ਅੰਮਤਾ, ਪੂਰਨਮੰਤਾ ਅਤੇ ਮਲਮਾਸ -ਸਰਬਜੀਤ ਸਿੰਘ ਸੈਕਰਾਮੈਂਟੋ

ਅੰਮਤਾ, ਪੂਰਨਮੰਤਾ ਅਤੇ ਮਲਮਾਸ -ਸਰਬਜੀਤ ਸਿੰਘ ਸੈਕਰਾਮੈਂਟੋ

ਲੱਗ-ਭੱਗ 8 ਸਾਲ ਪਹਿਲਾਂ, ਅਨੁਰਾਗ ਸਿੰਘ ਦੀਆਂ ਪੋਸਟਾਂ ਵਿੱਚ ਮੈਂ ਪਹਿਲੀ ਵਾਰ ਪੜ੍ਹਿਆ ਸੀ ਕਿ ਗੁਰੂ ਸਾਹਿਬ ਜੀ ਨੇ ਪ੍ਰਚੱਲਤ ਬਿਕ੍ਰਮੀ ਕੈਲੰਡਰ ਵਿੱਚ ਸੋਧ ਕਰਕੇ ‘ਮੂਲ ਸਿੱਖ ਕੈਲੰਡਰ’ ਸਥਾਪਿਤ ਕੀਤਾ ਸੀ। ਇਹ ਜਾਣਕਾਰੀ ਮੇਰੇ ਵਾਸਤੇ ਨਵੀਂ ਸੀ। ਮੈਂ ਅਨੁਰਾਗ ਸਿੰਘ ਨੂੰ ਲਿਖਤੀ ਬੇਨਤੀ ਕੀਤੀ ਕਿ ਇਸ ਕੈਲੰਡਰ ਬਾਰੇ ਹੋਰ ਜਾਣਕਾਰੀ ਦੇ ਨਾਲ, ਉਹ ਕੈਲੰਡਰ ਵੀ ਸਾਝਾ ਕੀਤਾ ਜਾਵੇ। ਉਸ ਵੱਲੋਂ ਕੋਈ ਜਵਾਬ ਨਾ ਆਉਣ ਕਾਰਨ, ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਝੂਠ ਬੋਲ/ਲਿਖ ਰਿਹਾ ਹੈ। ਫੇਰ ਇਹ ਆਉਣ ਵਾਲੀ ਕਿਤਾਬ ਬਾਰੇ ਪ੍ਰਚਾਰ ਕਰਨ ਲੱਗ ਪਿਆ। ਅਸੀਂ ਸੋਚਿਆ ਕਿ ਕਿਤਾਬ ਵਿੱਚ ਤਾਂ ਕੈਲੰਡਰ ਬਾਰੇ ਜਾਣਕਾਰੀ ਦੇਣਗੇ ਹੀ। ਇਕ ਦਿਨ ਸਤਿੰਦਰ ਸਿੰਘ ਦੀ ਪੋਸਟ ਨੇ ਮੇਰਾ ਧਿਆਨ ਖਿੱਚਿਆ, “ਉਡੀਕ ਖਤਮ ਹੋਈ, ਪੁਸਤਕ ਹੁਣ ਕਨੇਡਾ-ਅਮਰੀਕਾ ਵਿਚ ਵੀ ਉਪਲੱਭਦ ਹੈ”। ਕਿਤਾਬ ਦਾ ਨਾਮ, “ਗੁਰੂ ਸਾਹਿਬ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”, ਪੜ੍ਹ ਕੇ ਆਸ ਦੀ ਕਿਰਨ ਵਿਖਾਈ ਦਿੱਤੀ ਕਿ ਹੁਣ ਤਾਂ ਗੁਰੂ ਸਾਹਿਬ ਜੀ ਵੱਲੋਂ ਸਥਾਪਤ ਕੀਤੇ ‘ਮੂਲ ਸਿੱਖ ਕੈਲੰਡਰ’ ਦੇ ਦਰਸ਼ਨ ਹੋ ਹੀ ਜਾਣਗੇ। ਪਰ ਕਿੱਥੇ? ਕੈਲੰਡਰ ਦੇ ਦਰਸ਼ਨ ਤਾਂ ਹੁੰਦੇ ਜੇ ਕੋਈ ਅਜਿਹਾ ਕੈਲੰਡਰ ਹੁੰਦਾ? 
ਹੁਣ ਅਸੀਂ ਇਹ ਵੇਖਣਾ ਹੈ ਕਿ ਅਨੁਰਾਗ ਸਿੰਘ ਨੂੰ ਅਜਿਹਾ ਸ਼ੋਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ ਹੋਵੇਗਾ? ਇਸ ਦੀ ਜੜ੍ਹ ਹੈ ‘Oxford Dictionary of World Religions’ ਵਿੱਚ। ਜਿਸ ਦੇ ਹਵਾਲੇ ਨਾਲ, ਆਪਣੀ ਹਰ ਦੂਜੀ-ਤੀਜੀ ਪੋਸਟ ਵਿੱਚ ਆਹ ਪੰਗਤੀ, “ਪਾਲ ਸਿੰਘ ਪੁਰੇਵਾਲ ਦੀ ਮਿਸ਼ਰਤ ਜੰਤਰੀ ਤੋਂ ਪਹਿਲਾਂ ਸਿੱਖਾਂ ਦਾ ਮੂਲ ਸਿੱਖ ਕੈਲੰਡਰ ਸੀ ਜਿਸ ਦਾ ਜਿਕਰ John Bowker ਇਸ ਤਰ੍ਹਾਂ ਕਰਦੇ ਹਨ: “The Sikh Religious Calendar is a modified form of the Bikrami Calendar”, ਪੇਸਟ  ਕਰਦਾ ਰਿਹਾ ਹੈ। ਆਪਣੀ ਕਿਤਾਬ “ਮੂਲ ਸਿੱਖ ਕੈਲੰਡਰ” ਵਿੱਚ ਵੀ ਇਹ ਪੰਗਤੀ ਦਰਜ ਕਰਨਾ ਨਹੀਂ ਭੁਲੇ (ਪੰਨਾ 19) 
ਪਰ ਜਦੋਂ, ‘Oxford Dictionary of World Religions’ ਦਾ ਹਵਲਾ ਦੇ ਕੇ, “Sikhism; The Sikhs’ religious calendar is a modified form of the Bikrami calendar. The year is solar (23 minutes 44 seconds shorter than the Christian year) and the months are lunar. Lunar month dates, varying within fifteen days, are used for *gurpurbs. So in 1984 Guru *Gobind Singh’s birthday fell on both 10 Jan. and 29 Dec. Solar months, based on the twelve zodiac signs, are also used, e.g. for *Sangrands, *Baisakhi, and Lohri. The