ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
- ਕਵਿਤਾ
- 09 Jun, 2025 11:20 AM (Asia/Kolkata)
ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ
ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ
ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ
ਚੌੰਕ ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ
ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪੁੱਤ ਪੰਜਾਬ ਦੇ ਬਾਗੀ ਹੋਏ, ਜੁਲਮ ਸਹਿਣ ਤੋਂ ਆਕੀ ਨੇ
ਕਈਆਂ ਹੱਸ ਸ਼ਹੀਦੀ ਪਾਈ, ਕਈ ਮੈਦਾਨ ਚ ਬਾਕੀ ਨੇ
ਉਹ ਵੀ ਵਤਨੀਂ ਮੁੜ ਆਵਣਗੇ, ਹੋਗੇ ਜੋ ਪਰਵਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਸਿਫ਼ਤੀ ਦੇ ਘਰ ਤੇਰੀ ਦੁਰਗਾ ਤਾਂਡਵ ਕਰਨਾ ਚਾਹੁੰਦੀ ਏ
ਸਾਰੀ ਦੁਨੀਆਂ ਤਾਈੰ ਆਪਣਾ ਅਸਲੀ ਰੂਪ ਦਿਖਾਉਦੀਂ ਏ
ਤੇਰੀ ਹਿੱਕ ਛਾਨਣੀ ਹੋਊ, ਤੂੰ ਕਿਹਾ ਮੌਤ ਨੂੰ ਮਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
#neverforget1984
Leave a Reply