ਗੁਰੂ ਦੇ ਸਿੱਖ ਤਾਂ ਅਕਾਲ ਦੇ ਪੁਜਾਰੀ ਨੇ, ਕਿਸੇ ਦੇਸ਼ ਦੇ ਭਗਤ ਨਹੀਂ...
- ਧਾਰਮਿਕ/ਰਾਜਨੀਤੀ
- 04 Jan, 2026 07:41 PM (Asia/Kolkata)
ਸਾਡੇ ਲਈ ਭਾਰਤ ਦੀ ਧਰਤੀ, ਅਮਰੀਕਾ ਦੀ ਧਰਤੀ, ਕੈਨੇਡਾ ਦੀ ਧਰਤੀ, ਆਸਟ੍ਰੇਲੀਆ ਦੀ ਧਰਤੀ ਇੱਕੋ ਜਿਹੇ ਅਰਥ ਰੱਖਦੀ ਹੈ। ਉਹ ਵੀ ਲੋਕ ਹੈਗੇ ਨੇ ਜਿਨ੍ਹਾਂ ਦਾ ਧਰਮ ਭਾਰਤ ਤੋਂ ਬਗੈਰ ਹੋਰ ਮੁਲਕਾਂ ਦੀਆਂ ਧਰਤੀਆਂ ਨੂੰ ਮਲੇਛ ਕਹਿ ਕੇ ਓਨਾ ਚਿਰ ਖਾਣ-ਪੀਣ ਸਾਂਝਾ ਕਰਨ ਤੋਂ ਰੋਕਦਾ ਹੈ ਜਦੋਂ ਤਕ ਉਹਨਾਂ ਮੁਲਕਾਂ ਤੋਂ ਮੁੜੇ ਹਿੰਦੂ ਗੰਗਾ-ਜਲ ਨਾਲ ਪਵਿੱਤਰ ਨਾ ਹੋ ਜਾਣ ਤੇ ਘਰ ਪੰਡਿਤ ਨੂੰ ਬੁਲਾ ਕੇ 'ਪੂਜਾ' ਕਰਵਾ ਕੇ 'ਸ਼ੁੱਧੀ' ਨਾ ਕਰਵਾ ਲੈਣ।ਅਸੀਂ ਜਾਣਦੇ ਹਾਂ ਕਿ ਸਮੁੰਦਰ-ਪਾਰ ਯਾਤਰਾ ਕਰਨ ਤੋਂ ਕਿਹੜਾ ਧਰਮ ਰੋਕਦਾ ਹੈ। ਸਾਨੂੰ ਪਤਾ ਹੈ ਕਿ ਪੰਜਾਬ ਨੂੰ ਪਤਿਤ ਮੁਲਕ ਕਹਿ ਕੇ ਕੀਹਨੇ ਜ਼ਲੀਲ ਕਰਨਾ ਚਾਹਿਆ ਸੀ। ਨਾਲ ਦਿੱਤੀ ਲਿਖਤ ਦੀ ਪਹਿਲੀਆਂ ਲਾਈਨਾਂ ਹੀ ਇਹ ਦੱਸਦੀਆਂ ਨੇ ਬ੍ਰਾਹਮਣ ਲੋਕ ਪੰਜਾਬ ਨੂੰ ਕਿੰਨੀ ਨਫ਼ਰਤ ਕਰਦੇ ਸਨ ਤੇ ਇੱਥੋਂ ਦੇ ਸਮਾਜ ਨੂੰ 'ਦੂਸ਼ਿਤ ਸਮਾਜ' ਕਹਿ ਕੇ ਆਪਣੇ ਲੋਕਾਂ ਨੂੰ ਇੱਥੇ ਵੱਸਣ ਤੋਂ ਮਨ੍ਹਾ ਕਰਦੇ ਸੀ। ਕਦੇ ਵਿਚਾਰਿਓ ਕਿ ਹਿੰਦੂ ਸ਼ਾਸਤਰਾਂ ਅੰਦਰ ਇਹੋ ਜਿਹੀਆਂ ਹਦਾਇਤਾਂ ਕਿਉਂ ਦਰਜ਼ ਹਨ ? ਕਿਉਂਕਿ ਪੰਜਾਬ ਦੀ ਧਰਤੀ ਨੇ ਕਦੇ ਵੀ ਬ੍ਰਾਹਮਣ ਦੀ ਸਰਦਾਰੀ ਨਹੀਂ ਕਬੂਲੀ। ਇੱਥੇ ਵੱਸਣ ਵਾਲੇ ਲੋਕ ਦੇਵੀ-ਦੇਵਤਿਆਂ, ਕਰਮ-ਕਾਂਡਾਂ, ਅਡੰਬਰਾਂ ਵਾਲੇ ਮੌਤ ਦੀ ਥਾਂ ਓਸ ਧਰਮ ਦੇ ਸਮਰਥਕ ਬਣਨ ਨੂੰ ਉਡੀਕ ਕਰਦੇ ਰਹੇ ਜਿਹੜਾ ਧਰਮ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦਾ ਹੋਕਾ ਦੇ ਕੇ ਸਰਬੱਤ ਦਾ ਭਲਾ ਮੰਗਣ ਦੀ ਸਿੱਖਿਆ ਦਿੰਦਾ ਹੈ। ਬ੍ਰਾਹਮਣ ਦੇ ਸ਼ੋਸ਼ਣ ਤੇ ਲੁੱਟ-ਖਸੁੱਟ ਵਾਲੇ ਧਰਮ ਦੀ ਥਾਂ ਸਿੱਖੀ ਨੇ ਮਨੁੱਖਤਾ ਨੇ ਲੋਕਾਂ ਨੂੰ ਅਜ਼ਾਦ-ਖਿਆਲ ਬਣਾਇਆ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਦਾ ਜਨੇਊ ਪਾਉਣ ਤੋਂ ਨਾਂਹ ਕਰ ਕੇ ਖ਼ਾਲਸਾਈ ਇਨਕਲਾਬ ਦਾ ਮੁੱਢ ਬੰਨ੍ਹਿਆ ਸੀ, ਓਸੇ ਦਿਨ ਤੋਂ ਗੁਰਮਤਿ ਤੇ ਬ੍ਰਾਹਮਣਵਾਦ ਦੀ ਟੱਕਰ ਹੈ। ਮਨਮੱਤੀ ਲੋਕ ਬੇਸ਼ੱਕ ਸ਼ਿਵ ਲਿੰਗ ਪੂਜਣ, ਪਿੱਪਲ ਪੂਜਣ ਜਾਂ ਕੁਝ ਹੋਰ ਪਰ ਸਾਡੇ ਲਈ ਇਹ ਚੀਜਾਂ ਬੇਅਰਥ ਹਨ। ਸਾਡੇ ਲਈ ਸਾਡੇ ਧਰਮ ਦੇ ਸਿਧਾਂਤ ਹੀ ਸਭ ਕੁਝ ਹਨ। ਸਾਨੂੰ ਦੇਸ਼-ਭਗਤ ਹੋਣ ਦਾ ਤੇ ਦੇਸ਼-ਭਗਤ ਕਹਾ ਕੇ ਮਰਨ-ਮਰਾਉਣ ਦਾ ਕੋਈ ਚਾਅ ਨਹੀਂ। ਅਸੀਂ ਧਰਮੀ-ਯੋਧੇ ਬਣਨ ਦੀ ਅਰਦਾਸ ਕਰਦੇ ਹਾਂ ਤੇ ਧਰਮ ਹੇਤ ਸੀਸ ਵਾਰਨ ਲਈ ਤਤਪਰ ਹਾਂ। ਸਾਡੇ ਧਰਮ ਦਾ ਸਭ ਤੋਂ ਮੁੱਖ ਹੁਕਮ 'ਅਕਾਲ ਪੁਰਖ ਦੀ ਪੂਜਾ ਕਰਨ' ਦਾ ਹੈ ਤਾਂ ਫਿਰ ਅਸੀਂ ਕਿਸੇ ਦੇਸ਼ ਦੇ ਭਗਤ ਬਣ ਕੇ ਇਸ ਮੁੱਖ ਹੁਕਮ ਦੀ ਉਲੰਘਣਾ ਕਿਵੇਂ ਕਰ ਸਕਦੇ ਹਾਂ ? ਦੇਸ਼ ਦਾ ਅਰਥ ਹੁੰਦਾ ਹੈ ਧਰਤੀ ਦਾ ਇੱਕ ਭਾਗ। ਧਰਤੀ ਓਸ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਸ੍ਰਿਸ਼ਟੀ ਦਾ ਨਿੱਕਾ ਜਿਹਾ ਭਾਗ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸਿੱਖ ਫਲਸਫੇ ਵਿੱਚ ਪੂਜਣ ਦਾ ਹੁਕਮ ਹੈ, 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ' ਉਹ ਅਕਾਲ ਪੁਰਖ ਹੀ ਸਿੱਖ ਵਿਚਾਰਧਾਰਾ ਅਨੁਸਾਰ ਸਾਰੇ ਦਿਸਦੇ ਤੇ ਅਣਦਿਸਦੇ ਬ੍ਰਹਿਮੰਡ ਦਾ ਸਿਰਜਣਹਾਰ ਹੈ, ਮਾਲਕ ਹੈ, ਕਰਤਾ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ ਸਤਿਗੁਰਾਂ ਨੇ ਓਸ ਅਕਾਲ ਪੁਰਖ ਦੇ ਪੁਜਾਰੀ ਬਣਾਇਆ ਹੈ। ਅਸੀਂ ਓਸ ਦਾਤੇ ਦੀਆਂ ਬਣਾਈਆਂ ਚੀਜਾਂ ਨੂੰ ਮਾਣਦੇ ਹਾਂ, ਉਹਨਾਂ ਦੀ ਪੂਜਾ ਨਹੀਂ ਕਰਦੇ। ਸਾਡਾ ਇਸ਼ਟ ਸਾਨੂੰ ਵਾਰ-ਵਾਰ ਹੋਕਾ ਦਿੰਦਾ ਹੈ ਕਿ ਓਸ ਦਾਤੇ ਦੀਆਂ ਦਾਤਾਂ ਨੂੰ ਪੂਜਣਾ ਮਨਮਤਿ ਹੈ। ਆਰਤੀ ਦੇ ਖੰਡਨ ਵਾਲੀ ਸਾਖੀ ਤੇ ਸ਼ਬਦ ਸਾਨੂੰ ਕਮਾਲ ਦੀ ਮੱਤ ਦਿੰਦੇ ਹਨ। ਇਹ ਧਰਤੀ, ਇਸ ਧਰਤੀ ਦਾ ਕੋਈ ਭਾਗ ਜਿਸ ਨੂੰ 'ਦੇਸ਼' ਕਹੀਏ ਤੇ ਉਸ ਦੀ ਪੂਜਾ ਕਰੀਏ, ਇਹ ਗੱਲ ਸਿੱਖੀ ਦੇ ਨਜ਼ਰੀਏ ਤੋਂ ਵਾਜਿਬ ਨਹੀਂ। ਇਸ ਤਰ੍ਹਾਂ ਸਿੱਖ ਕਦੇ ਵੀ ਕਿਸੇ 'ਦੇਸ਼ ਦੇ ਭਗਤ' ਨਹੀਂ ਹੁੰਦੇ। ਦੇਸ਼ ਭਗਤ, ਮਤਲਬ ਧਰਤੀ ਦੇ ਕਿਸੇ ਟੁਕੜੇ ਨੂੰ ਪੂਜਣ ਵਾਲੀਆਂ ਕੌਮਾਂ ਹਨ। ਉਹਨਾਂ ਕੌਮਾਂ ਦੇ ਲੋਕ ਦੇਸ਼-ਭਗਤ ਹੋਣ ਵਿੱਚ ਫ਼ਖ਼ਰ ਵੀ ਮਹਿਸੂਸ ਕਰਦੇ ਹਨ ਤੇ ਧਰਤੀ ਨੂੰ 'ਭੂਮੀ' ਕਹਿ ਕੇ 'ਭੂਮੀ ਪੂਜਨ' ਵੀ ਕਰਦੇ ਹਨ। ਇਹ ਉਹਨਾਂ ਦੇ ਧਰਮ ਦੀ ਮਰਯਾਦਾ ਹੈ, ਉਹਨਾਂ ਨੂੰ ਮੁਬਾਰਕ ਪਰ ਸਿੱਖ ਮਰਯਾਦਾ ਸਾਨੂੰ ਭੂਮੀ ਪੂਜਨ ਜਾਂ ਧਰਤੀ ਦੇ ਪੁਜਾਰੀ ਬਣਨ ਜਾਂ ਦੇਸ਼-ਭਗਤ ਬਣਨ ਤੋਂ ਮਨਾਹੀ ਕਰਦੀ ਹੈ। ਸਿੱਖ ਨੇ ਪੂਜਾ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਦੀ ਹੀ ਕਰਨੀ ਹੈ। ਸਿੱਖ ਲਈ ਸਾਰੀ ਧਰਤੀ ਇੱਕੋ ਜਿਹੇ ਅਰਥ ਰੱਖਦੀ ਹੈ, ਸਾਰੀ ਹੀ ਪਾਕਿ-ਪਵਿੱਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਥਾਂ ਤਾਂ ਹੋਰ ਵੀ ਸਤਿਕਾਰਤ ਹੋ ਜਾਂਦਾ ਹੈ, 'ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।' ਸਿੱਖ ਜਿੱਥੇ ਵੀ ਰਹੇ, ਓਥੇ ਰਹਿ ਕੇ ਦਾਤੇ ਦੀਆਂ ਬਖ਼ਸ਼ਿਸ਼ਾਂ ਮਾਣਦਾ ਹੈ ਤੇ ਸ਼ੁਕਰ ਕਰਦਾ ਹੈ। ਜਿੱਥੇ ਰਹੀਏ, ਕੁਦਰਤੀ ਤੌਰ 'ਤੇ ਓਸ ਖਿਤੇ ਨਾਲ ਮੋਹ ਹੋ ਜਾਂਦਾ ਹੈ। ਜਿਵੇਂ ਸਿੱਖ ਹੋਮਲੈਂਡ, ਜਿੱਥੇ ਗੁਰਾਂ ਦਾ ਖ਼ਾਲਸਾ ਪ੍ਰਗਟਿਆ, ਖੇਡਿਆ-ਮੱਲਿਆ, ਜਿੱਥੇ ਥਾਂ-ਥਾਂ 'ਤੇ ਖਾਲਸੇ ਦੀ ਪਵਿੱਤਰ-ਯਾਦ ਨਾਲ ਜੁੜੇ ਸਥਾਨ ਨੇ, ਉਸ ਖਿੱਤੇ ਪ੍ਰਤੀ ਇਕ ਖਾਸ ਤਰ੍ਹਾਂ ਦਾ ਮੋਹ ਹੋਣਾ ਹੋਰ ਗੱਲ ਹੈ ਪਰ ਖਾਲਸਾ ਕਦੇ ਪੰਜਾਬ ਦੀ ਧਰਤੀ ਦੀ ਪੂਜਾ ਨਹੀਂ ਕਰਦਾ। ਇਹਦੇ ਲਈ ਲੜ ਸਕਦੇ ਹਾਂ, ਮਰ ਸਕਦੇ ਹਾਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਖ਼ਾਲਸਾ ਜੀ ਦੇ ਲਹੂ ਦੀ ਮਹਿਕ ਵੱਸੀ ਹੋਈ ਹੈ। ਪਰ ਇਸ ਦੇ ਬਾਵਜੂਦ ਅਸੀਂ ਇਸ ਧਰਤੀ ਨੂੰ, ਇਸ 'ਭੂਮੀ' ਨੂੰ ਪੂਜਣ ਵਰਗੀ ਕੋਈ ਰਵਾਇਤ ਨਹੀਂ ਧਾਰਨ ਕੀਤੀ ਹੋਈ। ਕਿਉਂਕਿ ਪੂਜਾ ਸਿਰਫ਼ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ। ਪਰ ਉਹਨਾਂ ਨੂੰ ਕੀ ਕਹੀਏ ਜਿਹੜੇ ਕਲਗ਼ੀਧਰ ਪਾਤਸ਼ਾਹ ਨੂੰ 'ਦੇਸ਼-ਭਗਤ' ਕਹੀ ਜਾਂਦੇ ਨੇ ? ਜਿਸ ਸਤਿਗੁਰ ਨੇ ਸਾਨੂੰ ਅਕਾਲ ਪੁਰਖ ਦੇ ਪੁਜਾਰੀ ਬਣਨ ਦਾ ਹੁਕਮ ਦਿੱਤਾ, ਓਸੇ ਸੱਚੇ ਪਾਤਸ਼ਾਹ ਨੂੰ ਓਸ ਅਕਾਲ ਪੁਰਖ ਦੀ ਸਾਜੀ ਧਰਤੀ ਦੇ ਇੱਕ ਨਿੱਕੇ ਜਿਹੇ ਟੁਕੜੇ 'ਭਾਰਤ ਦੇਸ਼' ਦਾ ਪੁਜਾਰੀ ਕਹਿਣਾ ਨਾ-ਕਾਬਿਲੇ-ਬਰਦਾਸ਼ਤ ਗੁਨਾਹ ਹੈ। ਸ਼ਾਹਿ-ਸ਼ਹਿਨਸ਼ਾਹ ਨੂੰ ਦੇਸ਼-ਭਗਤ ਕਹਿਣ ਵਾਲੇ ਭਾਰਤੀ ਹਾਕਮਾਂ ਦੀ ਖੁਸ਼ਾਮਦ ਕਰਦੇ ਹੋਏ ਜੋ ਕੁਫਰ ਤੋਲ ਰਹੇ ਨੇ ਇਸ ਦਾ ਲੇਖਾ ਕਿੱਥੇ ਦੇਣਗੇ ? ਜਿਹੜੀ ਬ੍ਰਾਹਮਣਵਾਦੀ ਸੋਚ ਪੰਜਾਬ ਨੂੰ ਪਤਿਤ ਲੋਕਾਂ ਦੀ ਧਰਤੀ ਮੰਨਦੀ ਹੋਵੇ, ਜਿਨ੍ਹਾਂ ਦਾ ਦੇਸ਼ ਹਿੰਦੋਸਤਾਨ ਹੋਵੇ, ਉਹ ਲੋਕ ਸਾਨੂੰ 'ਦੇਸ਼-ਭਗਤ' ਗਰਦਾਨਣਗੇ ?ਸਾਡੇ ਧਰਮ ਦਾ ਸਭ ਤੋਂ ਮੁੱਖ ਹੁਕਮ 'ਅਕਾਲ ਪੁਰਖ ਦੀ ਪੂਜਾ ਕਰਨ' ਦਾ ਹੈ ਤਾਂ ਫਿਰ ਅਸੀਂ ਕਿਸੇ ਦੇਸ਼ ਦੇ ਭਗਤ ਬਣ ਕੇ ਇਸ ਮੁੱਖ ਹੁਕਮ ਦੀ ਉਲੰਘਣਾ ਕਿਵੇਂ ਕਰ ਸਕਦੇ ਹਾਂ ? ਹਿੰਦੂ ਜੋ ਮਰਜ਼ੀ ਕਰੇ-ਕਹੇ ਪਰ ਸਾਡੇ ਲਈ ਦੇਸ਼-ਭਗਤ ਹੋਣ ਦਾ ਅਰਥ ਆਪਣੇ ਧਰਮ ਤੋਂ ਡਿੱਗ ਜਾਣਾ ਹੈ। ਜਿਹੜੇ ਲੋਕ ਸਿੱਖਾਂ ਨੂੰ ਜਾਂ ਸਿੱਖ ਗੁਰੂ ਸਾਹਿਬਾਨ ਨੂੰ ਦੇਸ਼-ਭਗਤ ਕਹੀ ਜਾਂਦੇ ਨੇ ਉਹ ਸਿੱਖ ਫਲਸਫੇ ਤੋਂ ਕੋਰੇ ਹਨ। ਪਰ ਸਾਨੂੰ ਪੱਕੀ ਤਰ੍ਹਾਂ ਪਤਾ ਹੈ ਕਿ ਕੁਝ ਲੋਕ ਪੂਰੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਸਿੱਖੀ ਨੂੰ ਖੋਰਾ ਲਾਉਣ ਦੇ ਮੰਤਵ ਨਾਲ ਸਤਿਗੁਰਾਂ ਨੂੰ ਤੇ ਸਿੱਖਾਂ ਨੂੰ 'ਦੇਸ਼-ਭਗਤ' ਕਹਿੰਦੇ ਨੇ। ਇਹ ਸ਼ਰਾਰਤ ਉਹ ਸਿੱਖੀ ਨਾਲ ਖੁਣਸ ਕਾਰਨ ਕਰਦੇ ਨੇ। ਐਹੋ ਜਿਹੀਆਂ ਭਟਕਦੀਆਂ ਰੂਹਾਂ ਲਈ ਤਾਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ ਇਹਨਾਂ ਨੂੰ ਸ਼ਾਂਤੀ ਬਖ਼ਸ਼ਣ। ਇਹ ਤਾਂ ਸਰਾਪੀਆਂ ਰੂਹਾਂ ਨੇ ਜਿਹੜੀਆਂ 'ਅਕਾਲ ਪੁਰਖ ਦੇ ਪੁਜਾਰੀਆਂ' ਨੂੰ 'ਦੇਸ਼-ਭਗਤ' ਕਹੀ ਜਾਂਦੀਆਂ ਨੇ।
Leave a Reply