anniversaries of the battle of Chamkaur, martyrdom of the younger *Sahibzada, and battle of *Muktsar are solar dates. Because of the discrepancy between the Bikrami and Christian solar year these dates advance one day in sixty-seven years. (page 188) ਸਵਾਲ ਕੀਤਾ ਤਾਂ ਇਨ੍ਹਾਂ ਨੇ ‘ਇਕ ਚੁੱਪ ਸੌ ਸੁੱਖ’ ਦੀ ਨੀਤੀ ਤੇ ਅਮਲ ਕਰਨ ਵਿੱਚ ਹੀ ਭਲਾਈ ਸਮਝੀ। 
ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਸ਼ਬਦ ਕੋਸ਼ ਵਿੱਚ ਲਿਖਿਆ, ਪੱਥਰ ’ਤੇ ਲਕੀਰ ਹੁੰਦੀ ਹੈ? ਕੀ ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲੈਣਾ ਚਾਹੀਦਾ ਹੈ? ਜੇ ਅਜੇਹਾ ਹੈ ਤਾਂ, “23 minutes 44 seconds shorter than the Christian year” ਦਾ ਕੀ ਕੀਤਾ ਜਾਵੇ? ਇਸ਼ੇ ਸ਼ਬਦ ਕੋਸ਼ ਦੇ ਇਸੇ ਪੰਨੇ (188) ਉੱਪਰ ‘ਹਿੰਦੂ ਧਾਰਮਿਕ ਕੈਲੰਡਰ’ ਵੀ ਦਿੱਤਾ ਹੋਇਆ ਹੈ। ਦੱਸੋ, ਇਨ੍ਹਾਂ ਦੋਵਾਂ ਵਿੱਚ ਕੀ ਅੰਤਰ ਹੈ? ਗੁਰੂ ਸਾਹਿਬ ਜੀ ਵੱਲੋਂ ਸੋਧ ਕੇ ਲਾਗੀ ਕੀਤਾ ‘ਮੂਲ ਸਿੱਖ ਕੈਲੰਡਰ’ ਕਿੱਥੇ ਹੈ? ਅਨੁਰਾਗ ਸਿੰਘ ਨੂੰ ਇਹ ਕੈਲੰਡਰ ਕਦੋਂ ਅਤੇ ਕਿਥੋਂ ਪ੍ਰਾਪਤ ਹੋਇਆ ਸੀ? ਜੇ ਇਸ ਨੂੰ, ਇਸ ਕੈਲੰਡਰ ਬਾਰੇ, ਨਾਨਕਸ਼ਾਹੀ ਕੈਲੰਡਰ ਬਨਣ ਤੋਂ ਪਹਿਲਾ ਜਾਣਕਾਰੀ ਸੀ ਤਾਂ ਇਸ ਨੇ ਉਸ ਵੇਲੇ ਕਿਉਂ ਨਹੀਂ ਦੱਸਿਆ ਜਦੋਂ ਇਹ ਮੀਟਿੰਗਾਂ ਵਿੱਚ ਸ਼ਾਮਿਲ ਹੁੰਦਾ ਸੀ। ਯਾਦ ਰਹੇ ਇਹ ਕਿਤਗਬ 1996 ਈ: ਵਿੱਚ ਛਪੀ ਸੀ। ਜੇ ਇਹ ਕੈਲੰਡਰ ਉਸ ਤੋਂ ਪਿਛੋਂ ਲੱਭਾ ਹੈ ਤਾਂ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ ਸੰਗਤਾਂ ਦੀ ਕਚਿਹਰੀ ਵਿੱਚ ਕਿਉਂ ਨਹੀਂ ਰੱਖਿਆ ਗਿਆ? ਕੀ ਇਹ ਕੈਲੰਡਰ, ਇਨ੍ਹਾਂ ਦੀ ਨਿੰਜੀ ਸੰਪਤੀ ਹੈ ਜਾਂ ਪੰਥਕ ਵਿਰਾਸਤ?
20 ਦਸੰਬਰ 2025 ਈ: ਨੂੰ ਬਠਿੰਡਾ ਵਿਖੇ ਹੋਣ ਵਾਲੀ ਵਿਚਾਰ-ਚਰਚਾ ਸਬੰਧੀ ਜਦੋਂ ਸਤਿੰਦਰ ਸਿੰਘ ਦਾ ਫੋਨ (12 ਦਸੰਬਰ) ਆਇਆ ਤਾਂ ਮੈਂ ਉਸ ਮੀਟਿੰਗ ਦੇ ਏਜੰਡੇ ਬਾਰੇ ਜਾਨਣ ਦੇ ਨਾਲ-ਨਾਲ ‘ਗੁਰੂ ਸਾਹਿਬ ਜੀ ਵੱਲੋਂ ਸਥਾਪਿਤ ਕੀਤਾ ਗਿਆ ਮੂਲ ਸਿੰਘ ਕੈਲੰਡਰ’ ਦੀ ਵੀ ਮੰਗ ਕੀਤੀ ਤਾਂ ਸਤਿੰਦਰ ਸਿੰਘ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ ਦਿੱਤਾ। ਇਨ੍ਹਾਂ ਦੀ ਕਿਤਾਬ ਪੜ੍ਹ ਕੇ ਮੈਂ 4 ਦਸੰਬਰ 2023 ਈ: ਨੂੰ ਈ ਮੇਲ ਕਰਕੇ ਕੈਲੰਡਰ ਦੀ ਮੰਗ ਕੀਤੀ ਸੀ, ਜਿਸ ਦਾ ਜਵਾਬ ਅੱਜ ਤਾਂਈ ਨਹੀਂ ਆਇਆ। ਬਠਿੰਡੇ ਵਾਲੀ ਮੀਟਿੰਗ ਵਿੱਚ ਵੀ ਸ. ਕਿਰਪਾਲ ਸਿੰਘ ਨੇ ਕੈਲੰਡਰ ਦੀ ਮੰਗ ਕੀਤੀ ਤਾਂ ਜਵਾਬ ਮਿਲਿਆ ਕਿ ਕੈਲੰਡਰ ਕਿਤਾਬ ਵਿੱਚ ਹੀ ਹੈ। ਸਰਬਜੀਤ ਸਿੰਘ ਸਿੰਘ ਸੈਕਰਾਮੈਂਟੋ ਅਤੇ ਕਿਰਪਾਲ ਸਿੰਘ ਬਠਿੰਡਾ ਨੂੰ ਕੈਲੰਡਰ ਸਮਝ ਨਹੀਂ ਆਇਆ, ਪਰ ਹੋਰ ਸਾਰਿਆਂ ਨੂੰ ਸਮਝ ਆ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ, ‘ਹੋਰ ਸਾਰੇ’ ਕੌਣ ਹਨ? ਜਿਨ੍ਹਾਂ ਨੂੰ ਕਿਤਾਬ ਪੜ੍ਹ ਕੇ ਕੈਲੰਡਰ ਦੇ ਦਰਸ਼ਨ ਹੋ ਗਏ ਹਨ? ਖੈਰ...। ਆਓ ਹੁਣ ਇਹ ਵੇਖੀਏ ਕਿ ਗੁਰਚਰਨ ਸਿੰਘ ਸੇਖੋਂ ਨੇ ਕਿਤਾਬ ਵਿੱਚ ਕੀ ਲਿਖਿਆ ਹੈ? 
“ਗੁਰੂ ਨਾਨਕ ਦੇਵ ਜੀ ਨੇ ਚੰਦਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ। ... ਗੁਰੂ ਨਾਨਕ ਦੇਵ ਜੀ ਨੇ ਚੰਦ੍ਰਮਾਂ ਦੇ ਮਹੀਨੇ ਦੀ ਸ਼ੁਰੂਆਤ ਦੋ ਮੱਸਿਆ ਦੇ ਅੱਧ ਵਿੱਚ, ਭਾਵ ਕਿ ਪੂਰਨਮਾਸ਼ੀ ਉਪਰੰਤ ਕਰ ਦਿੱਤੀ। ਹੁਣ ਪਹਿਲੇ ਮਹੀਨੇ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ਵਿੱਚ ਵੀ ਆਵੇਗੀ। ਉਦਾਹਰਨ: ਅਗਰ ਭਾਦੋਂ ੧ ਨੂੰ ਸੂਰਜੀ ਮਹੀਨਾ ਸ਼ੁਰੂ ਹੋਵੇ ਅਤੇ ਦੋ ਨੂੰ ਚੰਦ੍ਰਮਾਂ ਦਾ ਮਹੀਨਾ ਸ਼ੁਰੂ ਹੋ ਜਾਵੇ ਅਤੇ ਫਿਰ ਭਾਦੋਂ ੩੧ ਨੂੰ ਮੱਸਿਆ ਸਮੇਂ ਚੰਦਮਾਂ ਦਾ ਮਹੀਨਾ ਸਮਾਪਤ ਹੋ ਜਾਵੇ ਅਤੇ ਅਗਲੇ ਦਿਨ ਅੱਸੂ ੧ ਦੀ ਸੰਗਰਾਂਦ ਵਾਲੇ ਦਿਨ ਸੂਰਜੀ ਮਹੀਨਾ ਸ਼ੁਰੂ ਹੋ ਜਾਵੇ, ਤਾਂ ਚੰਦਮਾਂ ਦੇ ਮਹੀਨੇ ਵਿੱਚ ਸੰਗਰਾਂਦ ਨਹੀਂ ਆਵੇਗੀ । ਪਰ ਜੇ ਚੰਦਮਾਂ ਦਾ ਮਹੀਨਾ ਬਦਲ ਕੇ ਪੂਰਨਮਾਸ਼ੀ ਉਪਰੰਤ ਵਦੀ ੧ ਤੋਂ ਕਰ ਦਿੱਤਾ ਜਾਵੇ ਤਾਂ ਇਹ ਸੂਰਜੀ ਭਾਦੋਂ ਮਹੀਨੇ ਦੇ ਅੱਧ ਵਿਚ, ਭਾਵ ਕਿ ੧੫ ਭਾਦੋਂ ਦੇ ਆਸ-ਪਾਸ ਦਾ ਸਮਾਂ ਬਣ ਜਾਵੇਗਾ। ਹੁਣ ਪਿਛਲੇ ੩੦ ਦਿਨਾਂ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ੩੦ ਦਿਨਾਂ ਵਿਚ ਸੰਗਰਾਂਦ ਆਵੇਗੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਅਸ਼ੁਭ ਵਾਲੀ ਸਾਰੀ ਵਿਚਾਰ ਹੀ ਖ਼ਤਮ ਕਰਕੇ ਇਕ ਨਿਰੋਲ-ਵਿਲੱਖਣ ਸਿੱਖ ਕੈਲੰਡਰ ਸਥਾਪਤ ਕੀਤਾ। ਇਹ ਹੈ ਗੁਰੂ ਸਾਹਿਬਾਂ ਵਲੋਂ ਸਥਾਪਤ ਕੀਤਾ ਸਿੱਖਾਂ ਦਾ ਮੂਲ ਕਲੰਡਰ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸੂਰਜੀ ਅਤੇ ਚੰਦ੍ਰਮਾਂ ਦੇ ਅਲੱਗ-ਅਲੱਗ ਸਿਧਾਂਤਾਂ ਵਿਚੋਂ ਆਪਣੇ ਸਿਧਾਂਤਾਂ ਦੀ ਚੋਣ ਕਰਕੇ, ਉਨ੍ਹਾਂ ਉਪਰ ਬਾਣੀ ਉਚਾਰੀ ਅਤੇ ਸਾਡੇ ਕਲੰਡਰ ਦੇ ਸਿਧਾਂਤ, ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਸ ਲਈ ਸਿੱਖ ਕੌਮ, ਕਦੇ ਵੀ ਕਲੰਡਰ ਤੋਂ ਵਾਂਝੀ ਨਹੀਂ ਸੀ, ਪਰ ਸਿੱਖਾਂ ਨੂੰ ਝੂਠ ਬੋਲ ਕੇ ਇਸ ਗੱਲ ਦਾ ਭੁਲੇਖਾ ਪਾਇਆ ਗਿਆ ਕਿ ਉਨ੍ਹਾਂ ਪਾਸ ਕੋਈ ਕਲੰਡਰ ਨਹੀਂ ਹੈ”। (ਪੰਨਾ 86) 
ਗੁਰਚਰਨ ਸਿੰਘ ਸੇਖੋ ਦੇ ਲਿਖਣ ਦਾ ਭਾਵ ਜੋ ਮੈਂ ਸਮਝਿਆ ਹਾਂ ਇਹ ਹੈ ਕਿ, ਮਲ ਮਾਸ ਇਸ ਕਰਕੇ ਆਉਂਦਾ ਹੈ ਕਿ ਮਹੀਨੇ ਦਾ ਆਰੰਭ ਸੁਦੀ ਏਕਮ ਤੋਂ ਹੁੰਦਾ ਹੈ ਅਤੇ ਉਦੋਂ ਹੀ ਸੰਗਰਾਂਦ ਹੁੰਦੀ ਹੈ, ਇਸ ਕਾਰਨ ਮੱਸਿਆ ਅਤੇ ਸੰਗਰਾਂਦ ਨੂੰ ਵੱਖ-ਵੱਖ ਕਰਨ ਲਈ ਗੁਰੂ ਸਾਹਿਬ ਜੀ ਨੇ ਮਹੀਨੇ ਦਾ ਆਰੰਭ ਵਦੀ ਏਕਮ ਤੋਂ ਕਰ ਦਿੱਤਾ। ਹੁਣ ਮੱਸਿਆ ਮਹੀਨੇ ਦੇ ਮੱਧ ਵਿੱਚ ਆਉਣ ਕਰਕੇ, ਮਲ ਮਾਸ ਦੀ ਸਮੱਸਿਆ ਨਹੀਂ ਆਵੇਗੀ। “ਗੁਰੂ ਨਾਨਕ ਦੇਵ ਜੀ ਨੇ ਚੰਦਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ”।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਚੰਦ ਦਾ ਮਹੀਨਾ ਅਤੇ ਸੂਰਜੀ ਮਹੀਨਾ, ਦੋਵੇਂ ਇਕੱਠੇ ਚਲਦੇ ਹਨ। ਚੰਦ ਦੇ ਨਵੇਂ ਸਾਲ ਦਾ ਆਰੰਭ ਚੇਤ ਸੁਦੀ ਏਕਮ ਤੋਂ ਹੁੰਦਾ ਹੈ। ਪਰ ਮਹੀਨੇ ਦਾ ਆਰੰਭ ਚੇਤ ਵਦੀ ਏਕਮ ਤੋਂ। ਇਸ ਕਾਰਨ ਚੇਤ ਦਾ ਅੱਧਾ ਮਹੀਨਾ ( ਵਦੀ ਪੱਖ) ਪਿਛਲੇ ਸਾਲ ਵਿੱਚ ਆਉਂਦਾ ਹੈ ਅਤੇ ਅੱਧਾ ਮਹੀਨਾ (ਸੁਦੀ ਪੱਖ) ਨਵੇਂ ਸਾਲ ਵਿੱਚ ਆਉਂਦਾ ਹੈ। ਬਿਕ੍ਰਮੀ ਕੈਲੰਡਰ ਦੇ ਨਵੇਂ ਚੰਦਰ ਸਾਲ ਭਾਵ 2083 ਬਿ: ਦਾ ਆਰੰਭ 19 ਮਾਰਚ 2026 ਈ: ਨੂੰ ਹੋਵੇਗਾ। ਸੂਰਜੀ ਸਾਲ ਦਾ ਆਰੰਭ 1 ਵੈਸਾਖ/ 14 ਅਪ੍ਰੈਲ 2026 ਈ: ਨੂੰ ਹੋਵੇਗਾ। ਇਥੇ ਮਹੀਨਾ ਚੰਦ ਦਾ ਮੁੱਖ ਰੱਖਿਆ ਜਾਂਦਾ ਹੈ ਅਤੇ ਸਾਲ ਸੂਰਜੀ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ’ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆ ਦਰਜ ਹਨ-:
੧.ਥਿਤੀ ਗਉੜੀ ਮਹਲਾ ੫ (ਪੰਨਾ 296)
੨. ਰਾਗ ਗਉੜੀ ਥਿਤੀ ਕਬੀਰ ਜੀ ਕੀ (ਪੰਨਾ 343)
੩. ਬਿਲਾਵਲ ਮਹਲਾ ੧ਥਿਤੀ ਘਰੁ ੧੦ (ਪੰਨਾ838)
 

ਚੰਦ ਦਾ ਮਹੀਨਾ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਬਿਲਾਵਲ ਮਹਲਾ ੧ ਥਿਤੀ’ ਅਤੇ ‘ਥਿਤੀ ਗਉੜੀ ਮਹਲਾ ੫’ ਦੋਵੇਂ ਪਾਵਨ ਬਾਣੀਆਂ ਵਿੱਚ ਮਹੀਨਾ ‘ਪੂਰਨਮੰਤਾ’ ਹੈ। ਅਤੇ ‘ਰਾਗ ਗਉੜੀ ਥਿਤੀ ਕਬੀਰ ਜੀ ਕੀ’ ਵਿੱਚ ਮਹੀਨਾ ‘ਅਮੰਤਾ’ ਹੈ। ਤਿੰਨੇ ਹੀ ਪਾਵਨ ਬਾਣੀਆਂ ਏਕਮ ਤੋਂ ਆਰੰਭ ਹੁੰਦੀਆਂ ਹਨ ;
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ (ਪੰਨਾ 296)
ਪਰਿਵਾ ਪ੍ਰੀਤਮ ਕਰਹੁ ਬੀਚਾਰ ॥ (ਪੰਨਾ 343)
ਏਕਮ ਏਕੰਕਾਰੁ ਨਿਰਾਲਾ ॥ (ਪੰਨਾ 838) 
ਥਿਤੀ ਗਉੜੀ ਮਹਲਾ ੫ (ਪੰਨਾ 296) ਵਿੱਚ ਚੌਦਸ ਤੋਂ ਪਿਛੋਂ ਮੱਸਿਆ ਦਾ ਜਿਕਰ ਆਉਂਦਾ ਹੈ, “ ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ”। (ਪੰਨਾ 300) ਇੱਥੋਂ ਇਹ ਗਿਆਨ ਹਾਸਿਲ ਹੁੰਦਾ ਹੈ ਕਿ ਮੱਸਿਆ ਮਹੀਨੇ ਦੇ ਵਿਚਕਾਰ ਆਉਂਣ ਕਾਰਨ ਇਹ ਮਹੀਨਾ ‘ਪੂਰਨਮੰਤਾ’ ਹੈ। 
ਬਿਲਾਵਲ ਮਹਲਾ ੧ਥਿਤੀ ਘਰੁ ੧੦ (ਪੰਨਾ838) ਬਾਣੀ ਵਿੱਚ ਵੀ ਚੌਦਸ ਤੋਂ ਪਿਛੋਂ ਮੱਸਿਆ ਦਾ ਜਿਕਰ ਹੀ ਆੳਦਾ ਹੈ। “ਅਮਾਵਸਿਆ ਚੰਦੁ ਗੁਪਤੁ ਗੈਣਾਰਿ”,(ਪੰਨਾ 840) ਇਥੇ ਵੀ ਮੱਸਿਆ ਦਾ ਮਹੀਨੇ ਅੱਧ ਵਿਚਕਾਰ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਮਹੀਨਾ ਵੀ ‘ਪੂਰਨਮੰਤਾ’ ਹੈ। 
ਰਾਗ ਗਉੜੀ ਥਿਤੀੰ ਕਬੀਰ ਜੀ ਕੀੰ (ਪੰਨਾ 343) ਸਿਰਲੇਖ ਵਾਲੀ ਬਾਣੀ ਵਿੱਚ, ਚੌਦਸ ਤੋਂ ਪਿਛੋਂ ਪੁੰਨਿਆ ਦਾ ਜਿਕਰ ਆਉਦਾ ਹੈ। “ਪੂਨਿਉ ਪੂਰਾ ਚੰਦ ਅਕਾਸ”।(ਪੰਨਾ 344) ਭਗਤ ਕਬੀਰ ਜੀ ਵੱਲੋਂ ਉਚਾਰਣ ਕੀਤੀ ਗਈ ਬਾਣੀ ਵਿੱਚ ‘ਪੁੰਨਿਆ’ ਮਹੀਨੇ ਦੇ ਅੱਧ ਵਿਚਕਾਰ ਆਉਂਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਇਹ ਮਹੀਨਾ ਮੱਸਿਆ ਤੋਂ ਮੱਸਿਆ ਤਾਈਂ ਚਲਦਾ ਹੈ। ਇਸ ਮਹੀਨੇ ਨੂੰ ‘ਅਮੰਤਾ’ ਕਹਿੰਦੇ ਹਨ।
ਭਾਰਤ ਸਰਕਾਰ ਵੱਲੋਂ ਬਣਾਈ ਗਈ ਕੈਲੰਡਰ ਸੁਧਾਰ ਕਮੇਟੀ ਦੀ ਰਿਪੋਟ ਵਿੱਚ, ਦੇਸ ਵਿੱਚ ਪ੍ਰਚੱਲਤ ਵੱਖ-ਵੱਖ 32 ਕੈਲੰਡਰਾਂ ਦੀ ਸੂਚੀ ਦਰਜ ਹੈ । ਜਿਸ ਮੁਤਾਬਕ ਦੇਸ਼ ਵਿੱਚ ਅੱਜ ਵੀ ਚੰਦ ਦਾ ਮਹੀਨਾ ਦੋਵੇ ਤਰ੍ਹਾਂ ਹੀ, ਭਾਵ ‘ਪੂਰਨਮੰਤਾ’ ਅਤੇ ‘ਅਮੰਤਾ’ ਚਲਦਾ ਹੈ। ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਵਿਧਾਨ ਹੈ। ਗੁਰੂ ਸਾਹਿਬ ਜੀ ਪੰਜਾਬ ਦੇ ਇਲਾਕੇ ਵਿੱਚ ਜਿਆਦਾ ਵਿਚਰੇ ਹਨ ਇਸ ਲਈ, ਇਸ ਖਿਤੇ ਵਿੱਚ ਪ੍ਰਚੱਲਿਤ ਕੈਲੰਡਰ, ਚੰਦਰ- ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ- ਪੂਰਨਮੰਤਾ) ਮੁਤਾਬਕ ਉਪਦੇਸ ਦਿੱਤਾ ਗਿਆ ਹੈ। ਭਗਤ ਕਬੀਰ ਦੀ ਦੇਸ਼ ਦੇ ਕਿਸੇ ਹੋਰ ਹਿੱਸੇ ( ਬਨਾਰਸ- ਉੱਤਰ ਪ੍ਰਦੇਸ਼) ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਉਸ ਇਲਾਕੇ ਵਿੱਚ ਪ੍ਰਚੱਲਿਤ ਕੈਲੰਡਰ ਚੰਦਰ- ਸੂਰਜੀ ਬਿਕ੍ਰਮੀ (ਸੂਰਜੀ ਸਿਧਾਤ- ਅਮੰਤਾ) ਮੁਤਾਬਕ ਉਪਦੇਸ਼ ਦਿੱਤਾ ਹੈ।
ਮਲ-ਮਾਸ:- ਚੰਦ ਦੇ ਕੈਲੰਡਰ ਮੁਤਾਬਕ ਸਾਲ ਵਿੱਚ 354.37 ਦਿਨ ਹੁੰਦੇ ਹਨ। ਜਦੋਂ ਕਿ ਸੂਰਜੀ ਸਿਧਾਂਤ ਮੁਤਾਬਕ ਸੂਰਜੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਮੰਨੀ ਗਈ ਹੈ। ਮੋਟੇ ਤੌਰ ’ਤੇ ਕਹਿ ਸਕਦੇ ਹਾਂ ਕਿ ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਇਕ ਸਾਲ ਵਿੱਚ 11, ਦੋ ਸਾਲ 22 ਅਤੇ ਤੀਜੇ ਸਾਲ ਚੰਦ ਦਾ ਕੈਲੰਡਰ ਸੂਰਜੀ ਸਾਲ ਤੋਂ 33 ਦਿਨ ਪਿਛੇ ਰਹਿ ਜਾਂਦਾ ਹੈ ਤਾਂ, ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ, ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਨੂੰ ਮਲ ਮਾਸ (ਮਾੜਾ ਮਹੀਨਾ) ਕਹਿੰਦੇ ਹਨ। ਇਸ ਸਾਲ, ਚੰਦ ਦੇ ਸਾਲ ਵਿੱਚ 384 ਦਿਨ ਅਤੇ 13 ਮਹੀਨੇ ਹੁੰਦੇ ਹਨ। 19 ਸਾਲਾਂ ਵਿੱਚ, 7 ਸਾਲ ਅਜੇਹੇ ਆਉਂਦੇ ਹਨ। 
ਅਗਲੇ ਸਾਲ ਭਾਵ ਸੰਮਤ 2083 ਬਿਕ੍ਰਮੀ (2026-27 ਈ:) ਵਿੱਚ ਜੇਠ ਦਾ ਮਹੀਨਾ ਦੋ ਵਾਰ ਆਵੇਗਾ। ਇਕ ਚੰਗਾ ਦੂਜਾ ਮਾੜਾ। ਜੇਠ ਮਹੀਨੇ ਦਾ ਆਰੰਭ, ਜੇਠ ਵਦੀ ਏਕਮ, 2 ਮਈ 2026 ਈ: ਤੋਂ ਹੋਵੇਗਾ। ਜੇਠ ਦੀ ਮੱਸਿਆ 16 ਜੂਨ ਨੂੰ ਆਵੇਗੀ। ਜੇਠ ਦੀ ਪੁੰਨਿਆ 31 ਮਈ ਨੂੰ ਆਵੇਗੀ। ਦੂਜੇ ਜੇਠ ਦਾ ਆਰੰਭ (ਜੇਠ ਵਦੀ ਏਕਮ) 1 ਜੂਨ ਤੋਂ ਹੋਵੇਗਾ। ਜੇਠ ਦੀ ਮੱਸਿਆ 15 ਜੂਨ ਨੂੰ ਆਵੇਗੀ ਅਤੇ ਮਹੀਨੇ ਅੰਤ ਭਾਵ ਪੁੰਨਿਆ 29 ਜੂਨ ਨੂੰ ਆਵੇਗੀ। ਜੇਠ ਦਾ ਚੰਦਰ ਮਹੀਨਾ 2 ਮਈ ਤੋਂ 29 ਜੂਨ ਤੀਕ ਭਾਵ 59 ਦਿਨਾਂ ਦਾ ਹੋਵੇਗਾ। 
