Nazrana Times

ਪੰਜਾਬੀ

ਬਾਬਾ ਭਾਈ ਅਦਲੀ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 25 ਜੂਨ ਵੀਰਵਾਰ ਨੂੰ

23 Jun, 2026 11:10 PM

ਧਾਰਮਿਕ ਦੀਵਾਨਾਂ ਦੇ ਨਾਲ ਕਬੱਡੀ ਮੈਚ ਵੀ ਹੋਣਗੇ,ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,23 ਜੂਨ 

ਬਾਬਾ ਭਾਈ ਅਦਲੀ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਭਾਈ ਅਦਲੀ ਜੀ,ਚੋਹਲਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਵਾਸੀ ਬਾਬਾ ਗੁਰਦੇਵ ਸਿੰਘ ਜੀ ਦੇ ਸਪੁੱਤਰ ਪਿੰਕਾ ਆਸਟ੍ਰੇਲੀਆ ਨੇ ਦੱਸਿਆ ਕਿ ਇਹ ਪਵਿੱਤਰ ਅਤੇ ਇਤਿਹਾਸਕ ਧਾਰਮਿਕ ਅਸਥਾਨ ਉਹ ਸਥਾਨ ਹੈ ਜਿੱਥੇ ਬਾਬਾ ਬਿਧੀ ਚੰਦ ਜੀ ਕਿਸੇ ਦੀਆਂ ਮੱਝਾਂ ਚੁਰਾ ਕੇ ਲਿਆਏ ਸਨ। ਬਾਬਾ ਭਾਈ ਅਦਲੀ ਜੀ ਨੇ ਉਨ੍ਹਾਂ ਨੂੰ ਚੋਰ ਤੋਂ ਸਾਧ ਬਣਾਇਆ,ਉਨ੍ਹਾਂ ਦਾ ਜੀਵਨ ਸੰਵਾਰਿਆ ਅਤੇ ਗੁਰੂ ਘਰ ਨਾਲ ਜੋੜਿਆ।ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।ਦੀਵਾਨਾਂ ਵਿੱਚ ਗਿਆਨੀ ਸੰਦੀਪ ਸਿੰਘ ਮਹਿਮਾ ਦਾ ਕਵੀਸ਼ਰੀ ਜਥਾ, ਗਿਆਨੀ ਪ੍ਰਿਤਪਾਲ ਸਿੰਘ ਬਰਗਾੜੀ ਦਾ ਕਵੀਸ਼ਰੀ ਜਥਾ, ਗਿਆਨੀ ਰਣਜੀਤ ਸਿੰਘ ਚੋਹਲਾ ਸਾਹਿਬ ਦਾ ਕਵੀਸ਼ਰੀ ਜਥਾ ਅਤੇ ਗਿਆਨੀ ਬਖਸ਼ੀਸ਼ ਸਿੰਘ ਰਾਣੀਵਲਾਹ ਦਾ ਕਵੀਸ਼ਰੀ ਜਥਾ ਗੁਰਬਾਣੀ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਤੋਂ ਇਲਾਵਾ ਸ਼ਾਮ ਸਮੇਂ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੀਆਂ ਟੀਮਾਂ ਵਿਚਕਾਰ ਕਬੱਡੀ ਦੇ ਦਿਲਚਸਪ ਮੈਚ ਵੀ ਕਰਵਾਏ ਜਾਣਗੇ। ਸਮਾਗਮ ਦੌਰਾਨ ਚਾਹ-ਪਕੌੜੇ, ਜਲੇਬੀਆਂ, ਛਬੀਲ ਅਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।ਪਿੰਕਾ ਆਸਟ੍ਰੇਲੀਆ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸੁੱਖ ਫ਼ੋਟੋਗ੍ਰਾਫਰ, ਜਗਰੂਪ ਸਿੰਘ ਰੂਪਾ, ਕਸ਼ਮੀਰ ਸਿੰਘ ਸ਼ੀਰਾ,ਬਲਦੇਵ ਸਿੰਘ,ਅਮਨਦੀਪ ਸਿੰਘ,ਗੁਰਮੇਜ ਸਿੰਘ ਗੇਜਾ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News