ਹੇਲਬਰੋਨ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਪ੍ਰੀਖਿਆ, ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
- ਅੰਤਰਰਾਸ਼ਟਰੀ
- 10 Jan, 2026 05:48 PM (Asia/Kolkata)
ਆਖਨ (ਜਗਦੀਸ਼ ਸਿੰਘ), 10 ਜਨਵਰੀ
ਗੁਰਦੁਆਰਾ ਸਿੰਘ ਸਭਾ ਹੇਲਬਰੋਨ (ਜਰਮਨੀ) ਵਿਖੇ ਸਿੱਖ ਸੰਦੇਸਾ ਜਰਮਨੀ ਵੱਲੋਂ ਸਾਕਾ ਚਮਕੌਰ, ਸਾਕਾ ਸਰਹਿੰਦ ਅਤੇ ਸਾਕਾ ਸਰਸਾ ਨਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਪ੍ਰੀਖਿਆ ਆਯੋਜਿਤ ਕੀਤੀ ਗਈ। ਇਹ ਪ੍ਰੀਖਿਆ ਬੱਚਿਆਂ ਦੇ ਗੁਰਮਤਿ ਕੈਂਪ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਈ ਗਈ, ਜਿਸ ਵਿੱਚ ਸਭ ਉਮੀਦਵਾਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਨਤੀਜੇ ਦਰਜ ਕਰਵਾਏ।
ਪਹਿਲੇ ਗਰੁੱਪ (5–8 ਸਾਲ) ਦੇ ਬੱਚਿਆਂ ਨੇ ਜੁਬਾਨੀ ਪ੍ਰੀਖਿਆ ਦਿੱਤੀ। ਇਸ ਗਰੁੱਪ ਵਿੱਚ ਗੁਰਤਾਜ ਸਿੰਘ ਨੇ ਪਹਿਲਾ, ਹਰਕੀਰਤ ਕੌਰ ਨੇ ਦੂਜਾ ਅਤੇ ਗੁਰਫਤਿਹ ਸਿੰਘ ਤੇ ਫਤਿਹ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਦੂਜੇ ਗਰੁੱਪ (8–13 ਸਾਲ) ਵਿੱਚ ਅਮਰੀਨ ਕੌਰ ਅਤੇ ਮਨਰੀਤ ਕੌਰ ਪਹਿਲੇ, ਅਰਮੀਤ ਕੌਰ ਦੂਜੇ ਅਤੇ ਹਰਮਨ ਸਿੰਘ ਤੀਜੇ ਸਥਾਨ ‘ਤੇ ਰਹੇ, ਜਦਕਿ ਹੋਰ ਬੱਚਿਆਂ ਨੇ ਵੀ ਸਰਾਹਣਯੋਗ ਪ੍ਰਦਰਸ਼ਨ ਕੀਤਾ।
ਤੀਜੇ ਗਰੁੱਪ (14–20 ਸਾਲ) ਦੇ ਬੱਚਿਆਂ ਨੇ ਵੱਡੇ ਗਰੁੱਪ ਨਾਲ ਮਿਲ ਕੇ ਪ੍ਰੀਖਿਆ ਦਿੱਤੀ। ਇਸ ਵਿੱਚ ਗੁਰਸ਼ਾਨ ਸਿੰਘ, ਮਨਵੀਨ ਸਿੰਘ, ਰਣਜੋਤ ਸਿੰਘ, ਹਸਮੀਤ ਕੌਰ ਅਤੇ ਪ੍ਰਭਨੂਰ ਸਿੰਘ ਨੇ ਪਹਿਲਾ, ਰੀਤ ਕੌਰ ਨੇ ਦੂਜਾ ਅਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਚੌਥੇ ਗਰੁੱਪ (21–51 ਸਾਲ) ਵਿੱਚ ਰਮਨਪ੍ਰੀਤ ਕੌਰ ਸਮੇਤ ਕਈ ਉਮੀਦਵਾਰਾਂ ਨੇ ਪਹਿਲਾ, ਅੰਜਲੀਨਾ ਵੜੇਚ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਗ੍ਰੰਥੀ ਭਾਈ ਰਵੇਲ ਸਿੰਘ ਨੇ ਵੀ ਪ੍ਰੀਖਿਆ ਵਿੱਚ ਭਾਗ ਲੈ ਕੇ ਪੂਰੇ ਅੰਕ ਪ੍ਰਾਪਤ ਕੀਤੇ। ਸਮਾਗਮ ਦੇ ਅੰਤ ‘ਤੇ ਸਾਰੇ ਉਮੀਦਵਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਗੁਰਮਤਿ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ।
Leave a Reply