Nazrana Times

ਪੰਜਾਬੀ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਅੱਗੇ ਪ੍ਰੈਜੀਡੈਟ, ਵਜੀਰ-ਏ-ਆਜਮ ਜਾਂ ਮੁੱਖ ਮੰਤਰੀਆਂ ਦੇ ਅਹੁਦੇ ਤੁੱਛ ਤੇ ਬੋਣੇ : ਟਿਵਾਣਾ

30 Jun, 2026 04:25 PM

ਫ਼ਤਹਿਗੜ੍ਹ ਸਾਹਿਬ, 30 ਜੂਨ 2026, ਮੰਗਤ ਸਿੰਘ ਸੈਦਪੁਰ - “ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਉਹ ਸੰਸਥਾਂ ਅਤੇ ਸਿਧਾਂਤ ਹੈ ਜਿਸ ਅੱਗੇ ਕਿਸੇ ਵੀ ਮੁਲਕ ਦੇ ਪ੍ਰੈਜੀਡੈਟ, ਵਜੀਰ-ਏ-ਆਜਮ ਜਾਂ ਸੂਬਿਆਂ ਦੇ ਮੁੱਖ ਮੰਤਰੀ ਤੁੱਛ ਅਤੇ ਬੋਣੇ ਹਨ । ਕਿਉਂਕਿ ਇਹ ਤਖਤ ਦੁਨੀਆਂ ਦੇ ਰਚਨਹਾਰੇ ਉਸ ਅਕਾਲ ਪੁਰਖ ਦੇ ਰੱਬੀ ਨੂਰ ਵਾਲਾ ਤਖਤ ਹੈ । ਜਿਸਦੀ ਸਭ ਪ੍ਰਕਿਰਿਆ ਤੇ ਕਾਰਗੁਜਾਰੀ ਉਸ ਅਕਾਲ ਪੁਰਖ ਦੀ ਬਾਣੀ ਰਾਹੀ ਅਤੇ ਉੱਚ ਸਿੱਖ ਪ੍ਰੰਪਰਾਵਾਂ ਤੇ ਮਰਿਯਾਦਾਵਾ ਰਾਹੀ ਚੱਲਦੀ ਹੈ । ਇਹ ਦੁਨੀਆਂ ਦੇ ਦੁਨਿਆਵੀ ਕਾਨੂੰਨਾਂ ਤੋ ਉਪਰ ਹੈ । ਇਸ ਲਈ ਦੁਨੀਆ ਦਾ ਕੋਈ ਵੀ ਹੁਕਮਰਾਨ, ਬਾਦਸਾਹ ਇਸਨੂੰ ਆਪਣੀ ਸਿਆਸੀ ਤੇ ਮਾਲੀ ਮੁਫਾਦਾਂ ਲਈ ਨਹੀ ਵਰਤ ਸਕਦਾ ਅਤੇ ਨਾ ਹੀ ਸਿੱਖ ਕੌਮ ਇਸ ਮਹਾਨ ਸੰਸਥਾਂ ਅਤੇ ਸਿਧਾਤਾਂ ਵਿਰੁੱਧ ਹੋਣ ਵਾਲੇ ਕਿਸੇ ਅਮਲ ਨੂੰ ਕਤਈ ਪ੍ਰਵਾਨ ਕਰਦੀ ਹੈ । ਇਹੀ ਵਜਹ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਦੁਆਰਾ ਸਥਾਪਿਤ ਕੀਤੇ ਗਏ ਇਸ ਮੀਰੀ-ਪੀਰੀ ਦੇ ਰੁਹਾਨੀ ਤਖ਼ਤ ਦੀ ਸਰਬਉੱਚਤਾ ਤੇ ਸਿਧਾਂਤ ਤੋ ਕੋਈ ਵੀ ਸਿੱਖ ਅਵੱਗਿਆ ਨਹੀ ਕਰ ਸਕਦਾ । ਇਹ ਗੱਲ ਉਸ ਸਮੇ ਨਿਖਰਕੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਈ ਜਦੋ ਦਿੱਲੀ ਦੇ ਬੀਜੇਪੀ-ਆਰ.ਐਸ.