Nazrana Times

ਪੰਜਾਬੀ

ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਥਕ ਜਥੇਬੰਦੀਆਂ ਇਕਜੁੱਟ ਹੋਣ : ਭਾਈ ਗੁਰਪ੍ਰੀਤ ਸਿੰਘ

30 Oct, 2026 06:46 PM

ਅੰਮ੍ਰਿਤਸਰ, 30 ਅਕਤੂਬਰ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਿੱਜੀ ਹਿੱਤਾਂ, ਧੜੇਬੰਦੀਆਂ ਅਤੇ ਅਹੁਦਿਆਂ ਦੀ ਖਿੱਚੋਤਾਣ ਛੱਡ ਕੇ ਇੱਕ ਮੰਚ ਉੱਤੇ ਇਕੱਠੀਆਂ ਹੋਣ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਦਾ ਭਵਿੱਖ ਬਚਾਉਣ ਲਈ ਸਾਂਝਾ ਪ੍ਰੋਗਰਾਮ, ਸਾਂਝੀ ਰਣਨੀਤੀ ਅਤੇ ਸਾਂਝੇ ਉਮੀਦਵਾਰ ਸਮੇਂ ਦੀ ਮੁੱਖ ਲੋੜ ਹਨ।
ਉਨ੍ਹਾਂ ਕਿਹਾ ਕਿ ਬਾਦਲ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਤੋਂ ਪੰਜਾਬੀਆਂ ਨੂੰ ਆਪਣੇ ਹਿਸਾਬ ਦਾ ਜਵਾਬ ਮੰਗਣਾ ਚਾਹੀਦਾ ਹੈ। ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਪੰਜਾਬ ਦੇ ਹੱਕਾਂ ਦੇ ਮਸਲਿਆਂ ਉੱਤੇ ਖੋਖਲੇ ਵਾਅਦਿਆਂ ਨਾਲ ਹੁਣ ਲੋਕਾਂ ਦਾ ਢਿੱਡ ਨਹੀਂ ਭਰਨਾ। ਜਿਹੜੇ ਆਗੂ ਲੋਕਾਂ ਕੋਲੋਂ ਵੋਟਾਂ ਮੰਗਦੇ ਹਨ, ਉਹ ਪਹਿਲਾਂ ਆਪਣੀ ਕਾਰਗੁਜ਼ਾਰੀ ਦਾ ਲੇਖਾ ਦੇਣ।
ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਸਿਰਫ਼ ਸਟੇਜਾਂ ਦੇ ਭਾਸ਼ਣਾਂ ਅਤੇ ਤਸਵੀਰਾਂ ਤੱਕ ਸੀਮਤ ਨਾ ਰਹੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਂਝੀਆਂ ਕਮੇਟੀਆਂ ਬਣਾ ਕੇ ਇਮਾਨਦਾਰ, ਜਵਾਬਦੇਹ ਅਤੇ ਲੋਕਾਂ ਵਿੱਚ ਵਿਚਰਨ ਵਾਲੇ ਉਮੀਦਵਾਰ ਅੱਗੇ ਲਿਆਂਦੇ ਜਾਣ।
ਉਨ੍ਹਾਂ ਸਪੱਸ਼ਟ ਕਿਹਾ ਕਿ ਆਪਣੀਆਂ ਕੁਰਸੀਆਂ ਬਚਾਉਣ ਲਈ ਏਕਤਾ ਦੇ ਰਾਹ ਵਿੱਚ ਅੜਿੱਕੇ ਪਾਉਣ ਵਾਲਿਆਂ ਨੂੰ ਵੀ ਸੰਗਤ ਸਵਾਲ ਕਰੇ। ਪੰਜਾਬ ਕਿਸੇ ਪਰਿਵਾਰ ਜਾਂ ਪਾਰਟੀ ਦੀ ਜਾਗੀਰ ਨਹੀਂ। ਲੋਕ ਇਕੱਠੇ ਹੋਣ ਅਤੇ ਵੋਟ ਦੀ ਤਾਕਤ ਨਾਲ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ। ਬਾਦਲ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੰਦੇ ਹਾਂ।

Latest News