ਮੱਘਰ ਦੀ ਸੰਗਰਾਂਦ -ਸਰਵਜੀਤ ਸਿੰਘ ਸੈਕਰਾਮੈਂਟੋ
ਮੱਘਰ ਦੀ ਸੰਗਰਾਂਦ-ਸਰਵਜੀਤ ਸਿੰਘ ਸੈਕਰਾਮੈਂਟੋ
ਚੰਦਰ ਸੁੂਰਜੀ ਬਿਕ੍ਰਮੀ ਕੈਲੰਡਰ ਦੇ ਨਵੇਂ ਸੂਰਜੀ ਮਹੀਨੇ ਦਾ ਆਰੰਭ ਉਸ ਦਿਨ ਤੋਂ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। 12 ਮਹੀਨੇ ਹਨ ਅਤੇ 12 ਹੀ ਰਾਸ਼ੀਆਂ। ਸੂਰਜ ਇਕ ਰਾਸ਼ੀ ਵਿੱਚ, ਇਕ ਮਹੀਨਾ ਰਹਿੰਦਾ ਹੈ। ਕੱਤਕ ਮਹੀਨੇ ਵਿੱਚ ਸੂਰਜ ਤੁਲਾ ਰਾਸ਼ੀ ਵਿੱਚ ਹੁੰਦਾ ਹੈ। ਹੁਣ ਜਿਸ ਦਿਨ ਸੂਰਜ ਬ੍ਰਿਸ਼ਚਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਉਸ ਦਿਨ ਮੱਘਰ ਦੀ ਸੰਗਰਾਂਦ ਹੋਵੇਗੀ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕ ਗਿਣਤ ਸਿਧਾਂਤ) ਮੁਤਾਬਕ 16 ਨਵੰਬਰ ਨੂੰ ਸੂਰਜ 7:43 PM ਤੇ ਬ੍ਰਿਸ਼ਚਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਸੋਮਵਾਰ ਨੂੰ ਮੱਘਰ ਦੀ ਸੰਗਰਾਂਦ ਹੋਵੇਗੀ।
ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ,) ਮੁਤਾਬਕ ਸੂਰਜ, 17 ਨਵੰਬਰ ਦਿਨ ਮੰਗਲਵਾਰ ਨੂੰ 7:43 AM ਬ੍ਰਿਸ਼ਚਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਅਤੇ ਇਸ ਦਿਨ ਹੀ ਮੱਘਰ ਦੀ ਸੰਗਰਾਂਦ ਹੋਵੇਗੀ। ਯੂਨੀਅਨ ਬੈਂਕ ਆਫ ਇੰਡੀਆਂ ਦੇ ਕੈਲੰਡਰ ਮੁਤਾਬਕ ਮੱਘਰ ਮਹੀਨੇ ਦਾ ਆਰੰਭ 22 ਨਵੰਬਰ ਨੂੰ ਹੋਵੇਗਾ। 22 ਨਵੰਬਰ ਨੂੰ ਸੂਰਜ ਧਨ ਰਾਸ਼ੀ ਵਿੱਚ 12:51 ਤੇ ਪਰਵੇਸ਼ ਕਰੇਗਾ। ਸਾਕਾ ਕੈਲੰਡਰ ਮੁਤਾਬਕ ਸੂਰਜ ਬ੍ਰਿਸ਼ਚਕ ਰਾਸ਼ੀ ਵਿੱਚ ਕੱਤਕ ਦੀ ਸੰਗਰਾਂਦ ਵਾਲੇ ਦਿਨ ਭਾਵ 23 ਅਕਤੂਬਰ ਨੂੰ 15:06 ਤੇ ਪ੍ਰਵੇਸ਼ ਕੀਤਾ ਸੀ। (ਅਸਲੀ ਤਿਥ ਪਤ੍ਰਿਕਾ ਪੰਨਾ 63)
ਸੰਗਤਾਂ ਨੂੰ ਗੁਮਰਾਹ ਕਰਨ ਲਈ ਜਿਹੜੇ ਸੱਜਣ ਇਹ ਪ੍ਰਚਾਰ ਕਰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਨੇ ਸੰਗਰਾਂਦਾਂ ਬਦਲ ਦਿੱਤੀਆਂ ਹਨ, ਪੁਰੇਵਾਲ ਨੇ ਦੋ-ਦੋ ਸੰਗਰਾਂਦਾ ਬਣਾ ਦਿੱਤਿਆਂ ਹਨ, ਸੰਗਰਾਂਦ ਨੂੰ ਕੋਈ ਬਦਲ ਨਹੀਂ ਸਕਦਾ, ਇਹ ਕੁਦਰਤੀ ਸਿਧਾਂਤ ਹੈ। ਉਨ੍ਹਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ, ਸੂਰਜੀ ਸਿਧਾਂਤ ਵਾਲੀ, ਦ੍ਰਿਕਗਿਣਤ ਸਿਧਾਂਤ ਵਾਲੀ ਜਾਂ ਸਾਕਾ ਕੈਲੰਡਰ ਵਾਲੀ, ਕੁਦਰਤੀ ਹੈ, ਜਾਂ ਸਾਰੇ ਸਿਧਾਂਤ ਮੱਨੁਖ ਦੇ ਹੀ ਬਣਾਏ ਹੋਏ ਹਨ?
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ ਮੱਘਰ ਮਹੀਨੇ ਦੀ ਸੰਗਰਾਂਦ 16 ਨਵੰਬਰ ਨੂੰ ਹੈ। ਇਸ ਤੋਂ ਸਪੱਸ਼ਟ ਹੈ ਕਿ ਕਮੇਟੀ ਆਪਣਾ ਕੈਲੰਡਰ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਛਾਪਦੀ ਹੈ। ਯਾਦ ਰਹੇ, ਦ੍ਰਿਕ ਗਿਣ ਸਿਧਾਂਤ (365.2563 ਦਿਨ), ਪੰਜਾਬ ਵਿੱਚ 1964 ਈ: ਦੀ ਸੋਧ ਤੋਂ ਪਿੱਛੋ ਲਾਗੂ ਕੀਤਾ ਗਿਆ ਸੀ। ਇਸ ਤੋਂ ਪਹਿਲਾ ਬਿਕ੍ਰਮੀ ਕੈਲੰਡਰ, ਸੂਰਜੀ ਸਿਧਾਂਤ ਮੁਤਾਬਕ ਹੁੰਦਾ ਸੀ। ਜਿਸ ਦੇ ਸਾਲ ਦੀ ਲੰਬਾਈ 365.2587 ਦਿਨ ਹੁੰਦੀ ਸੀ। 18-19 ਨਵੰਬਰ 1964 ਈ: ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ ਮਾਨਤ ਦੇ, ਸ਼੍ਰੋਮਣੀ ਕਮੇਟੀ ਨੇ ਇਹ ਮੰਨ ਲਿਆ ਹੈ ਕਿ ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ ਗਲਤ ਸੀ।
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਨੂੰ ਧਿਆਨ ਨਾਲ ਵੇਖੋ, 3 ਮੱਘਰ ਦਿਨ ਬੁਧਵਾਰ (18 ਨਵੰਬਰ) ਨੂੰ ਕੱਤਕ ਸੁਦੀ 9 ਹੈ। 4 ਮੱਘਰ ਦਿਨ ਵੀਰਵਾਰ (19 ਨਵੰਬਰ) ਨੂੰ ਵੀ ਕੱਤਕ ਸੁਦੀ 9 ਹੀ ਹੈ। 5 ਮੱਘਰ ਦਿਨ ਸ਼ੁਕਰਵਾਰ (20 ਨਵੰਬਰ) ਨੂੰ ਕੱਤਕ ਸੁਦੀ 10 ਅਤੇ 11 ਦਰਜ ਹੈ। ਇਸ ਦਾ ਕੀ ਕਾਰਨ ਹੈ? ਕੀ ਇਸ ਨੂੰ proofreader ਦੀ ਗਲਤੀ ਜਾਂ clerical error ਮੰਨਿਆ ਜਾਵੇ ਜਾਂ ਇਸ ਦਾ ਕੋਈ Technical reason ਹੈ? ਜੇ Technical reason ਹੈ ਤਾਂ ਉਸ ਦੀ ਵਿਆਖਿਆ ਕੀਤੀ ਜਾਵੇ।
ਬਿਕ੍ਰਮੀ ਕੈਲੰਡਰ ਦੇ ਉਪਾਸ਼ਕਾਂ, ਸੰਤ ਸਮਾਜ ਦੇ ਸਲਾਹਕਾਰਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਬੇਨਤੀ ਹੈ ਇਸ ਦੇ ਕਾਰਨਾਂ ਸਬੰਧੀ ਜਾਣਕਾਰੀ ਸਾਝੀ ਕੀਤੀ ਜਾਵੇ?
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
29 ਕੱਤਕ ਸੰਮਤ 558 ਨ:ਸ: (12 ਨਵੰਬਰ 2026)
Posted By: ਸ . ਸਰਵਜੀਤ ਸਿੰਘ ਸੈਕਰਾਮੈਂਟੋ