ਇਸ ਵਿੱਚੋਂ 17 ਮਈ ਤੋਂ 15 ਜੂਨ ਦੇ ਦਿਨ ਮਾੜੇ ਹੋਣਗੇ, ਭਾਵ ਮਲ-ਮਾਸ ਹੋਵੇਗਾ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾ ਸਕਦਾ। ਪਹਿਲੇ ਮਹੀਨੇ ਦਾ ਪਹਿਲਾ ਪੱਖ (ਵਦੀ ਪੱਖ) ਚੰਗਾ, ਪਹਿਲੇ ਮਹੀਨ ਦਾ ਦੂਜਾ ਪੱਖ (ਸੁਦੀ ਪੱਖ) ਮਾੜਾ, ਦੂਜੇ ਮਹੀਨੇ ਦਾ ਪਹਿਲਾ ਪੱਖ (ਵਦੀ ਪੱਖ) ਮਾ ੜਾ ਅਤੇ ਦੂਜੇ ਮਹੀਨੇ ਦਾ ਦੂਜਾ ਪੱਖ (ਸੁਦੀ ਪੱਖ) ਚੰਗਾ ਹੁੰਦਾ ਹੈ। ਯਾਦ ਰਹੇ ਚੰਦਰ- ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਹੈ। ਅਗਲੇ ਸਾਲ ਇਹ ਪਹਿਲੀ ਜੇਠ ਸੁਦੀ 4, ਜੋ 20 ਮਈ ਨੂੰ ਆਵੇਗੀ, ਨਹੀਂ ਮਨਾਇਆ ਜਾਵੇਗਾ, ਕਿਉਂਕਿ ਪਹਿਲੇ ਮਹੀਨੇ ਦਾ ਦੂਜਾ ਪੱਖ ਮਾੜਾ ਹੋਵੇਗਾ। ਹੁਣ ਇਹ ਦੂਜੇ ਮਹੀਨੇ ਦੇ ਦੂਜੇ ਪੱਖ ਵਿੱਚ ਆਉਣ ਵਾਲੀ ਸ਼ੁਭ ਜੇਠ ਸੁਦੀ 4 (18 ਜੂਨ) ਨੂੰ ਮਨਾਇਆ ਜਾਵੇਗਾ। ਜੇ ਇਹ ਬਿਪਰਵਾਦ ਨਹੀਂ ਤਾਂ ਹੋਰ ਕੀ ਹੈ?
ਇਸ ਮਹੀਨੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ, ਇਹ ਜਾਨਣਾ ਵੀ ਦਿਲਚਸ ਹੋਵੇਗਾ। ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਦੂਜੀ ਵਾਰ ਆ ਜਾਂਦਾ ਹੈ। ਜੇਠ ਦੀ ਸੰਗਰਾਂਦ 15 ਮਈ 2026 ਈ: ਨੂੰ ਆਵੇਗੀ। ਜੇਠ ਮਹੀਨੇ ਦੀ ਮੱਸਿਆ 16 ਮਈ ਨੂੰ ਆਵੇਗੀ। ਹੁਣ ਅਗਲੀ ਸੰਗਰਾਂਦ ਅਤੇ ਮੱਸਿਆ ਦੋਵੇਂ 15 ਜੂਨ ਨੂੰ ਆ ਰਹੀਆ ਹਨ। ਅਜੇਹੀ ਸਥਿਤੀ ਵਿੱਚ ਵੇਖਣਾ ਪਵੇਗਾ ਕਿ ਦੋਵਾਂ `ਚ ਪਹਿਲਾਂ ਕਿਹੜੀ (ਮੱਸਿਆ ਜਾਂ ਸੰਗਰਾਂਦ) ਆ ਰਹੀ ਹੈ? 15 ਜੂਨ 2026 ਈ: ਦਿਨ ਸੋਮਵਾਰ ਨੂੰ ਸੂਰਜ 5:25 AM ਤੇ ਚੜ੍ਹੇਗਾ। ਮੱਸਿਆ ਦੀ ਤਿੱਥ ਜਿਹੜੀ 14 ਜੂਨ ਨੂੰ 12:20 PM ਤੇ ਆਰੰਭ ਹੋਈ ਸੀ, 15 ਤਾਰੀਖ ਨੂੰ 8:24 AM ਖਤਮ ਹੋਵੇਗੀ। 15 ਤਾਰੀਖ ਨੂੰ ਸੂਰਜ ਚੜ੍ਹਨ ਵੇਲੇ ਮੱਸਿਆ ਹੋਣ ਕਾਰਨ ਅਗਲੇ ਸੂਰਜ ਚੜ੍ਹਨ ਤੀਕ ਇਹ ਮੱਸਿਆ ਹੀ ਮੰਨੀ ਜਾਵੇਗੀ। ਸੂਰਜ, 15 ਜੂਨ ਨੂੰ 12:53 PM ’ਤੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਦਾ ਭਾਵ ਇਹ ਹੋਇਆ ਕਿ ਮੱਸਿਆ 8:24 AM ਤੇ ਖਤਮ ਹੋ ਜਾਵੇਗੀ ਪਰ ਸੰਗਰਾਂਦ 12:53 PM ਹੋਵੇਗੀ। ਸਪਸ਼ਟ ਹੈ ਕਿ ਮੱਸਿਆ ਤੋਂ ਮੱਸਿਆ ਦੇ ਵਿਚਾਰ ਸੰਗਰਾਂਦ ਨਹੀਂ ਆਵੇਗੀ ਤਾਂ ਜੇਠ ਦਾ ਮਹੀਨਾ ਹੀ ਦੂਜੀ ਵਾਰ ਆ ਜਾਵੇਗਾ। ਇਕ ਚੰਗਾ ਇਕ ਮਾੜਾ ਭਾਵ ਮਲ-ਮਾਸ। ਹੁਣ ਗੁਰਚਰਨ ਸਿੰਘ ਸੇਖੋਂ ਦੇ ਲਿਖਤੀ ਦਾਵੇ, “ਗੁਰੂ ਨਾਨਕ ਦੇਵ ਜੀ ਨੇ ਚੰਦ੍ਰਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ” ਦਾ ਕੀ ਬਣਿਆ? ਜਦੋ ਚੰਦ ਦੇ ਸਾਲ (354.37 ਦਿਨ) ਅਤੇ ਸੂਰਜੀ ਸਾਲ (365.2587 ਦਿਨ) ਦੀ ਲੰਬਾਈ ਵੱਖ ਵੱਖ ਹੋਣ ਕਾਰਨ 10.8887 ਦਿਨ੍ਹਾਂ ਦਾ ਫਰਕ ਹੈ ਤਾਂ ਦੱਸੋ ਤੇਰਵਾਂ ਮਹੀਨਾ ਭਾਵ ਮਲ ਮਾਸ ਤੋਂ ਬਿਨਾ ਇਨ੍ਹਾਂ ਦੋਵਾਂ ਨੂੰ ਨੇੜੇ-ਤੇੜੇ ਕਿਵੇਂ ਰੱਖਿਆ ਜਾ ਸਕਦਾ ਹੈ? 
ਸਿਆਣਿਆ ਦਾ ਕਥਨ ਹੈ ਕਿ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ। ਸੇਖੋ ਦੇ ਲਿਖਤੀ ਦਾਵੇ ਨੂੰ ਨੂੰ ਰੱਦ ਕਰਨ ਲਈ ਉਪ੍ਰੋਕਤ ਵਿਆਖਿਆ ਹੀ ਕਾਫੀ ਹੈ। ਪਰ ਇਹ ਬਹੁਤ ਹੀ ਢੀਠ ਕਿਸਮ ਦੇ ਲੋਕ ਹਨ। ਇਸ ਲਈ ਇਨ੍ਹਾਂ ਦੀ ਤਸੱਲੀ ਕਰਵਾਉਣ ਲਈ ਗੁਰੂ ਨਾਨਕ ਜੀ ਦੇ ਜੀਵਨ ਕਾਲ ਵਿੱਚ ਆਏ ਆਖਰੀ ਅਸ਼ੁਭ ਮਹੀਨੇ ਦਾ ਜਿਕਰ ਕਰਨਾ ਵੀ ਜਰੂਰੀ ਹੈ। ਗੁਰੂ ਨਾਨਕ ਸਾਹਿਬ ਜੀ 8 ਅੱਸੂ ਸੰਮਤ 1596 ਬਿ: (7 ਸਤੰਬਰ 1539 ਈ: ਜੂਲੀਅਨ) ਨੂੰ ਜੋਤੀ ਜੋਤ ਸਮਾਏ ਸਨ। ਸੰਮਤ 1595 ਬਿ: (1538 ਈ:) ਵਿੱਚ ਵੀ ਜੇਠ ਦਾ ਮਹੀਨਾ ਦੋ ਵਾਰ ਆਇਆ ਸੀ ਇਕ ਸ਼ੁਭ ਅਤੇ ਦੂਜਾ ਅਸ਼ੁਭ ਭਾਵ ਮਲ ਮਾਸ। ਉਸ ਸਾਲ ਜੇਠ ਦਾ ਆਰੰਭ (ਜੇਠ ਵਦੀ ਏਕਮ) 15 ਅਪ੍ਰੈਲ 1538 ਈ: (ਜੂਲੀਅਨ) ਨੂੰ ਹੋਇਆ ਸੀ ਅਤੇ ਦੂਜੇ ਜੇਠ ਦੀ ਪੁੰਨਿਆ 12 ਜੂਨ ਨੂੰ ਆਈ ਸੀ। ਪਹਿਲੇ ਜੇਠ ਦੀ ਮੱਸਿਆ 28 ਅਪ੍ਰੈਲ ਨੂੰ ਆਈ ਸੀ। ਜੇਠ ਦੀ ਸੰਗਰਾਂਦ 27 ਅਪ੍ਰੈਲ ਨੂੰ ਆਈ ਸੀ। ਹਾੜ ਦੀ ਸੰਗਰਾਂਦ 29 ਮਈ ਨੂੰ ਆਈ ਸੀ, ਪਰ ਮੱਸਿਆ 28 ਮਈ 1538 ਈ: (ਜੂਲੀਅਨ) ਨੂੰ ਹੀ ਲੰਘ ਗਈ ਸੀ। ਇਸ ਕਾਰਨ ਜੇਠ ਦਾ ਮਹੀਨਾ ਦੁਵਾਰਾ ਆ ਗਿਆ ਸੀ। ਮਲ ਮਾਸ ਗੁਰੂ ਨਾਨਕ ਜੀ ਦੇ ਜੀਵਨ ਕਾਲ ਤੋਂ ਲੈਕੇ ਅੱਜ ਤਾਂਈ ਨਿਰੰਤਰ ਆ ਰਿਹਾ ਹੈ। ਇਸ ਲਈ ਸੇਖੋਂ ਦਾ ਇਹ ਲਿਖਣਾ, “ਪਰ ਜੇ ਚੰਦ੍ਰਮਾਂ ਦਾ ਮਹੀਨਾ ਬਦਲ ਕੇ ਪੂਰਨਮਾਸ਼ੀ ਉਪਰੰਤ ਵਦੀ ੧ ਤੋਂ ਕਰ ਦਿੱਤਾ ਜਾਵੇ ਤਾਂ ਇਹ ਸੂਰਜੀ ਭਾਦੋਂ ਮਹੀਨੇ ਦੇ ਅੱਧ ਵਿਚ, ਭਾਵ ਕਿ ੧੫ ਭਾਦੋਂ ਦੇ ਆਸ-ਪਾਸ ਦਾ ਸਮਾਂ ਬਣ ਜਾਵੇਗਾ। ਹੁਣ ਪਿਛਲੇ ੩੦ ਦਿਨਾਂ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ੩੦ ਦਿਨਾਂ ਵਿਚ ਸੰਗਰਾਂਦ ਆਵੇਗੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਅਸ਼ੁਭ ਵਾਲੀ ਸਾਰੀ ਵਿਚਾਰ ਹੀ ਖ਼ਤਮ ਕਰਕੇ ਇਕ ਨਿਰੋਲ-ਵਿਲੱਖਣ ਸਿੱਖ ਕੈਲੰਡਰ ਸਥਾਪਤ ਕੀਤਾ”, (ਪੰਨਾ 86) ਮੁੱਢੋਂ ਹੀ ਗਲਤ ਹੈ। ਮੈਂ ਪੂਰੀ ਜਿੰਮੇਵਾਰੀ ਨਾਲ ਗੁਰਚਰਨ ਸਿੰਘ ਸੇਖੋਂ ਦੇ ਇਸ ਲਿਖਤੀ ਦਾਵੇ ਨੂੰ ਰੱਦ ਕਰਦਾ ਹਾਂ। 
ਅਮੰਤਾ, ਪੂਰਨਮੰਤਾ ਅਤੇ ਮਲ-ਮਾਸ ਆਦਿ ਕੁਝ ਗੁੰਝਲਦਾਰ ਨੁਕਤੇ ਹਨ। ਸ਼ਾਇਦ ਸਾਰਿਆਂ ਦੇ ਗੇੜ ਵਿੱਚ ਨਾ ਆਏ ਹੋਣ, ਸੇਖੋਂ ਵੱਲੋਂ ਲਿਖਿਆ ਇਕ ਹੋਰ ਝੂਠ, ਜੋ ਸੌਖਿਆਂ ਹੀ ਸਾਰਿਆਂ ਦੇ ਸਮਝ ਆ ਜਾਵੇਗਾ, ਉਹ ਇਹ ਹੈ ਕਿ ਸੇਖੋਂ ਆਪਣੀ ਕਿਤਾਬ ਵਿੱਚ ਲਿਖਦਾ ਹੈ, “ਹਫਤਿਆਂ ਦੇ ਦਿਨਾਂ ਉਪਰ ਜਿਹੜੀ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਵੀ ਸੋਮਵਾਰ ਤੋਂ ਹੀ ਸ਼ੁਰੂ ਹੁੰਦੀ ਹੈ, ਐਤਵਾਰ ਤੋਂ ਨਹੀਂ” (ਪੰਨਾ 98) 
