANDPURI