ਸਰਬੱਤ ਦਾ ਭਲਾ ਟਰੱਸਟ ਦੀ 'ਹੜ੍ਹ ਪ੍ਰਭਾਵਿਤ ਵਿਆਹ ਯੋਜਨਾ' ਤਹਿਤ 5 ਧੀਆਂ ਦੇ ਵਿਆਹਾਂਂ ਲਈ ਇੱਕ-ਇੱਕ ਲੱਖ ਰੁਪਏ ਵੰਡੇ
- ਸਮਾਜ ਸੇਵਾ
- 26 Nov, 2025 01:01 AM (Asia/Kolkata)
ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂਂ ਦੀ ਸੇਵਾ ਨਿਰੰਤਰ ਜਾਰੀ ਰਹੇਗੀ- ਡਾ.ਉਬਰਾਏ
ਡਾ.ਉਬਰਾਏ ਦੀ ਬਦੌਲਤ ਇਹ ਸੇਵਾ ਨਿਭਾਉਣ ਦਾ ਮੌਕਾ ਮਿਲਿਆ-ਧਾਮੀ
ਰਾਕੇਸ਼ ਨਈਅਰ ਚੋਹਲਾ
ਅਜਨਾਲਾ/ ਅੰਮ੍ਰਿਤਸਰ 26 ਨਵੰਬਰ
ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ''ਹੜ ਪ੍ਰਭਾਵਿਤ ਵਿਆਹ ਯੋਜਨਾ'' ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸੰਬੰਧਿਤ ਵੱਖ-ਵੱਖ 5 ਧੀਆਂ ਦੇ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ ਚੈੱਕ ਵੰਡੇ ਗਏ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਲਏ ਗਏ ਫ਼ੈਸਲੇ ਤਹਿਤ ਅੱਜ ਆਪਣੇ ਦੂਸਰੇ ਪੜਾਅ 'ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 5 ਧੀਆਂ ਦੇ ਵਿਆਹਾਂ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਪ੍ਰਤੀ ਵਿਆਹ ਦੇ ਹਿਸਾਬ ਨਾਲ ਕੁੱਲ 5 ਲੱਖ ਰੁਪਏ ਦੇ ਚੈੱਕ ਟਰੱਸਟ ਦੀ ਫੇਅਰਫੀਲਡ (ਯੂ.ਐਸ.ਏ.) ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਸਿੰਘ ਘਈ,ਜਗਦੇਵ ਸਿੰਘ ਛੀਨਾ ਤੇ ਮੰਗਦੇਵ ਸਿੰਘ ਛੀਨਾ ਦੀ ਮੌਜ਼ੂਦਗੀ 'ਚ ਕਸਬਾ ਚਮਿਆਰੀ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੰਡੇ ਗਏ ਹਨ,ਜਦ ਕਿ ਇਹ ਸੇਵਾ ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ (ਯੂ.ਐਸ.ਏ.) ਵੱਲੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸਰਬੱਤ ਦਾ ਭਲਾ ਟਰੱਸਟ ਨੇ ਆਪਣੇ ਪਹਿਲੇ ਪੜਾਅ 'ਚ ਫਿਰੋਜ਼ਪੁਰ ਜ਼ਿਲ੍ਹੇ ਅੰਦਰ 13 ਧੀਆਂ ਦੇ ਵਿਆਹ ਕੀਤੇ ਹਨ ਅਤੇ ਥੋੜੇ ਦਿਨਾਂ ਤੱਕ ਤਰਨਤਾਰਨ,ਪੱਟੀ ਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ 17 ਹੋਰਨਾਂ ਧੀਆਂ ਦੇ ਵਿਆਹ ਵੀ ਕੀਤੇ ਜਾ ਰਹੇ ਹਨ। ਡਾ.ਉਬਰਾਏ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਲਈ ਸ਼ੁਰੂ ਕੀਤੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ।ਇਸ ਮੌਕੇ ਬੋਲਦਿਆਂ ਟਰੱਸਟ ਦੇ ਅਹੁਦੇਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਡਾ.ਐਸ.ਪੀ.ਸਿੰਘ ਉਬਰਾਏ ਦੀ ਪ੍ਰੇਰਨਾ ਅਤੇ ਸਹਿਯੋਗ ਸਦਕਾ ਹੀ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਪਹੁੰਚੇ ਹਰਸਿਮਰਨ ਸਿੰਘ ਵੱਲੋਂ ਵੀ ਉਕਤ 5 ਧੀਆਂ ਨੂੰ 10-10 ਹਜ਼ਾਰ ਰੁਪਏ ਦਾ ਸਗਨ ਦਿੱਤਾ ਗਿਆ।ਇਸ ਦੌਰਾਨ ਉਪਰੋਕਤ ਤੋਂ ਇਲਾਵਾ ਮਾਸਟਰ ਅਮਰੀਕ ਸਿੰਘ ਭੰਗਾਲੀ ਵਾਲੇ,ਸੁਖਵਿੰਦਰ ਸਿੰਘ ਯੂ.ਪੀ.,ਸਾਬਕਾ ਸਰਪੰਚ ਗੁਰਚਰਨਜੀਤ ਸਿੰਘ ਰਾਜੂ ਅਵਾਨ,ਜਰਨੈਲ ਸਿੰਘ ਜ਼ੈਲਦਾਰ,ਹਰਿੰਦਰ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਗੋਲੂ,ਦਿਲਬਾਗ ਸਿੰਘ ਸੰਧੂ,ਪ੍ਰਭਦੀਪ ਸਿੰਘ ਸੋਹਲ,ਜਸਬੀਰ ਸਿੰਘ ਢਿੱਲੋਂ,ਬਾਬਾ ਅਮਰਜੀਤ ਸਿੰਘ,ਰਾਣਾ ਢਿੱਲੋਂ,ਰੂਪ ਗਿੱਲ,ਦਲਜੀਤ ਸਿੰਘ,ਬਾਬਾ ਸੀਤਲ ਸਿੰਘ,ਸਕੱਤਰ ਸਿੰਘ,ਪਰਮਿੰਦਰ ਸਿੰਘ,ਜੋਗਾ ਸਿੰਘ, ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ।
Leave a Reply