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਵਾਰ ਦੇ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ। ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤੀ ਬਾਣੀ, ਗਉੜੀ ਰਾਗ ਵਿੱਚ (ਪੰਨਾ 344) ਉੱਪਰ ਦਰਜ ਹੈ। ਗੁਰੂ ਅਮਰਦਾਸ ਜੀ ਵੱਲੋਂ ਉਚਾਰੇ ਗਏ ਸਤਵਾਰੇ ‘ਬਿਲਾਵਲੁ ਰਾਗ ਵਿੱਚ (ਪੰਨਾ 841) ਉੱਪਰ ਦਰਜ ਹਨ। ਦੋਵੇਂ ਬਾਣੀਆਂ ਦਾ ਆਰੰਭ ਐਤਵਾਰ ਤੋਂ ਹੁੰਦਾ ਹੈ।
ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
ਆਦਿਤ ਕਰੈ ਭਗਤਿ ਆਰੰਭ ॥ ਕਾਇਆ ਮੰਦਰ ਮਨਸਾ ਥੰਭ ॥ (ਪੰਨਾ 344)
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ੴ ਸਤਿਗੁਰ ਪ੍ਰਸਾਦਿ ॥
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥ਆਪੇ ਵਰਤੈ ਅਵਰੁ ਨ ਕੋਈ ॥ (ਪੰਨਾ 841)
ਇਹ ਹੈ ਨਵੇਂ ਉੱਠੇ ਲੇਖਕ ਦਾ ਸ਼ੁਧ ਝੂਠ। ਉਪ੍ਰੋਕਤ ਵਿਚਾਰ ਚਰਚਾ ਤੋਂ ਸਾਰੇ ਸੱਜਣ ਹੀ ਸਮਝ ਗਏ ਹੋਣਗੇ ਕਿ, ਸ. ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ, ਕਿੰਨਾ ਝੂਠ ਬੋਲ ਅਤੇ ਲਿਖ ਰਹੇ ਹਨ। ਕੀ ਅਜੇਹੇ ਝੂਠੇ ਅਤੇ ਮਕਾਰਾਂ ਨਾਲ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ?
ਗੁਰੂ ਸਾਹਿਬ ਜੀ ਨੇ ਉਸ ਵੇਲੇ ਪ੍ਰਚੱਲਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ, ਚਿਤ੍ਰਾਦੀ, ਪੂਰਨਮੰਤਾ) ਕੈਲੰਡਰ ਦੀ ਹੀ ਵਰਤੋਂ ਕੀਤੀ ਸੀ। ਸਾਰੀਆਂ ਤਾਰੀਖਾਂ ਇਸੇ ਕੈਲੰਡਰ ਵਿੱਚ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਲਿਖੀਆਂ ਮਿਲਦੀਆਂ ਹਨ। ਪ੍ਰਚੱਲਤ ਕੈਲੰਡਰ ਵਿੱਚ ਸੋਧ, ਗੁਰੂ ਸਾਹਿਬ ਜੀ ਨੇ ਨਹੀਂ ਸਗੋ 1964 ਈ: ਵਿੱਚ ਹਿੰਦੂ ਵਿਦਵਾਨਾਂ ਨੇ ਕੀਤੀ ਸੀ। ਅੱਜ ਇਸ ਨੂੰ ‘ਚੰਦਰ-ਸੂਰਜੀ ਬਿਕ੍ਰਮੀ, ਦ੍ਰਿਕ ਗਿਣਤ ਸਿਧਾਂਤ’ ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.32563 ਦਿਨ ਮੰਨੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਇਸ ਸੋਧ ਨੂੰ ਪ੍ਰਵਾਨ ਕਰ ਚੁੱਕੀ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੇ ਕਦੇ ਵੀ ਇਸ ਸੋਧ ਨੂੰ ਪ੍ਰਵਾਨ ਕਰਨ ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ। ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਨਾਮ ਨਾਲ ਵੀ ਝੂਠ ਨੂੰ ਜੋੜਨ ਤੋਂ ਸੰਕੋਚ ਨਹੀਂ ਕਰਦੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.