ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਾਂਗ ਭਾਜਪਾ ਵੀ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ : ਫੈਡਰੇਸ਼ਨ ਭਿੰਡਰਾਂਵਾਲਾ

ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਾਂਗ ਭਾਜਪਾ ਵੀ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ : ਫੈਡਰੇਸ਼ਨ ਭਿੰਡਰਾਂਵਾਲਾ

ਰਾਹੁਲ ਤੇ ਰਵਨੀਤ ਕਰ ਰਹੇ ਨੇ ਸਿਆਸੀ ਡਰਾਮਾ : ਰਣਜੀਤ ਸਿੰਘ/ਅੰਗਦ ਸਿੰਘ 


ਅੰਮ੍ਰਿਤਸਰ, 6 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ 
 

ਲੋਕ ਸਭਾ ਦੇ ਮੂਹਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਜਪਾਈ ਆਗੂ ਰਵਨੀਤ ਬਿੱਟੂ ਨੂੰ ਗ਼ੱਦਾਰ ਦੋਸਤ ਤੇ ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਅੰਗਦ ਸਿੰਘ ਕਸ਼ਮੀਰ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਸਿੱਖ ਕੌਮ ਉੱਤੇ ਵਾਪਰੇ ਘੱਲੂਘਾਰੇ, ਨਸਲਕੁਸ਼ੀ, ਝੂਠੇ ਪੁਲਿਸ ਮੁਕਾਬਲੇ ਅਤੇ ਹੋਰ ਸੰਤਾਪ ਨੂੰ ਭਾਰਤੀ ਹਾਕਮ, ਕਾਂਗਰਸੀ ਤੇ ਭਾਜਪਾਈ ਆਪਣੀ ਸਿਆਸਤ ਲਈ ਵਰਤਦੇ ਹਨ। ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੋਵੇਂ ਹੀ ਸਿੱਖਾਂ ਦੇ ਕਾਤਲਾਂ ਦੇ ਵਾਰਸ ਹਨ ਤੇ ਆਪਣੇ ਵਡੇਰਿਆਂ ਨੂੰ ਸਹੀ ਠਹਿਰਾਉਂਦੇ ਰਹੇ ਹਨ। ਰਾਹੁਲ ਦੀ ਦਾਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਵਨੀਤ ਦਾ ਦਾਦਾ ਮੁੱਖ ਮੰਤਰੀ ਬਿਅੰਤ ਸਿਹੁੰ ਦੇ ਹੱਥ ਹਜ਼ਾਰਾਂ ਹੀ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਰਵਨੀਤ ਤੇ ਰਾਹੁਲ ਪੰਥ ਤੇ ਪੰਜਾਬ ਦੇ ਹਿਤੈਸ਼ੀ ਨਹੀਂ ਤੇ ਸਿੱਖਾਂ ਤੇ ਪੰਜਾਬੀਆਂ ਨੂੰ ਭਰਮਾਉਣ ਲਈ ਸਿਆਸੀ ਡਰਾਮੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਬੇਵਜ੍ਹਾ ਇਸ ਮਾਮਲੇ ਨੂੰ ਉਛਾਲ ਕੇ ਸਿੱਖ ਕੌਮ ਦੇ ਅਪਮਾਨ ਨਾਲ ਜੋੜ ਰਹੀ ਹੈ ਜਦਕਿ ਰਵਨੀਤ ਸਿੱਖਾਂ ਦਾ ਆਗੂ ਨਹੀਂ, ਭੇਖੀ ਹੈ। ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ, ਇੰਦਰਾ ਗਾਂਧੀ ਨੇ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤਾ। ਰਾਜੀਵ ਗਾਂਧੀ ਨੇ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਤੇ ਇਸੇ ਕਾਂਗਰਸ ਨਾਲ ਮਿਲ ਕੇ ਰਵਨੀਤ ਬਿੱਟੂ ਦੇ ਦਾਦੇ ਮੁੱਖ ਮੰਤਰੀ ਬਿਅੰਤ ਸਿਹੁੰ ਨੇ ਖਾੜਕੂ ਜਰਨੈਲਾਂ ਨੂੰ ਸ਼ਹੀਦ ਕੀਤਾ ਅਤੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਘਰਾਂ, ਖੇਤਾਂ ਅਤੇ ਦੁਕਾਨਾਂ 'ਚੋਂ ਚੁੱਕ ਕੇ ਝੂਠੇ ਮੁਕਾਬਲੇ ਬਣਾਏ ਤੇ ਥਾਣਿਆਂ 'ਚ ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਪੱਤ ਲੁੱਟੀ ਗਈ। ਦੁਸ਼ਟ ਇੰਦਰਾ ਗਾਂਧੀ ਅਤੇ ਬੁੱਚੜ ਬੇਅੰਤ ਸਿਹੁੰ ਦਾ ਰਾਜ ਸਿੱਖਾਂ ਲਈ ਅਬਦਾਲੀ, ਜ਼ਕਰੀਆ ਖ਼ਾਂ, ਮੀਰ ਮੰਨੂ, ਫ਼ਰੁਖਸੀਅਰ, ਲੱਖਪਤ ਰਾਏ ਵਾਲਾ ਹੀ ਜ਼ੁਲਮੀ ਰਾਜ ਸੀ, ਜਿੱਥੇ 'ਪੱਤਾ-ਪੱਤਾ ਸਿੰਘਾਂ ਦਾ' ਵੈਰੀ ਬਣ ਗਿਆ ਸੀ। ਰਵਨੀਤ ਬਿੱਟੂ ਦਾ ਪਰਿਵਾਰ ਸਾਰੀ ਉਮਰ ਹੀ ਕਾਂਗਰਸ ਦਾ ਪਿਆਦਾ ਬਣ ਕੇ ਰਿਹਾ ਤੇ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿਹੁੰ ਨੂੰ ਹਰ ਸਾਲ ਸ਼ਰਧਾਂਜਲੀਆਂ ਦਿੰਦਾ ਸੀ। ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖ਼ਿਲਾਫ਼, ਸਿੱਖ ਕੌਮ ਅਤੇ ਬੰਦੀ ਸਿੰਘਾਂ ਦੇ ਖ਼ਿਲਾਫ਼ ਜ਼ਹਿਰ ਉਗਲਦਾ ਰਿਹਾ ਤੇ ਹੁਣ ਇਹ ਭਾਜਪਾ ਵਿੱਚ ਵੜ ਕੇ ਦੁੱਧ ਧੋਤਾ ਨਹੀਂ ਹੋ ਗਿਆ ਕਿਉਂਕਿ ਭਾਜਪਾ ਵੀ ਕਾਂਗਰਸ ਵਾਂਗ ਪੰਥ ਅਤੇ ਪੰਜਾਬ ਦੀ ਦੋਖੀ ਪਾਰਟੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.