ਭਲਕੇ ਤੋਂ ਆਰੰਭ ਹੋਣਗੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸੰਗਤੀ ‘ਅੰਮ੍ਰਿਤ ਵੇਲਾ ਨਿੱਤਨੇਮ ਤੇ ਸਿਮਰਨ ਸਮਾਗਮ
ਅੱਪਰਾ, 30 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ‘ਅੰਮ੍ਰਿਤ ਵੇਲਾ ਨਿੱਤਨੇਮ ਤੇ ਸਿਮਰਨ ਸਮਾਗਮ’ ਅੱਪਰਾ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੀ, ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ‘ਅੰਮ੍ਰਿਤ ਵੇਲਾ ਨਿੱਤਨੇਮ ਤੇ ਸਿਮਰਨ ਸਮਾਗਮ’ 1 ਨਵੰਬਰ ਤੋਂ ਕਰਵਾਏ ਜਾ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ 1 ਨਵੰਬਰ ਤੋਂ 13 ਦਸੰਬਰ ਤੱਕ ਅੱਪਰਾ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਹਰ ਐਤਵਾਰ ਕਰਵਾਏ ਜਾਣਗੇ। ਇਸ ਮੌਕੇ ਸੰਗਤਾਂ ਅੰਮ੍ਰਿਤ ਵੇਲੇ ਦੇ ਨਿੱਤਨੇਮ ਦੇ ਪਾਠ ਸੰਗਤੀ ਰੂਪ ’ਚ ਕਰਨਗੀਆਂ ਤੇ ਸੰਗਤੀ ਰੂਪ ’ਚ ਸਿਮਰਨ ਵੀ ਕੀਤਾ ਜਾਵੇਗਾ। ਸਮਾਗਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ 1 ਨਵੰਬਰ ਐਤਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਅੱਪਰਾ, 8 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਚੱਕ ਸਾਹਬੂ, 15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਮੰਡੀ, 29 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਛੋਕਰਾਂ, 6 ਦਸੰਬਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾਂ ਤੂਰਾਂ ਵਿਖੇ ਸਮਾਗਮ ਹੋਣਗੇ। ਸਮਾਗਮਾਂ ਦੀ ਸਮਾਪਤੀ 13 ਦਸੰਬਰ ਐਤਵਾਰ ਗੁਰਦੁਆਰਾ ਸਿੰਘ ਸਭਾ ਅੱਪਰਾ ਵਿਖੇ ਹੋਵੇਗੀ। ਇਸ ਮੌਕੇ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।