ਐਸ ਦੀ ਬੀ-ਟੀਮ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਅਤੇ ਹਕੂਮਤੀ ਹਊਮੈ ਵਿਚ ਗ੍ਰਸਤ ਹੋਏ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਸਿੱਖੀ ਸੰਸਥਾਵਾਂ ਅਤੇ ਵਿਦਵਾਨਾ ਦੀ ਰਾਏ ਲਏ ਬਿਨ੍ਹਾਂ ਕਾਨੂੰਨ ਨੂੰ ਜਬਰੀ ਬਣਾਕੇ ਆਪਣੇ ਸਿਆਸੀ ਸਵਾਰਥੀ ਮਕਸਦਾਂ ਦੀ ਪੂਰਤੀ ਲਈ ਵਰਤਣਾ ਚਾਹਿਆ ਤਾਂ ਖਾਲਸਾ ਪੰਥ ਨੇ ਇਸ ਨੂੰ ਪ੍ਰਵਾਨ ਕਰਨ ਤੋ ਇਨਕਾਰ ਕਰ ਦਿੱਤਾ । ਬਲਕਿ ਸਮੁੱਚੇ ਸਿੱਖ ਵਿਧਾਨਕਾਰਾਂ ਤੇ ਵਜੀਰਾਂ ਨੂੰ ਇਸ ਮਹਾਨ ਸਥਾਂਨ ਤੇ ਪੇਸ ਹੋ ਕੇ ਆਪਣਾ ਪੱਖ ਰੱਖਣ ਦੇ ਨਾਲ-ਨਾਲ ਇਹ ਪ੍ਰਵਾਨ ਕਰਨਾ ਪਿਆ ਕਿ ਇਸ ਕਾਨੂੰਨ ਦੇ ਖਰੜੇ ਨੂੰ ਅਸੀ ਪੜ੍ਹਿਆ ਹੀ ਨਹੀ ਬਲਕਿ ਸਰਕਾਰੀ ਹੁਕਮਾਂ ਤੇ ਸਹੀ ਪਾ ਦਿੱਤੀ । ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਉਤੇ ਬੀਤੇ ਕੱਲ੍ਹ ਹੋਈ ਪ੍ਰਕਿਰਿਆ ਨੇ ਖਾਲਸਾ ਪੰਥ ਦੇ ਸਿਧਾਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਪ੍ਰਤੱਖ ਰੂਪ ਵਿਚ ਉਜਾਗਰ ਕੀਤਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਨੀਆਂ ਭਰ ਵਿਚ ਸਰਬਉੱਚ ਸੰਸਥਾਂ ਅਤੇ ਉਸਦੇ ਜਥੇਦਾਰ ਦੇ ਅਧਿਕਾਰਾਂ ਤੇ ਫੈਸਲਿਆ ਨੂੰ ਹਕੂਮਤੀ ਨਸ਼ੇ ਵਿਚ ਚੁਣੋਤੀ ਦੇਣ ਵਾਲਿਆ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਇਸ ਮਹਾਨ ਸੰਸਥਾਂ ਦੀ ਕੌਮਾਂਤਰੀ ਮਹਾਨਤਾ ਅਤੇ ਉਸਦੇ ਸਤਿਕਾਰ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੇ ਬੀਤੇ ਦਿਨੀਂ ਜਥੇਦਾਰ ਸਾਹਿਬ ਵੱਲੋ ਨਿਭਾਈ ਗਈ ਭੂਮਿਕਾ ਦੀ ਜਿਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ 87 ਸਿੱਖ ਵਿਧਾਨਕਾਰਾਂ ਅਤੇ ਵਜੀਰਾਂ ਨੂੰ ਸਕੱਤਰੇਤ ਵਿਖੇ ਬੁਲਾਕੇ ਹੋਈਆ ਗੁਸਤਾਖੀਆਂ ਲਈ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਸਮੇ ਅਤੇ ਨਿਮਰਤਾ ਸਹਿਤ ਸਮੁੱਚੇ ਵਿਧਾਨਕਾਰਾਂ ਤੇ ਵਜੀਰਾਂ ਵੱਲੋ ਪੇਸ ਹੋਣ ਦੇ ਹੋਏ ਅਮਲ ਨੂੰ ਸਹੀ ਕਰਾਰ ਦਿੰਦੇ ਅਤੇ ਇਸ ਉਦਮ ਦੀ ਪ੍ਰਸੰਸਾਂ ਕਰਦੇ ਹੋਏ ਪ੍ਰਗਟ ਕੀਤੇ । ਇਸ ਤਖਤ ਦੀ ਰੂਹਾਨੀਅਤ ਸ਼ਕਤੀ ਦੇ ਉਭਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਮਹਾਨ ਸੰਸਥਾਂ ਅੱਗੇ ਮਨੁੱਖੀ ਸਰੀਰਾਂ ਦੀ ਅਹਿਮੀਅਤ ਨਾ ਹੋ ਕੇ ਇਥੇ ਸਿਧਾਤਾਂ ਤੇ ਪ੍ਰੰਪਰਾਵਾਂ ਹੀ ਸਰਬਉੱਚ ਪ੍ਰਵਾਨ ਹੁੰਦੀਆਂ ਹਨ ਜਿਨ੍ਹਾਂ ਨੂੰ ਦੁਨੀਆਂ ਦੀ ਕੋਈ ਵੀ ਵੱਡੀ ਤੋ ਵੱਡੀ ਤਾਕਤ ਨਾ ਤਾਂ ਚੁਣੋਤੀ ਦੇ ਸਕਦੀ ਹੈ ਅਤੇ ਨਾ ਹੀ ਇਨ੍ਹਾਂ ਮਹਾਨ ਸਿਧਾਂਤਾ ਤੇ ਪ੍ਰੰਪਰਾਵਾਂ ਦਾ ਕੋਈ ਉਲੰਘਣ ਕਰ ਸਕਦਾ ਹੈ । ਇਥੋ ਤਾਂ ਗੁਰਬਾਣੀ ਤੇ ਅਧਾਰਿਤ ਸੱਚ ਅਤੇ ਮਨੁੱਖਤਾ ਪੱਖੀ ਉਦਮਾਂ ਹੀ ਹੁੰਦੇ ਹਨ । 
ਸ. ਟਿਵਾਣਾ ਨੇ ਜਿਥੇ ਜਥੇਦਾਰ ਸਾਹਿਬਾਨ ਵੱਲੋ ਨਿਭਾਈ ਮਹੱਤਵਪੂਰਨ ਭੂਮਿਕਾ ਦਾ ਜਿਕਰ ਕੀਤਾ, ਉਥੇ ਉਨ੍ਹਾਂ ਨੇ ਇਸ ਮਹਾਨ ਸੰਸਥਾਂ ਤੋ ਹੋਏ ਹੁਕਮਨਾਮਿਆ ਨੂੰ ਵੀ ਨਿਰਭੈਤਾ ਤੇ ਦ੍ਰਿੜਤਾ ਨਾਲ ਲਾਗੂ ਕਰਵਾਉਣ, ਸਮੁੱਚੀ ਪੰਥਕ ਏਕਤਾ ਲਈ ਰਾਹ ਪੱਧਰਾ ਕਰਨ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਅਤੇ ਸੇਵਾਮੁਕਤੀਆਂ ਲਈ ਸਰਬਪ੍ਰਵਾਨਿਤ ਨਿਯਮਾਵਾਲੀ ਬਣਾਉਣ ਅਤੇ 02 ਦਸੰਬਰ 2024 ਦੇ ਹੋਏ ਹੁਕਮਨਾਮਿਆਂ ਨੂੰ ਵੀ ਇਸੇ ਲੜੀ ਵਿਚ ਲਾਗੂ ਕਰਵਾਉਣ ਦੀ ਵੀ ਜਥੇਦਾਰ ਸਾਹਿਬਾਨ ਨੂੰ ਜੋਰਦਾਰ ਅਪੀਲ ਕੀਤੀ ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News